ਪੰਜਾਬ ਜਲ ਸਪਲਾਈ, ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਤੇ ਹੋਰ ਵੱਖ ਵੱਖ ਮਾਹਰਾਂ ਨਾਲ ਕੀਤੀ ਅਹਿਮ ਮੀਟਿੰਗ
ਫਰੀਦਕੋਟ/ਕੋਟਕਪੂਰਾ 26 ਜੁਲਾਈ (ਬੇਅੰਤ ਗਿੱਲ ਭਲੂਰ) ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਪੁਰਾਣੇ ਸੀਵਰੇਜ਼ ਸਿਸਟਮ ਦੇ ਰੱਖ-ਰਖਾਅ ਅਤੇ ਸ਼ਹਿਰ ਵਿੱਚ ਸਫ਼ਾਈ ਆਦਿ ਸਬੰਧੀ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਸੁਯੋਗ ਨਿਪਟਾਰੇ ਲਈ ਸਥਾਨਕ ਸਰਕਾਰਾਂ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ, ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਸੰਧਵਾਂ ਨੇ ਸਬੰਧਤ ਅਧਿਕਾਰੀਆਂ ਨਾਲ ਕੋਟਕਪੂਰਾ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ‘ਚ ਵਿਚਾਰ-ਵਟਾਂਦਰਾ ਕੀਤਾ ਅਤੇ ਕੋਟਕਪੂਰਾ ਦੇ ਸੀਵਰੇਜ਼ ਸਿਸਟਮ ਦੀ ਰੱਖ-ਰਖਾਅ ਅਤੇ ਸਫ਼ਾਈ ਆਦਿ ਦੇ ਸਮੁੱਚੇ ਕਾਰਜ ਸਮੇਂ ਸਿਰ ਕਰਨ ਲਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਗੁਜਰਾਤ ਗੈਸ ਪਾਈਪ ਕੰਪਨੀ ਦੇ ਅਧਿਕਾਰੀਆਂ ਨੂੰ ਕੋਟਕਪੂਰਾ ਸ਼ਹਿਰ ਵਿਚਲੀਆਂ ਸੜਕਾਂ ਤੇ ਗਲੀਆਂ ਦੇ ਪਾਈਪ ਪਾਉਣ ਮਗਰੋਂ ਸਮਝੌਤੇ ਤਹਿਤ ਖੱਡਿਆਂ ਆਦਿ ਨੂੰ ਭਰਨਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਵੇਂ ਥਾਂ ‘ਤੇ ਕਾਰਜ ਉਦੋਂ ਹੀ ਸ਼ੁਰੂ ਕੀਤੇ ਜਾਣ ਜਦੋਂ ਪਹਿਲਾਂ ਜਾਰੀ ਕਾਰਜ ਸਹੀ ਢੰਗ ਨਾਲ ਮੁਕੰਮਲ ਕਰ ਲਏ ਜਾਣ।ਸੰਧਵਾਂ ਨੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਕੋਟਕਪੂਰਾ ਸ਼ਹਿਰ ਦੀ ਸਫ਼ਾਈ ਆਦਿ ਦੇ ਕੰਮ ਸਹੀ ਢੰਗ ਨਾਲ ਨਾ ਕਰਨ ਵਾਲੀ ਪ੍ਰਾਈਵੇਟ ਕੰਪਨੀ ਵਿਰੁੱਧ ਬਣਦਾ ਸਖ਼ਤ ਐਕਸ਼ਨ ਲੈਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਕੀਤੇ ਅਗਾਂਊਂ ਸਮਝੌਤੇ ਅਨੁਸਾਰ ਤੈਅ ਸੇਵਾਵਾਂ ਦੇਣ ਤੋਂ ਨਹੀਂ ਭੱਜ ਸਕਦੀਆਂ। ਸੰਧਵਾਂ ਨੇ ਕੋਟਕਪੂਰਾ ਵਾਸੀਆਂ ਨੂੰ ਸਫ਼ਾਈ ਅਭਿਆਨ ‘ਚ ਹਿੱਸਾ ਪਾਉਣ ਲਈ ਜਾਗਰੂਕ ਕਰਨ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਇਸ ਸਬੰਧੀ ਇੱਕ ਮੋਟੀਵੇਸ਼ਨ ਕੰਪੇਨ ਚਲਾਈ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਪੌਲੀਥੀਨ ਤੇ ਹੋਰ ਰਹਿੰਦ-ਖੂੰਹਦ ਦੇ ਸੁਚੱਜੇ ਨਿਪਟਾਰੇ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਪੋ-ਆਪਣੇ ਘਰਾਂ ਦੇ ਬਾਹਰ ਸੀਵਰੇਜ਼ ਪਾਈਪ ‘ਚ ਜਾਲੀ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪੌਲੀਥੀਨ ਤੇ ਹੋਰ ਠੋਸ ਰਹਿੰਦ-ਖੂੰਹਦ ਸੀਵਰੇਜ਼ ਪਾਈਪ ‘ਚ ਨਾ ਜਾ ਸਕੇ।
ਇਸ ਮੌਕੇ ਚੇਅਰਮੈਨ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਡਾ. ਸਨੀ ਆਹਲੂਵਾਲੀਆ, ਸੀ.ਈ.ਓ. ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਸ. ਮਾਲਵਿੰਦਰ ਸਿੰਘ ਜੱਗੀ,ਮਨਪ੍ਰੀਤ ਸਿੰਘ ਮਣੀ ਧਾਲੀਵਾਲ ਪਬਲਿਕ ਰਿਲੇਸ਼ਨ ਅਫ਼ਸਰ ਸਪੀਕਰ ਪੰਜਾਬ ਵਿਧਾਨ ਸਭਾ,ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਫਰੀਦਕੋਟ ਜਯੋਤੀ ਬਾਲਾ, ਐਸ.ਡੀ.ਐਮ. ਕੋਟਕਪੂਰਾ ਵੀਰਪਾਲ ਕੌਰ, ਸਕੱਤਰ ਰੈਡ ਕਰਾਸ ਫਰੀਦਕੋਟ ਮਨਦੀਪ ਸਿੰਘ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਕੋਟਰਪੂਰਾ ਅਮਰਿੰਦਰ ਸਿੰਘ, ਸੁਰਿੰਦਰ ਸਿੰਘ ਮੋਤੀ ਸੈਕਟਰੀ ਸਪੀਕਰ ਸਾਹਿਬ, ਸੁਖਦੀਪ ਸਿੰਘ ਜੇ.ਈ. ਨਗਰ ਕੌਂਸਲ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਅਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly