(ਸਮਾਜ ਵੀਕਲੀ)
ਭਾਰਤ ਦੇ ਸੱਭਿਆਚਾਰ ਦੀਆਂ ਰਸਮਾਂ ਰੀਤਾਂ ਰਿਵਾਜ ਬਹੁਤ ਖ਼ੂਬਸੂਰਤ ਨੇ ਪਰ ਕੁਝ ਰਸਮਾਂ ਅਜਿਹੀਆਂ ਵੀ ਹਨ ,ਜੋ ਇਸਤਰੀ ਜਾਤੀ ਦੀ ਗੁਲਾਮੀ ਨੂੰ ਹੋਰ ਵੀ ਪਕੇਰਾ ਕਰਦੀਆਂ ਹਨ।ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹੋ ਜਿਹੇ ਕਿਹੜੇ ਰਿਵਾਜ਼ ਹਨ ਜਿਹੜੇ ਇਸ ਅਲਾਮਤ ਨੂੰ ਹੋਰ ਵੀ ਪ੍ਰੋੜਤਾ ਦਿੰਦੇ ਹਨ ।ਮਰਦ ਪ੍ਰਧਾਨ ਸਮਾਜ ਵਿਚ ਰੱਖੜੀ ਇਕ ਅਜਿਹਾ ਤਿਉਹਾਰ ਹੈ ਜੋ ਔਰਤ ਦੀ ਕਮਜ਼ੋਰੀ ਦੀ ਗਵਾਹੀ ਦਿੰਦਾ ਹੈ ਨਾ ਕਿ ਭੈਣ ਭਰਾ ਦੇ ਰਿਸ਼ਤੇ ਦੀ ਪਰਪੱਕਤਾ ਵੈਸੇ ਆਦਰਸ਼ਵਾਦ ਦੀ ਗਵਾਹੀ ਭਰਨ ਵਾਲੇ ਕੁਝ ਸਮਾਜ ਦੇ ਅਗਾਂਹਵਧੂ ਅਤੇ ਪ੍ਰਗਤੀਵਾਦੀ ਵਿਚਾਰਾਂ ਵਾਲੇ ਮਾਨਵ ਕਹਿ ਰਹੇ ਹਨ ਕਿ ਔਰਤ ਮਰਦ ਦੇ ਬਰਾਬਰ ਹੈ।
ਪਰ ਜੇ ਇਹ ਮਨੁੱਖ ਮੰਨਦੇ ਹਨ ਤਾ ਅੱਜ ਤਕ ਕਦੇ ਕਿਸੇ ਭਰਾ ਨੇ ਭੈਣ ਦੇ ਰੱਖੜੀ ਕਿਉਂ ਨਹੀਂ ਬੰਨ੍ਹੀ? ਅਤੇ ਆਪਣੀ ਸੁਰੱਖਿਆ ਦੀ ਪਹਿਰੇਦਾਰ ਭੈਣ ਨੂੰ ਕਿਉਂ ਨਹੀਂ ਚੁਣਿਆ ਗਿਆ ? ਇਸ ਤਿਉਹਾਰ ਦਾ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ,ਲੱਗਦਾ ਹੈ ਵਪਾਰੀ ਵਰਗ ਨੇ ਆਪਣਾ ਵਪਾਰ ਵਧਾਉਣ ਲਈ ਇਹ ਇਕ ਮਿਥਿਹਾਸਕ ਭੈਣ ਭਰਾ ਦੇ ਪਿਆਰ ਵਧਾਉਣ ਦੀ ਕਹਾਣੀ ਦਾ ਸਹਾਰਾ ਲੈ ਕੇ ਆਪਣੀ ਗੋਲਕ ਭਰਨ ਦਾ ਉਪਰਾਲਾ ਕੀਤਾ।ਜੇ ਗੱਲ ਕਰੀਏ ਭੈਣ ਭਰਾ ਦੇ ਪਿਆਰ ਬਾਰੇ ਤਾਂ ਉਸ ਸਮੇਂ ਭੈਣਾਂ ਦਾ ਜਾਂ ਭਰਾਵਾਂ ਦਾ ਮੋਹ ਕਿਥੇ ਅਲੋਪ ਹੋ ਜਾਂਦਾ ਹੈ ਜਦੋਂ ਭੈਣਾਂ ਜ਼ਮੀਨ ਵਿਚੋਂ ਅੱਧ ਵੰਡਾਉਣ ਲਈ ਆ ਜਾਂਦੀਆਂ ਹਨ ਅਤੇ ਭਰਜਾਈਆਂ ਦੇ ਵਰਤਾਓ ਵਿੱਚ ਵੀ ਜ਼ਮੀਨ ਆਸਮਾਨ ਦਾ ਫ਼ਰਕ ਪੈ ਜਾਂਦਾ ਹੈ।
ਹੁਣ ਗੱਲ ਕਰਦੇ ਹਾਂ ਕਰਵਾ ਚੌਥ ਦੇ ਵਰਤ ਰੱਖਣ ਬਾਰੇ ਕਿ ਔਰਤਾਂ ਦੇ ਇੱਕ ਦਿਨ ਦੇ ਭੁੱਖੇ ਰਹਿਣ ਨਾਲ ਉਨ੍ਹਾਂ ਦੇ ਪਤੀਆਂ ਦੀ ਉਮਰ ਲੰਬੀ ਹੋ ਜਾਂਦੀ ਅੱਜ ਦੇ ਵਿਗਿਆਨਕ ਯੁੱਗ ਵਿੱਚ ਇਹ ਗੱਲ ਕਿੰਨੀ ਹਾਸੋਹੀਣੀ ਲੱਗਦੀ ਹੈ ।ਜੇ ਇਹ ਤਰਕਹੀਣ ਰਸਮਾਂ ਦੇ ਨਾਲ ਕਿਸੇ ਦੀ ਉਮਰ ਵਧਦੀ ਹੁੰਦੀ ਤਾਂ ਅੱਜ ਤਕ ਕੋਈ ਇਸ ਧਰਤੀ ਤੋਂ ਜਾਂਦਾ ਹੀ ਨਾ । ਜੇ ਗੱਲ ਕਰੀਏ ਇਨ੍ਹਾਂ ਰਿਵਾਜਾਂ ਦੇ ਇਤਿਹਾਸਕ ਪਿਛੋਕੜ ਵਾਰੇ ਤਾਂ ਲੰਬਾ ਚੌੜਾ ਇਤਹਾਸ ਇਨ੍ਹਾਂ ਦੇ ਪਿੱਛੇ ਕੰਮ ਕਰ ਰਿਹਾ ਹੈ ਅਤੇ ਕੋਝੇ ਤਰੀਕੇ ਨਾਲ ਔਰਤ ਦੀ ਗੁਲਾਮੀ ਦੀ ਪਰਪੱਕਤਾ ਹੋ ਰਹੀ ਹੈ ਤਾਂ ਕਿ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਨਾ ਹੋਵੇ ਅਤੇ ਉਸ ਨੂੰ ਇਸ ਤਰ੍ਹਾਂ ਦੇ ਦਕੀਆਨੂਸੀ ਰਿਵਾਜਾਂ ਵਿੱਚ ਜਕੜ ਕੇ ਹੀ ਰੱਖਿਆ ਜਾਵੇ ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਸਮਾਜਕ ਅਤੇ ਧਾਰਮਿਕ ਤਾਣੇ ਬਾਣੇ ਨੂੰ ਬਹੁਤ ਵੱਡੀ ਚੁਣੌਤੀ ਉਸ ਸਮੇਂ ਦਿੱਤੀ ਸੀ ਜਦੋਂ ਉਨ੍ਹਾਂ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਸਾਡਾ ਆਪਣਾ ਅਮੀਰ ਵਿਰਸਾ ਹੈ। ਜੇਸਰਕਾਰੀ ਤਾਣੇ ਬਾਣੇ ਵੱਲ ਧਿਆਨ ਮਾਰੀਏ ਤਾਂ ਜੇ ਪੰਚਾਇਤ ਜੋ ਲੋਕਤੰਤਰ ਦੀ ਮੁੱਢਲੀ ਅਤੇ ਛੋਟੀ ਇਕਾਈ ਹੈ ਤਾਂ ਇਸ ਵਿੱਚ ਤੇਤੀ ਪ੍ਰਤੀਸ਼ਤ ਔਰਤਾਂ ਨੂੰ ਰਾਖਵਾਂ ਰੱਖਿਆ ਗਿਆ ਹੈ , ਪਰ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਇਹ ਸ਼ਰਤ ਕਿਉਂ ਨਹੀਂ ਲਾਗੂ ਹੋ ਰਹੀ,ਰੱਖੜੀ ਬੰਨ੍ਹਾਉਣ ਵਾਲੇ ਸਾਡੇ ਬੜੇ ਨੇਤਾ ਤੇ ਰੱਖੜੀ ਬੰਨ੍ਹਣ ਵਾਲੀਆਂ ਭੈਣਾਂ ਇੱਥੇ ਪੰਜਾਹ ਪ੍ਰਤੀਸ਼ਤ ਸੀਟਾਂ ਦੀ ਦੀ ਮੰਗ ਕਿਉਂ ਨਹੀਂ ਕਰਦੀਆਂ। ਸਰਕਾਰੀ ਨੌਕਰੀਆਂ ਵਿੱਚ ਵੀ ਔਰਤਾਂ ਲਈ ਅੱਧ ਦਾ ਹਿੱਸਾ ਹੋਣਾ ਚਾਹੀਦਾ ਹੈ ਕਦੇ ਔਰਤ ਵਰਗ ਨੇ ਆਵਾਜ਼ ਚੁੱਕੀ ਨਹੀਂ,ਮਰਦ ਪ੍ਰਧਾਨ ਦੇਸ਼ ਵਿੱਚ ਮਰਦ ਤਾਂ ਚੁੱਪ ਹੀ ਰਹਿਣਗੇ।ਸਾਵਣ ਮਹੀਨੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਸਾਰੀਆਂ ਧੀਆਂ ਭੈਣਾਂ ਇਕੱਠੀਆਂ ਹੋ ਕੇ ਆਪਣਾ ਮਨੋਰੰਜਨ ਕਰਦੀਆਂ ਹਨ ਬਹੁਤ ਵਧੀਆ ਉਪਰਾਲਾ ਹੈ।ਮਨੋਰੰਜਨ ਦੇ ਨਾਲ ਆਪਣੇ ਰਿਸ਼ਤੇ ਨਾਤੇ ਦੀਆਂ ਗੱਲਾਂ ਜ਼ਰੂਰ ਕਰਦੀਆਂ ਹੋਣਗੀਆਂ,ਇਥੇ ਬੈਠ ਕੇ ਆਪਣੇ ਹੱਕਾਂ ਬਾਰੇ ਕਿਉਂ ਨਹੀਂ ਸੋਚਿਆ ਜਾਂਦਾ। ਜਿੰਨੇ ਵੀ ਇਨਕਲਾਬ ਉੱਠੇ ਹਨ ਉਹ ਭਾਰੀ ਇਕੱਠ ਵਿੱਚੋਂ ਉਪਜੇ ਹਨ ਭੈਣੋ ਬੀਬੀਓ ਤੁਸੀਂ ਆਪਣੇ ਹੱਕਾਂ ਲਈ ਹੋਰ ਕਿਹੜੇ ਨਵੇਂ ਇਕੱਠ ਨੂੰ ਉਡੀਕ ਰਹੀਆਂ ਹੋ।
ਕਿਸਾਨਾਂ ਦਾ ਅੰਦੋਲਨ ਜੇ ਅੱਜ ਕਾਮਯਾਬ ਹੋ ਰਿਹਾ ਹੈ ਤਾਂ ਉਸ ਦਾ ਸਭ ਤੋਂ ਵੱਡਾ ਪੱਖ ਇਹ ਹੈ ਕਿ ਇਸ ਕਿਸਾਨੀ ਸੰਘਰਸ਼ ਵਿਚ ਔਰਤਾਂ ਦੀ ਪੰਜਾਹ ਫ਼ੀਸਦੀ ਭਾਗੀਦਾਰੀ ਹੈਂ। ਤਾਂ ਹੀ ਇਹ ਅੰਦੋਲਨ ਆਪਣੀ ਕਾਮਯਾਬੀ ਵੱਲ ਵੱਧ ਰਿਹਾ ਹੈ।ਇਸ ਕਿਸਾਨੀ ਸੰਘਰਸ਼ ਨੇ ਔਰਤਾਂ ਨੂੰ ਚੁੱਲ੍ਹੇ ਚੌਂਕੇ ਵਿੱਚੋਂ ਕੱਢ ਕੇ ਆਪਣੇ ਹੱਕਾਂ ਪ੍ਰਤੀ ਥੋਡ਼੍ਹਾ ਜਿਹਾ ਸੁਚੇਤ ਵੀ ਕੀਤਾ ਹੈ।ਜਿਹੜੀ ਕਿ ਹੁਣ ਤਕ ਦੀ ਇਸਤਰੀ ਜਾਤੀ ਵਿੱਚ ਸਭ ਤੋਂ ਵੱਡੀ ਕ੍ਰਾਂਤੀ ਹੈ।ਸਰਕਾਰੀ ਨੌਕਰੀਆਂ ਪ੍ਰਤੀ ਵੀ ਔਰਤ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂ ਕਿ ਔਰਤਾਂ ਲਈ ਪੰਜਾਹ ਫ਼ੀ ਸਦੀ ਨੌਕਰੀਆਂ ਰਾਖਵੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਸਰਕਾਰ ਵਿਚ ਵੀ ਲੋਕਤੰਤਰ ਦੀ ਕਾਮਯਾਬੀ ਫੇਰ ਹੀ ਕਹੀ ਜਾਵੇਗੀ ਜੇ ਔਰਤਾਂ ਦੀ ਘੱਟੋ ਘੱਟ ਪੰਜਾਹ ਫ਼ੀਸਦੀ ਸ਼ਮੂਲੀਅਤ ਹੋਵੇ।
ਇਨ੍ਹਾਂ ਸਭ ਹੱਕਾਂ ਪ੍ਰਤੀ ਔਰਤ ਨੂੰ ਆਪ ਹੀ ਆਪਣੇ ਹੱਕ ਲੈਣੇ ਪੈਣਗੇ ,ਫੇਰ ਕਿਤੇ ਜਾ ਕੇ ਗੱਲ ਬਣੇਗੀ ਨਹੀਂ ਤਾਂ ਮਰਦ ਪ੍ਰਧਾਨ ਸਮਾਜ ਵਿੱਚ ਮਰਦ ਹਮੇਸ਼ਾਂ ਹੀ ਭਾਰੂ ਰਹੇਗਾ ਅਤੇ ਔਰਤ ਜਾਤ ਨੂੰ ਕਦੇ ਵੀ ਸਿਰ ਚੁੱਕਣ ਨਹੀਂ ਦੇਵੇਗਾ ਇਸੇ ਤਰ੍ਹਾਂ ਹੀ ਬਲਾਤਕਾਰ ਹੁੰਦੇ ਰਹਿਣਗੇ ਇਨ੍ਹਾਂ ਸਭ ਅਲਾਮਤਾਂ ਲਈ ਔਰਤ ਨੂੰ ਆਪ ਹੀ ਲਾਮ ਬੰਦ ਹੋਣਾ ਪਵੇਗਾ ਮਾਨਸਿਕ ਤੌਰ ਤੇ ਉਸ ਨੂੰ ਮਜ਼ਬੂਤ ਵੀ ਹੋਣਾ ਪਵੇਗਾ ਅਤੇ ਝੂਠ ਕਰਮ ਕਾਂਡਾਂ ਅਤੇ ਰਿਵਾਜਾਂ ਦੀ ਡੱਟ ਕੇ ਵਿਰੋਧਤਾ ਵੀ ਕਰਨੀ ਪਵੇਗੀ, ਤਾਂ ਹੀ ਨਵੇਂ ਅਤੇ ਪ੍ਰਗਤੀਵਾਦੀ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਅਖੀਰ ਤੇ ਇਹੀ ਕਹਿਣਾ ਬਣਦਾ ਹੈ ਕਿ ਭੈਣੋ ਉੱਠੋ ਜਾਗੋ ਰੱਖੜੀਆਂ ਵਰਤ ਤਿਆਗੋ ਆਪਣੇ ਹੱਕਾਂ ਪ੍ਰਤੀ ਜਾਗੋ।ਮਰਦ ਤੇ ਔਰਤ ਜਦੋਂ ਹਰ ਵਰਗ ਵਿੱਚ ਬਰਾਬਰ ਹੋਣਗੇ।ਇਸ ਬਰਾਬਰਤਾ ਵਿੱਚੋਂ ਅਨੇਕਾਂ ਮਨੋਰੰਜਕ ਤੇ ਨਵੇਂ ਨਵੇਂ ਖ਼ਾਸ ਦਿਨ ਪੈਦਾ ਹੋਣਗੇ ਜੋ ਅੰਤਰਰਾਸ਼ਟਰੀ ਪੱਧਰ ਤੇ ਮਨਾਏ ਜਾਣਗੇ ਪ੍ਰੋਗਰਾਮ ਨਿਕਲਣਗੇ ਜੋ ਸਭ ਮਿਲ ਕੇ ਮਨਾਓਗੇ
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly