ਸਿਸੋਦੀਆ ਨੇ ਜਾਰੀ ਕੀਤੀ 250 ਸਰਕਾਰੀ ਸਕੂਲਾਂ ਦੀ ਸੂਚੀ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਜਰੀਵਾਲ ਸਰਕਾਰ ਵਿੱਚ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਆਪਣੇ ਹਮਰੁਤਬਾ ਪਰਗਟ ਸਿੰਘ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਦਿੱਲੀ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕੀਤੀ ਹੈ। ਸਿਸੋਦੀਆ ਨੇ ਖੁੱਲ੍ਹਾ ਸੱਦਾ ਦਿੱਤਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦਿੱਲੀ ਆ ਕੇ ਇਨ੍ਹਾਂ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਤੇ ਅੱਖੀਂ ਵੇਖਣ ਕਿ ਦਿੱਲੀ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੀ ਬਦਲਾਅ ਲਿਆਂਦੇ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪਰਗਟ ਸਿੰਘ ਨੂੰ ਕਿਹਾ ਕਿ ਉਹ ਵੀ ਪੰਜਾਬ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਨ ਤਾਂ ਜੋ ਪੰਜਾਬ ਦੇ ਸਿੱਖਿਆ ਮਾਡਲ ਨੂੰ ਵੀ ਦੇਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਅਮਲ ਪੂਰਾ ਹੋਣ ਮਗਰੋਂ ਦੋਵਾਂ ਸਿੱਖਿਆ ਮਾਡਲਾਂ ’ਤੇ ਬਹਿਸ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕ ਸਮਝ ਸਕਣ ਕਿ ਕਿਹੜੇ ਸੂਬੇ ਦਾ ਸਿੱਖਿਆ ਮਾਡਲ ਬਿਹਤਰ ਹੈ।

ਸਿਸੋਦੀਆ ਨੇ ਕਿਹਾ ਕਿ ਦਿੱਲੀ ਦੀ ਸਿੱਖਿਆ ਪ੍ਰਣਾਲੀ ਵਿੱਚ ਪਿਛਲੇ 5-6 ਸਾਲਾਂ ’ਚ ਆਏ ਬਦਲਾਅ ਨੇ ਦੇਸ਼ ਦੀਆਂ ਹੋਰ ਪਾਰਟੀਆਂ ਨੂੰ ਸਿੱਖਿਆ ਬਾਰੇ ਸੋਚਣ ਅਤੇ ਗੱਲ ਕਰਨ ਲਈ ਮਜਬੂਰ ਕੀਤਾ ਹੈ। ਦੇਸ਼ ਦੀ ਰਾਜਨੀਤੀ ਵਿੱਚ ਸਿੱਖਿਆ ਅਹਿਮ ਮੁੱਦਾ ਬਣਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਵਿਗੜ ਰਹੀ ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨ ਦਾ ਐਲਾਨ ਕੀਤਾ ਤਾਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿੱਖਿਆ ਲਈ ਬਹੁਤ ਕੰਮ ਕੀਤਾ ਹੈ। ਉਨ੍ਹਾਂ ਪਰਗਟ ਸਿੰਘ ਨੂੰ ਆਪਣੀ ਟੀਮ ਅਤੇ ਮੀਡੀਆ ਨਾਲ ਦਿੱਲੀ ਦੇ 5 ਸਰਕਾਰੀ ਸਕੂਲ ਅਤੇ ਫਿਰ ਪੰਜਾਬ ਦੇ 5 ਸਰਕਾਰੀ ਸਕੂਲ ਦੇਖਣ ਲਈ ਆਉਣ ਦਾ ਸੱਦਾ ਦਿੱਤਾ ਹੈ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਚੁਣੌਤੀ ਸਵੀਕਾਰ ਕਰਦਿਆਂ ਦਿੱਲੀ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਜਨਤਕ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨ ਲਈ ਕਿਹਾ ਤੇ ਦਿੱਲੀ ਦੇ ਸਿੱਖਿਆ ਮਾਡਲ ਬਨਾਮ ਪੰਜਾਬ ਦੇ ਸਿੱਖਿਆ ਮਾਡਲ ’ਤੇ ਬਹਿਸ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਦਿੱਲੀ ਦੇ 1000 ਸਰਕਾਰੀ ਸਕੂਲਾਂ ਦੀ ਸੂਚੀ ਵੀ ਜਾਰੀ ਕਰ ਸਕਦੇ ਹਾਂ ਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਵੀ ਆਉਣ ਅਤੇ ਦੇਖਣ ਲਈ ਸੱਦਾ ਦੇ ਸਕਦੇ ਹਾਂ, ਪਰ ਪਰਗਟ ਸਿੰਘ ਨੇ 250 ਸਕੂਲਾਂ ਦੀ ਸੂਚੀ ਮੰਗੀ ਹੈ, ਇਸ ਲਈ ਉਹ ਇਨ੍ਹਾਂ ਸਕੂਲਾਂ ਵਿੱਚ ਪਹਿਲਾਂ ਆਉਣ।’’ ਉਨ੍ਹਾਂ ਕਿਹਾ ਕਿ ਪਰਗਟ ਸਿੰਘ ਜਦੋਂ ਦੌਰੇ ’ਤੇ ਆਉਣ ਤਾਂ ਮੀਡੀਆ ਨੂੰ ਵੀ ਨਾਲ ਲਿਆਉਣ ਤਾਂ ਜੋ ਪੰਜਾਬ ਦੇ ਲੋਕ ਵੀ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤੇ ਮਿਆਰੀ ਸਿੱਖਿਆ ਦੇਖ ਸਕਣ।

ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਲਈ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜਿਆ ਗਿਆ ਹੈ ਤੇ ਸਕੂਲ ਮੁਖੀਆਂ ਨੂੰ ਸੰਸਥਾਵਾਂ ਤੋਂ ਲੀਡਰਸ਼ਿਪ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਦਾ 12ਵੀਂ ਬੋਰਡ ਦਾ ਨਤੀਜਾ 99.96% ਰਿਹਾ ਹੈ ਜਦੋਂਕਿ 70 ਬੱਚਿਆਂ ਨੇ ਜੇਈਈ ਐਡਵਾਂਸ ਪਾਸ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਮਐੱਸਪੀ ਮੁੱਦੇ ’ਤੇ ਪਾਰਲੀਮਾਨੀ ਕਮੇਟੀ ਬਣੇ: ਵਾਈਐੱਸਆਰਸੀ
Next articleਧਾਰਾ 370 ਰੱਦ ਹੋਣ ਨੂੰ ਜਾਇਜ਼ ਠਹਿਰਾਉਣ ਦੇ ਸਰਕਾਰੀ ਦਾਅਵੇ ਝੂਠੇ: ਉਮਰ