ਨਵੀਂ ਦਿੱਲੀ (ਸਮਾਜ ਵੀਕਲੀ):ਮੋਦੀ ਕੈਬਨਿਟ ’ਚ ਫੇਰਬਦਲ ਤੋਂ ਕਈ ਦਿਨ ਬਾਅਦ ਸਰਕਾਰ ਨੇ ਤਾਕਤਵਰ ਕੈਬਨਿਟ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਿਆਸੀ ਮਾਮਲਿਆਂ ਦੀ ਕੈਬਨਿਟ ਕਮੇਟੀ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਭੁਪੇਂਦਰ ਯਾਦਵ ਤੇ ਸਰਬਨੰਦਾ ਸੋਨੋਵਾਲ ਨੂੰ ਸ਼ਾਮਲ ਕੀਤਾ ਗਿਆ ਹੈ। ਕੈਬਨਿਟ ਸਕੱਤਰੇਤ ਮੁਤਾਬਕ ਕੇਂਦਰੀ ਮੰਤਰੀ ਅਰਜੁਨ ਮੁੰਡਾ, ਵੀਰੇਂਦਰ ਕੁਮਾਰ, ਕਿਰਨ ਰਿਜਿਜੂ ਤੇ ਅਨੁਰਾਗ ਠਾਕੁਰ ਨੂੰ ਸੰਸਦੀ ਮਾਮਲਿਆਂ ਬਾਰੇ ਕਮੇਟੀ ਵਿਚ ਰੱਖਿਆ ਗਿਆ ਹੈ।
ਹਾਲਾਂਕਿ ਸੁਰੱਖਿਆ ਮਾਮਲਿਆਂ ਬਾਰੇ ਫ਼ੈਸਲੇ ਲੈਣ ਵਾਲੀ ਸਭ ਤੋਂ ਉੱਚ ਇਕਾਈ- ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਬਣਤਰ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਵਿਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ। ਸਿਆਸੀ ਮਾਮਲਿਆਂ ਬਾਰੇ ਕਮੇਟੀ ਵਿਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ ਤੇ ਨਿਤਿਨ ਗਡਕਰੀ ਵੀ ਹਨ। ਇਸ ਤੋਂ ਇਲਾਵਾ ਗਿਰੀਰਾਜ ਸਿੰਘ ਤੇ ਮਨਸੁਖ ਮਾਂਡਵੀਆ ਨੂੰ ਵੀ ਇਸ ਕਮੇਟੀ ਵਿਚ ਥਾਂ ਦਿੱਤੀ ਗਈ ਹੈ।
ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਤੇ ਹਰਸ਼ ਵਰਧਨ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਇਸ ਕਮੇਟੀ ਵਿਚੋਂ ਬਾਹਰ ਹੋ ਗਏ ਹਨ। ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵਿਚ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਰਮਲਾ ਸੀਤਾਰਾਮਨ, ਨਰੇਂਦਰ ਸਿੰਘ ਤੋਮਰ ਵੀ ਸ਼ਾਮਲ ਹਨ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਤੇ ਵੀ. ਮੁਰਲੀਧਰਨ ਇਸ ਕਮੇਟੀ ਦੇ ਵਿਸ਼ੇਸ਼ ਮੈਂਬਰ ਹੋਣਗੇ। ਇਸ ਤੋਂ ਪਹਿਲਾਂ ਰਵੀ ਸ਼ੰਕਰ ਪ੍ਰਸਾਦ ਤੇ ਪ੍ਰਕਾਸ਼ ਜਾਵੜੇਕਰ ਇਸ ਕਮੇਟੀ ਦੇ ਮੈਂਬਰ ਸਨ। ਨਿਵੇਸ਼ ਤੇ ਵਿਕਾਸ ਬਾਰੇ ਕੈਬਨਿਟ ਕਮੇਟੀ ਵਿਚ ਨਾਰਾਇਣ ਰਾਣੇ, ਸਿੰਧੀਆ ਤੇ ਅਸ਼ਵਿਨੀ ਵੈਸ਼ਨਵ ਨੂੰ ਥਾਂ ਦਿੱਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly