ਸੁੰਨੀਆਂ ਪਈਆਂ ਸਬਾਤਾਂ

ਸੁਖਚੈਨ ਸਿੰਘ ਚੰਦ ਨਵਾਂ
         (ਸਮਾਜ ਵੀਕਲੀ)
ਕਿਸ ਪਾਸੇ ਵੱਲ ਤੁਰ ਪਈ ਦੁਨੀਆਂ
ਪੈ  ਗਈ  ਅੱਜ  ਕੁਰਾਹੇ
ਵੇਚ ਜਮੀਨਾਂ ਬੰਗਲੇ ਪਾ ਲਏ
ਅੱਡੀਆਂ ਚੁੱਕ ਲਏ ਫਾਹੇ
ਦਿਨੇ ਚੈਨ ਨਾ ਮਿਲਦਾ ਕਿਧਰੇ
ਨੀਂਦ ਨਾ ਆਵੇ ਰਾਤਾਂ ਨੂੰ
ਰੋ ਪੈਂਦਾ ਦਿਲ ਦੇਖ ਪੁਰਾਣੀਆਂ
ਸੁੰਨੀਆਂ ਪਈਆਂ ਸਬਾਤਾਂ ਨੂੰ
ਕਰ ਕਰ ਖ਼ਰਚ ਕਰੋੜਾਂ ਇੱਥੇ
ਜਿੰਦੇ ਲਾ ਪਰਦੇਸੀ ਤੁਰਗੇ
ਬੁੱਢੇ  ਮਾਪਿਆਂ ਨੇ  ਜੋ  ਦੇਖੇ
ਚਾਅ ਸਧਰਾਂ ਸਭ ਖੁਰਗੇ
ਲੰਘਿਆ ਸਮਾਂ ਸੁਧਾਰ ਨਾ ਹੋਣਾ
ਵਿਗੜੇ ਹੋਏ ਹਾਲਾਤਾਂ ਨੂੰ
ਰੋ ਪੈਂਦਾ ਦਿਲ ਦੇਖ ਪੁਰਾਣੀਆਂ
ਸੁੰਨੀਆਂ ਪਈਆਂ ਸਬਾਤਾਂ ਨੂੰ
ਜਦ  ਨਾਲ  ਲਾਹੌਰੀ  ਇੱਟਾਂ  ਦੇ
ਦਰਵਾਜ਼ਾ ਕੋਈ ਬਣਾਉਂਦੇ ਸੀ
ਪਾ ਘੁੱਗੀਆਂ ਮੋਰ ਗਟਾਰਾਂ ਉੱਪਰ
ਦੁਲਹਨ ਵਾਂਗ ਸਜਾਉਂਦੇ ਸੀ
ਭਾਂਤ ਭਾਂਤ  ਦੇ  ਰੰਗਾਂ  ਨਾਲ
ਸਜਾ ਦਿੰਦੇ ਸਨ ਡਾਟਾਂ ਨੂੰ
ਰੋ ਪੈਂਦਾ ਦਿਲ ਦੇਖ ਪੁਰਾਣੀਆਂ
ਸੁੰਨੀਆਂ ਪਈਆਂ ਸਬਾਤਾਂ ਨੂੰ
ਰਿਸ਼ਤਿਆਂ ਦਾ ਸਨਮਾਨ ਸੀ ਕਰਦੇ
ਵੱਡੇ ਬਜ਼ੁਰਗਾਂ ਕੋਲੋ ਡਰਦੇ
ਸੀਨੇ  ਵਿੱਚ  ਦਬਾ  ਲੈਂਦੇ  ਸੀ
ਨਹੀ ਖੋਲ੍ਹਦੇ ਗੁੱਝੇ ਪਰਦੇ
ਵਿੱਚ ਘਰਾਂ ਸੁਲਝਾ ਲੈਂਦੇ  ਸੀ
ਨਿੱਕੀਆਂ ਨਿੱਕੀਆਂ ਬਾਤਾਂ ਨੂੰ
ਰੋ ਪੈਂਦਾ ਦਿਲ ਦੇਖ ਪੁਰਾਣੀਆਂ
ਸੁੰਨੀਆਂ ਪਈਆਂ ਸਬਾਤਾਂ ਨੂੰ
ਇੱਕ ਵਿਹੜੇ ਵਿੱਚ ਜੋੜ ਜੋੜਕੇ
ਮੰਜਿਆਂ ਨੂੰ ਡਾਹ ਲੈਂਦੇ ਸੀ
ਜਾਨ  ਵਾਰਦੇ  ਇੱਕ  ਦੂਜੇ  ਤੋ
ਸਾਹਾਂ ਵਿੱਚ ਸਾਹ ਲੈਂਦੇ ਸੀ
ਅੱਜ  ਕੱਲ੍ਹ  ਪੈਰਾਂ  ਥੱਲੇ  ਰੋਲੇ
ਹਰ   ਕੋਈ  ਜਜ਼ਬਾਤਾਂ  ਨੂੰ
ਰੋ ਪੈਂਦਾ ਦਿਲ ਦੇਖ ਪੁਰਾਣੀਆਂ
ਸੁੰਨੀਆਂ ਪਈਆਂ ਸਬਾਤਾਂ ਨੂੰ
ਹੁਣ ਤਾਂ ਪੱਲੇ ਹੈਂਕੜ ਰਹਿ ਗਈ
ਬੰਦਾ ਫਿਰਦਾ ਚੁੱਕੀ ਏ
” ਸੁਖਚੈਨ ” ਰਹਿ ਗਈ ਨਫਰਤ ਇੱਥੇ
ਦਿਲੋ ਮੁੱਹਬਤ ਮੁੱਕੀ ਏ
ਖਤਮ ਹੋ ਗਏ ਰਿਸ਼ਤੇ ਨਾਤੇ
ਕੌਣ ਜਾਣੇ ਅੰਗ ਸਾਕਾਂ ਨੂੰ
ਰੋ ਪੈਂਦਾ ਦਿਲ ਦੇਖ ਪੁਰਾਣੀਆਂ
ਸੁੰਨੀਆਂ ਪਈਆਂ ਸਬਾਤਾਂ ਨੂੰ
ਸੁਖਚੈਨ ਸਿੰਘ ਚੰਦ ਨਵਾਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ ਕਿੱਕ ਬਾਕਿਸੰਗ ਟੂਰਨਾਮੈਂਟ ਭਲਕੇ 
Next article ਅੰਦਰ ਤੜਫ਼ ਤੇ ਬਾਹਰ ਨੇ ਤੱਤੀਆਂ ਹਵਾਵਾਂ,