ਕੁੱਝ ਰੁੱਖ ਮੈਨੂੰ ਪੁੱਤ ਲਗਦੇ ਨੇ ———

(ਸਮਾਜ ਵੀਕਲੀ)

ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਇੱਕ ਨਜ਼ਮ ਵਿੱਚ ਰੁੱਖਾਂ ਦੀ ਅਹਿਮੀਅਤ ਬਾਰੇ ਬੜਾ ਸੋਹਣਾ ਲਿਖ ਕੇ ਵਾਤਾਵਰਨ ਦੇ ਬਚਾਅ ਬਾਰੇ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ ,

ਸਾਡੇ ਦੇਸ਼ ਦੇ ਵਾਤਾਵਰਨ ਨੂੰ ਪ੍ਰਦੂਸ਼ਤ ਰਹਿਤ ਕਰਨ ਲਈ ਰੁਖਾਂ ਦਾ ਵੀ ਅਹਿਮ ਰੋਲ ਹੈ। ਵਾਤਾਵਰਨ ਦਾ ਪ੍ਰਦੂਸ਼ਤ ਹੋਣਾ ਅੱਜ ਭਾਰਤ ਲਈ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਘੱਟ ਕਰਨਾ ਵੀ ਇਕ ਬਹੁਤ ਵੱਡੀ ਚੁਣੌਤੀ ਹੈ। ਅੱਜ ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਵਸ ਦੇ ਮਣਾਉਣ ਦਾ ਮਕਸਦ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣੀ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਵਾਤਾਵਰਨ ਦਾ ਮਨੁੱਖੀ ਜੀਵਨ ਤੇ ਪ੍ਰਭਾਵ ਪੈਣਾ ਸੁਭਾਵਿਕ ਹੈ। ਧਰਤੀ ਤੇ ਸਭ ਤਰ੍ਹਾਂ ਦੇ ਕੁਦਰਤੀ ਤੱਤ, ਜੋ ਜੀਵਨ ਨੂੰ ਸੰਭਵ ਬਣਾਉਂਦੇ ਹਨ, ਵਾਤਾਵਰਨ ਦਾ ਹਿੱਸਾ ਹਨ, ਜਿਵੇਂ ਪਾਣੀ, ਹਵਾ, ਧਰਤੀ, ਪ੍ਰਕਾਸ਼, ਜੰਗਲ ਆਦਿ। ਅੱਜ ਮਨੁੱਖ ਲਈ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਵਾਤਾਵਰਣ ਦਾ ਗੰਧਲਾ ਹੋਣਾ ਹੈ।

ਅੱਜ ਵਾਤਾਵਰਣ ਦੀ ਹਾਲਤ ਇਹ ਹੋ ਗਈ ਹੈ ਕਿ ਧਰਤੀ ਉੱਪਰ ਜਾਣੀਆਂ ਪਹਿਚਾਣੀਆਂ 17 ਲੱਖ ਜੀਵ ਨਸਲਾਂ ਵਿੱਚੋਂ ਅੱਜ ਕੱਲ੍ਹ ਇੱਕ ਨਸਲ ਪ੍ਰਤੀ ਘੰਟਾ ਵਾਤਾਵਰਨ ਵਿੱਚ ਪ੍ਰਦੂਸ਼ਣ ਕਾਰਨ ਖ਼ਤਮ ਹੋ ਰਹੀ ਹੈ। ਅਗਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਇਥੇ ਅਰਬਾਂ ਰੁਪਏ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਉਪਰ ਖ਼ਰਚ ਹੋ ਰਿਹਾ ਹੈ। ਸੰਨ 1972 ਵਿੱਚ ਸੰਯੁਕਤ ਰਾਸ਼ਟਰ ਨੇ ਵਾਤਾਵਰਨ ਪ੍ਰਦੂਸ਼ਣ ਦੇ ਨਾਲ ਹੋਣ ਵਾਲੀਆਂ ਸਮੱਸਿਆਵਾਂ ਵੱਲ ਵਿਸ਼ਵ ਦਾ ਧਿਆਨ ਲਿਆਉਣ ਲਈ ਇੱਕ ਸਭਾ ਆਯੋਜਿਤ ਕੀਤੀ, ਜਿਸ ਵਿਚ 5 ਜੂਨ 1974 ਤੋਂ ਹਰ ਸਾਲ ਵਿਸ਼ਵ ਪੱਧਰ ’ਤੇ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਵਿਸ਼ਵ 143 ਤੋਂ ਵੱਧ ਦੇਸ਼ਾਂ ਦੀਆਂ ਸਰਕਾਰਾਂ, ਸਮਾਜ-ਸੇਵੀ ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਵੱਲੋਂ ਹਰ ਸਾਲ 5 ਜੂਨ ਨੂੰ ਸਮਾਜ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਸੰਬੰਧ ਵਿੱਚ ਵੱਖ-ਵੱਖ ਪ੍ਰੋਗਰਾਮ ਅਤੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।

ਪ੍ਰਦੂਸ਼ਣ ਦੇ ਕਾਰਨ ਵੱਧਦਾ ਤਾਪਮਾਨ ਇੱਕ ਵਿਸ਼ਵ ਵਿਆਪੀ ਸਮੱਸਿਆ ਬਣਦਾ ਜਾ ਰਿਹਾ ਹੈ, ਜੇ ਆਲਮੀ ਤਪਸ਼ ਇਸੇ ਰਫ਼ਤਾਰ ਨਾਲ ਵਧਦੀ ਗਈ ਤਾਂ ਗਲੇਸ਼ੀਅਰ ਖਤਮ ਹੋ ਜਾਣਗੇ, ਸਮੁੰਦਰਾਂ ਵਿੱਚ ਪਾਣੀ ਵੱਧ ਜਾਵੇਗਾ, ਜੋ ਸਮੁੰਦਰ ਕੰਢੇ ਵੱਸਣ ਵਾਲੇ ਕਰੋੜਾ ਲੋਕਾਂ ਦਾ ਖਾਤਮਾ ਹੋ ਜਾਵੇਗਾ। ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਵੀ ਪ੍ਰਦੂਸ਼ਣ ਦੇ ਮਾਮਲੇ ਵਿੱਚ ਕਦੇ ਵੀ ਨਾ ਤਾਂ ਸਰਕਾਰਾਂ ਗੰਭੀਰ ਹੋਈਆਂ ਹਨ ਅਤੇ ਨਾ ਹੀ ਪ੍ਰਸ਼ਾਸਨ। ਅਗਰ ਅਸੀਂ ਚੰਡੀਗੜ੍ਹ ਦੀ ਉਦਾਹਰਣ ਲਈਏ ਕਿ ਉਥੇ ਬਿਨਾਂ ਸਰਕਾਰਾਂ ਤੋਂ ਪੰਜਾਬ ਅਤੇ ਹਰਿਆਣਾ ਨਾਲੋ ਪ੍ਰਦੂਸ਼ਣ ਘੱਟ ਹੈ ਅਤੇ ਖੂਬਸੂਰਤੀ ਅਤੇ ਅਨੁਸ਼ਾਸਨ ਪੱਖੋਂ ਵੀ ਸੂਬਿਆਂ ਨਾਲੋਂ ਬਹੁਤ ਬੇਹਤਰ ਹੈ।

ਸਾਡੀਆ ਸਰਕਾਰਾ ਅਤੇ ਪ੍ਰਸ਼ਾਸਨ ਨੂੰ ਪ੍ਰਦੂਸ਼ਣ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਰੀਸ ਕਰਨੀ ਜ਼ਰੂਰ ਬਣਦੀ ਹੈ। ਇਸ ਤੋਂ ਇਲਾਵਾ ਸਮਾਜ ਅਤੇ ਲੋਕਾਂ ਨੂੰ ਵੀ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਜਾਗਰੂਕ ਹੋਣ ਦੀ ਲੋੜ ਹੈ। ਸੜਕਾਂ ਤੇ ਜਿਆਦਾ ਧੂੰਆਂ ਛੱਡ ਰਹੇ ਵਾਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਦਰੱਖ਼ਤਾਂ ਦੀ ਕਟਾਈ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਹੈ, ਜੋ ਵਾਤਾਵਰਣ ਪ੍ਰਦੂਸ਼ਣ ਲਈ ਸਭ ਤੋ ਵੱਧ ਜ਼ਿੰਮੇਵਾਰ ਹੈ। ਮੋਟਰ ਵਾਹਨਾਂ ਨੇ ਜਿੱਥੇ ਮਨੁੱਖੀ ਜੀਵਨ ਦੀ ਰਫ਼ਤਾਰ ਨੂੰ ਤੇਜ਼ ਕੀਤਾ ਅਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ, ਉੱਥੇ ਇਨ੍ਹਾਂ ਦੇ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਕਾਰਨ ਅਨੇਕਾਂ ਭਿਅੰਕਰ ਬੀਮਾਰੀਆਂ ਪੈਦਾ ਹੋ ਰਹੀਆਂ ਹਨ।

ਵਧਦੇ ਸ਼ਹਿਰੀ ਕਰਨ ਦੇ ਕਾਰਨ ਫਾਲਤੂ ਕੂੜਾ ਕਰਕਟ, ਗੰਦਗੀ, ਪਲਾਸਟਿਕ ਪਦਾਰਥ ਅਤੇ ਵਿਸ਼ੇਸ਼ ਤੌਰ ’ਤੇ ਪਾਲੀਥੀਨ ਬੈਗ ਦੇ ਢੇਰ, ਜੋ ਜਲਦ ਨਸ਼ਟ ਨਹੀਂ ਹੁੰਦੇ, ਵਾਤਾਵਰਨ ਪ੍ਰਦੂਸ਼ਿਤ ਕਰਨ ਵਿੱਚ ਸਭ ਤੋਂ ਅੱਗੇ ਹਨ। ਏਅਰ ਕੰਡੀਸ਼ਨ ਚਲਾਉਣ ’ਤੇ ਨਿਕਲਣ ਵਾਲੀ ਕਲੋਰੋ ਫਲੋਰੋ ਕਾਰਬਨ ਗੈਸ, ਓਜ਼ੋਨ ਪਰਤ ਨੂੰ ਪਤਲਾ ਕਰਨ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਅ ਰਹੀ ਹੈ। ਧਾਰਮਿਕ ਸਥਾਨਾਂ ’ਤੇ ਲੱਗੇ ਵੱਡੇ ਸਪੀਕਰ, ਖੁਸ਼ੀ ਦੇ ਮੌਕੇ ਉੱਚੀ ਆਵਾਜ਼ ਵਿਚ ਚਲਦੇ ਡੀ. ਜੇ ਸਿਸਟਮ, ਘਰਾਂ ਵਿੱਚ ਉਚੀ ਅਵਾਜ਼ ਵਿੱਚ ਚਲਦੇ ਟੈਲੀਵਿਜ਼ਨ ਅਤੇ ਮਿਉਜਿਕ ਸਿਸਟਮ ਅਤੇ ਮੋਟਰ ਸਾਈਕਲਾਂ ’ਤੇ ਲੱਗੇ ਪ੍ਰੈਸ਼ਰ ਹਾਰਨ ਦੇ ਕਾਰਨ, ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਅਨੇਕਾਂ ਸਰੀਰਕ ਅਤੇ ਮਾਨਸਿਕ ਰੋਗ ਉਤਪੰਨ ਹੋ ਰਹੇ ਹਨ।

ਜਿਨ੍ਹਾਂ ਵਿਚ ਸਿਰਦਰਦ, ਤਣਾਅ, ਕੰਨ ਦੇ ਰੋਗ ਨੀਂਦ ਨਾ ਆਉਣ ਦੀ ਬੀਮਾਰੀ ਆਦਿ ਪ੍ਰਮੁੱਖ ਹਨ। ਸਮੇਂ ਦੀ ਮੰਗ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦਰਖ਼ਤ ਲਗਾਏ ਜਾਣ। ਪੋਲੀਥੀਨ ਬੈਗ ਦਾ ਪ੍ਰਯੋਗ ਨਾ ਹੋਵੇ, ਮੋਟਰ ਗੱਡੀਆਂ ’ਤੇ ਵਿਸ਼ੇਸ਼ ਕਿਸਮ ਦੇ ਸਾਈਲੈਸਰ ਲਗਾਏ ਜਾਣ, ਲੈਡ ਰਹਿਤ ਪਟਰੋਲ ਦੀ ਵਰਤੋਂ ਕੀਤੀ ਜਾਵੇ। ਕਾਰਖਨਿਆ ਵਿੱਚ ਵਿਸ਼ੇਸ਼ ਕਿਸਮ ਦੀਆਂ ਚਿਮਨੀਆ ਲੱਗਣ, ਧੂਆਂ ਛੱਡ ਰਹੀਆਂ ਫੈਕਟਰੀਆਂ ਦੀ ਚੈਕਿੰਗ ਹੋਣੀ ਚਾਹੀਦੀ ਹੈ। ਘਰਾਂ ਅਤੇ ਦਫ਼ਤਰਾਂ ਵਿਚ ਏਅਰ ਕੰਡੀਸ਼ਨਰਾਂ ਦੀ ਘੱਟ ਤੋਂ ਘੱਟ ਵਰਤੋਂ ਹੋਵੇ ਫ਼ਤਿਹ ਵਾਤਾਵਰਨ ਦੀ ਸੁਰੱਖਿਆ ਸਬੰਧੀ ਕਾਨੂੰਨਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ।

ਬੱਚਿਆਂ ਨੂੰ ਸਕੂਲਾਂ ਵਿਚ ਵਾਤਾਵਰਣ ਸਬੰਧੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ, ਜੋ ਆਪਣਾ ਬਣਦਾ ਯੋਗਦਾਨ ਪਾ ਸਕਣ। ਆਉ ਅਸੀ ਸਾਰੇ ਰਲ ਮਿਲ ਕੇ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਅਤੇ ਇਸ ਧਰਤੀ ਨੂੰ ਖੂਬਸੂਰਤੀ ਨਾਲ ਭਰ ਦੇਈਏ। ਭਵਿੱਖ ਲਈ ਦੁਨੀਆਂ ਤੇ ਮਨੁੱਖੀ ਜੀਵਨ ਅਤੇ ਹੋਰ ਜੀਵ ਜੰਤੂਆਂ ਦਾ ਜੀਵਨ ਬਚਾਉਣ ਲਈ ਵਾਤਾਵਰਣ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।

ਕੁਲਦੀਪ ਸਿੰਘ ਸਾਹਿਲ
9417990040

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਨ੍ਹੇ ਕਾਨੂੰਨ
Next articleਵਾਤਾਵਰਨ ਦਿਵਸ ਦੇ ਮੌਕੇ ਤੇ ਧਰਤੀ ਮਾਤਾ ਪ੍ਰਤੀ ਆਪਣੇ ਫ਼ਰਜ਼ ਨਿਭਾਈਏ