‘ਅਹਿਰ’ ਸ਼ਬਦ ਨਾਲ਼ ਬਣਨ ਵਾਲ਼ੇ ਕੁਝ ਹੋਰ ਸ਼ਬਦ: (ਭਾਗ-੨)

(ਸਮਾਜ ਵੀਕਲੀ)

ਪਿਛਲੇ ਅੰਕ ਵਿੱਚ ਅਸੀਂ ਦੇਖਿਆ ਹੈ ਕਿ ਕਿਵੇਂ ਸੰਸਕ੍ਰਿਤ ਭਾਸ਼ਾ ਦੇ ‘ਅਹਿਰ’ ਸ਼ਬਦ ਨਾਲ਼ ਹਿੰਦੀ/ਪੰਜਾਬੀ ਭਾਸ਼ਾਵਾਂ ਦੇ ਸ਼ਬਦ ‘ਤਿਉਹਾਰ’ (त्यौहार= ਤ+ਯ+ਔ /ਕਨੌੜਾ+ ਅਹਿਰ) ਦੀ ਵਿਉਤਪਤੀ ਹੋਈ ਹੈ ਪਰ ਇਸ ਸ਼ਬਦ ਦੀ ਇਸ ਢੰਗ ਨਾਲ਼ ਹੋਈ ਵਿਉਤਪਤੀ ਸੰਬੰਧੀ ਲਗ-ਪਗ ਸਾਰੇ ਹੀ ਨਿਰੁਕਤਕਾਰ ਖ਼ਾਮੋਸ਼ ਹਨ। ਇਸ ਦਾ ਕਾਰਨ ਇਹ ਹੈ ਕਿ ਇਸ ਸ਼ਬਦ ਵਿੱਚ ਸੰਸਕ੍ਰਿਤ ਭਾਸ਼ਾ ਦੇ ਇੱਕ ਮੂਲ ਸ਼ਬਦ ‘ਅਹਿਰ’ ਦੇ ਨਾਲ਼ ਤਯੌ/ਤਿਉ ਸ਼ਬਦਾਂਸ਼/ਧੁਨੀਆਂ ਵੀ ਆਪਣੇ ਅਰਥਾਂ ਸਮੇਤ ‘ਤਿਉਹਾਰ’ ਸ਼ਬਦ ਦੇ ਅਰਥਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਹੋਂਦ ਨੂੰ ਸਾਡੇ ਅੱਜ ਤੱਕ ਦੇ ਵਿਦਵਾਨ ਉੱਕਾ ਹੀ ਮੰਨਣ ਤੋਂ ਇਨਕਾਰੀ ਹਨ।

ਇਸ ਦਾ ਕਾਰਨ ਤਾਂ ਉਹੀ ਦੱਸ ਸਕਦੇ ਹਨ ਕਿ ਉਹ ਕਿਹੜੇ ਢੰਗ ਜਾਂ ਅਧਿਐਨ ਦੇ ਆਧਾਰ ‘ਤੇ ਇਹ ਸਿੱਟੇ ਕੱਢ ਰਹੇ ਹਨ ਪਰ ਮੇਰੇ ਅੱਜ ਤੱਕ ਦੇ ਅਧਿਐਨ ਅਨੁਸਾਰ ਇਹ ਗੱਲ ਪੱਕੀ ਹੈ ਕਿ ਸਾਡੇ ਲਗ-ਪਗ ਸਾਰੇ ਹੀ ਦੇਸੀ ਸ਼ਬਦ (ਸੰਸਕ੍ਰਿਤ ਮੂਲ ਵਾਲ਼ੇ) ਕੇਵਲ ਅਤੇ ਕੇਵਲ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਦੇ ਆਧਾਰ ‘ਤੇ ਹੀ ਹੋਂਦ ਵਿੱਚ ਆਏ ਹਨ। ਇਹ ਠੀਕ ਹੈ ਕਿ ਸ਼ਬਦਕਾਰੀ ਸਮੇਂ ਕੁਝ ਅਗੇਤਰਾਂ-ਪਿਛੇਤਰਾਂ ਅਤੇ ਮੂਲ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਹੈ (ਧੁਨੀਆਂ ਸਮੇਤ) ਪਰ ਆਖ਼ਰਕਾਰ ਇਹ ਸਾਰੇ ਸ਼ਬਦ ਵੀ ਤਾਂ ਧੁਨੀਆਂ ਅਤੇ ਉਹਨਾਂ ਦੇ ਵੱਖ-ਵੱਖ ਅਰਥਾਂ ਤੋਂ ਹੀ ਤਿਆਰ ਕੀਤੇ ਹੋਏ ਹਨ।

ਤਿਉਹਾਰ ਸ਼ਬਦ ਦੇ ਅਰਥਾਂ ਦੀ ‘ਉਤਸਵ’ ਸ਼ਬਦ ਦੇ ਅਰਥਾਂ ਨਾਲ਼ ਸਾਂਝ ਇਸੇ ਕਾਰਨ ਹੀ ਹੈ ਕਿਉਂਕਿ ਇਹਨਾਂ ਦੋਂਹਾਂ ਸ਼ਬਦਾਂ ਵਿੱਚ ਭੂਤ-ਕ੍ਰਿਦੰਤੀ ਤ ਧੁਨੀ (ਤ ਧੁਨੀ ਦੇ ਇੱਕ ਅਰਥ) ਦੀ ਸਾਂਝ ਹੈ। ਇਸੇ ਸਾਂਝ ਕਾਰਨ ਹੀ ਤਿਉਹਾਰ ਸ਼ਬਦ ਦੇ ਅਰਥ ਵੀ ਉਤਸਵ ਸ਼ਬਦ ਨਾਲ਼ ਲਗ-ਪਗ ਰਲ਼ਦੇ-ਮਿਲ਼ਦੇ ਹੀ ਹਨ- ਉਹ ਦਿਨ ਜੋ ਕਿਸੇ ਬੀਤ ਚੁੱਕੇ ਮਹੱਤਵਪੂਰਨ ਦਿਨ ਦੀ ਯਾਦ ਵਜੋਂ (ਹਰ ਸਾਲ) ਮਨਾਇਆ ਜਾਵੇ। ‘ਪੁਰਬ’ (ਸੰਸ.= पर्व ) ਸ਼ਬਦ ਵਿੱਚ ਭਾਵੇਂ ‘ਤ’ ਧੁਨੀ ਸ਼ਾਮਲ ਨਹੀਂ ਹੈ ਪਰ ਇਸ ਦੇ ਬਾਵਜੂਦ ਬਾਕੀ ਧੁਨੀਆਂ ਅਤੇ ਵਿਸ਼ੇਸ਼ ਤੌਰ ‘ਤੇ ‘ਪ’ ਧੁਨੀ ਦੇ ਅਰਥਾਂ ਕਾਰਨ ਇਸ ਦੇ ਅਰਥ ਵੀ ਇਹਨਾਂ ਦੋਂਹਾਂ ਸ਼ਬਦਾਂ ਨਾਲ਼ ਕਾਫ਼ੀ ਹੱਦ ਤੱਕ ਰਲ਼ਦੇ-ਮਿਲ਼ਦੇ ਹਨ।

ਇਸ ਸ਼ਬਦ ਵਿੱਚ ‘ਪ’ ਧੁਨੀ ਦੇ ਅਰਥ ਹਨ- ਦੂਜੀ ਥਾਂ ‘ਤੇ ਗਏ ਅਰਥਾਤ ਬੀਤ ਚੁੱਕੇ ਸਮੇਂ ਤੋਂ ਹਰ ਸਾਲ (ਪਰੰਪਰਾਗਤ ਢੰਗ ਨਾਲ਼) ਮਨਾਇਆ ਜਾਣ ਵਾਲ਼ਾ ਕੋਈ ਵਿਸ਼ੇਸ਼ ਦਿਨ। ਪ ਧੁਨੀ ਦੇ ਵਿਸਤ੍ਰਿਤ ਰੂਪ ਵਿੱਚ ਉਦਾਹਰਨਾਂ ਸਹਿਤ ਅਰਥ ਦੇਖਣ ਲਈ ਮੇਰਾ ਲੇਖ ‘ਪ ਧੁਨੀ ਦੇ ਅਰਥ’ ਵੀ ਪੜ੍ਹਿਆ ਜਾ ਸਕਦਾ ਹੈ। ਹਿੰਦੀ ਵਿੱਚ ਇਸ ਸ਼ਬਦ (पर्व ) ਨੂੰ ਤਤਸਮ ਰੂਪ ਵਿੱਚ ਹੀ ਅਪਣਾ ਲਿਆ ਗਿਆ ਹੈ ਪਰ ਪੰਜਾਬੀ ਵਿੱਚ ਤਦਭਵ ਰੂਪ ਵਿੱਚ ਆ ਕੇ ਇਸ ਨੇ ‘ਪੁਰਬ’ ਦਾ ਰੂਪ ਧਾਰ ਲਿਆ ਹੈ।

‘ਤਿਉਹਾਰ’ ਤੋਂ ਬਾਅਦ ‘ਅਹਿਰ’ ਸ਼ਬਦ ਦੀ ਸਮੂਲੀਅਤ ਵਾਲ਼ਾ ਤਿਉਹਾਰਾਂ ਨਾਲ਼ ਹੀ ਸੰਬੰਧਿਤ ਅਗਲਾ ਮਹੱਤਵਪੂਰਨ ਸ਼ਬਦ ਹੈ- ਦਸਹਿਰਾ। ਇਹ ਸ਼ਬਦ ਦਸ+ਅਹਿਰ (दशम+अहर) ਸ਼ਬਦਾਂ ਤੋਂ ਬਣਿਆ ਹੋਇਆ ਹੈ ਅਰਥਾਤ ਦਸਹਿਰੇ ਤੋਂ ਪਹਿਲੇ ਨੌਂ ਦਿਨਾਂ (ਨਰਾਤਿਆਂ) ਤੱਕ ਚੱਲਣ ਵਾਲ਼ੀਆਂ ਕੁਝ ਧਾਰਮਿਕ ਰਹੁ-ਰੀਤਾਂ ਮਨਾਉਣ ਤੋਂ ਬਾਅਦ ਦਸਵੇਂ ਦਿਨ ਆਉਣ ਵਾਲ਼ਾ ਤਿਉਹਾਰ। ਕੁਝ ਲੋਕ ਪੰਜਾਬੀ ਵਿੱਚ ਇਸ ਨੂੰ ‘ਦੁਸਹਿਰਾ’ ਅਰਥਾਤ ਔਂਕੜ ਨਾਲ਼ ਵੀ ਲਿਖਦੇ ਹਨ ਜੋਕਿ ਉੱਕਾ ਹੀ ਗ਼ਲਤ ਹੈ। ਹਿੰਦੀ ਵਿੱਚ ਵੀ ਇਸ ਨੂੰ ਇਸੇ ਕਾਰਨ ਹੀ ਦਸ਼ਹਿਰਾ (दशहरा) ਲਿਖਿਆ ਜਾਂਦਾ ਹੈ, ‘ਦੁਸ਼ਹਿਰਾ’ ਨਹੀਂ। ਕਿਉਂਕਿ ਇਹ ਤਿਉਹਾਰ ‘ਦਸ’ ਦੀ ਗਿਣਤੀ ਨਾਲ਼ ਸੰਬੰਧਿਤ ਹੈ ਇਸ ਲਈ ਇਸ ਨੂੰ ਦਸ ਦੀ ਥਾਂ ‘ਤੇ ‘ਦੁਸ’ ਸ਼ਬਦ ਨਾਲ਼ ਲਿਖਣ ਦੀ ਕੋਈ ਤੁਕ ਹੀ ਨਹੀਂ ਬਣਦੀ ਤੇ ਨਾ ਹੀ ‘ਦੁਸ’ ਆਪਣੇ-ਆਪ ਵਿੱਚ ਕੋਈ ਸਾਰਥਕ ਸ਼ਬਦ ਹੀ ਹੈ।

ਕੁਝ ਲੋਕ ਦਸਹਿਰਾ ਸ਼ਬਦ ਨੂੰ ਦੁਸ਼ ਜਾਂ ਦੁਸ਼ਟ ਸਿਰ/ ਦਿਮਾਗ਼ ਵਾਲ਼ਾ ਅਰਥਾਤ ਰਾਵਣ ਅਤੇ ਕੁਝ ਦਸ ਸਿਰਾਂ ਵਾਲ਼ਾ ਦੇ ਤੌਰ ‘ਤੇ ਵੀ ਸਮਝਦੇ ਹਨ ਜੋਕਿ ਸਹੀ ਨਹੀਂ ਹੈ। ਕੇਵਲ ‘ਦਹਿਸਿਰ’ ਸ਼ਬਦ ਦੇ ਅਰਥ ਹੀ ‘ਦਸ ਸਿਰਾਂ ਵਾਲ਼ਾ’ ਬਣਦੇ ਹਨ। ਸ਼ਬਦ-ਜੋੜਾਂ ਅਤੇ ਅਰਥਾਂ ਦੇ ਸੰਬੰਧ ਵਿੱਚ ਸਾਨੂੰ ਅਜਿਹੀਆਂ ਕੁਤਾਹੀਆਂ ਤੋਂ ਬਚਣ ਦੀ ਲੋੜ ਹੈ। ‘ਅਹਿਰ’ ਸ਼ਬਦ ਦਸਹਿਰਾ ਸ਼ਬਦ ਵਿੱਚ ‘ਅਹਿਰਾ’ ਸ਼ਬਦ ਦੇ ਰੂਪ ਵਿੱਚ ਵਰਤਿਆ ਗਿਆ ਹੈ। ਅਜਿਹਾ ਕਰਕੇ ਅਹਿਰ (ਦਿਨ) ਸ਼ਬਦ ਦੇ ਪਿੱਛੇ ਕੰਨਾ ਲਾ ਕੇ ਇਸ ਸ਼ਬਦ ਦੇ ਅਰਥਾਂ ਨੂੰ ਵਿਸਤਾਰ ਦਿੱਤਾ ਗਿਆ ਹੈ ਜਿਸ ਦੇ ਅਰਥ ਇੱਥੇ ‘ਵਾਲ਼ਾ'(ਦਸਵੇਂ ਦਿਨ ਆਉਣ ਵਾਲ਼ਾ) ਬਣ ਗਏ ਹਨ। ਇਸੇ ਕਾਰਨ ਇਸ ਤਿਉਹਾਰ ਨੂੰ ‘ਵਿਜੇ ਦਸਵੀਂ’ ਵੀ ਆਖਿਆ ਜਾਂਦਾ ਹੈ।

ਇਸੇ ਤਰ੍ਹਾਂ ਗੁਰਬਾਣੀ ਵਿੱਚ ਇੱਕ ਸ਼ਬਦ ‘ਅਹਿਨਿਸ’ ਦੀ ਵਾਰ-ਵਾਰ ਵਰਤੋਂ ਕੀਤੀ ਗਈ ਹੈ ਜੋਕਿ ਦਰਅਸਲ ਅਹਿਰ+ਨਿਸ ਸ਼ਬਦਾਂ ਤੋਂ ਬਣਿਆ ਹੋਇਆ ਹੈ। ਇਹਨਾਂ ਵਿੱਚੋਂ ‘ਅਹਿਰ’ ਸ਼ਬਦ ਦੇ ਅਰਥ ਤਾਂ ਦਿਨ ਹੀ ਹਨ। ਇਸ ਤੋਂ ਬਿਨਾਂ ‘ਨਿਸ’ ਸ਼ਬਦ ਵੀ ‘ਅਹਿਰ’ ਸ਼ਬਦ ਵਾਂਗ ਸੰਸਕ੍ਰਿਤ ਮੂਲ ਦੇ ਹੀ ਨਿਸ਼/ਨਿਸ਼ਾ ਸ਼ਬਦ ਤੋਂ ਬਣਿਆ ਹੈ ਜਿਸ ਦੇ ਅਰਥ ਹਨ- ਰਾਤ। ਇਸ ਪ੍ਰਕਾਰ ਦੋ ਸ਼ਬਦਾਂ ਦੇ ਮੇਲ਼ ਨਾਲ਼ ਬਣਿਆ ‘ਅਹਿਰਨਿਸ’ ਸ਼ਬਦ ਸਮਾਂ ਪਾ ਕੇ ‘ਅਹਿਨਿਸ’ ਸ਼ਬਦ ਵਿੱਚ ਬਦਲ ਗਿਆ ਹੈ।

ਓਪਰੀ ਨਜ਼ਰੇ ਦੇਖਿਆਂ ‘ਸਪਤਾਹ’ ਸ਼ਬਦ ਭਾਵੇਂ ‘ਅਹਿਰ’ ਸ਼ਬਦ ਤੋਂ ਬਣਿਆ ਦਿਖਾਈ ਨਹੀਂ ਦਿੰਦਾ ਪਰ ਦਰਅਸਲ ਇਹ ਸ਼ਬਦ ਵੀ ਅਹਿਰ (ਸਪਤ+ਅਹਿਰ) ਸ਼ਬਦ ਤੋਂ ਹੀ ਬਣਿਆ ਹੋਇਆ ਹੈ ਜਿਸ ਵਿੱਚ ‘ਸਪਤ’ ਸ਼ਬਦ ਦੇ ਅਰਥ- ਸੱਤ ਅਤੇ ਅਹਿਰ ਦੇ- ਦਿਨ; ਭਾਵ ‘ਸੱਤ ਦਿਨਾਂ ਵਾਲ਼ਾ ਜਾਂ ਸੱਤਾਂ ਦਿਨਾਂ ਦਾ ਸਮੂਹ- ਇੱਕ ਸਪਤਾਹ ਜਾਂ ਹਫ਼ਤਾ। ਇਸ ਸ਼ਬਦ ਦੇ ਉਚਾਰਨ ਵਿੱਚ ਵੀ ਅਸਾਨੀ ਲਿਆਉਣ ਦੀ ਖ਼ਾਤਰ ਇਸ ਵਿੱਚੋਂ ਅਹਿਰ ਸ਼ਬਦ ਦੀ ‘ਰ’ ਧੁਨੀ ਪੂਰੀ ਤਰ੍ਹਾਂ ਲੁਪਤ ਹੋ ਗਈ ਹੈ ਅਤੇ ‘ਅ’ ਧੁਨੀ ਨੇ ਕੰਨੇ (ਤਾ) ਦਾ ਰੂਪ ਧਾਰ ਲਿਆ ਹੈ।

ਇਸੇ ਤਰ੍ਹਾਂ ‘ਪਹਿਰ’ ਅਤੇ ‘ਦੁਪਹਿਰ’ ਸ਼ਬਦਾਂ ਦੀ ਬਣਤਰ ਵਿੱਚ ਵੀ ‘ਅਹਿਰ’ ਸ਼ਬਦ ਸਮੋਇਆ ਹੋਇਆ ਹੈ। ਪਹਿਰ ਸ਼ਬਦ ਦਰਅਸਲ ਸੰਸਕ੍ਰਿਤ ਭਾਸ਼ਾ ਦੇ ਪ੍ਰਹਿਰ (प्रहर) ਪ੍ਰ+ਅਹਿਰ ਸ਼ਬਦਾਂ ਦੇ ਮੇਲ਼ ਨਾਲ਼ ਬਣਿਆ ਹੋਇਆ ਹੈ। ਇਸ ਸ਼ਬਦ ਦੀ ਵਿਉਤਪਤੀ ਵੀ ‘ਪ੍ਰ’ ਅਗੇਤਰ ਅਤੇ ਅਹਿਰ (ਦਿਨ) ਸ਼ਬਦਾਂ ਦੇ ਮੇਲ਼ ਤੋਂ ਹੀ ਸੰਭਵ ਹੋ ਸਕੀ ਹੈ। ਪੰਜਾਬੀ/ਹਿੰਦੀ ਭਾਸ਼ਾਵਾਂ ਵਿੱਚ ਲੋਕ-ਉਚਾਰਨ ਕਾਰਨ ਪਹਿਰ ਸ਼ਬਦ ਵਿੱਚੋਂ ‘ਰ’ ਦੀ ਧੁਨੀ ਅਲੋਪ ਹੋ ਚੁੱਕੀ ਹੈ ਅਤੇ ਬਾਕੀ ਕੇਵਲ ‘ਪਹਿਰ’ ਸ਼ਬਦ ਹੀ ਬਚਿਆ ਹੈ ਪਰ ਇਸ ਦਾ ਵਿਸ਼ਲੇਸ਼ਣ ਅਤੇ ਅਰਥ ਕਰਨ ਸਮੇਂ ਇਸ ਦੇ ਸਾਰੇ ਸ਼ਬਦਾਂਸ਼ਾਂ/ਧੁਨੀਆਂ ਦੇ ਅਰਥਾਂ ਨੂੰ ਫਰੋਲ਼ੇ ਜਾਣ ਉਪਰੰਤ ਹੀ ਇਸ ਦੀ ਸਹੀ ਸ਼ਬਦਕਾਰੀ ਅਤੇ ਅਰਥਾਂ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਸ਼ਬਦ ਵਿੱਚ ਪ੍ਰ ਅਗੇਤਰ ਦੇ ਅਰਥ ਹਨ: ਦੂਰ-ਦੂਰ ਤੱਕ ਅਰਥਾਤ ਸਮੇਂ ਦਾ ਕਾਫ਼ੀ ਦੂਰ ਤੱਕ ਪਸਰਿਆ ਹੋਇਆ ਇੱਕ ਭਾਗ (ਦਿਨ-ਰਾਤ ਦੇ ਅੱਠਾਂ ਪਹਿਰਾਂ ਵਿੱਚੋਂ ਤਿੰਨ ਘੰਟੇ/ਇੱਕ ਪਹਿਰ ਦਾ ਸਮਾਂ)।

‘ਪਹਿਰ’ ਤੋਂ ਹੀ ‘ਦੁਪਹਿਰ’ (ਦੋ+ਪਹਿਰ) ਸ਼ਬਦ ਹੋਂਦ ਵਿੱਚ ਆਇਆ ਹੈ ਜਿਸ ਦੇ ਅਰਥ ਹਨ- ਦਿਨ ਦਾ ਉਹ ਸਮਾਂ ਜਦੋਂ ਦਿਨ ਦੇ ਦੋ ਪਹਿਰ ਅਰਥਾਤ ਛੇ ਘੰਟਿਆਂ ਦਾ ਸਮਾਂ ਬੀਤ ਚੁੱਕਿਆ ਹੋਵੇ। ਇਸ ਪ੍ਰਕਾਰ ਉਪਰੋਕਤ ਉਦਾਹਰਨਾਂ ਰਾਹੀਂ ਅਸੀਂ ਦੇਖਦੇ ਹਾਂ ਕਿ ਜਦੋਂ ਤੱਕ ਅਸੀਂ ਧੁਨੀਆਂ ਦੇ ਅਰਥ ਹੋਣ ਦੀ ਗੱਲ ਨੂੰ ਕਬੂਲ ਨਹੀਂ ਕਰਦੇ, ਉਦੋਂ ਤੱਕ ਅਸੀਂ ਸ਼ਬਦਾਂ ਦੇ ਅਰਥਾਂ ਦੀ ਤਹਿ ਤੱਕ ਵੀ ਬਿਲਕੁਲ ਹੀ ਨਹੀਂ ਪਹੁੰਚ ਸਕਦੇ ਤੇ ਇਸ ਕਾਰਨ ਇਹਨਾਂ ਸ਼ਬਦਾਂ ਵਰਗੇ ਅਨੇਕਾਂ ਹੋਰ ਸ਼ਬਦ ਜਿਨ੍ਹਾਂ ਵਿੱਚ ਮੂਲ ਸ਼ਬਦਾਂ ਜਾਂ ਅਗੇਤਰਾਂ-ਪਿਛੇਤਰਾਂ ਤੋਂ ਬਿਨਾਂ ਧੁਨੀਆਂ ਦਾ ਵੀ ਉਹਨਾਂ ਦੇ ਵੱਖ-ਵੱਖ ਅਰਥਾਂ ਸਮੇਤ ਇਸਤੇਮਾਲ ਕੀਤਾ ਗਿਆ ਹੈ, ਵੀ ਅਣਗੌਲ਼ੇ ਹੀ ਪਏ ਰਹਿਣਗੇ।

ਹਾਂ, ਤਰ੍ਹਾਂ-ਤਰ੍ਹਾਂ ਦੇ ਕਿਆਫ਼ੇ ਜ਼ਰੂਰ ਲਾਏ ਜਾ ਸਕਦੇ ਹਨ, ਜਿਵੇਂਕਿ ਅੱਜ-ਕੱਲ੍ਹ ਬਹੁਤੇ ਨਿਰੁਕਤਕਾਰ ਲਾ ਹੀ ਰਹੇ ਹਨ ਤੇ ਇਹ ਸਿਲਸਿਲਾ ਆਉਣ ਵਾਲ਼ੇ ਅਨੰਤ ਕਾਲ ਵਿੱਚ ਵੀ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਜਿਵੇਂਕਿ ਹੁਣ ਚੱਲ ਰਿਹਾ ਹੈ। ਸਾਰੇ ਪੰਜਾਬੀ-ਪ੍ਰੇਮੀਆਂ ਨੂੰ ਜਿਹੜੇ ਕਿ ਸੰਸਕ੍ਰਿਤ ਮੂਲ ਦੇ ਹਰ ਸ਼ਬਦ ਦੀ ਸ਼ਬਦਕਾਰੀ ਨੂੰ ਜਾਣਨ/ਸਮਝਣ ਵਿੱਚ ਰੁਚੀ ਰੱਖਦੇ ਹਨ, ਇਸ ਮਸਲੇ ‘ਤੇ ਗੰਭੀਰਤਾ ਨਾਲ਼ ਸੋਚ-ਵਿਚਾਰ ਕਰਨ ਦੀ ਲੋੜ ਹੈ।
(ਸਮਾਪਤ)

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052.

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਦੀ ਦੇ ਬੂਥੇ ਉੱਤੇ ਪੰਜਾਬ, ਕੀਹਨੇ ਮਾਰਿਆ ਸ਼ਿਵ ਸੈਨਾ ਦਾ ਸਿਪਾਹ ਸਾਲਾਰ!
Next articleਵਿਸ਼ਵਾਸ ਨਾਲ ਚਲਦਾ ਹੈ ਸਾਡਾ ਜੀਵਨ…