(ਸਮਾਜ ਵੀਕਲੀ) – ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ ਚੰਨ ਤੱਕ ਪਹੁੰਚ ਵੀ ਬਣਾ ਲਈ ਹੈ ਇਸ ਕਰਕੇ ਹੀ ਸ਼ਾਇਦ ਇਹ ਮਨੁੱਖ ਹੁਣ ਰੱਬ ਨੂੰ ਵੀ ਭੁੱਲਿਆ ਬੈਠਾ ਹੈ, ਤਾਂ ਹੀ ਉਹ ਬਿਨਾਂ ਕਿਸੇ ਡਰ ਤੋਂ ਗਲਤ ਨੂੰ ਸਹੀ ਅਤੇ ਸਹੀ ਨੂੰ ਗਲਤ ਸਾਬਤ ਕਰਨ ਲਈ ਹਰ ਹੀਲਾ ਅਪਣਾ ਰਿਹਾ ਹੈ ਅਤੇ ਸਾਬਤ ਕਰਨ ਵਿੱਚ ਸਫ਼ਲ ਵੀ ਹੋ ਰਿਹਾ ਹੈ। ਜਿਸ ਦੀ ਸਟੀਕ ਉਦਾਹਰਣ ਅੱਜ-ਕੱਲ ਚਰਚਾ ਵਿੱਚ ਆਏ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਉਸ ਵਰਗੇ ਹੋਰ ਉੱਚ ਕੋਟੀ ਦੇ ਅਖੌਤੀ ਵਿਦਵਾਨ ਦਾ ਪੱਖ ਪੂਰਨ ਵਾਲੇ ਉਹਨਾਂ ਵੱਡੇ ਵਿਦਵਾਨ, ਆਲੋਚਕ ਅਤੇ ਰਸੂਖਵਾਨਾਂ ਦੇ ਟੋਲੇ ਦੀ ਜਾਂ ਕਹਿ ਲਵੋ ਮਰੀਆਂ ਜਮੀਰਾਂ ਵਾਲਿਆਂ ਦੀ ਲਈ ਜਾ ਸਕਦੀ ਹੈ। ਜਿਹੜੇ ਉਸ ਪ੍ਰੋਫੈਸਰ ਦੀਆਂ ਕਾਲੀਆਂ ਕਰਤੂਤਾਂ ਤੇ ਪਰਦਾ ਪਾਉਣ ਲਈ ਵੱਡੇ-ਵੱਡੇ ਲੇਖ ਲਿਖ ਕੇ ਅਤੇ ਪ੍ਰਾਈਵੇਟ ਚੈਨਲਾਂ ਤੇ ਇੰਟਰਵਿਊ ਦੇ ਕੇ ਉਸ ਪ੍ਰੋਫੈਸਰ ਨੂੰ ਸਹੀ ਸਾਬਤ ਕਰਨ ਤੇ ਲੱਗੇ ਹੋਏ ਹਨ। ਉਸ ਪ੍ਰੋਫੈਸਰ ਨੇ ਪਤਾ ਨਹੀਂ ਕਿੰਨੇ ਹੀ ਵਿਦਿਆਰਥੀਆਂ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ ਜਿਸ ਵਿਚ ਮੇਰੇ ਵਰਗੇ ਗਰੀਬ ਘਰਾਂ ਦੇ ਵਿਦਿਆਰਥੀ, ਖੋਜਾਰਥੀ ਵੀ ਸ਼ਾਮਲ ਹਨ। ਯੂਨੀਵਰਸਿਟੀ ਵਿੱਚ ਉੱਚ ਡਿਗਰੀਆਂ ਕਰ ਰਹੇ ਜ਼ਿਆਦਾਤਰ ਵਿਦਿਆਰਥੀ ਜਿਹਨਾਂ ਨੇ ਇਹਨਾਂ ਦੀਆਂ ਗੈਰ ਕਾਨੂੰਨੀ ਅਤੇ ਗੈਰ ਕੁਦਰਤੀ ਸ਼ਰਤਾਂ ਨਾ ਮੰਨ ਕੇ ਇਹਨਾਂ ਨਾਲ ਸਮਝੌਤਾ ਨਹੀਂ ਕੀਤਾ ਉਹ ਰੋਜ਼ ਹੀ ਤਿਲ-ਤਿਲ ਮਰ ਰਹੇ ਹਨ ਜਾਂ ਕਹਿ ਲਵੋ ਕਿ ਇਹੋ ਜਿਹੇ ਜ਼ਮੀਰੋਂ ਹੀਣੇ ਅਖੌਤੀ ਵਿਦਵਾਨਾਂ ਦੁਆਰਾ ਇਹ ਵਿਦਿਆਰਥੀ ਰੋਜ ਹੀ ਕਤਲ ਕੀਤੇ ਜਾ ਰਹੇ ਹਨ,ਜਿਹਨਾਂ ਵਿੱਚ ਕਦੇ ਮੈਂ ਵੀ ਸ਼ਾਮਲ ਸੀ। ਜੇਕਰ ਕੋਈ ਵਿਦਿਆਰਥੀ ਇਹਨਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਕਰਦਾ ਹੈ ਤਾਂ ਉਹ ਅਧਿਕਾਰੀ ਵੀ ਇਹਨਾਂ ਲੋਕਾਂ ਦਾ ਹੀ ਪੱਖ ਪੂਰਦੇ ਹਨ ਅਤੇ ਵਿਦਿਆਰਥੀ ਨੂੰ ਡਰਾ-ਧਮਕਾ ਕੇ ਚੁੱਪ ਕਰਵਾ ਦਿੰਦੇ ਹਨ। ਅਸਲ ਵਿੱਚ ਇਹ ਵਰਤਾਰਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਕਿ ਆਮ ਆਦਮੀ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਰਸੂਖਵਾਨ ਵਿਅਕਤੀ ਕਤਲ ਕਰਕੇ ਵੀ ਆਜ਼ਾਦ ਘੁੰਮਦਾ ਹੈ। ਕਿਉਂਕਿ ਸੱਤਾ ਹਮੇਸ਼ਾਂ ਗਲਤ ਅਤੇ ਦੋਸ਼ੀ ਦੇ ਹੱਕ ਵਿੱਚ ਹੀ ਭੁਗਤਦੀ ਆਈ ਹੈ। ਕਾਰਨ ਇਹ ਹੈ ਕਿ ਇਹ ਗਲਤ ਕੰਮ ਕਰਨ ਵਾਲੇ ਹੀ ਅਸਲ ਵਿੱਚ ਸੱਤਾ ‘ਚ ਬੈਠੇ ਲੋਕਾਂ ਦੇ ਹਰ ਮਾੜੇ ਕੰਮ ਵਿਚ ਪਰਦੇ ਦੇ ਪਿੱਛੇ ਰਹਿ ਕੇ ਇਹਨਾਂ ਦਾ ਸਾਥ ਦਿੰਦੇ ਹਨ। ਯੂਨੀਵਰਸਿਟੀਆਂ ਵਿੱਚ ਸਦਾ ਹੀ ਇਹ ਗੱਲ ਉੱਠਦੀ ਰਹੀ ਹੈ ਕਿ ਇੱਥੇ ਪੜਾਉਂਦੇ ਬਹੁਤੇ ਪ੍ਰੋਫੈਸਰ ਵਿਦਿਆਰਥੀਆਂ ਨਾਲ ਠੀਕ ਵਿਵਹਾਰ ਨਹੀਂ ਕਰਦੇ, ਇਸ ਕਤਾਰ ਵਿੱਚ ਸਾਰੇ ਪ੍ਰੋਫੈਸਰ ਜਾਂ ਕਹਿ ਲਵੋ ਅਧਿਆਪਕ ਨਹੀਂ ਆਉਂਦੇ ਕਈ ਅਧਿਆਪਕ ਤਾਂ ਯੂਨੀਵਰਸਿਟੀ ਵਿੱਚ ਬਹੁਤ ਚੰਗੇ ਵੀ ਹਨ ਜਿਹਨਾਂ ਦੇ ਆਪ ਜਾ ਕੇ ਪੈਰੀਂ ਹੱਥ ਲਾਉਣ ਨੂੰ ਦਿਲ ਕਰਦਾ ਹੈ ਪਰ ਬਹੁਤੇ ਅਧਿਆਪਕ ਖਾਸ ਕਰਕੇ ਯੂਨੀਵਰਸਿਟੀ ਵਾਲੇ ਉਹ ਪ੍ਰੋਫੈਸਰ ਉਸ ਕਤਾਰ ਵਿੱਚ ਆਉਂਦੇ ਹਨ ਜਿਹੜੇ ਵਿਦਿਆਰਥੀ ਦਾ ਹਰ ਪ੍ਰਕਾਰ ਦਾ ਸ਼ੋਸਣ ਕਰਨ ਵਿੱਚ ਹੀ ਆਪਣੀ ਸ਼ਾਨ ਸਮਝਦੇ ਹਨ। ਇਸ ਯੂਨੀਵਰਸਿਟੀ ਦੇ ਬਾਕੀ ਵਿਭਾਗਾਂ ਬਾਰੇ ਇਸ ਤਰ੍ਹਾਂ ਦਾ ਮੈਂ ਸੁਣਿਆ ਤਾਂ ਬਹੁਤ ਹੈ ਪਰ ਸੁਣੀ ਸੁਣਾਈ ਗੱਲ ਦਾ ਕੀ ਇਤਬਾਰ ਕਰਨਾ। ਮੈਂ ਆਪ ਇਸ ਯੂਨੀਵਰਸਿਟੀ ਵਿੱਚ ਖੋਜਾਰਥੀ ਵਜੋਂ ਆਪਣੀ ਜ਼ਿੰਦਗੀ ਦੇ ਕਈ ਕੀਮਤੀ ਸਾਲ ਗੁਜ਼ਾਰੇ ਹਨ ਜਾਂ ਕਹਿ ਲਵੋ ਇਹਨਾਂ ਜ਼ਮੀਰੋਂ ਹੀਣੇ ਅਖੌਤੀ ਵਿਦਵਾਨਾਂ ਦੀਆਂ ਆਪ ਘੜੀਆਂ ਮਾੜੀਆਂ ਨੀਤੀਆਂ ਕਰਕੇ ਬਰਬਾਦ ਕੀਤੇ ਹਨ। ਇਸ ਵਿਭਾਗ ਵਿੱਚ ਇਹਨਾਂ ਪ੍ਰੋਫੈਸਰਾਂ, ਕਲਰਕਾਂ ਅਤੇ ਇੱਥੋਂ ਤਕ ਕਿ ਸੇਵਾਦਾਰਾਂ ਦੁਆਰਾ ਕੀਤੀਆਂ ਜਾਂਦੀਆਂ ਮਨਮਾਨੀਆਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਆਪਣੇ ਪਿੰਡੇ ਤੇ ਹੰਢਾਇਆ ਵੀ ਹੈ। ਹੁਣ ਵੀ ਮੈਨੂੰ ਲੱਗਦਾ ਹੈ ਮੇਰੇ ਵਰਗੇ ਗਰੀਬ ਘਰਾਂ ਦੇ ਬੱਚੇ ਜਿਹੜੇ ਇਹਨਾਂ ਅੱਗੇ ਬੋਲ ਨਹੀਂ ਸਕਦੇ ਦਾ ਸ਼ੋਸਣ ਅੱਜ ਵੀ ਹੁੰਦਾ ਹੋਵੇਗਾ ਜਿਸ ਦੀ ਉਦਾਹਰਨ ਇਸ ਵਿਭਾਗ ਨਾਲ ਸਬੰਧਤ ਇੱਕ ਲੜਕੀ ਦੀ ਮੌਤ ਦਾ ਹੋ ਜਾਣਾ ਹੈ। ਸੁਣਨ ਵਿੱਚ ਆਇਆ ਹੈ ਕਿ ਇਹ ਵਿਦਿਆਰਥਣ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਪੜ੍ਹਨ ਵਿੱਚ ਬਹੁਤ ਹੁਸ਼ਿਆਰ ਕੁੜੀ ਬਿਮਾਰ ਹੋਣ ਦੇ ਬਾਵਜੂਦ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਸੀ। ਪਿੰਡੋਂ ਯੂਨੀਵਰਸਿਟੀ ਆਈ ਤਾਂ ਅਧਿਆਪਕ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਵਿਦਿਆਰਥਣ ਨਾਲ ਮਾੜਾ ਵਿਵਹਾਰ ਕੀਤਾ ਅਤੇ ਉਸ ਦੀ ਬਿਮਾਰੀ ਬਾਰੇ ਬਹੁਤ ਕੁਝ ਗਲਤ ਬੋਲਿਆ , ਕੁੜੀ ਪਹਿਲਾਂ ਹੀ ਪੀੜਾ ਦੀ ਸ਼ਿਕਾਰ ਸੀ ਉਪਰੋਂ ਇਸ ਬੇਰਹਿਮ ਅਧਿਆਪਕ ਵੱਲੋਂ ਬੋਲੇ ਗਏ ਬੇਹੱਦ ਗਿਰੇ ਹੋਏ ਬੋਲ ਉਸ ਕੁੜੀ ਨੇ ਦਿਲ ਤੇ ਲਾ ਲਏ ਅਤੇ ਮਾਨਸਿਕ ਤੌਰ ਤੇ ਬੇਹਦ ਟੁੱਟ ਗਈ ਜਿਸ ਕਰਕੇ ਉਸਦੀ ਤਬੀਅਤ ਹੋਰ ਖ਼ਰਾਬ ਹੋ ਗਈ ਉਸਨੂੰ ਜ਼ਿਆਦਾ ਬਿਮਾਰ ਹੋਣ ਕਰਕੇ ਘਰ ਦੇ ਘਰ ਦੇ ਗਏ ਅਤੇ ਉਸੇ ਦਿਨ ਉਸ ਕੁੜੀ ਦੀ ਮੌਤ ਹੋ ਗਈ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਅਣਆਈ ਮੌਤ ਦਾ ਜ਼ਿੰਮੇਵਾਰ ਕੌਣ ਹੈ। ਪਰ ਯੂਨੀਵਰਸਿਟੀ ਪ੍ਰਸ਼ਾਸਨ, ਉਸ ਪ੍ਰੋਫੈਸਰ ਵਰਗੇ ਹੀ ਕੁੱਝ ਅਖੌਤੀ ਵਿਦਵਾਨ ਅਤੇ ਉਸ ਪ੍ਰੋਫੈਸਰ ਦੇ ਉਹ ਵਿਦਿਆਰਥੀ ਜਾਂ ਕਹਿ ਲਵੋ ਚਮਚੇ (ਜਿਹਨਾਂ ਨਾਲ ਯੂਨੀਵਰਸਿਟੀ ਵਿੱਚ ਕੋਈ ਇਸ ਕਰਕੇ ਗੱਲ ਕਰਨ ਤੋਂ ਵੀ ਡਰਦਾ ਹੈ ਵੀ ਜੇਕਰ ਕੋਈ ਗੱਲ ਮੂੰਹ ਵਿੱਚੋਂ ਇਹੋ ਜਿਹੀ ਨਿਕਲ ਗਈ ਜਿਹੜੀ ਉਸ ਪ੍ਰੋਫੈਸਰ ਨਾਲ ਸਬੰਧਤ ਹੈ ਤਾਂ ਉਹ ਪ੍ਰੋਫੈਸਰ ਉਸਦੀ ਤਾਂ ਜ਼ਿੰਦਗੀ ਹੀ ਖ਼ਰਾਬ ਕਰ ਦੇਵੇਗਾ) ਇਹ ਸਭ ਇਸ ਗੱਲ ਨੂੰ ਇੱਕ ਸਾਧਾਰਨ ਗੱਲ ਕਹਿ ਕਿ ਉਸ ਪ੍ਰੋਫੈਸਰ ਦਾ ਬਚਾਅ ਕਰ ਰਹੇ ਹਨ। ਇਹ ਚਮਚੇ ਵਿਦਿਆਰਥੀ ਵੀ ਆਪਣੇ ਆਪ ਨੂੰ ਕਿਸੇ ਵੱਡੇ ਨਾਮਵਰ ਵਿਦਵਾਨ ਤੋਂ ਘੱਟ ਨਹੀਂ ਸਮਝਦੇ, ਹੋਣਗੇ ਵੀ ਇਹ ਵੱਡੇ ਵਿਦਵਾਨ ਅਸੀਂ ਇਹਨਾਂ ਦੀ ਵਿਦਵਾਨੀ ਤੇ ਕੋਈ ਕਿੰਤੂ-ਪ੍ਰੰਤੂ ਵੀ ਨਹੀਂ ਕਰਦੇ ਪਰ ਵਿਦਵਾਨ ਬਣਨ ਦੀ ਹੋੜ ਵਿੱਚ ਇਹ ਲੋਕ ਸ਼ਾਇਦ ਚੰਗੇ ਇਨਸਾਨ ਬਣਨ ਤੋਂ ਵਾਂਝੇ ਰਹਿ ਗਏ ਤਾਂ ਹੀ ਅੱਜ ਇਹ ਸਹੀ ਨੂੰ ਗਲਤ ਅਤੇ ਗਲਤ ਨੂੰ ਸਹੀ ਸਾਬਤ ਕਰਨ ਲਈ ਹਰ ਹੱਥਕੰਡਾ ਅਪਨਾਉਣ ਲਈ ਤਿਆਰ ਹਨ। ਇਸ ਵਿੱਚ ਸ਼ਾਇਦ ਇਹਨਾਂ ਦਾ ਬਹੁਤਾ ਕਸੂਰ ਨਹੀਂ ਹੈ ਕਿਉਂਕਿ ਵਿਦਿਆਰਥੀ ਅਧਿਆਪਕ ਤੋਂ ਹੀ ਸਿੱਖਦਾ ਹੈ ਜਿਵੇਂ ਦਾ ਅਧਿਆਪਕ ਸਿਖਾਵੇਗਾ ਵਿਦਿਆਰਥੀ ਉਹ ਹੀ ਸਿੱਖੇਗਾ। ਪਰ ਇਨਸਾਨੀਅਤ ਦੇ ਨਾਤੇ ਇਹਨਾਂ ਨੂੰ ਉਸ ਲੜਕੀ ਨਾਲ ਅਤੇ ਲੜਕੀ ਦੀ ਮੌਤ ਨਾਲ ਸਬੰਧਤ ਵਿਅਕਤੀਆਂ ਤੇ ਕਾਰਵਾਈ ਕਰਵਾਉਣ ਲਈ ਦਿਨ ਰਾਤ ਧਰਨੇ ਤੇ ਬੈਠੇ ਉਹਨਾਂ ਬੇਦੋਸ਼ੇ ਵਿਦਿਆਰਥੀਆਂ ਨਾਲ ਬੈਠਣਾ ਚਾਹੀਦਾ ਸੀ। ਸ਼ਾਇਦ ਇਹਨਾਂ ਨੂੰ ਵੀ ਇਹ ਪ੍ਰੋਫੈਸਰ ਆਪਣੇ ਰਸੂਖ ਦਾ ਇਸਤੇਮਾਲ ਕਰਕੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਆਪਣੇ ਵਰਗਾ ਪ੍ਰੋਫੈਸਰ ਲਗਵਾ ਦੇਵੇ ਜਿਸ ਕਰਕੇ ਇਸੇ ਆਸ ਵਿੱਚ ਇਹ ਜ਼ਮੀਰੋਂ ਹੀਣੇ ਵਿਦਿਆਰਥੀ ਅੱਜ ਅਤੇ ਪਹਿਲਾਂ ਹੁੰਦੇ ਗ਼ਲਤ ਕੰਮ ਵੇਖ ਕੇ ਵੀ ਚੁੱਪ ਹੀ ਰਹੇ। ਯੂਨੀਵਰਸਿਟੀ ਵਿੱਚ ਪੀ.ਐੱਚ.ਡੀ ਦੌਰਾਨ ਅਸੀਂ ਵੇਖਦੇ ਆਏ ਹਾਂ ਕਿ ਜਿਹੜੇ ਵਿਦਿਆਰਥੀ ਤਾਂ ਇਹਨਾਂ ਦੋ-ਤਿੰਨ ਪ੍ਰੋਫੈਸਰਾਂ ਦੇ ਆਪਦੇ ਵਿਦਿਆਰਥੀ ਹੁੰਦੇ ਸਨ ਜਾਂ ਇਹਨਾਂ ਦੇ ਖਾਸ ਦੇ ਵਿਦਿਆਰਥੀ ਹੁੰਦੇ ਸਨ ਉਹਨਾਂ ਦੇ ਸਲਾਨਾ ਖੋਜ ਪੱਤਰ ਤਾਂ ਇਹ ਪਾਸ ਕਰ ਦਿੰਦੇ ਸਨ ਪਰ ਜੇਕਰ ਕਿਸੇ ਖੋਜਾਰਥੀ ਦਾ ਨਿਗਰਾਨ( ਗਾਈਡ) ਬਾਹਰਲਾ ਹੁੰਦਾ ਸੀ ਜਾਂ ਜਿਸ ਨਾਲ ਇਹਨਾਂ ਦਾ ਬਣਦੀ ਨਹੀਂ ਸੀ ਜਾਂ ਕਹਿ ਲਵੋ ਇਹਨਾਂ ਵਰਗਾ ਲੁੱਚਾ-ਲੰਡਾ ਨਹੀਂ ਸੀ, ਉਸ ਨਿਗਰਾਨ ਦੇ ਵਿਦਿਆਰਥੀ ਦਾ ਇਹ ਸਲਾਨਾ ਪੇਪਰ ਤਾਂ ਦੂਰ ਦੀ ਗੱਲ ਰਹੀ ਪੀ.ਐੱਚ.ਡੀ ਸ਼ੁਰੂ ਕਰਨ ਲਈ ਪੇਸ਼ ਕੀਤੇ ਜਾਂਦੇ ‘ਸਇਨੋਪਸਸ’ ਨੂੰ ਵੀ ਪਾਸ ਨਹੀਂ ਸਨ ਕਰਦੇ ਸਗੋਂ ਉਸ ਅਧਿਆਪਕ ਅਤੇ ਉਸਦੇ ਵਿਦਿਆਰਥੀ ਨੂੰ ਸਾਰੀ ਫੈਕਲਟੀ ਬਹਿ ਕੇ ਚੰਗੀ ਤਰ੍ਹਾਂ ਜ਼ਲੀਲ ਵੀ ਕਰਦੀ ਸੀ, ਇਹ ਮੇਰੀਆਂ ਅੱਖੀਂ ਵੇਖੀਆਂ ਗੱਲਾਂ ਹਨ। ਇਸ ਪ੍ਰੋਫੈਸਰ ਨੇ ਸਾਡੇ ਨਾਲ ਪੀ.ਐੱਚ. ਡੀ ਕਰਦੇ ਦੋ ਵਿਦਿਆਰਥੀਆਂ ਨੂੰ ਐਨਾ ਜ਼ਲੀਲ ਕੀਤਾ ਕਿ ਉਹ ਕੋਰਸ ਵਰਕ ਦੋਰਾਨ ਹੀ ਪੀ.ਐੱਚ.ਡੀ ਛੱਡ ਗਏ ਸਨ।ਇਸ ਤੋਂ ਇਲਾਵਾ ਜਿਹੜੇ ਇਹਨਾਂ ਰਸੂਖਵਾਨ ਅਖੌਤੀ ਵਿਦਵਾਨਾਂ ਦੀਆਂ ਰੋਜ ਦੀਆਂ ਪੇਸ਼ਕਸ਼ਾਂ ਨਾਲ ਸਮਝੌਤਾ ਨਹੀਂ ਕਰ ਸਕੇ ਉਹ ਵੀ ਖੋਜ ਕਾਰਜ ਵਿੱਚ ਹੀ ਛੱਡ ਗਏ। ਬੀ.ਏ ਕਰਦੀ ਉਸ ਕੁੜੀ ਦੀ ਹੋਈ ਮੌਤ ਨੇ ਸਭ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ। ਇਸੇ ਤਰ੍ਹਾਂ ਦੀਆਂ ਮਾਨਸਿਕ ਮੌਤਾਂ ਯੂਨੀਵਰਸਿਟੀ ਵਿੱਚ ਰੋਜ਼ ਹੀ ਹੋ ਰਹੀਆਂ ਹਨ, ਇੱਥੇ ਸਿਰਫ਼ ਸ਼ਰੀਰ ਹੀ ਤੁਰੇ ਫਿਰਦੇ ਹਨ, ਆਤਮਾ ਦਾ ਕਤਲ ਤਾਂ ਇਹਨਾਂ ਪ੍ਰੋਫੈਸਰਾਂ ਨੇ ਆਪਣੇ ਮਾੜੇ ਵਤੀਰੇ ਨਾਲ, ਸਰੀਰਕ ਅਤੇ ਮਾਨਸਿਕ ਸ਼ੋਸਣ ਨਾਲ ਕਦੋਂ ਦਾ ਕਰ ਦਿੱਤਾ ਹੈ। ਮੈਂ ਆਪਣੇ ਨਾਲ ਦੇ ਖੋਜਾਰਥੀਆਂ ਦੀ ਜ਼ਿੰਦਗੀ ਇਹਨਾਂ ਹੱਥੋਂ ਖ਼ਰਾਬ ਹੁੰਦੀਆਂ ਆਪਣੀਆਂ ਅੱਖਾਂ ਨਾਲ ਵੇਖੀਆਂ ਹਨ। ਜਿਹੜੇ ਅਤੀ ਗਰੀਬ ਘਰਾਂ ਦੇ ਮੁੰਡੇ-ਕੁੜੀਆਂ ਨੈੱਟ (ਜੇ.ਆਰ.ਐੱਫ), ਐੱਮ.ਫਿਲ ਕਰਨ ਤੋਂ ਬਾਅਦ ਵੀ ਦਿਹਾੜੀਆਂ ਕਰਨ ਨੂੰ ਮਜਬੂਰ ਹਨ। ਵੱਡੇ ਸੁਪਨੇ ਵਿਖਾ ਕੇ ਇਹਨਾਂ ਪ੍ਰੋਫੈਸਰਾਂ ਨੇ ਇਹਨਾਂ ਦਾ ਸ਼ੋਸਣ ਕੀਤਾ ਇਹਨਾਂ ਤੋਂ ਘਰਾਂ ਦੇ ਕੰਮ ਕਰਵਾਏ ਅਤੇ ਅੰਤ ਪਿੱਠ ਤੇ ਲੱਤ ਮਾਰ ਭਜਾ ਦਿੱਤਾ ਅਤੇ ਉਹਨਾਂ ਵਰਗੇ ਹੋਰ ਨਵੇਂ ਵਿਦਿਆਰਥੀਆਂ ਨੂੰ ਆਪਣੇ ਸ਼ਿਕੰਜੇ ਵਿੱਚ ਫਸਾ ਲਿਆ। ਇੱਥੋਂ ਦੇ ਪ੍ਰੋਫੈਸਰਾਂ ਨੇ ਲੜਕੀਆਂ ਨੂੰ ਵੀ ਨਹੀਂ ਛੱਡਿਆ ਉਹਨਾਂ ਨਾਲ ਗਲਤ ਕੰਮ ਕਰਨ ਲਈ ਉਹਨਾਂ ਤੇ ਦਬਾਅ ਪਾਇਆ ਅਤੇ ਉਹਨਾਂ ਦਲੇਰ ਕੁੜੀਆਂ ਨੇ ਜਦ ਇਹਨਾਂ ਬੁੱਚੜਾਂ ਨਾਲ ਸਮਝੌਤਾ ਨਹੀਂ ਕੀਤਾ ਉਹ ਵਿਚਾਰੀਆਂ ਅੱਜ ਵੀ ਇੱਥੇ ਹੀ ਪੀ.ਐੱਚ. ਡੀ ਪੂਰੀ ਹੋਣ ਦੀ ਉਡੀਕ ਵਿੱਚ ਆਪਣੀਆਂ ਉਮਰਾਂ ਲੰਘਾ ਚੁੱਕੀਆਂ ਹਨ। ਇਹ ਪ੍ਰੋਫੈਸਰ ਕੁੜੀਆਂ ਦਾ ਸਰੀਰਿਕ ਅਤੇ ਮਾਨਸਿਕ ਸ਼ੋਸਣ ਕਰਨ ਵਿੱਚ ਮਸ਼ਹੂਰ ਹਨ। ਪਰ ਤਾਂ ਵੀ ਕੁਝ ਲੜਕੀਆਂ ਇਸ ਪ੍ਰੋਫੈਸਰ ਦਾ ਸਾਥ ਦੇ ਰਹੀਆਂ ਹਨ ਇਹ ਗੱਲ ਸਮਝ ਤੋਂ ਪਰੇ ਹੈ। ਬੀ.ਏ ਦੀ ਉਸ ਲੜਕੀ ਦੀ ਮੌਤ ਹੋ ਗਈ ਜਿਸ ਦਾ ਜ਼ਿੰਮੇਵਾਰ ਇਹ ਪ੍ਰੋਫੈਸਰ ਹੀ ਹੈ ਪਰ ਇਸ ਨੂੰ ਹੋਣਾ ਕੁੱਝ ਵੀ ਨਹੀਂ ਕਿਉਂਕਿ ਪ੍ਰਸ਼ਾਸਨ ਇਸੇ ਦਾ ਹੀ ਪੱਖ ਪੂਰੇਗਾ ਅਤੇ ਅੰਤ ਇਸ ਨੂੰ ਨਿਰਦੋਸ਼ ਸਾਬਤ ਕਰ ਦਿੱਤਾ ਜਾਵੇਗਾ ਕਿਉਂਕਿ ਇਹੋ ਹੁੰਦਾ ਆਇਆ ਹੈ ਅਤੇ ਇਹੋ ਹੋ ਰਿਹਾ ਹੈ। ਯੂਨੀਵਰਸਿਟੀ ਇਸ ਤਰ੍ਹਾਂ ਹੀ ਚਲਦੀ ਰਹੇਗੀ, ਪ੍ਰੋਫੈਸਰ ਇਸ ਤਰ੍ਹਾਂ ਹੀ ਵਿਦਿਆਰਥੀ ਮੁੰਡੇ-ਕੁੜੀਆਂ ਦਾ ਸ਼ੋਸਣ ਕਰਦੇ ਰਹਿਣਗੇ। ਕਿਉਂਕਿ ਇਸ ਗਲਤ ਦਾ ਸਾਥ ਦੇਣ ਲਈ ਸਾਰੇ ਗਲਤ ਵਿਅਕਤੀ ਇਕੱਠੇ ਹੋ ਗਏ ਹਨ। ਪਰ ਇਹਨਾਂ ਅਖੌਤੀ ਵਿਦਵਾਨਾਂ ਨੇ ਰੱਬ ਦੇ ਨਾਲ-ਨਾਲ ਸ਼ਾਇਦ ਇਹ ਗੱਲ ਵੀ ਭੁਲਾ ਦਿੱਤੀ ਹੈ ਕਿ ਜਿੱਤ ਆਖਰ ਨੂੰ ਸੱਚਾਈ ਦੀ ਹੁੰਦੀ ਹੈ। ਹਜ਼ਾਰ ਨੌਜਵਾਨ ਮੁੰਡੇ-ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰਨ ਵਾਲਾ ਇਹ ਪ੍ਰੋਫੈਸਰ ਅੱਜ ਜੇਕਰ ਪ੍ਰਸ਼ਾਸਨਿਕ ਮਿਲ਼ੀ ਭੁਗਤ ਨਾਲ ਨਿਰਦੋਸ਼ ਸਾਬਤ ਵੀ ਹੋ ਗਿਆ ਪਰ ਇਸ ਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਸਮੇਂ ਦੀ ਮਾਰ ਬੜੀ ਭੈੜੀ ਪੈਂਦੀ ਹੈ, ਸਮਾਂ ਆਪਣਾ ਜਵਾਬ ਸਹੀ ਸਮਾਂ ਆਉਣ ਤੇ ਜਰੂਰ ਦੇਵੇਗਾ ਇਸ ਨੂੰ ਵੀ ਅਤੇ ਇਸਦਾ ਸਾਥ ਦੇਣ ਵਾਲਿਆਂ ਨੂੰ ਵੀ ਕਿਉਂਕਿ ਉਸ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ।
ਚਰਨਜੀਤ ਸਿੰਘ ਰਾਜੌਰ
8427929558
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly