ਸੱਪਾਂਵਾਲੀ ਦੋਹਰਾ ਕ਼ਤਲ ਕਾਂਡ ; ਘਰ ਦੇ ਕਾਤਲ ਜੀਆਂ ਉੱਤੇ ਹੋ ਸਕੇਗੀ ਕਾਰਵਾਈ?

ਯਾਦਵਿੰਦਰ

(ਸਮਾਜ ਵੀਕਲੀ)

ਝੂਠੀ ਸਮਾਜਕ ਅਣਖ ਖਾਤਰ ਕੀਤੇ ਜਾਂਦੇ ਕਤਲਾਂ ਦਾ ਸਿਲਸਿਲਾ ਜਾਰੀ ਹੈ। ਅਸੀਂ ਦੇਖਦੇ ਹਾਂ ਕਿ ਜਿੱਥੇ ਦੇਸ ਦੇ ਅਮੀਰ ਪਰਵਾਰਾਂ ਵਿਚ ਖੁੱਲ੍ਹਾਪਣ ਆ ਰਿਹਾ ਹੈ। ਬਰਾਦਰੀ ਦੀਆਂ ਬੰਦਸ਼ਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਓਥੇ ਗਰੀਬ ਸਮਝੇ ਜਾਂਦੇ ਪਰਵਾਰ ਹਾਲੇ ਵੀ ਪੁਰਾਤਨ ਜਗੀਰੂ ਸੋਚ ਮੁਤਾਬਕ ਚੱਲਦੇ ਹਨ। ਦੇਸ ਵਿਚ ਕੁੜੀਆਂ ਮੁੰਡਿਆਂ ਦੇ ਪਿਆਰ ਵਿਆਹਾਂ ਵਿਚ ਬੁੱਢੇ ਵਿਅਕਤੀ ਏਨਾ ਅੜਿੱਕਾ ਪਾਉਂਦੇ ਹਨ ਜਿਵੇਂ ਕਿ ਬੁੱਢਿਆਂ ਵੱਲੋਂ ਘੜੀਆਂ ਕਦਰਾਂ ਕੀਮਤਾਂ ਸਿਆਣਪ ਦਾ ਆਖ਼ਰੀ ਮੀਲ ਪੱਥਰ ਹੋਣ। ਨੌਜਵਾਨ ਪੀੜ੍ਹੀ ਨੂੰ ਬਿਲਕੁਲ ਨਾਲਾਇਕ ਸਮਝਿਆ ਜਾ ਰਿਹਾ ਹੈ।

ਦੇਖਿਆ ਜਾਵੇ ਤਾਂ ਸਾਡਾ ਮੁਲਕ ਇੰਡੀਆ ਖ਼ਾਸਕਰ ਪੰਜਾਬ ਗ਼ੈਰਤ ਕਾਇਮ ਰੱਖਣ ਲਈ ਕਤਲਾਂ ਦਾ ਸਿਲਸਿਲਾ ਅੱਗੇ ਵਧਾ ਰਿਹਾ ਹੈ।ਅਮੀਰ ਪਰਵਾਰ ਤਾਂ ਛੱਡੋ, ਭੁੱਖ ਨੰਗ ਦੇ ਫੁਫੜ੍ਹ ਹੀ ਮਾਣ ਨਹੀਂ ਹਨ। ਹੁਣ ਤਾਜ਼ਾ ਮਿਸਾਲ ਅਬੋਹਰ ਦੇ ਪਿੰਡ ਮਸ਼ਹੂਰ ਸੱਪਾਂਵਾਲੀ ਦੀ ਹੈ।

ਕੁੜੀ ਵਾਲਿਆਂ ਨੇ ਅਣਖ ਖ਼ਾਤਰ ਆਪਣੀ ਧੀ ਤੇ ਜਵਾਈ ਦਾ ਕਤਲ ਕਰ ਦਿੱਤਾ ਹੈ। ਜਨਤਾ ਨੇ ਆਪਣਾ ਨਾਮ ਗੁੱਝਾ ਰੱਖਣ ਦੀ ਸ਼ਰਤ ਉੱਤੇ ਦੱਸਿਆ ਹੈ ਕਿ ਵੱਖ-ਵੱਖ ਜਾਤਾਂ ਨਾਲ ਸਬੰਧ ਰੱਖਣ ਕਾਰਨ ਪ੍ਰੇਮੀ ਜੋੜੇ ਰੋਹਤਾਸ ਅਤੇ ਸੁਮਨ ਨੂੰ ਬੇਰਹਿਮੀ ਨਾਲ ਜ਼ਿਬਾ ਕੀਤਾ ਗਿਆ ਹੈ।

ਕਾਤਲ ਪਰਵਾਰਕ ਜੀਆਂ ਨੇ ਆਪਣੀ ਧੀ ਤੇ ਜਵਾਈ ਦੇ ਕ਼ਤਲ ਮਗਰੋਂ ਲਾਸ਼ਾਂ ਪਿੰਡ ਦੇ ਚੁਰਸਤੇ ਵਿਚ ਸੁੱਟ ਦਿੱਤੀਆਂ ਸਨ। ਮੋਹ-ਹੀਣਾ ਕੋਈ ਵੀ ਪਿੰਡ ਵਾਸੀ ਜਾਂ ਸੜਕਾਂ ਉੱਤੇ ਆਮ ਤੁਰਿਆ ਫਿਰਦਾ ਵਿਅਕਤੀ ਉਨ੍ਹਾਂ ਦੀਆਂ ਲਾਸ਼ਾਂ ਕੋਲ ਨਹੀਂ ਗਿਆ। ਚਾਰ ਘੰਟੇ ਤਕ ਲਾਸ਼ਾਂ ਉੱਥੇ ਪਈਆਂ ਰਹੀਆਂ। ਬਾਅਦ ’ਚ ਪੁਲਿਸ ਦੇ ਮੁਲਾਜ਼ਮ ਵਾਰਦਾਤ ਵਾਲੀ ਥਾਂ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਨੌਜਵਾਨ ਦੇ ਘਰਦਿਆਂ ਨੇ ਨੂੰਹ ਦੇ ਘਰਦਿਆਂ ’ਤੇ ਦੋਵਾਂ ਜੀਆਂ ਨੂੰ ਕ਼ਤਲ ਕਰਨ ਦਾ ਇਲਜ਼ਾਮ ਲਾਇਆ ਹੈ।

ਮਿਲੀ ਮੁਹੱਬਤ ਦੀ ਸਜ਼ਾ
ਪਿੰਡ ਦਾ ਵਸਨੀਕ ਰੋਹਤਾਸ ਮਾਲੀ ਅਤੇ ਸੁਮਨ ਕੰਬੋਜ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਦੋਵਾਂ ਦੀਆਂ ਜਾਤਾਂ ਵੱਖ-ਵੱਖ ਸਨ। ਇਸ ਕਾਰਨ ਸਮਾਜ ਦੇ ਬੂਝੜ੍ਹ ਠੇਕੇਦਾਰਾਂ ਤੇ ਭਾਰਤੀ ਰੂੜ੍ਹੀਵਾਦ ਨੂੰ ਅਸਮਾਨੋਂ ਉੱਤਰਿਆ ਆਖ਼ਰੀ ਸੱਚ ਸਮਝਣ ਆਲ਼ੇ ਲੋਕਾਂ ਨੂੰ ਉਨ੍ਹਾਂ ਦਾ ਮੇਲ-ਜੋਲ ਪਸੰਦ ਨਹੀਂ ਆਇਆ। ਦੋਵਾਂ ਨੌਜਵਾਨਾਂ ਦਾ ਪਿਛਲੇ ਲੰਮੇ ਅਰਸੇ ਤੋਂ ਮੁਹੱਬਤੀ ਮਾਮਲਾ ਚੱਲ ਰਿਹਾ ਸੀ। ਡਰੀ ਜਨਤਾ ਮੁਤਾਬਕ ਕੁੜੀ ਦੇ ਪਰਿਵਾਰ ਨੂੰ ਇਹ ਰਿਸ਼ਤਾ ਪਰਵਾਨ ਨਹੀਂ ਸੀ।

ਰੋਹਤਾਸ ਤੇ ਸੁਮਨ ਅਠਾਈ ਸਤੰਬਰ ਨੂੰ ਘਰਾਂ ਵਿੱਚੋਂ ਚਲੇ ਗਏ ਸਨ। ਉਨ੍ਹਾਂ ਨੇ ਪ੍ਰਥਮ ਅਕਤੂਬਰ ਨੂੰ ਦਿੱਲੀ ਜਾ ਕੇ ਅਦਾਲਤੀ ਵਿਆਹ ਕਰਵਾ ਲਿਆ ਸੀ। ਇਸ ਤੋਂ ਬਾਅਦ ਰੋਹਤਾਸ, ਭੈਣ ਦੇ ਘਰ ਮੋਗਾ ਵਿਚ ਵੱਸਦੇ ਪਿੰਡ ਰੌਂਤਾ ਵਿਚ ਜੀਵਨ ਸਾਥਣ ਨਾਲ ਰਹਿਣ ਲੱਗਿਆ। ਏਸੇ ਦੌਰਾਨ ਚੁਗਲ ਬੰਦਿਆਂ ਦੇ ਮੂੰਹੋਂ ਇਸ ਬਾਰੇ ਭਿਣਕ ਮੁਟਿਆਰ ਦੇ ਪਰਵਾਰਕ ਮਰਦਾਂ ਨੂੰ ਲੱਗ ਗਈ ਸੀ।
ਮਕਤੂਲ ਰੋਹਤਾਸ ਦੇ ਭਰਾ ਵਿਕਰਮ ਮੁਤਾਬਕ ਭਾਬੀ ਦੇ ਘਰ ਦੇ ਮਰਦ ਮੈਂਬਰ ਐਤਵਾਰ ਨੂੰ ਪਿੰਡ ਰੌਂਤਾ ਪੁੱਜੇ ਤੇ ਘਰੋਂ ਦੋਵਾਂ ਜੀਆਂ ਨੂੰ ਚੁੱਕ ਕੇ ਲੈ ਆਏ। ਉਨ੍ਹਾਂ ਨੇ ਜਵਾਈ ਦਾ ਗਲ ਵੱਢ ਕੇ ਅਤੇ ਧੀ ਦਾ ਗਲ਼ ਘੁੱਟ ਕੇ ਜਾਨ ਕੱਢ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਜੀਆਂ ਦੀਆਂ ਲਾਸ਼ਾਂ ਪਿੰਡ ਸੱਪਾਂਵਾਲੀ ਦੇ ਚੁਰਸਤੇ ਵਿਚਚ ਸੁੱਟ ਦਿੱਤੀਆਂ। ਡਰੇ ਦੁਕਾਨਦਾਰ ਚੁਰਸਤੇ ’ਤੇ ਬਣੀਆਂ ਦੁਕਾਨਾਂ ਬੰਦ ਕਰ ਕੇ ਤਿੱਤਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਈ ਸੀਨੀਅਰ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਤੇ ਪੜਤਾਲ ਸ਼ੁਰੂ ਕਰ ਦਿੱਤੀ।

ਲਾਸ਼ਾਂ ਦੀ ਬੇਕ਼ਦਰੀ
ਮਕਤੂਲ ਰੋਹਤਾਸ ਦੇ ਪਰਿਵਾਰ ਦਾ ਦੋਸ਼ ਸੀ ਕਿ ਨੂੰਹ ਪੁੱਤ ਦਾ ਕ਼ਤਲ ਕੁੜਮਾਂ ਨੇ ਕੀਤਾ ਹੈ। ਜਦੋਂ ਤਕ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਨਹੀਂ ਹੁੰਦਾ, ਉਦੋਂ ਤਾਈਂ ਉਹ ਲਾਸ਼ਾਂ ਨਹੀਂ ਚੁੱਕਣਗੇ। ਏਸੇ ਕਰ ਕੇ ਸ਼ਾਮ ਛੇ ਵਜੇ ਤਕ ਲਾਸ਼ਾਂ ਚਰਸਤੇ ਵਿਚ ਪਈਆਂ ਸਨ। ਜਨਤਾ ਦਾ ਕਹਿਣਾ ਸੀ ਕਿ ਕਤਲੋਗਾਰਤ ਤੋਂ ਬਾਅਦ ਮੁਟਿਆਰ ਦੇ ਟੱਬਰ ਦੇ ਬੰਦੇ ਜ਼ਨਾਨੀਆਂ ਫ਼ਰਾਰ ਹਨ।

ਜਵਾਬ ਮੰਗਦੇ ਸੁਆਲ
* ਕੀ ਅਸੀਂ ਆਮ ਲੋਕ ਜਿਹੜੇ ਕਿ ਹਰ ਵੇਲੇ ਸਭ ਦਾ ਭਲਾ ਮੰਗਣ ਦਾ ਦੰਭ ਕਰਦੇ ਹਾਂ, ਕੀ ਅਸੀਂ ਆਪਣੀ ਔਲਾਦ ਦੀ ਖੁਸ਼ੀ ਵਿਚ ਰਜ਼ਾਮੰਦ ਨ੍ਹੀ ਹੋ ਸਕਦੇ?
* ਕੀ ਨੌਜਵਾਨ ਗਾਜਰ ਮੂਲੀ ਤੋਂ ਵੱਧ ਸਸਤੇ ਹਨ ਕਿ ਉਨ੍ਹਾਂ ਨੂੰ ਵੱਢ ਕੇ ਹੀ ਬਜ਼ੁਰਗ ਬੰਦੇ ਇਨਸਾਫ਼ ਕਰ ਸਕਦੇ ਹਨ, ਏਸ ਤੋਂ ਘੱਟ ਜ਼ਾਲਮ ਤਰੀਕੇ ਨਾਲ਼ ਇਨਸਾਫ ਨਈ ਹੋ ਸਕਦਾ ਸੀ?
* ਜਦੋਂ ਨੌਜਵਾਨ ਜਹਾਲਤ ਖਲਾਰਦੇ ਹਨ ਤਾਂ ਆਪਾਂ ਮੰਡੀਰ ਆਖਦੇ ਹਾਂ, ਪਰ ਜੇ ਬਜ਼ੁਰਗ ਬੰਦੇ ਕ਼ਤਲ ਕਰਨ ਜਾਂ ਕ਼ਤਲ ਨੂੰ ਜਾਇਜ਼ ਠਹਿਰਾਉਣ ਤਾਂ ਅਜਿਹੀ ਬੁਡੀੜ ਨੂੰ ਕੀ ਕਹਿਣਾ ਚਾਹੀਦਾ ਏ?
* ਕੀ ਪੁਲਿਸ ਤੇ ਜੱਜ ਮਿਸਾਲੀ ਕਾਰਵਾਈ ਕਰਣਗੇ ਤਾਂ ਜੋ ਭਵਿੱਖ ਵਿਚ ਨੌਜਵਾਨਾਂ ਦੀ ਪਰਵਾਰਕ ਅਣਖ ਖਾਤਰ ਕਤਲੋਗਾਰਤ ਰੁਕ ਸਕੇ? ਇਹ ਸਾਰੇ ਸੁਆਲ ਹਰ ਜ਼ਿੰਦਾ ਮਨੁੱਖ ਨੂੰ ਤੜਫਾਅ ਰਹੇ ਨੇ। ਦੂਜੇ ਪਾਸੇ ਸਮਾਜ ਦੀਆਂ ਜ਼ੁਲਮਪਸੰਦ ਧਿਰਾਂ ਨੇ ਸਾਜ਼ਿਸ਼ੀ ਚੁੱਪ ਓਟ ਲਈ ਹੈ। ਕੀ ਅਸੀਂ ਸੱਭਿਅਕ ਸਮਾਜ ਦੇ ਬੰਦੇ ਹਾਂ?

ਯਾਦਵਿੰਦਰ

ਸੰਪਰਕ : ਸਰੂਪ ਨਗਰ ਸਟ੍ਰੀਟ, ਰਾਓਵਾਲੀ, ਜਲੰਧਰ ਦਿਹਾਤ।

+916284336, 9465329617

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਸਲਾ ਪੰਜਾਬ ਦੇ ਵਿਧਾਇਕਾਂ ਦੀ ਜੁਆਬਦੇਹੀ ਤੇ ਉਨ੍ਹਾਂ ਨੂੰ ਮਿਲਦੇ ਆਰਥਿਕ ਲਾਭਾਂ ਦਾ
Next articleਰੇਲ ਰਾਹੀਂ ਕਿਸਾਨਾਂ ਦਾ ਜਥਾ ਹੋਇਆ ਦਿੱਲੀ ਨੂੰ ਰਵਾਨਾ