*ਅਖੌਤੀ ਸਮਾਜ ਸੁਧਾਰਕ!*

ਰੋਮੀ ਘੜਾਮੇਂ ਵਾਲਾ
(ਸਮਾਜ ਵੀਕਲੀ)
ਅੱਜਕੱਲ੍ਹ ਅੰਨੇ ਹੋ ਗਏ ਅੰਨ੍ਹੇ।
ਲੱਗੇ ਸ਼੍ਰੀ ਸ਼੍ਰੀ ਵੀ ਬੰਨੇ।
ਯੋਗਾ ਗੁਰੂ ਮੰਨੇ-ਪ੍ਰਮੰਨੇ।
ਗੂੰਗੇ ਬੋਲੇ ਹੋ ਗਏ ਨੇ।
ਗਲ਼ਾਂ ਵਿੱਚ ਪਟੇ ਪਵਾ ਸਰਕਾਰੀ,
ਬੁਰਕੀ ਛੱਕ ਕੇ ਸੌਂ ਗਏ ਨੇ।
ਕਹਿੰਦੇ ਸੀ ਲੋਕਪਾਲ ਬਣਵਾਉਣਾ।
ਕਾਲਾ ਧਨ ਬਾਹਰੋਂ ਮੰਗਵਾਉਣਾ।
ਰੁਪਈਆ ਡਾਲਰ ਤੋਂ ਵਧਵਾਉਣਾ।
ਪਾੜਦੇ ਸੰਘ ਪਤੰਦਰ ਸੀ।
ਹੁਣ ਬਰਸਾਤੀ ਡੱਡੂਆਂ ਵਾਂਗੂੰ,
ਵੜ ਗਏ ਖੁੱਡਾਂ ਅੰਦਰ ਜੀ।
ਚੋਲ਼ਾ ਧਰਮ-ਗੁਰੂ ਦਾ ਪਾ ਕੇ।
ਤੇ ਕੋਈ ਲੋਕ-ਸੇਵਕ ਅਖਵਾਕੇ।
ਆਸਣ, ਲੋਮ-ਵਿਲੋਮ ਕਰਾ ਕੇ।
ਚੱਲੀਆਂ ਚਾਲਾਂ ਡੂੰਘੀਆਂ ਜੀ।
ਸ਼ਰਧਾ ਵੋਟਾਂ ਵਿੱਚ ਬਦਲਾ ਤੀ,
ਅਕਲਾਂ ਕਰਕੇ ਖੁੰਢੀਆਂ ਜੀ।
ਪਰ ਇਹ ਵੋਟਾਂ ਵਾਲਾ ਵਪਾਰ।
ਬਹੁਤੀ ਦੇਰ ਨਾ ਚੱਲੇ ਯਾਰ।
ਆਸਾ, ਸਰਸਾ ਲਵੋ ਵਿਚਾਰ।
ਅਜੇ ਤਾਂ ਤਾਜ਼ੇ ਵਾਕੇ ਨੇ।
‘ਦੁੱਧ ‘ਚੋਂ ਵਾਲ਼ ਵਾਂਗੂੰ’ ਸੁੱਟ ਦਿੰਦੇ,
ਅੰਤ ਸਿਆਸੀ ਆਕੇ ਨੇ।
ਰੋਮੀਆਂ ਛੱਡ ਨੀਂਦ ਹੁਣ ਜਾਗ।
ਆਪਣੇ ਆਪ ਬਣਾ/ਲਿਖ ਭਾਗ।
ਘੜਾਮੇਂ ਅੰਧਵਿਸ਼ਵਾਸ ਨੂੰ ਤਿਆਗ।
ਅੰਤਿਮ ਸੱਚ ਨੂੰ ਜਾਣ ਲਈਏ ।
ਝੂਠੀਆਂ ਆਸਾਂ ਤੇ ਛੱਡ ਜੀਣਾ,
ਆਪਣਾ ਮੂਲ ਪਛਾਣ ਲਈਏ।
                        ਰੋਮੀ ਘੜਾਮੇਂ ਵਾਲਾ।
                        98552-81105
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜੇਠ ਮਹੀਨੇ ਤੇ ਛੋਟੇ ਵੀਰ ਦਾ ਵਿਸ਼ੇਸ਼।
Next articleਏ ਸਾਜ਼ਿਸ਼ਕਾਰੀ ਏ