ਛੇਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਵਿਦਿਆਰਥੀਆਂ ਨੇ ਵਿਖਾਇਆ ਭਾਰੀ ਉਤਸ਼ਾਹ, ਲੋਕ ਪੱਖੀ ਸਮਾਜਿਕ ਤਬਦੀਲੀ ਲਈ ਤਰਕਸ਼ੀਲ਼ ਸੋਚ ਜਰੂਰੀ – ਤਰਕਸ਼ੀਲ਼ ਸੁਸਾਇਟੀ

ਬਰਨਾਲਾ (ਸਮਾਜ ਵੀਕਲੀ)  ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਵਹਿਮਾਂ ਭਰਮਾਂ,ਅੰਧ ਵਿਸ਼ਵਾਸਾਂ ਅਤੇ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਦੇ ਮਕਸਦ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਪੰਜਾਬ ਦੇ ਸੈਂਕੜੇ ਸਕੂਲਾਂ ਵਿੱਚ ਛੇਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 20 ਅਤੇ 21 ਅਕਤੂਬਰ ਨੂੰ ਕਰਵਾਈ ਗਈ ਜਿਸ ਵਿੱਚ 26735  ਵਿਦਿਆਰਥੀਆਂ ਨੇ ਭਾਗ ਲਿਆ।
                            ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ਼ ਸੁਸਾਇਟੀ ਪੰਜਾਬ ਦੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਭਾਗ ਦੇ ਮੁਖੀ ਰਾਮ ਸਵਰਨ ਲੱਖੇਵਾਲੀ ਅਤੇ ਮੀਡੀਆ ਵਿਭਾਗ ਦੇ ਮੁਖੀ ਸੁਮੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਮਿਡਲ ਅਤੇ ਸੈਕੰਡਰੀ ਗਰੁੱਪਾਂ ਲਈ ਸਮੁੱਚੇ ਪੰਜਾਬ ਵਿੱਚ ਕੁੱਲ ਰਜਿਸਟਰ ਹੋਏ 29352 ਵਿਦਿਆਰਥੀਆਂ ਵਿੱਚੋਂ 26735 ਵਿੱਦਿਆਰਥੀਆਂ ਨੇ ਭਾਗ ਲਿਆ ਜਿਸ ਲਈ ਵੱਖ ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ 445 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਸਨ।
                ਤਰਕਸ਼ੀਲ਼ ਆਗੂਆਂ ਨੇ ਦੱਸਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਲਈ ਤਰਕਸ਼ੀਲ਼ ਸੁਸਾਇਟੀ ਵੱਲੋਂ ਮਿਡਲ ਅਤੇ ਸੈਕੰਡਰੀ ਗਰੁੱਪਾਂ ਲਈ ਦੋ ਵੱਖ ਵੱਖ ਪੁਸਤਕਾਂ ਤਿਆਰ ਕਰਕੇ ਵਿਦਿਆਰਥੀਆਂ ਨੂੰ ਦੋ ਮਹੀਨੇ ਪਹਿਲਾਂ ਮੁੱਹਈਆ ਕਰਵਾ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ ਅਗਲੇ ਮਹੀਨੇ ਐਲਾਨਿਆ ਜਾਵੇਗਾ ਅਤੇ ਸੂਬੇ,ਜੋਨ ਅਤੇ ਇਕਾਈ ਪੱਧਰ ‘ਤੇ ਮੈਰਿਟ ਵਿਚ ਆਉਣ ਵਾਲੇ ਮਿਡਲ ਅਤੇ ਸੈਕੰਡਰੀ ਗਰੁੱਪ ਦੇ ਵੱਖ ਵੱਖ ਵਿਦਿਆਰਥੀਆਂ ਨੂੰ ਨਕਦ ਇਨਾਮ, ਤਰਕਸ਼ੀਲ਼ ਕਿਤਾਬਾਂ,ਯਾਦਗਾਰੀ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
                      ਇਸ ਮੌਕੇ ਤਰਕਸ਼ੀਲ਼ ਆਗੂਆਂ ਨੇ ਦੱਸਿਆ ਕਿ ਇਸ ਪ੍ਰੀਖਿਆ ਨੂੰ ਸਮੁੱਚੇ ਪੰਜਾਬ ਵਿੱਚ ਪੂਰੇ ਪਾਰਦਰਸ਼ੀ ਅਤੇ ਸੂਚਾਰੂ ਢੰਗ ਨਾਲ ਕਰਵਾਉਣ ਲਈ 10 ਜੋਨਾਂ ਅਤੇ 60 ਇਕਾਈਆਂ ਦੇ ਸੈਂਕੜੇ ਤਰਕਸ਼ੀਲ ਆਗੂਆਂ, ਮੈਂਬਰਾਂ ਅਤੇ ਸਹਿਯੋਗੀ ਸਾਥੀਆਂ ਵੱਲੋਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ।
                       ਇਸ ਪ੍ਰੀਖਿਆ ਸੰਬੰਧੀ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਪ੍ਰਬੰਧਕਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਵਿਗਿਆਨ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ, ਧਾਗੇ ਤਵੀਤਾਂ,ਜਨਮ ਟੇਵਿਆਂ, ਨਸ਼ਿਆਂ, ਫਿਰਕਾਪ੍ਰਸਤੀ,ਪਾਖੰਡੀ ਬਾਬਿਆਂ, ਸਾਧਾਂ, ਜੋਤਸ਼ੀਆਂ, ਡੇਰਿਆਂ ਦੇ ਝਾਂਸਿਆਂ ਤੋਂ ਬਚਣ ਅਤੇ ਜਿੰਦਗੀ ਦੀਆਂ ਸਮੱਸਿਆਵਾਂ ਦੇ ਟਾਕਰੇ ਲਈ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਲਈ ਵਿਦਿਅਕ ਅਦਾਰਿਆਂ ਵਿੱਚ ਸਮੇਂ ਸਮੇਂ ਉਤੇ ਅਜਿਹੀਆਂ ਵਿਗਿਆਨਕ ਚੇਤਨਾ ਪ੍ਰੀਖਿਆਵਾਂ ਬੇਹੱਦ ਜਰੂਰੀ ਹਨ ਅਤੇ ਤਰਕਸ਼ੀਲ਼ ਸੁਸਾਇਟੀ ਵੱਲੋਂ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਇਸ ਖੇਤਰ ਵਿਚ ਨਿਭਾਈ ਜਾ ਰਹੀ ਭੂਮਿਕਾ ਬੇਹੱਦ ਸ਼ਲਾਘਾਯੋਗ ਹੈ ਅਤੇ ਮੌਜੂਦਾ ਸਮਿਆਂ ਦੀ ਲੋੜ ਵੀ ਹੈ।
           ਤਰਕਸ਼ੀਲ਼ ਸੁਸਾਇਟੀ ਨੇ ਸੰਬੰਧਿਤ ਸਕੂਲਾਂ ਦੇ ਮੁਖੀਆਂ, ਅਧਿਆਪਕਾਂ,ਪ੍ਰਬੰਧਕਾਂ ਵੱਲੋਂ ਦਿੱਤੇ ਪੂਰਨ ਸਹਿਯੋਗ ਅਤੇ ਵਿਦਿਆਰਥੀਆਂ ਵਲੋਂ ਦਿੱਤੇ ਵੱਡੇ ਹੁੰਗਾਰੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਸੁਮੀਤ ਸਿੰਘ
ਸੂਬਾਈ ਮੀਡੀਆ ਮੁਖ
ਤਰਕਸ਼ੀਲ ਸੁਸਾਇਟੀ ਪੰਜਾਬ 
7696030173
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਵਿਤਾਵਾਂ
Next articleਗੰਭੀਰਪੁਰ ਲੋਅਰ ਸਕੂਲ ਵਿੱਚ ਕਰਵਾਈ ਗਈ ਮੈਗਾ ਪੀ.ਟੀ.ਐਮ.