(ਸਮਾਜ ਵੀਕਲੀ) ਰਾਜਾਸ਼ਾਹੀ ਦੇ ਦੌਰ ਵਿੱਚ, ਰਾਜਾ ਆਪਣੇ ਲਾਮ ਲਸ਼ਕਰ ਨਾਲ, ਆਪਣੇ ਸਜੇ ਸਵਰੇ ਹਾਥੀ ਉੱਤੇ ਬਹਿ ਕੇ, ਆਪਣੇ ਰਾਜ ਦਾ ਮੁਆਇਨਾ ਕਰਨ ਨਿਕਲਿਆ ਕਰਦਾ ਸੀ।ਅਤੇ ਆਪਣੇ ਰਾਜੇ ਨੂੰ ਦੇਖਣ ਦੀ ਲਾਲਸਾ ਨਾਲ ਆਮ ਜਨਤਾ ਸੜਕ ਦੇ ਦੋਹੀਂ ਪਾਸੀਂ ਘੰਟਿਆਂ ਬੱਧੀ ਖੜੀ ਰਹਿੰਦੀ ਸੀ। ਰਾਜਾ ਆਉਦਾ ਸੀ, ਗਰੀਬ ਜਨਤਾ ਵਲ ਦੇਖ ਕੇ, ਕੁੱਝ ਮੋਹਰਾਂ ਜਨਤਾ ਵਲ ਉਛਾਲ ਦਿੰਦਾ ਸੀ। ਗਰੀਬ ਲੋਕ ਮੋਹਰਾਂ ਇਕੱਠੀਆਂ ਕਰਦੇ ਰਾਜੇ ਦੀ ਜੈ ਜੈ ਕਾਰ ਕਰਨ ਲਗਦੇ ਸੀ। ਖੁਸ਼ ਹੋਇਆ ਰਾਜਾ ਅੱਗੇ ਨਿਕਲ ਜਾਂਦਾ ਸੀ।ਫਿਰ ਕਈ ਮਹੀਨਿਆਂ ਤੱਕ, ਰਾਜੇ ਦੇ ਅਹਿਲਕਾਰਾਂ ਵਲੋਂ ਕੀਤੇ ਜੁਲਮਾਂ ਨੂੰ ਭੁੱਲ ਕੇ ਜਨਤਾ ਅਪਣੇ ਰਾਜੇ ਦੇ ਗੁਣਗਾਨ ਕਰਦੀ ਰਹਿੰਦੀ ਸੀ। ਰਾਜੇ ਦੇ ਹੁਕਮਾਂ ਨਾਲ ਜਾਂ ਰਾਜੇ ਦੀ ਜਾਣਕਾਰੀ ਤੋਂ ਬਿਨਾਂ ਹੀ ਰਾਜੇ ਦੇ ਅਹਿਲਕਾਰਾਂ ਵਲੋਂ, ਆਮ ਜਨਤਾ ‘ਤੇ ਢਾਹੇ ਜੁਲਮਾਂ ਕਾਰਣ, ਜਨਤਾ ਦੇ ਮਨਾਂ ਵਿੱਚ,ਰਾਜੇ ਖਿਲਾਫ਼ ਗੁੱਸਾ ਵਧਦਾ ਜਾ ਰਿਹਾ ਸੀ। ਲੋਕਾਂ ਦੇ ਦਿਲਾਂ ਵਿੱਚ ਬਗਾਵਤ ਦੀ ਚਿੰਗਆੜੀ ਸੁਲਗ ਰਹੀ ਸੀ। ਰਾਜਾ ਇਸ ਤੋਂ ਅਨਜਾਣ ਸੀ ਜਾਂ ਜਾਣ ਬੁੱਝ ਕੇ ਅਨਜਾਣ ਬਣਿਆ ਹੋਇਆ ਸੀ। ਆਖਿਰ ਇੱਕ ਦਿਨ ਇਹ ਚਿੰਗਆੜੀ ਭਾਂਬੜ ਬਣ ਉੱਠੀ, ਤੇ ਲੋਕਾਂ ਨੇ ਰਾਜਸ਼ਾਹੀ ਖਤਮ ਕਰ ਕੇ, ਸਾਰੀ ਤਾਕਤ ਆਪਣੇ ਹੱਥਾਂ ਵਿੱਚ ਲੈ ਲਈ। ਆਮ ਲੋਕਾਂ ਨੇ ਬਹੁਸੰਮਤੀ ਨਾਲ, ਸੀਮਤ ਸਮੇਂ ਲਈ, ਆਪਣੇ ਰਾਜ ਦਾ ਰਾਜਾ ( ਮੁਖੀਆ ) ਖੁਦ ਚੁਣ ਲਿਆ। ਲੋਕ ਖੁਸ਼ ਸਨ ਕਿ ਜੇ ਰਾਜ ਦੇ ਮੁਖੀ ਨੇ ਲੋਕ ਭਲਾਈ ਮੁਤਾਬਕ ਫੈਸਲੇ ਨਾ ਲਏ ਤਾਂ ਉਹ ਰਾਜ ਮੁਖੀ ਨੂੰ ਆਹੁਦੇ ਤੋਂ ਲਾਹ ਦੇਣ ਗੇ। ਕਿਹਾ ਜਾਂਦਾ ਹੈ ਕਿ ਰਗਾਂ ‘ਚ ਵਹਿੰਦਾ ਖੂਨ,ਦੇਰ ਸਵੇਰ ਆਪਣਾ ਰੰਗ ਜਰੂਰ ਦਿਖਾਉਂਦਾ ਹੈ।ਸਮਾਂ ਪਾ ਕੇ, ਸਮੇਂ ਦੇ ਸ਼ਾਸਕਾਂ ਦੀਆਂ ਰਗਾਂ ਚ ਵਹਿੰਦਾ ਖੂਨ ਅੰਗੜਾਈਆਂ ਲੈਣ ਲੱਗ ਪਿਆ, ਕਿਉਂਕਿ ਜਾਣੇ ਅਨਜਾਣੇ ਲੋਕਾਂ ਨੇ ਪੁਰਾਣੇ ਰਾਜਿਆਂ ਮਹਾਂ ਰਾਜਿਆ ਵਿੱਚੋਂ ਹੀ ਆਪਣੇ ਨਵੇਂ ਮੁੱਖੀ ਚੁਣ ਲਏ ਸਨ। ਆਮ ਜਨਤਾ ਦੀ ਮਾਨਸਿਕਤਾ ਵਿੱਚ ਵਸੀ ਸਦੀਆਂ ਪੁਰਾਣੀ ਗੁਲਾਮੀ ਨੇ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਰੰਗ ਢੰਗ ਪੁਰਾਣਾ ਹੀ ਹੈ, ਬੱਸ ਵਰਤਾਰਾ ਬਦਲ ਗਿਆ ਹੈ। ਅੱਜ ਦੇ ਸ਼ਾਸਕ ਪੁਰਾਣੇ ਰਾਜਿਆਂ- ਮਹਾਂ ਰਾਜਿਆਂ ਤੋਂ ਵੀ ਬੜੇ ਲਾਮ ਲਸ਼ਕਰ ਲੈ ਕੇ ਨਿਕਲਦੇ ਹਨ, ਪਰ ਮੋਹਰਾਂ ਸੁੱਟਣ ਦਾ ਅੰਦਾਜ਼ ਬਦਲ ਗਿਆ ਹੈ। ਪਹਿਲਾਂ ਇਹ ਮੋਹਰਾਂ ਆਮ ਲੋਕਾਂ ਵਲ ਨੂੰ ਉਛਾਲ ਕੇ ਸੁੱਟੀਆਂ ਜਾਂਦੀਆਂ ਸਨ, ਪਰ ਅੱਜ ਇਹ ਬੈਂਕਾਂ ਵਿੱਚ ਭੇਜੀਆਂ ਜਾਂਦੀਆਂ ਹਨ। ਕਦੇ ਔਰਤਾਂ ਦੇ ਸਕਸ਼ਤੀਕਰਨ ਦੇ ਨਾਂਮ ਹੇਠ, ਕਦੇ ਕਿਸਾਨ ਸਨਾਮਨ ਨਿਧੀ ਦੇ ਨਾਮ ਨਾਲ। ਕਦੇ ਔਰਤਾਂ ਦੇ ਬੱਸ ਕਿਰਾਏ ਮੁਆਫ਼ ਕਰ ਕੇ, ਤੇ ਕਦੇ ਬਿਜਲੀ ਬਿੱਲ ਮੁਆਫ਼ ਕਰ ਕੇ। ਕਿਤੇ ਸਾੜੀਆਂ ਅਤੇ ਕਿਤੇ ਟੀ ਵੀ ਸੈਟ ਵੰਡ ਕੇ। ਅੱਜ ਅਸੀਂ ਫਿਰ ਤੋਂ ਚੰਦ ਮੋਹਰਾਂ ਲੈ ਕੇ ਰਾਜੇ ਦੀ ਜੈ ਜੈ ਕਾਰ ਕਰਨ ਲੱਗੇ ਹਾਂ। ਰਾਜੇ ਅਤੇ ਉਸ ਦੇ ਅਹਿਲਕਾਰ ਫਿਰ ਤੋਂ ਉਹੀ ਦਮਨਕਾਰੀ ਨੀਤੀਆਂ ਬਣਾ ਕੇ ਆਮ ਲੋਕਾਂ ਦਾ ਦਮਨ ਕਰ ਰਹੇ ਹਨ।ਪਰ ਚੰਦ ਮੋਹਰਾਂ ਲੈ ਕੇ ਅਸੀਂ ਖੁਸ਼ ਹਾਂ ਸੱਭ ਭੁੱਲ ਜਾਂਦੇ ਹਾਂ। ਕੀ ਅਸੀਂ ਅਜ਼ਾਦ ਹਾਂ???
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133
HOME ਗੁਲਾਮੀ



