* ਸੋਸ਼ਲ – ਮੀਡੀਆ ਤੇ ਲੱਗੀ ਲਾਈਕਸ ਤੇ ਕਮੈਂਟਸ ਦੀ ਸੇਲ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਮੇਰੇ ਲੇਖ ਅਕਸਰ ਹੀ ਦੇਸ਼ – ਵਿਦੇਸ਼ ਦੇ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ । ਛਪਣ ਤੋ ਬਾਅਦ ਮੈਂ ਇਸ ਨੂੰ ਆਪਣੀ ਫੇਸਬੁੱਕ ਦੇ ਵਾਲ ਤੇ ਦੋਸਤਾਂ – ਮਿੱਤਰਾ ਨਾਲ ਸ਼ੇਅਰ ਕਰਦਾ ਰਹਿੰਦਾ ਹਾਂ । ਮੇਰੇ ਲਿਖਣ ਦਾ ਮਨੋਰਥ ਹੁੰਦਾ ਲੋਕਾਂ ਨੂੰ ਭਰਿਸ਼ਟਾਚਾਰ ਬਾਰੇ ਜਾਗਰੂਕ ਕਰਨਾ । ਮੈ ਆਪਣੀ ਕਲਮ ਨੂੰ ਹਮੇਸ਼ਾ ਲੋਕ – ਹਿੱਤਾਂ ਲਈ ਹੀ ਵਰਤਦਾ ਹਾਂ । ਪਿਛਲੇ ਦਿਨੀਂ ਮੈ ਇੱਕ ਲੇਖ ਲਿਖਿਆ ਤੇ ਛਪਣ ਤੋ ਬਾਅਦ ਮੈ ਇਸ ਨੂੰ ਆਪਣੀ ਫੇਸਬੁੱਕ ਵਾਲ ਤੇ ਸ਼ੇਅਰ ਕੀਤਾ ।

ਇਸ ਤੋਂ ਕੁਝ ਸਮੇਂ ਬਾਦ ਮੈਨੂੰ ਇੱਕ ਭੈਣ ਨੇ ਫੋਨ ਕੀਤਾ ਤੇ ਕਹਿਣ ਲੱਗੀ , ਵੀਰ ! ਕਿਉੰ ਏਨੀ ਭਕਾਈ ਕਰਦਾ ਰੋਜ਼ ਲਿਖਣ ਤੇ..ਐਵੇਂ ਟਾਈਪ ਤੇ ਮਗ਼ਜ਼ ਖਪਾਈ ਕਰਦਾ ਸਾਰਾ ਦਿਨ ..ਕੌਣ ਪਸੰਦ ਕਰਦਾ ਇਹਨਾਂ ਨੂੰ ? ਮੈਨੂੰ ਵੀ ਬੜੀ ਹੈਰਾਨਗੀ ਹੋਈ ਕਿ ਇਹ ਭੈਣ ਨੂੰ ਕੀ ਪਤਾ ਲੋਕਾਂ ਦੀ ਪਸੰਦ ਨਾ ਪਸੰਦ ਦਾ ? ਪਰ ਉਸਨੇ ਫਿਰ ਪਲਟਦਿਆ ਕਿਹਾ , ਦੇਖ ਵੀਰ ! ਤੇਰੀ ਪੋਸਟ ਪਾਈ ਨੂੰ ਚਾਰ ਘੰਟੇ ਹੋ ਗਏ ਤੇ ਮੈਨੂੰ ਅੱਧਾ ਘੰਟਾ ਪਰ ਮੇਰੇ ਦੋ ਸਬਦਾਂ ਨੂੰ ਹੀ ਸੈਕੜੇ ਲੋਕਾਂ ਨੇ ਕਿੰਨਾ ਪਸੰਦ ਕੀਤਾ । ਕਿੰਨੇ ਲਾਇਕ ਤੇ ਕਮੇਂਟ । ” ਮੈਂ ਭੈਣ ਦਾ ਫੋਨ ਕੱਟਿਆ ਤੇ ਦੇਖਿਆ ਸੱਚਮੁੱਚ ਹੀ ਮੇਰੀ ਪੋਸਟ ਤੇ ਮੇਰੇ ਦੋ ਚਾਰ ਦੋਸਤਾਂ ਨੇ ਇੱਕ – ਦੋ ਅੰਗਰੇਜ਼ੀ ਦੇ ਰੈਡੀਮੈਡ ਸਬਦਾਂ ਵਿੱਚ ਹੌਸਲਾ ਅਫਜ਼ਾਈ ਕੀਤੀ ਹੋਈ ਸੀ ਤੇ ਕਈ ਮੇਰੇ ਵੀਰਾਂ ਨੇ ਸਟਿੱਕਰ ਦੀ ਵਰਤੋਂ ਕੀਤੀ ਗਈ ਸੀ ।

ਇਹ ਦੇਖ ਕੇ ਮੇਰੇ ਮਨ ਅੰਦਰ ਬੜੇ ਹੀ ਸਵਾਲ ਉੱਠੇ । ਸਾਹਿਤ ਵਿੱਚ ਆਲੋਚਨਾ ਦਾ ਹੋਣਾ ਜਰੂਰੀ ਹੈ ਪਰ ਅਜੋਕੀ ਆਲੋਚਨਾ ਦਾ ਰੂਪ ਤੇ ਮਾਪ – ਦੰਡ ਕੀ ਹੈ ? ਕੀ ਚੱਲ ਰਿਹਾ ਹੈ ਅੱਜ – ਕੱਲ ਸੋਸ਼ਲ ਮੀਡੀਆ ਤੇ ? ਸਭ ਤੋਂ ਪਹਿਲਾ ਤਾਂ ਮੈਨੂੰ ਜਿਹੜੇ ਹੌਸਲਾ ਅਫਜ਼ਾਈ ਲਈ ਸਟਿੱਕਰ ਵਰਤੇ ਜਾਂਦੇ ਹਨ ਉਹਨਾਂ ਦੀ ਸਮਝ ਨਹੀਂ ਲੱਗਦੀ । ਬਹੁਤ ਹੀ ਜਿਆਦਾ ਵਰਤਿਆਂ ਜਾਣਾ ਵਾਲਾ ਸਟਿੱਕਰ ਹੈ ਅਗੂੰਠੇ ਦਾ ਨਿਸ਼ਾਨ ਜਿਸਨੂੰ ਦੇਖਦੇ ਹੀ ਮੈਨੂੰ ਪੰਜਾਬੀ ਦਾ ਇੱਕ ਮੁਹਾਵਰਾ ‘ ਅੰਗੂਠਾ ਦਿਖਾਉਣਾ ‘ ਯਾਦ ਆ ਜਾਂਦਾ ਜਿਸਦਾ ਮਤਲਬ ਹੁੰਦਾ ਕਿਸੇ ਕੰਮ ਲਈ ਨਾਂਹ ਕਰਨੀ ਜਾ ਅਸਫਲ ਹੋਏ ਬੰਦੇ ਨੂੰ ਮਜ਼ਾਕ ਕਰਨਾ ।

ਪਰ ਅਸੀਂ ਸੋਸ਼ਲ ਮੀਡੀਆ ਤੇ ਬਿਨਾਂ ਸੋਚੇ – ਸਮਝੇ ਇਸਨੂੰ ਕਿਸੇ ਦੀ ਤਾਰੀਫ਼ ਲਈ ਵਰਤੀ ਜਾ ਰਹੇ ਹਾਂ । ਹੋਰ ਵੀ ਪਤਾ ਨੀ ਕਿੰਨੇ ਹੀ ਅਜਿਹੇ ਸਟਿੱਕਰ ਜਿੰਨਾ ਨੂੰ ਅਸੀਂ ਬਿਨਾਂ ਸੋਚੇ – ਸਮਝੇ ਵਰਤਦੇ ਹਾਂ । ਲੇਖਕ ਕਿੰਨਾ ਸਮਾਂ ਲਗਾ ਕੇ ਆਪਣੀਆਂ ਰਚਨਾਵਾਂ ਨੂੰ ਤਿਆਰ ਕਰਦੇ ਇਸ ਲਈ ਉਹਨਾਂ ਦਾ ਨਾ ਤਾਂ ਕੋਈ ਨਿੱਜੀ ਲਾਲਚ ਹੁੰਦਾ ਤੇ ਨਾ ਹੀ ਉਹਨਾਂ ਨੂੰ ਕੋਈ ਤਨਖਾਹ ਮਿਲਦੀ ਪਰ ਉਹ ਸਮਾਜ ਦੇ ਦੁੱਖਾਂ ਨੂੰ ਸਮਝਦਾ ਹੋਇਆ ਉਸ ਵਿਰੁੱਧ ਅਵਾਜ ਬੁਲੰਦ ਕਰਦਾ ਹੈ ਪਰ ਉਸਦੀ ਆਵਾਜ ਬੁਲੰਦ ਨਹੀਂ ਹੋ ਪਾਉਂਦੀ ਕਿਉੰਕਿ ਸਾਡੇ ਸਮਾਜ ਦੇ ਲੋਕਾਂ ਨੂੰ ਵਿਚਾਰ ਨਹੀਂ ਤਸਵੀਰਾ ਪਸੰਦ ਹਨ ਕਿਉੰਕਿ ਜਦੋ ਮੈਂ ਭੈਣ ਦੀ ਰਚਨਾ ਪੜ੍ਹੀ ਤਾਂ ਦੇਖ ਕੇ ਹੈਰਾਨ ਰਹਿ ਗਿਆ । ਦੋ – ਚਾਰ ਰੁਮਾਂਸਵਾਦੀ ਲਾਈਨਾਂ ਲਿਖੀਆ ਹੋਈਆਂ ਸੀ ।

ਰਚਨਾਂ ਛੋਟੀ ਸੀ ਪਰ ਨਾਲ ਤਸਵੀਰ ਵੱਡੀ ਲੱਗੀ ਸੀ ਤੇ ਲਾਇਕ ਤੇ ਕਮੈਂਟਸ ਵਾਲਿਆਂ ਦੀ ਲਾਈਨ ਵੀ ਬੜੀ ਲੰਬੀ ਸੀ । ਸੱਚਮੁੱਚ ਹੀ ਸਾਹਿਤ ਦੇ ਨਾਮ ਤੇ ਬੜਾ ਹੀ ਘਟੀਆ ਜਿਹਾ ਖੇਲ ਖੇਡਿਆ ਜਾ ਰਿਹਾ ਹੈ । ਜਿਆਦਾ ਲਾਇਕ ਤੇ ਕਮੈਂਟਸ ਦੇ ਚੱਕਰ ਵਿੱਚ ਕਈ ਬੀਬੀਆਂ ਤੇ ਭੈਣਾਂ ਨਿੱਤ ਤਰ੍ਹਾਂ – ਤਰ੍ਹਾਂ ਦੀਆਂ ਤਸਵੀਰਾਂ ਰਚਨਾਵਾਂ ਦੇ ਨਾਲ ਪੋਸਟ ਕਰਦੀਆਂ ਹਨ । ਤੇ ਲੋਕ ਬਿਨਾਂ ਕੋਈ ਰਚਨਾਂ ਦੇਖੇ ਜਾਂ ਪੜ੍ਹੇ ..ਲਾਇਕ ਤੇ ਕਮੈਂਟਸ ਲਈ ਲਾਈਨਾਂ ਵਿੱਚ ਲੱਗੇ ਰਹਿੰਦੇ। ਅਸਲ ਵਿੱਚ ਲੋਕਾਂ ਦੁਆਰਾ ਰਚਨਾ ਨਹੀਂ ਸਗੋਂ ਤਸਵੀਰ ਪਸੰਦ ਕੀਤੀ ਜਾਂਦੀ ਹੈ ਕਿਉੰਕਿ ਇਹ ਲਾਇਕ ਤੇ ਕਮੈਂਟਸ ਕਰਨ ਵਾਲੇ ਲੋਕਾਂ ਦਾ ਸਾਹਿਤ ਨਾਲ ਕੋਈ ਦੂਰ ਦਾ ਵਾਸਤਾ ਨਹੀਂ ਹੁੰਦਾ । ਕਈ ਤੇ ਮੇਰੀਆਂ ਭੈਣਾਂ ਫੁੱਲੀਆਂ ਨਹੀਂ ਸਮਾਉਂਦੀਆਂ ਕਿ ਸਾਡੀਆਂ ਰਚਨਾਵਾਂ ਨੂੰ ਬਹੁਤ ਹੀ ਜਿਆਦਾ ਪਸੰਦ ਕੀਤਾ ਜਾਂਦਾ ਹੈ ।

ਸਮਾਜਿਕ ਮੀਡੀਆ ਸਾਹਿਤ ਦੇ ਵਿਸਥਾਰ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਬਸ਼ਰਤੇ ਕੇ ਇਸਦੀ ਸੁਚੱਜੀ ਵਰਤੋਂ ਹੋਵੇ । ਪਰ ਅੱਜ -ਕੱਲ੍ਹ ਅਜਿਹਾ ਨਹੀਂ ਹੁੰਦਾ । ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਅਨੇਕਾਂ ਹੀ ਸਾਹਿਤਿਕ ਗਰੁੱਪ ਬਣੇ ਹੋਏ ਨੇ । ਇਹਨਾਂ ਵਿੱਚੋ ਅਜਿਹੇ ਕਈ ਗਰੁੱਪ ਹਨ ਜਿੰਨਾ ਦੇ ਸੰਚਾਲਕਾਂ ਦਾ ਸਾਹਿਤ ਨਾਲ ਦੂਰ – ਦੂਰ ਦਾ ਵੀ ਵਾਸਤਾ ਨਹੀਂ । ਇੰਨਾਂ ਗਰੁੱਪਾਂ ਵਿੱਚ ਕੋਈ ਵੀ ਸ਼ਾਮਿਲ ਹੋ ਸਕਦਾ ਹੈ । ਇਹਨਾਂ ਗਰੁੱਪਾਂ ਵਿੱਚ ਅਕਸਰ ਬੀਬੀਆਂ ਦੋ – ਚਾਰ ਲਾਈਨਾਂ ਟਾਈਪ ਕਰਦੀਆਂ ਤੇ ਆਪਣੀ ਤਸਵੀਰ ਨਾਲ ਪੋਸਟ ਕਰਦੀਆਂ ਤੇ ਅਜਿਹਾ ਕਰਦੀਆਂ ਉਹ ਇਹ ਵੀ ਨਹੀਂ ਸੋਚਦੀਆਂ ਕਿ ਜਿਸ ਗਰੁੱਪ ਵਿੱਚ ਤਸਵੀਰ ਪੋਸਟ ਕੀਤੀ ਜਾ ਰਹੀ ਹੈ ਉਸਦੇ ਮੈਂਬਰ ਕੌਣ ਨੇ ।

ਗਰੁੱਪ ਵਿੱਚ ਤਸਵੀਰ ਦੇਖ ਕੇ ਅਕਸਰ ਹੀ ਲੋਕ ਫਿਰ ਪਰਸਨਲ ਆਈ . ਡੀ . ਤੇ ਜਾ ਕੇ ਦੋਸਤੀ ਲਈ ਬੇਨਤੀ ਭੇਜਦੇ ਹਨ ਤੇ ਦੋਸਤ ਬਣ ਜਾਂਦੇ ਹਨ । ਇਹ ਲੋਕ ਸਾਹਿਤਕ ਪ੍ਰੇਮੀ ਨਹੀਂ ਹੁੰਦੇ ਤੇ ਹੋਲੀ ਹੌਲੀ ਇਹ ਆਪਣੇ ਅਸਲੀ ਰੰਗ ਵੀ ਵਿਖਾਉਣਾ ਸੁਰੂ ਕਰ ਦਿੰਦੇ ਨੇ । ਮੈ ਬੜੀ ਹੀ ਬਾਰੀਕੀ ਨਾਲ ਸਾਰਾ ਕੁਝ ਦੇਖਿਆ ਤੇ ਸਮਝਿਆ ਕਿ ਸਾਹਿਤ ਪ੍ਰੇਮੀ ਹੀ ਸਾਹਿਤ ਨੂੰ ਪਸੰਦ ਕਰਦੇ ਤੇ ਸਾਹਿਤ ਦੀ ਆਲੋਚਨਾ ਕਰਦੇ । ਬਾਕੀ ਤਾਂ ਐਵੇਂ ਲੋਕਾਂ ਦੀ ਭੀੜ ਹੈ । ਜੇਕਰ ਸਾਨੂੰ ਪਰਮਾਤਮਾ ਨੇ ਕਲਮ ਦਾ ਹੁਨਰ ਦਿੱਤਾ ਹੈ ਤਾਂ ਇਸਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਤੇ ਲੋਕ – ਹਿੱਤਾਂ ਲਈ ਇਸਦਾ ਪ੍ਰਯੋਗ ਕਰਨਾ ਚਾਹੀਦਾ ਹੈ ਪਰ ਅਫ਼ਸੋਸ ਕਈ ਲੋਕ ਇਸਦਾ ਦੁਰਉਪਯੋਗ ਕਰ ਰਹੇ ਨੇ .. ਆਪਣੀ ਮਾਂ ਬੋਲੀ ਦੀ ਨਿਰਸਵਾਰਥ ਸੇਵਾ ਤੋ ਵੱਡੀ ਕੋਈ ਹੋਰ ਸੇਵਾ ਨਹੀਂ ।

ਸੋ ਕਲਮ ਦੀ ਸਹੀ ਵਰਤੋਂ ਕਰੋ ਨਾ ਕਿ ਆਪਣੀ ਮਸ਼ਹੂਰੀ ਲਈ । ਮੈਂ ਕੁਝ ਸਮੇਂ ਬਾਅਦ ਉਹੀ ਭੈਣ ਨੂੰ ਦੁਬਾਰਾ ਫੋਨ ਲਗਾਇਆ ਤੇ ਕਿਹਾ ,ਭੈਣ ਮੈ ਸਾਰੀ ਪੜਚੋਲ ਕੀਤੀ ਹੈ ਤੇ ਇਸ ਨਤੀਜੇ ਤੇ ਪਹੁੰਚ ਕੀਤੀ ਕਿ ਮੇਰਾ ਨਾਮ ਰਮੇਸ਼ਵਰ ਸਿੰਘ ਹੈ ਤੇ ਜੇਕਰ ਮੈ ਇਸ ਨੂੰ ਸਮਾਜਿਕ ਮੀਡੀਆ ਤੇ ਰਮੇਸ਼ ਰਾਣੀ ਲਿਖ ਲਵਾ ਕੇ ਕੋਈ ਹੋਰ ਲੜਕੀ ਦਾ ਨਾਮ ਲਿਖ ਕੇ ਕਿਸੇ ਲੜਕੀ ਦੀ ਫ਼ੋਟੋ ਲਗਾ ਲਵਾ ਤਾਂ ਹੋ ਸਕਦਾ ਮੇਰੇ ਲਾਇਕ – ਕਮੈਂਟਸ ਤੁਹਾਡੇ ਤੋ ਵੱਧ ਜਾਣ । ” ਇੰਨਾ ਸੁਣਦੇ ਹੀ ਭੈਣ ਨੇ ਕੋਈ ਜਵਾਬ ਦਿੱਤੇ ਫੋਨ ਕੱਟ ਦਿੱਤਾ ਤੇ ਮੈ ਬੇਪਰਵਾਹ ਹੋ ਕੇ ਆਪਣਾ ਅਗਲਾ ਲੇਖ ਸੁਰੂ ਕਰ ਲਿਆ ।

ਪਾਠਕਾਂ ਤੇ ਫੇਸ ਬੁੱਕ ਵਾਲਿਆਂ ਲਈ ਇਕ ਖਾਸ ਗੱਲ ਜੋ ਮੇਰੇ ਨਾਲ ਆਏ ਦਿਨ ਬੀਤਦੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੈ ,ਜਿਸ ਤੋ ਲਾਈਕਸ ਤੇ ਕੁਮੈਂਟ ਜਾਣੀ ਕਿ ਫੇਸਬੁੱਕੀਆਂ ਦੀ ਪਸੰਦ ਨਾਪਸੰਦ ਦੀ ਹਕੀਕਤ ਪਤਾ ਲੱਗ ਜਾਵੇਗੀ।ਸੱਜਣੋਂ ਮਿੱਤਰੋ ਬੇਲੀਓ ਭੈਣੋ ਤੇ ਭਰਾਵੋ ਮੈਂ ਪੰਜਾਬੀ ਸਾਹਿਤ ਤੇ ਮਾਂ ਬੋਲੀ ਦੀ ਸੇਵਾ ਲਈ ਅਨੇਕਾ ਨਵੇਂ ਲੇਖਕਾਂ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਦੀਆਂ ਰਚਨਾਵਾਂ ਕਾਂਟ ਛਾਂਟ ਕਰਕੇ ਵੱਖ ਵੱਖ ਅਖ਼ਬਾਰਾਂ ਨੂੰ ਭੇਜਦਾ ਹਾਂ ਜੋ ਇਕੱਠੇ ਰੂਪ ਵਿੱਚ ਛਪ ਜਾਂਦੀਆਂ ਹਨ ਤੇ ਮੈਂ ਫੇਸਬੁੱਕ ਤੇ ਸਾਂਝੀਆਂ ਕਰਦਾ ਹਾਂ।ਮੈਨੂੰ ਬਹੁਤ ਵਾਰ ਚੇਨੱਈ ਮੁੰਬਈ ਤੋਂ ਫੋਨ ਆਉਂਦਾ ਹੈ ਕਿ ਤੁਸੀਂ ਜੋ ਮੈਟਰ ਫੇਸਬੁੱਕ ਤੇ ਪਾਇਆ ਹੈ ਅਸੀਂ ਤੁਹਾਨੂੰ ਪੂਰੀ ਦੁਨੀਆਂ ਵਿਚ ਪਹਿਲੇ ਨੰਬਰ ਦਾ ਕਰ ਦੇਵਾਂਗੇ ਦੱਸੋ ਕਿੰਨੇ ਕਮੈਂਟ ਪਸੰਦ ਦੇ ਕਿਸ ਰੂਪ ਵਿੱਚ ਚਾਹੀਦੇ ਹਨ ਸਾਡੇ ਹਜ਼ਾਰ ਦੱਸ ਹਜ਼ਾਰ ਲੱਖ ਤੇ ਇਸ ਤੋਂ ਵੱਧ ਕੁਮੈਂਟਸ ਦੀ ਫੀਸ ਭਰੋ ਅਸੀਂ ਤੁਹਾਡੀਆਂ ਕਿਰਤਾਂ ਨੂੰ ਪੂਰੀ ਦੁਨੀਆ ਵਿੱਚ ਚਮਕਾ ਦੇਵਾਂਗੇ।

ਮੈਂ ਹਰ ਵਾਰ ਉਨ੍ਹਾਂ ਦੀ ਗੱਲ ਨੂੰ ਠੁਕਰਾਉਂਦਾ ਹਾਂ ਤੇ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਮਾਂ ਬੋਲੀ ਦਾ ਸੇਵਕ ਹਾਂ ਸੇਵਾ ਕਰ ਰਿਹਾ,ਸੇਵਾ ਲਈ ਕੋਈ ਮੁੱਲ ਲੈਂਦਾ ਨਹੀਂ ਦੇਣਾ ਕਿਸੇ ਨੂੰ ਕੀ ਹੈ।ਪਾਠਕੋ ਤੇ ਕਲਾਕਾਰੋ ਕਮੈਂਟਸ ਭੁੱਲ ਜਾਵੋ ਇਹ ਬਾਜ਼ਾਰੀ ਮੰਡੀ ਹੈ।ਅਸਲੀ ਲੇਖਣੀ ਤੇ ਕਲਾਕਾਰੀ ਪਛਾਣਨ ਵਾਲੇ ਬਹੁਤ ਹਨ,ਇੱਕ ਪਾਠਕ ਦੇ ਲਿਖੇ ਸ਼ੁੱਧ ਵਿਚਾਰ ਮੇਰੇ ਲਈ ਤਾਂ ਲੱਖਾਂ ਦੇ ਹੁੰਦੇ ਹਨ।ਸੋਸ਼ਲ ਮੀਡੀਆ ਤੇ ਪਸੰਦ ਨਾਪਸੰਦ ਦੀ ਕਹਾਣੀ ਤੁਹਾਨੂੰ ਸਹੀ ਰੂਪ ਵਿਚ ਪੇਸ਼ ਕਰ ਦਿੱਤੀ ਹੈ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਪਰ ਮੇਰੀ ਲਿਖੀ ਗੱਲ ਮੇਰੀਆਂ ਜਿਵੇਂ ਸਾਰੀਆਂ ਰਚਨਾਵਾਂ ਸਹੀ ਹੁੰਦੀਆਂ ਹਨ।ਇਹ ਰਚਨਾ ਵੀ ਪੂਰਨ ਰੂਪ ਵਿਚ ਸਹੀ ਹੈ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਅੰਦਰ 44-ਵੀਂ ਸੰਸਦ ਲਈ ਚੋਣਾਂ ਪੂੰਜੀਵਾਦੀ-ਕਾਰਪੋਰੇਟੀ ਤੇ ਸੱਜੂ-ਜਨੂੰਨੀ ਭਾਰੂ ਸੋਚ ਨੂੰ ਹਰਾਈਏ !
Next articleਲੋਕ ਗਾਇਕ ਰਮਨ ਪੰਨੂ ਦੇ ਨਵੇਂ ਗੀਤ ਸਾਵਨ ਦੀਆਂ ਤਿਆਰੀਆਂ ਜ਼ੋਰਾਂ ਤੇ