HOME ਗੁਲਾਮੀ ਬਰਾਬਰਤਾ ਅਤੇ ਮਾਲਿਕੀ

ਗੁਲਾਮੀ ਬਰਾਬਰਤਾ ਅਤੇ ਮਾਲਿਕੀ

   (ਸਮਾਜ ਵੀਕਲੀ)  ਸਦੀਆਂ ਤੋਂ ਹੀ ਔਰਤ ਗੁਲਾਮੀ ਹੰਢਾਉਂਦੀ ਆ ਰਹੀ ਸੀ। ਕਿਸੇ ਨੇ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਅਤੇ ਕਿਸੇ ਨੇ ਤਾੜਨ ਦੀ ਅਧਿਕਾਰੀ ਕਹਿਕੇ ਉਸਦੇ ਗੁਲਾਮ ਹੋਣ ਤੇ ਮੋਹਰ ਲਗਾਈ। ਫਿਰ ਸਮਾਜ ਦੀ ਸੋਚ ਬਦਲੀ। ਗੁਰੂ ਪੀਰਾਂ ਨੇ ਔਰਤ ਨੂੰ ਸਨਮਾਨ ਦਿੱਤਾ ਤੇ ਵੇਖਦੇ ਵੇਖਦੇ ਔਰਤ ਮਰਦ ਦੀ ਬਰਾਬਰੀ ਕਰਨ ਲੱਗੀ। ਉਸ ਨੂੰ ਬਰਾਬਰੀ ਦੇ ਅਧਿਕਾਰ ਮਿਲੇ। ਬਰਾਬਰਤਾ ਦੇ ਅਧਿਕਾਰ ਨੇ  ਔਰਤ ਨੂੰ ਆਜ਼ਾਦੀ ਦੀ ਕਿਰਨ ਦਿਖਾਈ। ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜਕੇ ਕਮਾਉਣ ਲੱਗੀ ਅਤੇ ਪਰਿਵਾਰ ਨੂੰ ਮਜ਼ਬੂਤੀ ਦੇਣ ਲਈ ਚੁੱਲ੍ਹੇ ਚੌਂਕੇ ਤੋਂ ਬਾਹਰ ਆਕੇ ਦਫਤਰਾਂ ਫੈਕਟਰੀਆਂ ਵਿੱਚ ਨੌਕਰੀ ਕਰਨ ਲੱਗੀ।  ਫਿਰ ਜ਼ਮਾਨਾ ਹੋਰ ਬਦਲਿਆ ਔਰਤ ਮਰਦ ਤੋਂ ਵੀ ਅੱਗੇ ਲੰਘ ਗਈ। ਉਹ ਘਰ ਦੇ ਫੈਸਲੇ ਕਰਨ ਵਿੱਚ ਹਿੱਸੇਦਾਰੀ ਨਹੀਂ ਸਗੋਂ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲੱਗੀ। ਘਰ ਦੇ ਵੱਡੇ ਛੋਟੇ ਫੈਸਲੈ, ਲੈਣਦੇਣ ਸਭ ਉਸਦੀ ਸਹਿਮਤੀ ਨਾਲ ਹੋਣ ਲੱਗੇ। ਇੱਥੇ ਗੱਲ ਸਿਰਫ ਮਾਲੀ ਫੈਸਲਿਆਂ ਦੀ ਨਹੀਂ ਸਗੋਂ ਰਿਸ਼ਤੇ ਬਣਾਉਣ, ਤੋੜਨ ਅਤੇ ਨਵੇਂ ਰਿਸ਼ਤੇ ਜੋੜਨ ਦੇ ਫੈਸਲੇ ਵੀ ਉਸ ਦੀ ਮਰਜ਼ੀ ਅਨੁਸਾਰ ਹੋਣ ਲੱਗੇ। ਮੌਜੂਦਾ ਦੌਰ ਵਿੱਚ ਔਰਤ ਆਪਣੇ ਕਦਮ ਮਾਲਿਕੀ ਵੱਲ ਵਧਾ ਚੁੱਕੀ ਹੈ। ਮਰਦ ਹੁਣ ਹੈਡ ਆਫ ਦੀ ਫੈਮਲੀ ਨਹੀਂ ਰਿਹਾ। ਉਹ ਵਿਚਾਰਾ ਭਾਰਤ ਦਾ ਰਾਸ਼ਟਰਪਤੀ ਬਣਕੇ ਰਹਿ ਗਿਆ ਹੈ। ਔਰਤ ਪ੍ਰਧਾਨ ਮੰਤਰੀ ਵਾਂਗੂ ਨੀਤੀਆਂ ਘੜਦੀ ਹੈ ਲਾਗੂ ਕਰਦੀ ਹੈ ਕਈ ਵਾਰੀ ਉਹ ਰਾਸ਼ਟਰਪਤੀ ਦੀ ਮੋਹਰ ਲਵਾਉਣ ਦੀ ਵੀ ਜਰੂਰਤ ਨਹੀਂ ਸਮਝਦੀ। ਅਖੇ ਇਹ ਲੋਕਤੰਤਰ ਹੈ। ਸਭ ਨੂੰ ਬਰਾਬਰ ਦੇ ਅਧਿਕਾਰ ਹਨ। ਪਰ ਹੁਣ ਬਹੁਮਤ ਘਰਾਂ ਵਿੱਚ ਫੈਸਲੇ ਲੈਣ ਵਾਲੀਆਂ ਸ਼ਕਤੀਆਂ ਬਦਲ ਗਈਆਂ ਹਨ। ਕੁੱਝ ਲੋਕ ਇਸ ਪਰਿਵਰਤਨ ਨੂੰ ਔਰਤ ਦੇ ਮਾਪਿਆਂ ਦੀ ਦਖਲ ਅੰਦਾਜ਼ੀ ਮੰਨਦੇ ਹਨ। ਪਰ ਨਹੀਂ ਇਹ  ਔਰਤ ਦੇ ਓਹ ਪੈਰ ਹਨ ਜੋ ਅੱਗੇ ਵਧ ਚੁੱਕੇ ਹਨ।  ਭਾਵੇਂ ਘਰ ਚਲਾਉਣ ਅਤੇ ਸਮਾਜ ਵਿੱਚ ਵਿਚਰਨ ਦੀ ਜਿੰਮੇਵਾਰੀ ਮਰਦ ਦੀ ਹੁੰਦੀ ਹੈ। ਸਬਰ ਅਤੇ ਸਰਲਤਾ ਨਾਲ ਉਹ ਆਪਣੇ ਇਸ ਅਧਿਕਾਰ ਨੂੰ ਅੱਖੀਂ ਹੱਥੋਂ ਖਿਸਕਦੇ ਵੇਖਦਾ ਹੈ। ਪਰ ਪਰਿਵਾਰ ਦੀ ਸ਼ਾਂਤੀ ਲਈ ਉਹ ਸਭ ਕੁਝ ਵੇਖਦਾ ਹੋਇਆ ਵੀ ਚੁੱਪ ਰਹਿੰਦਾ ਹੈ। ਬਹੁਤੇ ਆਦਮੀ ਘਰ ਦੀ ਨਕਦੀ ਵੀ ਆਪਣੀਆਂ ਔਰਤਾਂ ਨੂੰ ਸੰਭਾਲ ਦਿੰਦੇ ਹਨ। ਸੱਤਰ ਪ੍ਰਤੀਸ਼ਤ ਔਰਤਾਂ ਨਕਦੀ ਸੰਭਾਲਣ ਦੇ ਕਾਬਿਲ ਨਹੀਂ ਹੁੰਦੀਆਂ। ਅਕਸਰ ਹੀ ਕੋਈ ਨਾ ਕੋਈ ਹਾਦਸਾ ਵਾਪਰਿਆ ਹੀ ਰਹਿੰਦਾ ਹੈ।ਔਰਤਾਂ ਦਾ ਬਰਾਬਰਤਾ ਤੱਕ ਅੱਗੇ ਆਉਣਾ ਜਰੂਰੀ ਵੀ ਸੀ ਤੇ ਚਾਹੀਦਾ ਵੀ ਹੈ ਪ੍ਰੰਤੂ ਇਸ ਤੋਂ ਅੱਗੇ ਵਧਣਾ ਸਮਾਜ ਦੇ ਹਿੱਤ ਵਿੱਚ ਨਹੀਂ। ਬਹੁਤੇ ਮਰਦ ਜਾਂ ਘਰ ਦੇ ਮੁਖੀ ਇਸ ਧੱਕੇ ਤੋਂ ਦੁਖੀ ਹੁੰਦੇ ਹਨ ਪਰ ਓਹ ਹੱਸਕੇ ਇਸ ਧੱਕੇ ਨੂੰ ਸਹਿਣ ਕਰਦੇ ਹਨ। ਮੇਰੀ ਇਹ ਪੋਸਟ ਸਭ ਔਰਤਾਂ ਲਈ ਨਹੀਂ ਹੈ ਸਿਰਫ ਓਹਨਾ ਲਈ ਹੈ ਜੋ ਆਪਣੇ ਆਪ ਨੂੰ ਮੋਦੀ ਤੋਂ ਘੱਟ ਨਹੀਂ ਸਮਝਦੀਆਂ।
 ਰਮੇਸ਼ ਸੇਠੀ ਬਾਦਲ
9876627233
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleThe changing scenario of Indian politics
Next articleਲੈਸਟਰ ਦੀ ਜੇਲ੍ਹ ਖੇਤਰ ਇਲਾਕੇ ਚੋਂ ਕੈਦੀ ਫਰਾਰ, ਪੁਲਿਸ ਚੌਕਸ, ਕੈਦੀ ਦੀ ਭਾਲ ਵਿਚ ਪੁਲਿਸ ਸਰਗਰਮ