ਪੰਜਾਬ ਵਿੱਚ ਵੱਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ

 ਸੰਜੀਵ ਸਿੰਘ ਸੈਣੀ ਮੋਹਾਲੀ

(ਸਮਾਜ ਵੀਕਲੀ)-ਦੋ ਕੁ ਦਿਨ ਪਹਿਲਾਂ ਹੀ ਖਬਰ ਪੜ੍ਹਨ ਨੂੰ ਮਿਲੀ ਕਿ ਗੋਇੰਦਵਾਲ ਸਾਹਿਬ ਵਿਖੇ ਇੱਕ ਔਰਤ ਦੀ ਚਿੱਟਾ ਵੇਚਦੇ ਹੀ ਵੀਡੀਓ ਵਾਇਰਲ ਹੋਈ। ਵੀਡੀਓ ਵਿੱਚ ਔਰਤ ਨੌਜਵਾਨਾਂ ਨੂੰ ਚਿੱਟੇ ਦੀਆਂ ਪੁੜੀਆਂ ਵੇਚਦੀ ਦਿੱਖ ਰਹੀ ਹੈ। ਜਿਸ ਨੇ ਇਕ ਵਾਰ ਫਿਰ ਪੁਲਿਸ ਪ੍ਰਸ਼ਾਸ਼ਨ ਦੀ ਲਾਪਰਵਾਹੀ ਦੀ ਪੋਲ ਖੋਲ੍ਹੀ ਹੈ। ਗੁਆਂਢੀ ਸਰਹੱਦ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਲਗਾਤਾਰ ਜਾਰੀ ਹੈ। ਹਾਲ ਹੀ ਵਿਚ ਫਿਰੋਜ਼ਪੁਰ ਵਿਖੇ ਬੀਐਸਐਫ ਵੱਲੋਂ ਨਸ਼ਿਆਂ ਦੇ ਪੈਕਟ ਬਰਾਮਦ ਕੀਤੇ ਗਏ। ਨਸ਼ਾ ਕੋਹੜ ਵਾਂਗੂੰ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਰਿਹਾ ਹੈ। ਚੜ੍ਹਦੀ ਜਵਾਨੀ ਵਿੱਚ ਬੱਚੇ ਚਿੱਟੇ ਦਾ ਸ਼ਿਕਾਰ ਹੋ ਰਹੇ ਹਨ। ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਚੰਡੀਗੜ੍ਹ ਇੱਕ ਕੁੜੀ ਪੜ੍ਹਾਈ ਲਈ ਆਉਂਦੀ ਹੈ। ਤੇ ਉਹ ਚਿੱਟੇ ਦਾ ਸ਼ਿਕਾਰ ਹੋ ਜਾਂਦੀ ਹੈ। ਫਿਰ ਮਾਂ-ਬਾਪ ਉਸ ਨੂੰ ਕਿਸੇ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਵਾਉਂਦੇ ਹਨ। ਕਈ ਪਿੰਡਾਂ ਵਿੱਚ ਤਾਂ ਇੰਨਾ ਬੁਰਾ ਹਾਲ ਹੈ ਕਿ ਮਾਂ ਬਾਪ ਨੇ ਆਪਣੇ ਜਵਾਨ ਪੁੱਤਰਾਂ ਨੂੰ ਸੰਗਲਾਂ ਨਾਲ ਬੰਨਿਆਂ ਹੋਇਆ ਹੈ। ਉਹ ਕਹਿੰਦੇ ਹਨ ਕਿ ਅਸੀਂ ਇਨ੍ਹਾਂ ਨੂੰ ਕਿਥੋਂ ਪੈਸੇ ਦੇਈਏ। ਮਾਂ ਬਾਪ ਇੰਨੇ ਅੱਕ ਚੁੱਕੇ ਹਨ ਕਿ ਉਹ ਕਹਿੰਦੇ ਹਨ ਕਿ ਜਦੋਂ ਇਹ ਜਨਮੇ ਸਨ, ਤਾਂ ਉਦੋਂ ਹੀ ਮਰ ਜਾਂਦੇ।

ਦੋ ਕੁ ਦਿਨ ਪਹਿਲਾਂ ਇੱਕ ਹੋਰ ਖਬਰ ਪੜ੍ਹਨ ਨੂੰ ਮਿਲੀ ਕਿ ਨਸ਼ੇੜੀ ਪਿਓ ਵੱਲੋਂ ਆਪਣੀ ਹੀ ਧੀ ਦੀ ਹੱਤਿਆ ਕਰ ਦਿੱਤੀ। ਜੋ ਸਿਰਫ਼ ਤਿੰਨ ਮਹੀਨਿਆਂ ਦੀ ਬੱਚੀ ਸੀ। ਮੁਲਜ਼ਮ ਦੇ ਮਾਂ-ਬਾਪ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਬਹੁਤ ਆਦੀ ਹੋ ਗਿਆ ਸੀ। ਅਕਸਰ ਘਰ ਵਿਚ ਕਲੇਸ਼ ਰਹਿੰਦਾ ਸੀ। ਕਲੇਸ਼ ਕਾਰਨ ਉਸ ਨੇ ਆਪਣੀ ਬੱਚੀ ਨੂੰ ਵੀ ਮਾਰ ਦਿੱਤਾ। ਇਕ ਹੋਰ ਅਖ਼ਬਾਰ ਵਿਚ ਖ਼ਬਰ ਪੜ੍ਹਨ ਨੂੰ ਮਿਲੀ ਕਿ ਸੰਗਤ ਮੰਡੀ ਵਿਖੇ ਸਾਬਕਾ ਫੌਜੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਉਸ ਦੀ ਲਾਸ਼ ਕੋਲੋਂ ਸਰਿੰਜ ਹੀ ਮਿਲੀ ਸੀ। ਕੋਈ ਦਿਨ ਅਜਿਹਾ ਹੋਣਾ ਜਦੋਂ ਅਖ਼ਬਾਰ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਦੀ ਖਬਰ ਨਾ ਛਪੀ ਹੋਵੇ। ਕਈ ਵਾਰ ਤਾਂ ਅਜਿਹੀ ਖਬਰ ਪੜਦੇ ਹਾਂ ਕਿ ਬਹੁਤ ਦਿਲ ਉਦਾਸ ਹੁੰਦਾ ਹੈ। ਕੁੱਝ ਕੁ ਦਿਨ ਪਹਿਲਾਂ ਇੱਕ ਹੋਰ ਖਬਰ ਸੁਣਨ ਨੂੰ ਮਿਲੀ ਕਿ ਕਿਸੇ ਪਿੰਡ ਵਿਚ ਇਕ ਮਹੀਨੇ ਵਿਚ ਪੰਜ ਤੋਂ ਸੱਤ ਮੌਤਾਂ ਲਗਾਤਾਰ ਚਿੱਟੇ ਕਾਰਨ ਹੋਈਆਂ। ਕਈ ਘਰਾਂ ਦੇ ਚਿਰਾਗ ਦੇ ਚਿਰਾਗ ਬੁੱਝ ਗਏ। ਇਕ ਹੋਰ ਖਬਰ ਪੜ੍ਹਨ ਨੂੰ ਮਿਲੀ ਸੀ ਕਿ ਕਿਸੇ ਹਸਪਤਾਲ ਦੇ ਬਾਥਰੂਮ ਵਿਚ ਸਰਿੰਜ ਤੇ ਨੌਜਵਾਨ ਦੀ ਲਾਸ਼ ਮਿਲੀ।
ਮਾਂ ਬਾਪ ਇੰਨੇ ਤੰਗ ਹੋ ਚੁੱਕੇ ਹਨ ਕਿ ਉਹ ਹੁਣ ਆਪਣਾ ਦਰਦ ਬਿਆਨ ਨਹੀਂ ਕਰ ਸਕਦੇ। ਮਾਂ ਬਾਪ ਦੇ ਬਹੁਤ ਅਰਮਾਨ ਹੁੰਦੇ ਹਨ ਕਿ ਕੱਲ੍ਹ ਨੂੰ ਉਨ੍ਹਾਂ ਦਾ ਬੱਚਾ ਲਾਇਕ ਬਣੇ। ਆਪਣੇ ਬੱਚੇ ਦੀ ਹਰ ਰੀਝ ਪੂਰੀ ਕਰਦੇ ਹਨ। ਵਧੀਆ- ਵਧੀਆ ਸਕੂਲਾਂ ਵਿੱਚ ਆਪਣੇ ਬੱਚਿਆਂ ਦਾ ਦਾਖਲਾ ਕਰਵਾਉਂਦੇ ਹਨ ।ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਸਾਡੇ ਬੱਚੇ ਦਾ ਭਵਿੱਖ ਵਧੀਆ ਹੋ ਜਾਵੇ। ਕੱਲ ਨੂੰ ਸਾਡੀ ਬੁਢਾਪੇ ਵਿੱਚ ਵਧੀਆ ਸੇਵਾ ਕਰੇਗਾ । ਸਮਾਂ ਬਹੁਤ ਬਲਵਾਨ ਹੁੰਦਾ ਹੈ। ਮਾਂ ਬਾਪ ਨੇ ਤਾਂ ਆਪਣੇ ਕਾਰੋਬਾਰ ਵੀ ਕਰਨੇ ਹੁੰਦੇ ਹਨ। ਪਿਓ ਸਾਰਾ ਦਿਨ ਕਮਾਈ ਕਰਦਾ ਹੈ ਤੇ ਮਾਂ ਘਰ ਦਾ ਕੰਮ ਸੰਭਾਲ ਦੀ ਹੈ। ਹੁਣ ਇਹ ਕੀ ਪਤਾ ਹੁੰਦਾ ਹੈ ਕਿ ਬੱਚਾ ਸਕੂਲ ਵਿੱਚ ਜਾ ਰਿਹਾ ਹੈ ਜਾਂ ਕਿਤੇ ਹੋਰ ਮਾੜੀ ਸੰਗਤ ਦਾ ਸ਼ਿਕਾਰ ਹੋ ਰਿਹਾ ਹੈ। ਜਦੋਂ ਬੱਚਾ ਮਾੜੀ ਸੰਗਤ ਵਿਚ ਪੈ ਜਾਂਦਾ ਹੈ ਫਿਰ ਉਹ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਸ਼ਿਕਾਰ ਹੋ ਜਾਂਦਾ ਹੈ। ਹੌਲੀ-ਹੌਲੀ ਉਹ ਨਸ਼ੇ ਦੀ ਭਰਪਾਈ ਲਈ ਚੋਰੀ-ਡਕੈਤੀ ਜਾਂ ਘਰ ਦਾ ਸਾਮਾਨ ਵੇਚਣਾ ਵੀ ਸ਼ੁਰੂ ਕਰ ਦਿੰਦਾ ਹੈ। ਚਿੱਟੇ ਕਰਨਾ ਉਹ ਇੱਕ ਮਿੰਟ ਵੀ ਨਹੀਂ ਰਹਿ ਪਾਉਂਦਾ, ਕਿਉਂਕਿ ਉਹ ਉਸ ਦਾ ਆਦੀ ਹੋ ਚੁੱਕਿਆ ਹੁੰਦਾ ਹੈ। ਚਿੱਟੇ ਨੇ ਪੰਜਾਬ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ।

ਚੇਤੇ ਕਰਵਾ ਦੇਈਏ ਕਿ 2017 ਵਿੱਚ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਵੱਡੇ ਸਿਆਸਤਦਾਨਾਂ ਨੇ ਸਹੁੰ ਚੁੱਕੀ ਸੀ। ਕੋਈ ਦਿਨ ਅਜਿਹਾ ਨਹੀਂ ਹੋਣਾ ਜਦੋਂ ਕੋਈ ਪੰਜਾਬ ਦਾ ਨੌਜਵਾਨ ਚਿੱਟੇ ਦੀ ਭੇਟ ਨਾ ਚੜਿਆ ਹੋਵੇ। ਦਿਨੋ ਦਿਨ ਨਸ਼ਿਆਂ ਦੀ ਖ਼ਪਤ ਤੇ ਕਾਰੋਬਾਰ ਵਧਦੇ ਜਾ ਰਹੇ ਹਨ। ਅੱਜ ਕੱਲ ਨਸ਼ੀਲੇ ਪਦਾਰਥਾਂ ਦੀ ਖਰੀਦ ਵਿਕਰੀ ਲਈ ਸੋਸ਼ਲ ਨੈੱਟਵਰਕਿੰਗ ਸਾਈਟ ਦਾ ਧੜੱਲੇ ਨਾਲ ਪ੍ਰਯੋਗ ਹੋ ਰਿਹਾ ਹੈ। ਦਿਨੋਂ ਦਿਨ ਨੌਜਵਾਨ ਇਨ੍ਹਾਂ ਦੇ ਆਦੀ ਹੋ ਰਹੇ ਹਨ। ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਸੀ ਕਿ ਗੁਜਰਾਤ ਦੀ ਬੰਦਰਗਾਹ ਤੋਂ ਚਿੱਟੇ ਦੀ ਭਾਰੀ ਖੇਪ ਬਰਾਮਦ ਹੋਈ ਸੀ।

ਜਦੋਂ ਪੰਜਾਬ ਵਿੱਚ ਵੋਟਾਂ ਸਨ , ਤਾਂ ਮਾਣ ਯੋਗ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਪਿੰਡ ਵੋਟਾਂ ਮੰਗਣ ਲਈ ਜਾਂਦੇ ਸਨ। ਕਈ ਖਬਰਾਂ ਵੀ ਅਜਿਹੀਆਂ ਦੇਖਣ ਨੂੰ ਮਿਲਦੀਆਂ ਸਨ ਕਿ ਪਿੰਡ ਦੀਆਂ ਔਰਤਾਂ ਚੁੰਨੀਆ ਪਸਾਰ ਕੇ ਭਗਵੰਤ ਮਾਨ ਮੂਹਰੇ ਆਪਣੇ ਦੁੱਖੜੇ ਰੋਂਦੀਆਂ ਸਨ ਤੇ ਕਹਿੰਦੀਆਂ ਸਨ ਕਿ ਪੁੱਤ ਜਵਾਨੀ ਨੂੰ ਬਚਾ ਲੈ। ਕੀਰਨੇ ਪਾ ਪਾ ਕੇ ਜੱਫੀਆਂ ਪਾ ਕੇ ਭਗਵੰਤ ਮਾਨ ਦੇ ਮੋਢੇ ਲੱਗ ਕੇ ਰੋਂਦਿਆਂ ਸਨ। ਕਈ ਵਾਰ ਤਾਂ ਮਾਣਯੋਗ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ ਵੀ ਭਰ ਆਉਂਦੀਆਂ ਸਨ। ਉਹ ਵੀ ਕਹਿੰਦੇ ਸਨ ਕਿ ਚਿੱਟੇ ਨੇ ਪੰਜਾਬ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਤੇ ਉਹ ਫਿਰ ਪਿੰਡ ਦੀਆਂ ਔਰਤਾਂ ਨੂੰ ਹੌਂਸਲਾ ਦਿੰਦੇ ਸਨ ਕਿ ਸਾਡੀ ਸਰਕਾਰ ਆਉਣ ਤੇ ਚਿੱਟੇ ਨੂੰ ਪੂਰੀ ਤਰਾ ਖ਼ਤਮ ਕਰ ਦਿੱਤਾ ਜਾਵੇਗਾ।
ਹਾਲ ਹੀ ਵਿਚ ਬਠਿੰਡਾ ਵਿਖੇ ਕਈ ਪੰਚਾਇਤਾਂ ਨੇ ਫ਼ੈਸਲਾ ਵੀ ਕੀਤਾ ਹੈ ਕਿ ਪਿੰਡ ਵਿੱਚ ਜੇ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ, ਤਾਂ ਉਸ ਦੀ ਚੰਗੀ ਤਰ੍ਹਾਂ ਖੜਕਾਈ ਕੀਤੀ ਜਾਵੇਗੀ। ਪਿੰਡਾਂ ਦੀਆਂ ਪੰਚਾਇਤਾਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਕੇ ਪਿੰਡ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੈਮੀਨਾਰ ਹੋਣੇ ਚਾਹੀਦੇ ਹਨ।ਸਰਕਾਰਾਂ ਹੁਣ ਤੱਕ ਨਸ਼ੇ ਤੇ ਚੰਗੀ ਤਰ੍ਹਾਂ ਨਕੇਲ ਕੱਸਣ ਵਿੱਚ ਅਸਫ਼ਲ ਸਾਬਤ ਹੋਈਆਂ ਹਨ। ਸੋਚਣ ਵਾਲੀ ਗੱਲ ਹੈ ਕਿ ਜੇ ਪੁਲਿਸ ਪ੍ਰਸ਼ਾਸਨ ਨਸ਼ਿਆਂ ਦੇ ਖਿਲਾਫ ਸਖ਼ਤ ਕਦਮ ਚੁੱਕਣਗੇ , ਤਾਂ ਆਪਣੇ ਆਪ ਹੀ ਨਸੇ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਭ੍ਰਿਸ਼ਟ ਅਧਿਕਾਰੀਆਂ ਖਿਲਾਫ਼ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਦੇਸ਼ ਦਾ ਭਵਿੱਖ ਬਚਾਓਣ ਲਈ ਸਰਕਾਰਾਂ, ਆਮ ਜਨਤਾ, ਸਿਆਸਤਦਾਨਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।

ਸੰਜੀਵ ਸਿੰਘ ਸੈਣੀ,
ਮੋਹਾਲੀ 7888966168

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸ਼ਮੇਸ਼ ਪਿਤਾ
Next articleਸ੍ਰੀ ਅਨੰਦਪੁਰ ਸਾ ( ਧਰਮਾਣੀ ) ਗੰਭੀਰਪੁਰ ਲੋਅਰ ਸਕੂਲ ਵਿੱਚ ” ਗ੍ਰੈਜੂਏਸ਼ਨ ਸੈਰੇਮਨੀ ” ਦਾ ਕੀਤਾ ਗਿਆ ਆਯੋਜਨ