(ਸਮਾਜ ਵੀਕਲੀ)
ਆਮ ਤੌਰ ‘ਤੇ ਅਸੀਂ ਦੂਸਰਿਆਂ ਨੂੰ ਸੁਖੀ ਦੇਖ ਕੇ ਈਰਖਾ ਕਰਦੇ ਹਾਂ, ਪ੍ਰੰਤੂ ਸਾਡੀ ਜ਼ਿੰਦਗੀ ਵੀ ਸੁੱਖਾਂ ਭਰੀ ਹੋ ਸਕਦੀ ਹੈ ਜੇਕਰ ਅਸੀਂ ਇਸ ਨੂੰ ਚੰਗੇ ਤਰੀਕੇ ਨਾਲ ਜਿਊਣ ਦੇ ਚਾਹਵਾਨ ਹੋਈਏ।
ਜਦੋਂ ਪ੍ਰਮਾਤਮਾ ਨੇ ਸਾਨੂੰ ਪੂਰੇ ਮਨੁੱਖ ਦੇ ਜਨਮ ਵਿੱਚ ਧਰਤੀ ‘ਤੇ ਭੇਜਿਆ ਹੈ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਆਪਣੀ ਸ਼ਖ਼ਸੀਅਤ ਨੂੰ ਸੁਖਾਵੇਂ ਮਾਹੌਲ ਵਿੱਚ ਜਿਉਣ ਜੋਗੇ ਨਾ ਬਣਾ ਸਕੀਏ।ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਲਈ ਦ੍ਰਿੜ੍ਹ ਨਿਸ਼ਚੇ ਦੀ ਲੋੜ ਹੁੰਦੀ ਹੈ। ਇਹ ਦ੍ਰਿੜ੍ਹ ਨਿਸਚੇ ਅਸੀਂ ਆਪ ਆਪਣੇ ਅੰਦਰ ਪੈਦਾ ਕਰਨਾ ਹੁੰਦਾ ਹੈ।ਆਪਣੇ ਜੀਵਨ ਵਿੱਚ ਐਨੀ ਮਿਹਨਤ ਕਰੋ ਕਿ ਖੁਦ ਪ੍ਰਮਾਤਮਾ ਨੂੰ ਤੁਹਾਡੀ ਮਿਹਨਤ ਅੱਗੇ ਝੁਕਣਾ ਪਵੇ ਅਤੇ ਉਸ ਦਾ ਫਲ ਤੁਹਾਨੂੰ ਦੇਣਾ ਪਵੇ।ਕਦੇ ਵੀ ਬੀਤੇ ਸਮੇਂ ਬਾਰੇ ਜ਼ਿਆਦਾ ਨਾ ਸੋਚੋ, ਜੋ ਹੋ ਗਿਆ,ਸੋ ਹੋ ਗਿਆ ।ਹਮੇਸ਼ਾ ਆਉਣ ਵਾਲੇ ਸਮੇਂ ਬਾਰੇ ਸੋਚੋ ਕਿ ਉਸ ਨੂੰ ਖ਼ੁਸ਼ੀਆਂ ਭਰਿਆ ਕਿਵੇਂ ਬਣਾਇਆ ਜਾ ਸਕਦਾ ਹੈ। ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ :–
*”ਮੰਦਰ ਢਾਹ ਦੇ ਮਸਜਿਦ ਢਾਹ ਦੇ,
ਢਾਹ ਦੇ ਜੋ ਕੁਝ ਢਹਿੰਦਾ।
ਪਰ ਕਦੇ ਕਿਸੇ ਦਾ ਦਿਲ ਨਾ ਢਾਹੀ,
ਰੱਬ ਦਿਲਾਂ ਵਿੱਚ ਰਹਿੰਦਾ।”*
ਜਦੋਂ ਵੀ ਕਿਸੇ ਨੂੰ ਮਿਲੋ ਤਾਂ ਅਜਿਹਾ ਬੋਲੋ ਕਿ ਤੁਹਾਡੇ ਬੋਲ ਸੁਣਨ ਵਾਲੇ ਦੇ ਕੰਨਾਂ ਵਿੱਚ ਰਸ ਘੋਲ ਜਾਣ।ਮਿਲਣ ਵਾਲੇ ਨਾਲ ਅਜਿਹਾ ਵਿਵਹਾਰ ਕਰੋ ਕਿ ਉਹ ਤੁਹਾਡੇ ਜਾਣ ਤੋਂ ਬਾਅਦ ਤੁਹਾਡੀ ਘਾਟ ਮਹਿਸੂਸ ਕਰੇ।ਔਖੇ ਸਮੇਂ ਵਿੱਚ ਵੀ ਮੁਸਕਰਾਉਣਾ ਸਿੱਖੋ। ਕਦੇ ਵੀ ਢੇਰੀ ਢਾਹ ਕੇ ਨਾ ਜੀਓ:–
*”ਜ਼ਿੰਦਗੀ ਵਿੱਚ ਕਾਵਾਂ-ਰੌਲੀ ਤੋਂ ਸਹਿਮ ਜਾਇਆ ਨਾ ਕਰ,
ਪੈ ਜਾਵੇ ਸੁਣਨੀਂ ਤਾਂ ਕਦੇ ਦਿਲ ‘ਤੇ ਲਾਇਆ ਨਾ ਕਰ ।
ਹਉਕੇ ਭਰ- ਭਰ ਜੀਣ ਦਾ ਤਾਂ ਨਾਂ ਨਹੀਂ ਹੈ ਜ਼ਿੰਦਗੀ,
ਸਿੱਧੀ ਵਾਟ ਤੇ ਤੁਰਦਿਆਂ ਇੰਝ ਪੈਰ ਫਿਸਲਾਇਆ ਨਾ ਕਰ।”*
ਜੇਕਰ ਅਸੀਂ ਆਪਣੀ ਜ਼ਿੰਦਗੀ ਵਿਚ ਅਜਿਹੇ ਦ੍ਰਿੜ੍ਹ ਨਿਸ਼ਚੇ ਅਤੇ ਬੁਲੰਦ ਹੌਂਸਲੇ ਰੱਖ ਕੇ ਚੱਲਾਂਗੇ ਤਾਂ ਦੁਨੀਆਂ ਦੀ ਅਜਿਹੀ ਕੋਈ ਤਾਕਤ ਨਹੀਂ ਹੈ ਜੋ ਸਾਨੂੰ ਸਾਡੀ ਮੰਜ਼ਿਲ ਤੇ ਪਹੁੰਚਣ ਵਿੱਚ ਰੁਕਾਵਟ ਪਾ ਸਕਦੀ ਹੋਵੇ।ਕਦੇ ਵੀ ਆਪਣੀ ਤਾਰੀਫ਼ ਆਪ ਨਾ ਕਰੋ ਸਗੋਂ ਆਪਣੇ ਆਪ ਨੂੰ ਇਸ ਕਾਬਿਲ ਬਣਾਓ ਕਿ ਤੁਹਾਡੇ ਗੁਣ ਆਪਣੇ ਆਪ ਬਾਹਰ ਆ ਜਾਣ ਅਤੇ ਕੋਈ ਵੀ ਤੁਹਾਡੀ ਤਾਰੀਫ਼ ਕਰੇ ਬਿਨਾਂ ਨਾ ਰਹਿ ਸਕੇ।
ਆਪਣੇ ਅੰਦਰ ਪਿਆਰ ਪੈਦਾ ਕਰੋ, ਪਿਆਰ ਇੱਕ ਅਜਿਹਾ ਜਜ਼ਬਾ ਹੈ ਜੋ ਦੂਜਿਆਂ ਨੂੰ ਆਪਣੇ ਪ੍ਰਤੀ ਆਕਰਸ਼ਿਤ ਕਰਦਾ ਹੈ।ਜੇਕਰ ਤੁਸੀਂ ਚੰਗੇਰੀ ਅਤੇ ਰੰਗੀਨ ਜ਼ਿੰਦਗੀ ਜੀਣ ਦੇ ਚਾਹਵਾਨ ਹੋ ਤਾਂ ਪਿਆਰ ਭਰੀਆਂ ਪੌਣਾਂ ਵਿੱਚ ਪਿਆਰ ਵਸਿਆ ਰਹਿਣ ਦਿਓ। ਆਪਣੇ ਚਰਿੱਤਰ ਨੂੰ ਅਜਿਹਾ ਬਣਾਓ ਕਿ ਤੁਸੀਂ ਸਿਰ ਉੱਚਾ ਕਰਕੇ ਦੁਨੀਆਂ ਦਾ ਸਾਹਮਣਾ ਕਰ ਸਕੋ:–
*”ਨਾ ਸਿਰ ਝੁਕਾ ਕੇ ਜੀਓ, ਨਾ ਮੂੰਹ ਛੁਪਾ ਕੇ ਜੀਓ।
ਗਮੋਂ ਕਾ ਦੌਰ ਭੀ ਆਏ ਤੋ ਮੁਸਕਰਾ ਕੇ ਜੀਓ।”*
ਨੀਲਮ ਕੁਮਾਰੀ
ਪੰਜਾਬੀ ਅਧਿਆਪਕਾ, ਸਰਕਾਰੀ ਹਾਈ ਸਕੂਲ,
ਸਮਾਓ।” (9779788365)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly