ਅਵਾਰਾ ਪਸ਼ੂਆਂ ਦਾ ਹੱਲ ?

(ਸਮਾਜ ਵੀਕਲੀ)

ਗਲੀ ਗਲੀ ਘੁੰਮ ਰਹੇ ਪਸ਼ੂਆਂ ਦਾ ਅਕਸਰ ਕੁਝ ਕੁ ਲੋਕ ਵਿਰੋਧ ਕਰਦੇ ਹਨ ਪਰ ਕੁਝ ਬਹੁਤੇ ਅਜਿਹੇ ਵੀ ਹਨ ਜੋ ਅਵਾਰਾ ਪਸ਼ੂਆਂ ਦੇ ਵਿਰੋਧ ਦੇ ਨਾਲ ਨਾਲ ਉਹਨਾਂ ਲੋਕਾ ਦਾ ਵੀ ਵਿਰੋਧ ਕਰਦੇ ਹਨ ਜੋ ਅਵਾਰਾ ਪਸ਼ੂਆਂ ਦਾ ਵਿਰੋਧ ਕਰਦੇ ਹਨ। ਅਸੀਂ ਸਾਰੇ ਹਰ ਰੋਜ਼ ਅਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸੇ ਦੇਖਦੇ ਤੇ ਸੁਣਦੇ ਹਾਂ। ਜਦੋਂ ਕੋਈ ਭਿਆਨਕ ਹਾਦਸਾ ਹੁੰਦਾ ਹੈ ਤਾਂ ਕੋਈ ਵੀ ਆਪਣੀ ਜਾ ਆਪਸੀ ਭਾਈਚਾਰਕ ਗਲਤੀ ਨਹੀਂ ਮੰਨਦਾ, ਨਾ ਕਿਸੇ ਨੇ ਅੱਜ ਤੱਕ ਆਪਣੀ ਗਲਤੀ ਮੰਨੀ ਹੈ ਤੇ ਨਾ ਕੋਈ ਭਵਿੱਖ ਵਿੱਚ ਮੰਨੇਗਾ।

ਅਸੀਂ ਸਾਰੇ ਸਿਰਫ ਤੇ ਸਿਰਫ ਸਰਕਾਰ ਨੂੰ ਦੋਸ਼ ਦੇਣ ਲੱਗ ਪੈਂਦੇ ਹਾਂ । ਕੀ ਸਰਕਾਰ ਨੂੰ ਹਰ ਕੰਮ ਦਾ ਦੋਸ਼ ਦੇਣਾ ਢੁਕਵਾਂ ਹੈ? ਜਦੋਂ ਵੀ ਸਰਕਾਰ ਕੋਈ ਕਿਸੇ ਤਰਾਂ ਦੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਵੱਲ ਮਤਾ ਪਾਸ ਕਰਦੀ ਹੈ ਤਾਂ ਸਾਡੇ ਲੋਕ ਬਹੁਤ ਜਲਦੀ ਉਤਾਵਲੇ ਹੁੰਦੇ ਹਨ। ਕੀ ਕਰਨ ਲਈ ? ਰੋਕ ਲਾਉਣ ਲਈ, ਅੜਚਨ ਪਾਉਣ ਲਈ। ਅਸੀਂ ਆਪਣੇ ਆਪ ਨੂੰ ਨਵੇਂ ਯੁੱਗ ਦੇ ਜੀਵ ਜ਼ਰੂਰ ਅਖਵਾਉਂਦੇ ਹਾਂ ਪਰ ਮਾਨਸਿਕ ਤੌਰ ਤੇ ਅਸੀਂ ਪੁਰਾਣੇ ਯੁੱਗ ਤੋਂ ਕਈ ਗੁਣਾ ਥੱਲੇ ਡਿੱਗ ਚੁੱਕੇ ਹਾਂ।

ਅਕਸਰ ਦੇਖਣ ਨੂੰ ਮਿਲਦਾ ਹੈ ਕਿ ਅਵਾਰਾ ਪਸ਼ੂਆਂ ਨੂੰ ਅਜ਼ਾਦੀ ਨਾਲ ਘੁੰਮਣ ਦਿੱਤਾ ਜਾਵੇ ਦੀ ਕਾਨੂੰਨੀ ਜੰਗ ਲੜਨ ਵਾਲੇ ਲੋਕਾ ਨਾਲ ਜਦੋਂ ਆਪਣੇ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਪਰਚਾ ਦਰਜ ਕਰਾਉਣ ਵਿੱਚ ਮੋਹਰੀ ਹੁੰਦੇ ਹਨ। ਫੇਰ ਕਿਉਂ ਨਹੀਂ ਕਹਿੰਦੇ ? ਕੋਈ ਨਾ ਅਵਾਰਾ ਪਸ਼ੂਆਂ ਨੂੰ ਸ਼ਰੇਆਮ ਘੁੰਮਣ ਦਿਓ ਪਰ ਅਸੀਂ ਘਰ ਅੰਦਰ ਜਿੰਦਰਾ ਲਾ ਬੈਠ ਜਾਂਦੇ ਹਾਂ ।
ਕਿੰਨੇ ਛੋਟੇ ਛੋਟੇ ਬੱਚੇ ਘਰੋਂ ਸਕੂਲ ਲਈ ਨਿਕਲਦੇ ਹਨ ਪਰ ਅਵਾਰਾ ਪਸ਼ੂਆਂ ਦੇ ਹਾਦਸੇ ਕਾਰਨ ਮਾਸੂਮ ਮੁੜ ਜਿਉਂਦੇ ਘਰ ਨਹੀਂ ਪਰਤਦੇ। ਕਿੰਨੇ ਬਜ਼ੁਰਗ ਘਰੋਂ ਕਿਸੇ ਘਰੇਲੂ ਵਸਤ ਖ਼ਰੀਦਣ ਜਾਂਦੇ ਹਨ ਪਰ ਅਵਾਰਾ ਪਸ਼ੂਆਂ ਕਾਰਨ ਸੜਕਾਂ ਤੇ ਤੜਫਦੇ ਮਰ ਜਾਂਦੇ ਹਨ। ਕਈ ਵਾਰ ਕਿਸੇ ਦਾ ਇਕੱਲਾ ਇਕੱਲਾ ਜਵਾਨ ਪੁੱਤਰ ਜਾ ਧੀ ਇਹਨਾਂ ਅਵਾਰਾ ਪਸ਼ੂਆਂ ਦਾ ਸ਼ਿਕਾਰ ਹੋ ਜਾਂਦੇ ਹਨ , ਮਗਰੋਂ ਮਾਪੇ ਤੜਫ ਤੜਫ ਸਾਰੀ ਜ਼ਿੰਦਗੀ ਕੱਟਦੇ ਹਨ।

ਹਾਂ ਜੋ ਅਵਾਰਾ ਪਸ਼ੂਆਂ ਦਾ ਵਿਰੋਧ ਕਰਦੇ ਹਨ ਅਕਸਰ ਉਹ ਲੋਕ ਹੀ ਆਪਣੇ ਖੇਤਾਂ ਨੂੰ ਉੱਚੀਆਂ ਕੰਡਿਆਲ਼ੀ ਵਾੜਾ ਕਰਦੇ ਹਨ । ਕਿਉਂ ਕਰਦੇ ਹੋ ਕੰਡਿਆਲ਼ੀ ਵਾੜਾ ? ਖਾਣ ਦਿਉ ਖੜੀ ਫਸਲ ਇਹਨਾਂ ਅਵਾਰਾ ਪਸ਼ੂਆਂ ਨੇ ਭੁੱਖ ਵੀ ਮਿਟਾਉਣੀ ਹੈ। ਕਿਉਂ ਨਹੀਂ ਤੁਸੀ ਇਹਨਾਂ ਦੀ ਭੁੱਖ ਦਾ ਹੱਲ ਕਰਦੇ ? ਕਿਉਂ ਨਹੀਂ ਤੁਸੀ ਇਹਨਾਂ ਦੇ ਰਹਿਣ ਦਾ ਇੰਤਜ਼ਾਮ ਕਰਦੇ? ਨਹੀਂ ਕਰ ਸਕਦੇ ਤਾਂ ਸਰਕਾਰ ਨੂੰ ਅਵਾਰਾ ਪਸ਼ੂਆਂ ਦਾ ਨਿਰਵਿਘਨ ਹੱਲ ਕਰਨ ਦਿਉ ਤਾਂ ਜੋ ਇਨਸਾਨ ਨਾਲ ਹੁੰਦੇ ਨਿੱਤ ਦਿਨ ਭਿਆਨਕ ਹਾਦਸੇ ਰੋਕੇ ਜਾ ਸਕਣ। ਜਿੱਥੇ ਮੈਂ ਅਵਾਰਾ ਪਸ਼ੂਆਂ ਦਾ ਠੋਸ ਹੱਲ ਕਰਨ ਲਈ ਸਰਕਾਰ ਨੂੰ ਬੇਨਤੀ ਕਰਦੀ ਹਾਂ ਉੱਥੇ ਨਾਲ ਹੀ ਸਾਨੂੰ ਸਭ ਨੂੰ ਇਸ ਨੇਕ ਕੰਮ ਲਈ ਸਹਿਯੋਗ ਦੇਣਾ ਚਾਹੀਦਾ ਹੈ।

ਕਿਰਪਾ ਕਰਕੇ ਆਪ ਜੀ ਅਵਾਰਾ ਪਸ਼ੂਆਂ ਵਾਰੇ ਆਪਣੇ ਨਿੱਜੀ ਅਨੁਭਵ ਵਾਰੇ ਜ਼ਰੂਰ ਸੁਝਾਅ ਦੇਣਾ ਤਾਂ ਕੀ ਨਿੱਤ ਦਿਨ ਹੁੰਦੇ ਹਾਦਸੇ ਰੋਕੇ ਜਾ ਸਕਣ।

ਧੰਨਵਾਦ ਸਹਿਤ
ਸਰਬਜੀਤ ਲੌਂਗੀਆਂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਦੇਸ਼ਾਂ ਦੇ ਦੁੱਖ
Next articleਹਰ ਦਮ ਮੰਗਾਂ ਖੈਰਾਂ