ਸਫ਼ਲਤਾ ਭਰਪੂਰ ਰਿਹਾ ਖੇਤੀਬਾੜੀ ਵਿਭਾਗ ਵੱਲੋਂ ‘ਭਲੂਰ’ ਦਾ ਕਿਸਾਨ ਜਾਗਰੂਕਤਾ ਕੈਂਪ
ਬਾਘਾਪੁਰਾਣਾ (ਸਮਾਜ ਵੀਕਲੀ) ਭਲੂਰ/ਬੇਅੰਤ ਗਿੱਲ ਖੇਤੀਬਾੜੀ ਬਲਾਕ ਅਫਸਰ ਡਾ. ਨਵਦੀਪ ਸਿੰਘ ਸਿੰਘ ਜੌੜਾ ਦੀ ਅਗਵਾਈ ਹੇਠ ਪਿੰਡ ਭਲੂਰ ਵਿਖੇ ਇਕ ਵਿਸ਼ਾਲ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਪਿੰਡ ਦੇ ਕਿਸਾਨ ਭਰਾਵਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇੱਥੇ ਹਾਜ਼ਿਰ ਸਹਿਕਾਰੀ ਸਭਾ ਭਲੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਪਿੰਡ ਵਾਸੀਆਂ ਵੱਲੋਂ ਖੇਤੀਬਾੜੀ ਵਿਭਾਗ ਬਾਘਾਪੁਰਾਣਾ ਦੀ ਸਮੁੱਚੀ ਟੀਮ ਨੂੰ ਜਿੱਥੇ ਜੀ ਆਇਆਂ ਆਖਿਆ ਗਿਆ, ਉੱਥੇ ਉਨ੍ਹਾਂ ਦਾ ਉਚੇਚਾ ਧੰਨਵਾਦ ਵੀ ਕੀਤਾ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ. ਹਰਿੰਦਰਪਾਲ ਸ਼ਰਮਾ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਉਹ ਖੇਤਾਂ ਵਿਚਲੀ ਰਹਿੰਦ- ਖੂੰਹਦ ਨੂੰ ਅੱਗ ਲਗਾਉਣ ਤੋਂ ਪਰਹੇਜ਼ ਕਰਨ, ਕਿਉਂਕਿ ਚੰਗੀ ਸੋਚ ਨੂੰ ਲੈ ਕੇ ਅਸੀਂ ਕੁਦਰਤ ਦੇ ਨੇੜੇ ਅਤੇ ਚੰਗੀ ਪੈਦਾਵਾਰ ਲੈਣ ਦੇ ਹੱਕਦਾਰ ਹੋ ਸਕਦੇ ਹਾਂ। ਇਸ ਉਪਰੰਤ ਖੇਤੀਬਾੜੀ ਵਿਭਾਗ ਬਾਘਾਪੁਰਾਣਾ ਦੇ ਨੌਜਵਾਨ ਹਰਵਿੰਦਰ ਸਿੰਘ ਗਿੱਲ ਏ. ਟੀ. ਐੱਮਜ਼ ਨੇ ਕਿਸਾਨਾਂ ਨੂੰ ਪੀ. ਐੱਮ ਕਿਸਾਨ ਸਕੀਮ ਤਹਿਤ ਲਾਭ ਲੈਣ ਸਬੰਧੀ ਜਾਗਰੂਕ ਕੀਤਾ ਅਤੇ ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਮਗਰੋਂ ਖੇਤੀਬਾੜੀ ਬਲਾਕ ਅਫਸਰ ਡਾ ਨਵਦੀਪ ਸਿੰਘ ਜੌੜਾ ਨੂੰ ਉਚੇਚੇ ਤੌਰ ‘ਤੇ ਕਿਸਾਨਾਂ ਦੇ ਰੂ-ਬ-ਰ ਕਰਨ ਦਾ ਫਰਜ਼ ਵੀ ਅਦਾ ਕੀਤਾ। ਇਸ ਮੌਕੇ ਡਾ. ਨਵਦੀਪ ਸਿੰਘ ਜੌੜਾ ਨੇ ਆਪਣੇ ਬਹੁਤ ਹੀ ਭਾਵਪੂਰਤ ਸ਼ਬਦਾਂ ਨਾਲ ਬੋਲਦਿਆਂ ਕਿਸਾਨਾਂ ਨੂੰ ਆਪਣੀ ਮਿੱਟੀ, ਹਵਾ, ਪਾਣੀ, ਪਸ਼ੂ, ਪੰਛੀ, ਰੁੱਖ, ਬੂਟੇ ਅਤੇ ਆਪਣੇ ਇਰਦ ਗਿਰਦ ਨਾਲ ਮੋਹ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਚੌਫੇਰਾ, ਇਹ ਚੌਗਿਰਦਾ ਸਾਡੇ ਮੋਹ ਤੋਂ ਵਿਰਵਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਆਪਣੇ ਅਪੀਲ ਭਰੇ ਸ਼ਬਦਾਂ ਵਿਚ ਕਿਹਾ ਕਿ ਝੋਨੇ ਦੀ ਫ਼ਸਲ ‘ਤੇ ਬੇਲੋੜੀਆਂ ਸਪਰੇਆਂ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਜ਼ਹਿਰਾਂ ਛਿੜਕਣ ਤੋਂ ਸੰਕੋਚ ਕਰਨ ਦੀ ਬਹੁਤ ਵੱਡੀ ਲੋੜ ਹੈ, ਕਿਉਂਕਿ ਸਾਡਾ ਸਮਾਜ ਬਹੁਤ ਖ਼ਤਰਨਾਕ ਅਲਾਮਤਾਂ ਦੇ ਮੂੰਹ ਵਿੱਚ ਪੈਂਦਾ ਸਭ ਨੂੰ ਨਜ਼ਰ ਆ ਰਿਹਾ ਹੈ ਪਰ ਕਿੱਡੀ ਤ੍ਰਾਸਦੀ ਹੈ ਕਿ ਅਸੀਂ ਇਹ ਸਭ ਕੁਝ ਨਜ਼ਰਅੰਦਾਜ਼ ਕਰ ਰਹੇ ਹਾਂ। ਡਾ ਨਵਦੀਪ ਸਿੰਘ ਜੌੜਾ ਨੇ ਸੰਵੇਦਨਸ਼ੀਲ ਬੋਲਾਂ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਜ਼ਮੀਨ ਨਾਲ ਜੁੜੇ ਹੋਏ ਹਾਂ ਤਾਂ ਸਾਨੂੰ ਆਪਣੇ ਜ਼ਮੀਰ ਵੀ ਜਗਾਉਣੇ ਪੈਣਗੇ। ਅਸੀਂ ਅੱਗ ਲਗਾਉਣ ਵਾਲੇ ਨਹੀਂ, ਅੱਗ ਬੁਝਾਉਣ ਵਾਲੇ ਯੋਧੇ ਬਣਨਾ ਹੈ। ਇਸ ਮੌਕੇ ਸਬ-ਇੰਸਪੈਕਟਰ ਪ੍ਰਦੀਪ ਕੁਮਾਰ, ਸਬ ਇੰਸਪੈਕਟਰ ਦਿਲਪ੍ਰੀਤ ਸਿੰਘ, ਸਬ-ਇੰਸਪੈਕਟਰ ਪਵਨ ਕੁਮਾਰ , ਜਸਵੀਰ ਸਿੰਘ ਅਸਿਸਟੈਂਟ ਟੈਕਨਾਲੋਜੀ ਮੈਨੇਜਰ, ਜਗਜੀਤ ਸਿੰਘ ਬੇਲਦਾਰ ਅਤੇ ਖੇਤੀਬਾੜੀ ਉਪ- ਨਿਰੀਖਕ ਮੌਜੂਦ ਸਨ।
ਇਸ ਮੌਕੇ ਸਹਿਕਾਰੀ ਸਭਾ ਭਲੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਉਰਫ਼ ਭਿੰਦਾ ਭਾਊ, ਸਰਦਾਰ ਜਗਰੂਪ ਸਿੰਘ ਖ਼ਾਲਸਾ, ਕਰਮਜੀਤ ਸਿੰਘ ਨਰੂਲਾ, ਹਰਜੀਤ ਸਿੰਘ ਮਾਹਲਾ, ਰਣਜੀਤ ਸਿੰਘ ਸੰਧੂ, ਕਿਸਾਨ ਯੂਨੀਅਨ ਕਾਦੀਆਂ ਗਰੁੱਪ ਭਲੂਰ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜਟਾਣਾ, ਗੁਰਚਰਨ ਸਿੰਘ ਸੰਧੂ, ਨਛੱਤਰ ਸਿੰਘ, ਸਰਦੂਲ ਸਿੰਘ, ਅਮਰੀਕ ਸਿੰਘ, ਸੁੱਖਾ ਸਿੰਘ, ਗੁਰਸੇਵਕ ਸਿੰਘ, ਬਲਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly