ਦੁਨੀਆਂ ਦੇ ਕੁੱਝ,

ਸੁਖਦੇਵ ਸਿੰਘ ਸਿੱਧੂ

(ਸਮਾਜ ਵੀਕਲੀ)

ਦੁਨੀਆਂ ਦੇ ਕੁੱਝ ਪਰਉਪਕਾਰੀ ਸੁਹਿਰਦ ਚਿਹਰੇ,ਮਹਿਕਾਂ ਬਣਕੇ ਖਿੜਦੇ ਰਹਿੰਦੇ ਨੇ ।
ਪਰ ਅੰਨ੍ਹੇ ਅਗਿਆਨੀ ਲਾਈਲੱਗ ਤੇ ਲੋਭੀ,ਹਕੂਮਤ ਦੇ ਪੈਰਾਂ ਤੇ ਕਿਰਦੇ ਰਹਿੰਦੇ ਨੇ ।

ਜੁਬਾਨ ਦਾ ਸੌਦਾ ਹੀ ਇਨਸਾਨੀਅਤ ਮੁੱਲ ਪੁਵਾਉਂਦਾ,ਘਾਟਾ ਜੇ ਪੈਂਦਾ ਤਾਂ ਸਹਿ ਜਾਣਾ,
ਅੱਖਾਂ ਬੰਦ ਰੱਖਦੇ ਕਈ ਜੀਅ ਭਿਆਣੇ,ਸਹੀ ਗਵਾਹੀ ਦੇਣੋ ਜੁਬਾਨੋਂ ਫਿਰਦੇ ਰਹਿੰਦੇ ਨੇ ।

ਸਮਝਦਾਰੀ ਸਾਂਝੀਵਾਲਤਾ ਦੋਹਾਂ ਦੀ ਹੈਸੀਅਤ ਗਿਆਨ ਦੀ ਸਹਿਜਤਾ ਅੰਦਰੇ ਵਿਚਰੇ,
ਮੇਰੇ ਵਰਗੇ ਕਈ ਨਿੱਕਚੂ ਬੰਦੇ ਪੜ੍ਹ ਦੋ ਤਿੰਨ ਕਿਤਾਬਾਂ ਫੜਾਂ ਵਿੱਚ ਭਿੜਦੇ ਰਹਿੰਦੇ ਨੇ ।

ਸਵੱਛ ਭਾਰਤ ਵਿੱਚ ਨਿਆਂ ਸਵੱਛ ਨਹੀਂ,ਨਾ ਬਰਾਬਰਤਾ ਦੀ ਸ਼ਵੀ ਜਾਂ ਟੇਕ ਸਵੱਛ ਹੈ,
ਪਰ ਬਹੁਤੇ ਦੇਸ਼ ਹੈਗੇ ਦੀਦਾਰੇ ਵਾਲੇ,ਜਿਨ੍ਹਾਂ ਦੀ ਧਰਤ ਤੇ ਮੌਲਿਕ ਚੌਗਿਰਦੇ ਰਹਿੰਦੇ ਨੇ ।

ਹਾਕਮ ਕਰ ਰਿਹੈ ਸਿਰ ਤੇ ਚੜ੍ਹਕੇ ਹਕੂਮਤ,ਕਿਸ ਭੁਲੇਖੇ ‘ਚ ਅੜੀਅਲ ਖੋਟੀ ਮੱਤ ਧਰਕੇ,
ਮਹਾਂ ਕੁਰਬਾਨੀ ਵਾਲੇ ਦਸ਼ਮੇ ਪਾਤਸ਼ਾਹ ਜੀਓ !,ਲੋਕ ਮਹਿੰਗਾਈ ‘ਚ ਘਿਰਦੇ ਰਹਿੰਦੇ ਨੇ ।

ਰਾਜਨੀਤੀ ਪੁਰ-ਸ਼ੱਕੀ ਵਗ ਰਹੀ,ਆਜਾਦੀ ਦੇ ਨਾਂ ਤੇ ਗੁਲਾਮੀ ਭਰ ਰਹੀ ਦੱਬ ਦੱਬ ਕੇ,
ਵਿਕਾਰਾਂ,ਵਿਭਚਾਰਾਂ,ਲੋਕ-ਮਾਰ ਦੇ ਅਨੁਯਾਈਂ,ਮੁਲਕ ਦੀ ‘ਹੋਣੀ ਸਿਰਜਦੇ ‘ਰਹਿੰਦੇ ਨੇ।

ਗਰੀਬੜੀ ਜੇਬ ਦੀ ਦਸ਼ਾ ਨਗਨਤਾ ਵਿੱਚ ਖਾਲੀ,ਹਰ ਵਸਤੂ ਕਿਸ਼ਤਾਂ ਵਿੱਚ ਗੁਜ਼ਰ ਰਹੀ ,
ਫਿਰ ਵੀ ਸਿਰਫਿਰੇ ਹਾਕਮ ਕਿਹੜੀਆਂ ਲੰਬੀਆਂ ਪ੍ਰਾਪਤੀਆਂ ਗਿਣਦੇ ਤਿੜਦੇ ਰਹਿੰਦੇ ਨੇ ।

ਚੋਣ ਆਰੰਭ ਤੋਂ ਤੱਕ ਸਮਾਪਤੀ,ਕਈ ਵੋਟਰ ਦਲਦਲ ਵਿੱਚੋਂ ਅਨੰਦ ਮਾਣਦੇ ਨੇ ਕੁਛ ਦਿਨ,
ਛੇਤੀ ਮਗਰੋਂ ਬੇਰੁਜ਼ਗਾਰੀ ਅਤੇ ਭੁੱਖਮਰੀ ਦੇ ਅਹਿਮ ਚਰਚੇ ਲੁਟੀਂਦੀ ਧਿਰ ਦੇ ਰਹਿੰਦੇ ਨੇ ।

ਹਰ ਦੌਰ ਨੇ ਬਦਫੈਲੇ,ਖੂਨ,ਹੱਡੀਆਂ ਟੋਂਹ ਕੇ ਖਾਂਦੇ,ਅਜੀਬ ਕੌਤਕ ਹੋ ਰਹੇ ਦਿਨ ਬਾ-ਦਿਨ,
ਹੱਕਾਂ ਵਾਲਿਆਂ ਦੇ ਇਹ ਸੁਆਲ ਜੁਆਬ ਸਥਾਪਤੀ ਤੋਂ ਲੈਣੇ ਬੜੇ ਹੀ ਚਿਰ ਦੇ ਰਹਿੰਦੇ ਨੇ ।

ਆਓ ਕਿ ਹੁਕਮਰਾਨ ਨੂੰ ਦੱਸੀਏ ਕਿ ਤਾਨਾਸ਼ਾਹੀ ਲੋਕ-ਜਾਪ ਨਹੀਂ,ਮਾਨਵ ਲਈ ਸੰਕਟ ਹੈ,
ਤਾਂ ਹੀ ਸੁੱਚੀਆਂ ਕਲਮਾਂ ਥਾਣੀ ਇਨਕਲਾਬੀ ਸਫਾਂ ‘ਚ ਯੁੱਧਾਂ ਦੇ ਰਾਗ ਛਿੜਦੇ ਰਹਿੰਦੇ ਨੇ!

ਸੁਖਦੇਵ ਸਿੱਧੂ ..

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਫ਼ਤਾਬ ਹੀ ਹੋ ਗਿਆ ਹੈ…..
Next articleਸੰਤਾਪ