ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਕਤੂਬਰ ਦੇ ਦੂਜੇ ਹਫਤੇ – ਤਰਕਸ਼ੀਲ ਸੁਸਾਇਟੀ

ਕੋਲਕਾਤਾ ਦੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਜ਼ੋਰਦਾਰ ਮੰਗ
ਬਰਨਾਲਾ (ਸਮਾਜ ਵੀਕਲੀ) ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸਥਾਨਕ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਵਿਦਿਅਕ ਅਦਾਰਿਆਂ ਵਿੱਚ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਕਤੂਬਰ ਮਹੀਨੇ ਦੇ ਦੂਜੇ ਹਫਤੇ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕੋਲਕਾਤਾ ਦੀ ਮਹਿਲਾ ਡਾਕਟਰ ਨਾਲ ਜਬਰਜਨਾਹ ਅਤੇ ਕਤਲ ਦੀ ਦਰਿੰਦਗੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਅਤੇ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ।
               ਪ੍ਰੀਖਿਆ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ,ਰਾਮ ਸਵਰਨ  ਲੱਖੇਵਾਲੀ,ਹੇਮ ਰਾਜ ਸਟੈਨੋਂ,ਰਾਜਪਾਲ ਬਠਿੰਡਾ, ਰਾਜੇਸ਼ ਅਕਲੀਆ,ਜੋਗਿੰਦਰ ਕੁੱਲੇਵਾਲ  ਅਤੇ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਕੇ ਉਨ੍ਹਾਂ ਨੂੰ ਵਹਿਮਾਂ ਭਰਮਾਂ ਤੇ ਹਰ ਤਰ੍ਹਾਂ ਦੇ ਅੰਧਵਿਸ਼ਵਾਸਾਂ ਤੋਂ ਮੁਕਤ ਕਰਨਾ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਅਤੇ ਫਿਲਮੀ ਹੀਰੋਆਂ ਦੀ ਥਾਂ ਸਮਾਜ ਦੇ ਅਸਲ ਨਾਇਕਾਂ ਵਿਗਿਆਨੀਆਂ, ਦਾਰਸ਼ਨਿਕਾਂ ਅਤੇ ਅਮਰ ਸ਼ਹੀਦਾਂ ਦੇ ਰੂ -ਬ -ਰੂ ਕਰਵਾਉਣਾ ਹੈ। ਇਸ ਪ੍ਰੀਖਿਆ ਲਈ ਤਰਕਸ਼ੀਲ਼ ਸੁਸਾਇਟੀ ਵਲੋਂ ਮਿਡਲ ਅਤੇ ਸੈਕੰਡਰੀ ਗਰੁੱਪਾਂ ਲਈ ਦੋ ਵੱਖ ਵੱਖ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਅਬਜੈਕਟਿਵ ਟਾਈਪ 100 ਪ੍ਰਸ਼ਨਾਂ ‘ਤੇ ਆਧਾਰਤ ਪ੍ਰੀਖਿਆ ਲਈ ਜਾਵੇਗੀ।ਇਹ ਪ੍ਰੀਖਿਆ ਓ ਐਮ ਆਰ ਸ਼ੀਟ ‘ਤੇ ਲਈ ਜਾਵੇਗੀ ਅਤੇ ਸੂਬੇ,ਜੋਨ ਅਤੇ ਇਕਾਈ ਪੱਧਰ ‘ਤੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ, ਤਰਕਸ਼ੀਲ਼ ਕਿਤਾਬਾਂ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
            ਇਸ ਮੌਕੇ ਸੂਬਾ ਕਮੇਟੀ ਆਗੂਆਂ ਅਜੀਤ ਪ੍ਰਦੇਸੀ,ਜਸਵਿੰਦਰ ਫਗਵਾੜਾ, ਜਸਵੰਤ ਮੋਹਾਲੀ,ਗੁਰਪ੍ਰੀਤ ਸ਼ਹਿਣਾ ਅਤੇ ਸੰਦੀਪ ਧਾਰੀਵਾਲ ਭੋਜਾ ਨੇ ਦੱਸਿਆ ਕਿ ਮਹਾਂਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਸੰਸਥਾਪਕ ਡਾ.ਨਰਿੰਦਰ ਦਾਭੋਲਕਰ ਜਿਨ੍ਹਾਂ ਨੂੰ 20 ਅਗਸਤ 2013 ਨੂੰ ਕੁਝ ਫਿਰਕੂ ਅਨਸਰਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ, ਦੀ ਯਾਦ ਨੂੰ ਸਮਰਪਿਤ ਵਿਗਿਆਨਕ ਚੇਤਨਾ ਪ੍ਰੋਗਰਾਮ 19 ਤੋਂ 26 ਅਗਸਤ ਦੇ ਹਫਤੇ ਦੌਰਾਨ ਪੰਜਾਬ ਦੇ ਵੱਖ ਵੱਖ ਵਿਦਿਅਕ ਅਦਾਰਿਆਂ ਵਿੱਚ ਕਰਵਾਏ ਜਾਣਗੇ। ਇਸਦੇ ਇਲਾਵਾ ਤਰਕਸ਼ੀਲ਼ ਸਾਹਿਤ ਵੈਨ ਨੂੰ ਸਤੰਬਰ ਮਹੀਨੇ ਤੋਂ ਵੱਖ ਵੱਖ ਜੋਨਾਂ ਵਿੱਚ ਚਲਾ ਕੇ ਤਰਕਸ਼ੀਲ ਇਕਾਈਆਂ ਨੂੰ ਦੋ ਮਾਸਿਕ ਤਰਕਸ਼ੀਲ਼ ਮੈਗਜ਼ੀਨ ਅਤੇ ਤਰਕਸ਼ੀਲ ਸਾਹਿਤ ਨੂੰ ਪੰਜਾਬ ਦੇ ਹਰ ਪਿੰਡ,ਕਸਬੇ, ਘਰ,ਦੁਕਾਨ,ਦਫਤਰ,ਵਿਦਿਅਕ ਅਦਾਰਿਆਂ ਅਤੇ ਲਾਇਬ੍ਰੇਰੀਆਂ ਵਿਚ ਪਹੁੰਚਾਉਣ ਦੀ ਮੁਹਿੰਮ ਚਲਾਈ ਜਾਵੇਗੀ।
                ਮੀਟਿੰਗ ਦੌਰਾਨ ਪੰਜਾਬ ਦੇ ਵੱਖ ਜੋਨਾਂ ਦੇ ਆਗੂਆਂ ਮਾਸਟਰ ਪਰਮਵੇਦ ਸੰਗਰੂਰ, ਜਸਵੰਤ ਜੀਰਖ ਲੁਧਿਆਣਾ, ਸੁਰਜੀਤ ਟਿੱਬਾ ਜਲੰਧਰ, ਰਾਮ ਕੁਮਾਰ ਪਟਿਆਲਾ,ਮਾਸਟਰ ਲੱਖਾ ਸਿੰਘ ਮਾਨਸਾ, ਰਾਜਵੰਤ ਬਾਗੜੀਆਂ ਅੰਮ੍ਰਿਤਸਰ, ਸੁਖਵਿੰਦਰ ਗੋਗਾ ਨਵਾਂ ਸ਼ਹਿਰ ਨੇ ਦੱਸਿਆ ਕਿ ਸਮੁੱਚੇ ਪੰਜਾਬ ਦੇ ਸਕੂਲਾਂ ਵਿੱਚ ਕਰਵਾਈ ਜਾ ਰਹੀ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਦਾ ਕਾਰਜ 30 ਸਤੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ।
                 ਇਸ ਮੌਕੇ ਸਮੂਹ ਜਨਤਕ ਜੱਥੇਬੰਦੀਆਂ ਵੱਲੋਂ
ਨਾਮਵਰ ਬੁੱਧੀਜੀਵੀ ਅਰੁੰਧਤੀ ਰਾਏ ਤੇ ਪ੍ਰੋ ਸ਼ੇਖ ਸ਼ੌਕਤ ਹੁਸੈਨ ਵਿਰੁੱਧ ਯੂਏਪੀਏ ਹੇਠ ਦਰਜ ਕੇਸ ਰੱਦ ਕਰਵਾਉਣ ਅਤੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਦੇ ਖ਼ਿਲਾਫ਼ ਸਮੁੱਚੇ ਪੰਜਾਬ ਵਿੱਚ ਕਰਵਾਈਆਂ ਜਾ ਰਹੀਆਂ ਜ਼ਿਲਾ ਕਨਵੈਨਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਯੋਜਨਾਬੰਦੀ ਵੀ ਕੀਤੀ ਗਈ।
ਸੁਮੀਤ ਅੰਮ੍ਰਿਤਸਰ 
ਸੂਬਾਈ ਮੀਡੀਆ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ 
7696030173
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article‘ਸਰੱਬਤ ਦਾ ਭਲਾ’ ਟਰੱਸਟ ਨੇ ਲੋੜਵੰਦਾਂ ਨੂੰ ਚੈੱਕ ਵੰਡੇ
Next articleSAMAJ WEEKLY = 20/08/2024