(ਸਮਾਜ ਵੀਕਲੀ)
ਬੁੱਧ ਚਿੰਤਨ 25.10.2021
ਮਨੁੱਖੀ ਜ਼ਿੰਦਗੀ ਦੇ ਵਿੱਚ ਕਿਰਤ ਦੀ ਲੁੱਟ ਸਦੀਆਂ ਤੋਂ ਹੋ ਰਹੀ ਹੈ। ਇਹ ਲੁੱਟਮਾਰ ਸਮੇਂ ਦਾ ਹਾਕਮ ਕਰਦਾ ਹੈ । ਮਨੁੱਖ ਦੀ ਹਾਕਮ ਅੱਗੇ ਕੋਈ ਪੇਸ਼ ਨਹੀਂ ਚੱਲਦੀ। ਸਾਡੇ ਘਰ ਵਿੱਚ ਏਕਤਾ ਨਹੀ। ਘਰਦੇ ਚਾਰ ਭਰਾਵਾਂ ਦੀ ਆਪਸ ਵਿੱਚ ਨਹੀਂ ਬਣਦੀ। ਚਾਰੇ ਹੀ ਚਾਰੇ ਦਿਸ਼ਾਵਾਂ ਦੇ ਵਾਂਗੂੰ ਇਕ ਦੂਜੇ ਉਲਟ ਵਗਦੇ ਹਨ। ਕਦੇ ਪੁਰਾ ਵਗਦਾ ਹੈ ਤੇ ਕਦੇ ਪੱਛੋ ਵਗਦੀ ਹੈ। ਪੁਰਾ ਜਦ ਵੀ ਵਗਦਾ ਹੈ ਤਾਂ ਹੁੰਮਸ ਪੈਦਾ ਕਰਦਾ ਹੈ।
“ਵਗੇ ਪੁਰਾ ਤੇ ਉਹ ਵੀ ਬੁਰਾ, ਬਾਹਣ ਹੱਥ ਛੁਰਾ, ਉਹ ਵੀ ਬੁਰਾ !” ਕਿੰਨੇ ਜਾਣਦੇ ਹਨ ਪੁਰੇ ਵਗਣ ਨਾਲ ਕਿਸਦੇ ਦਰਦ ਹੁੰਦਾ ? ਕੌਣ ਦੁੱਖ ਸਹਿੰਦਾ ਹੈ? ਦੁਸ਼ਮਣ ਨਾਲੋਂ, ਬੁੱਕਲ ਦਾ ਸੱਪ ਵੱਧ ਖਤਰਨਾਕ ਹੁੰਦਾ ਹੈ। ਬੰਦਾ ਜਦ ਵੀ ਮਰਦਾ ਬੇਗਾਨੇ ਹੱਥੋਂ ਨਹੀਂ, ਸਗੋਂ ਆਪਣਿਆਂ ਹੱਥੋਂ ਮਰਦਾ ਹੈ।
ਹੁਣ ਸਮੇਂ ਦੇ ਹਾਕਮ ਦੇ ਹੱਥ ਛੁਰਾ ਹੈ। ਉਹ ਸਾਨੂੰ ਹਲਾਲ ਕਰ ਰਿਹਾ ਹੈ। ਅਸੀਂ ਕੱਲੇ ਕੱਲੇ ਹਲਾਲ ਹੋ ਰਹੇ ਹਾਂ । ਅਸੀਂ ਏਕਤਾ ਦਾ ਬਲ ਭੁੱਲ ਗਏ ਹਾਂ ।
####
ਵਰਿਆਮ ਸੰਧੂ ਦੀ ਇਕ ਕਹਾਣੀ ਹੈ..” ਸਭ ਤੋ ਵੱਡੀ ਤੇ ਅਸਲੀ ਹੀਰ ” ਜਿਸਦੇ ਵਿੱਚ ਸਮੇਂ ਦਾ ਬਿਆਨ ਕੀਤਾ ਹੈ। ਹੁਣ ਤੁਸੀਂ ਪੁੱਛਣਾ ਹੈ ਕਿ ਕਹਾਣੀ ਕੀ ਹੈ ?
ਪੰਜਾਬ ਦੇ ਵਿੱਚ ਜਿੰਨੇ ਪਿੰਡ ਹਨ..ਓਨੀਆਂ ਹੀ ਪਾਰਟੀਆਂ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਪੰਜਾਬ ਦੀਆਂ ਮਾਲਕ ਸਮਝਦੀਆਂ ਹਨ। ਸਿਆਸੀ ਆਗੂ ਆਖਦੇ ਹਨ ਕਿ :
“ਅਸੀਂ ਹਾਂ ਅਸਲੀ ਤੇ ਲੋਕਾਂ ਦੇ ਵਾਰਿਸ ਤੇ ਸਾਡੀ ਹੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ .. ਤੁਸੀਂ, ਸਾਨੂੰ ਆਪਣਾ ਵੋਟ ਪਾਓ ਤੇ ਜਿਤਾਓ…!” ਜਿਵੇਂ ਹਰ ਵਿਭਾਗ ਦੇ ਦਰਜਨ ਜੱਥੇਬੰਦੀਆਂ ਹਨ। ਇਹਨਾਂ ਦੀ ਲੜ੍ਹਾਈ ਸਿਸਟਮ ਦੇ ਨਾਲ ਹੈ ਪਰ ਇਹ ਲੜ੍ਹਾਈ ਆਪਸ ਵਿੱਚ ਹੀ ਲੜਦੇ ਹਨ। ਏਕਤਾ ਵਿੱਚ ਬਲ ਭੁੱਲਗੇ।
ਹੀਰ ਵਾਰਿਸ ਸ਼ਾਹ ਦੀ ਹੀ ਮਸ਼ਹੂਰ ਹੈ। ਪਹਿਲੇ ਸਮਿਆਂ ਦੇ ਵਿੱਚ ਹੀਰ ਦੀ ਕਥਾ ਪਿੰਡਾਂ ਦੇ ਵਿੱਚ ਗਵਈਏ ਸੁਣਾਉਦੇ ਹੁੰਦੇ ਸੀ। ਪਾਕਿਸਤਾਨ ਦੇ ਵਿੱਚ ਹੀਰ ਤੇ ਰਾਂਝੇ ਦੀ ਕਬਰ ਉਤੇ ਸਵਾ ਮਹੀਨਾ ਉਹਦੀ ਕਥਾ ਚੱਲਦੀ ਹੈ। ਪਾਕਿਸਤਾਨੀ ਲੋਕ ਹੀਰ ਨੂੰ ” ਮਾਂ ਹੀਰ ” ਆਖਦੇ ਹਾਂ । ਅਸੀਂ ਹੀਰ ਨੂੰ ਕੀ ਆਖਦੇ ਹਾਂ ?
ਵਾਰਿਸ ਸ਼ਾਹ ਨੇ ਹੀਰ ਦੇ ਕਿੱਸੇ ਦੇ ਰਾਹੀ..ਜ਼ਮੀਨਾਂ ਵਾਲਿਆਂ ਤੇ ਗੈਰ ਜ਼ਮੀਨਾਂ ਵਾਲਿਆਂ ਦੀ ਜੰਗ ਨੂੰ ਸਮਾਜਿਕ, ਸੱਭਿਆਚਾਰ , ਧਾਰਮਿਕ ਤੇ ਮਨੋਵਿਗਿਆਨਕ ਪੱਖੋਂ ਪੇਸ਼ ਕਰਕੇ ਕਈ ਦਹਾਕੇ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸੀਂ ਹੀਰ ਨੂੰ ਇਸ਼ਕ ਮੁਸ਼ਕ ਦੇ ਗਲਾਫ ਦੇ ਵਿੱਚ ਲਪੇਟ ਕੇ ਜ਼ਹਿਰ ਬਣਾ ਦਿੱਤਾ । ਸਾਡੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਹੀਰ ਦੀ ਕਥਾ ਦੇ ਅਰਥ ਹੀ ਦੇਹ ਨਾਲ ਜੋੜ ਕੇ…ਹੀਰ ਦੀ ਕਥਾ ਦੇ ਅਰਬਾਂ ਦਾ ਅਨਰਥ ਕਰ ਦਿੱਤਾ । ਦੁਸ਼ਮਣ ਕੌਣ ਹੈ ?
ਹੁਣ ਵੀ ਜੰਗ ਜ਼ਮੀਨ ਦੀ ਹੈ। ਹੁਣ ਵੀ ਹਾਕਮ ਲੋਕਾਂ ਨੂੰ ਰਾਂਝੇ ਬਣਾਉਣ ਦੇ ਲਈ ਹਰ ਤਰ੍ਹਾਂ ਦੇ ਹਰਬੇ ਵਰਤ ਰਹੇ ਹਨ। ਅਸੀਂ ਬਹੁਗਿਣਤੀ ਤਾਂ ਮਿਰਜੇ ਵਾਂਗੂੰ ਵੱਢੇ ਜਾਂਦੇ ਹਾਂ !
ਅਸੀਂ ਆਪਣੀ ਵੱਡੀ ਅਕਲ ਦਾ ਮੁਜ਼ਾਹਰਾ ਕਰਦੇ ਹਾਂ ਤੇ ਜੰਡ ਹੇਠਾਂ ਵੱਢੇ ਜਾਂਦੇ ਹਾਂ । ਅਸੀਂ ਜੰਡ ਦੇ ਹੇਠਾਂ ਕਿਉ ਵੱਢੇ ਜਾਂਦੇ ਹਾਂ ?
ਸਾਨੂੰ ਹਾਕਮਾਂ ਨੇ ਤਾਕਤਹੀਣ ਕਿਵੇਂ ਕਰਿਆ ਹੈ ਤੇ ਕਿਵੇਂ ਉਨ੍ਹਾਂ ਨੇ ਪੰਜਾਬ ਚਰਿਆ ਹੈ…ਇਸ ਦਾ ਸੱਚ ਕਿਸੇ ਡਾਕਟਰ ਨੂੰ ਪੁੱਛੋ ਤੇ ਕਦੇ ਤੁਸੀਂ ਕਿਸੇ ਬੇਬੀ ਟਿਊਬ ਹਸਪਤਾਲ ਜਾ ਕੇ ਪਤਾ ਕਰੋ।
ਨੌਜਵਾਨਾਂ ਦੀ. ਹਾਲਤ ਕੀ ਹੈ ਜਿਵੇ ਕਈ ਬਹੁਤੇ ਤੱਤੇ ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਚਲਾ ਕੇ ਵਿਹਲੇ ਹੋ ਜਾਂਦੇ ਹਨ ਤੇ ਦੀਵਾਲੀ ਵਾਲੇ ਦਿਨ ਰੋਦੇ ਹਨ । ਫੇਰ ਉਹ ਦੀਵਾਲੀ ਨੂੰ ਰਾਣੋ, ਜੁਗਨੀ ਖਾਸਾ ਮੋਟਾ ਸੰਤਰਾ ਪੀ ਕੇ ਲਲਕਾਰੇ ਮਾਰਦੇ ਹਨ। ਪਰ ਉਨ੍ਹਾਂ ਨੂੰ ਸੁਣਦਾ ਕੋਈ ਨਹੀਂ ।
ਹੁਣ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕੇਂਦਰ ਸਰਕਾਰ ਦੀ ਸੰਘੀ ਵਿੱਚ ਜਾਨ ਆਈ ਹੋਈ ਹੈ। ਸਰਕਾਰ ਨਵੀਆਂ ਚਾਲਾਂ ਚੱਲ ਰਹੀ ਹੈ। ਉਹ ਕਿਸਾਨਾਂ ਦਾ ਅੰਦੋਲਨ ਤੋਂ ਧਿਆਨ ਹਟਾਉਣ ਦੇ ਲਈ ਕਦੇ ਦਿੱਲੀ ਧਰਨੇ ਵਿੱਚ ਤੇ ਕਦੇ ਯੂਪੀ ਦੇ ਵਿੱਚ ਵਾਰਦਾਤਾਂ ਕਰਵਾਉਂਦੀ ਹੈ। ਤੇ ਸਾਡੀਆਂ ਨਬਜ਼ਾਂ ਟੋਹ ਕੇ ਦੇਖਦੀ ਹੈ ਤੇ ਆਪਣੇ ਨੁਖਸੇ ਵਰਤਦੀ ਹੈ। ਅਸੀਂ ਵਰਤੇ ਜਾ ਰਹੇ ਹਾਂ । ਪੰਜਾਬ ਦਾ ਹਰ ਬੰਦਾ ਵਕੀਲ ਤੇ ਵੈਦ ਹੈ ਪਰ ਹੋਰਨਾਂ ਲਈ ਹੈ। ਆਪ ਉਹ ਆਪਣੇ ਇਲਾਜ ਲਈ ਡਾਕਟਰਾਂ ਤੇ ਕੋਰਟ ਕਚਹਿਰੀਆਂ ਵਿੱਚ ਧੱਕੇ ਖਾ ਰਿਹ ਹੁੰਦਾ ਤੇ ਦੂਜਿਆਂ ਨੂੰ ਨੁਖਸੇ ਦੱਸਦਾ ਹੁੰਦਾ । ਸਾਨੂੰ ਆਪਣੀ ਫਿਕਰ ਨਹੀਂ ਤੇ ਅਸੀਂ ਲੋਕਾਂ ਦੇ ਮਸਲਿਆਂ ਦੇ ਹਲ ਲਈ ਕੀ ਲੜਾਈ ਲੜਦੇ ਸਭ ਦੇ ਸਾਹਮਣੇ ਹੀ ਹੈ..ਖੈਰ ਪ੍ਰੋ. ਪੂਰਨ ਸਿੰਘ ਆਖਦਾ ਹੈ ਕਿ:
” ਪੰਜਾਬ , ਵਸਦਾ ਹੈ ਗੁਰਾਂ ਦੇ ਨਾਂ ‘ ਤੇ !”
###
ਹੁਣ ਲੜ੍ਹਾਈ ਮਨੁੱਖੀ ਹੋਦ ਨੂੰ ਬਚਾਉਣ ਦੀ ਹੈ। ਅਸੀਂ ਗੁਲਾਮੀ ਦੀਆਂ ਜੰਜ਼ੀਰਾਂ ਗਲ ਵਿੱਚ ਪੈਣ ਤੋਂ ਬਚਣ ਲਈ ਤੁਰੇ ਸੀ… ਪਰ ਅਸੀਂ ਆਪਣਿਆਂ ਦੇ ਨਾਲ ਲੜ ਪਏ ਹਾਂ । ਸਾਡੀ ਲੜ੍ਹਾਈ ਦੋ ਬਿੱਲੀਆਂ ਵਾਲੀ ਕਹਾਣੀ ਵਰਗੀ ਬਣਾ ਦਿੱਤੀ ਹੈ। ਮੁਨਸਫ … ਬਾਂਦਰ ਹੈ ਤੇ ਉਸਦੇ ਹੱਥ ਰੋਟੀ ਹੀ ਨਹੀਂ, ਸਗੋਂ ਅਸੀਂ ਦਾਹੜੀ ਤੇ ਜੂੜਾ ਵੀ ਫੜਾ ਬੈਠੇ ਹਾਂ । ਇਨਸਾਫ਼ ਮੰਗਦੇ ਹਾਂ !
ਭਲਾ ਦੱਸੋ ਜਦ ਬੇਗਾਨੇ ਹੱਥ ਦਾਹੜੀ ਹੋਵੇ..ਫੇਰ ਵਾਲ ਵਾਲ ਹੋਣੋ ਕੌਣ ਰੋਕੇਗਾ? ਕਦੇ ਸੋਚਿਆ ਹੈ ਕਿ ਇਹ ਕੀ ਹੋ ਰਿਹਾ ਹੈ?
ਹੁਣ ਮਸਲਾ ਨਾ ਜੱਟ ਦਾ ਤੇ ਨਾ ਸੀਰੀ ਦਾ ਹੈ.ਹੁਣ.ਮਸਲਾ ਤਾਂ ਹੋਦ ਨੂੰ ਬਚਾਉਣ ਦਾ ਹੈ। ਪਰ ਬਚੇਗੀ ਕਿਵੇਂ ਹੋਦ ?
ਜਦ ਵੀ ਗੱਲ ਕਿਸੇ ਕਿਨਾਰੇ ਲੱਗਣ ਦਾ ਮਾਹੌਲ ਬਣਦਾ ਹੈ, ਦੁਸ਼ਮਣ ਕੋਈ ਨਵੀਂ ਚੱਲ ਦੇਦਾ ਹੈ। ਅਸੀਂ ਦੁਸ਼ਮਣ ਵੱਲੋਂ ਮੁੱਖ ਮੋੜ ਕੇ , ਜਦੇ ਹੀ ਇਕ ਦੂਜੇ ਵੱਲ ਤੋਪਾਂ ਤਾਣ ਲੈਦੇ ਹਾਂ । ਸਾਡੇ ਅੰਦਰੋਂ ਦੁੱਲੇ ਭੱਟੀ ਦੀ ਰੂਹ ਗਾਇਬ ਹੈ । ਸਾਨੂੰ ਨਾ ਵਿਰਸਾ ਚੇਤੇ ਹੈ ਤੇ ਨਾ ਵਿਰਾਸਤ । ਅਸੀਂ ਤਾਂ ਪਾਸਪੋਰਟ ਬਣਾ ਕੇ ਮਾਲਕ ਤੋਂ ਮਜ਼ਦੂਰ ਬਨਣ ਲਈ ਵਿਦੇ ਜਾ ਰਹੇ ਹਾਂ । ਸਾਨੂੰ ਮਾਲਕ ਤੇ ਨੌਕਰ ਦਾ ਅੰਤਰ ਭੁੱਲ ਗਿਆ ਹੈ। ਅਸੀਂ ਅਰਦਾਸ ਕਿਵੇਂ ਤੇ ਕਿਸ ਦੇ ਅੱਗੇ ਕਰਨੀ ਸਾਨੂੰ ਪਤਾ ਨਹੀਂ ।ਅਰਦਾਸ ਕਰਨ ਵੇਲੇ ਸਾਡਾ ਤੇ ਤਨ ਵੀ ਨਾਲ ਨਹੀਂ ਹੁੰਦਾ ਜਦ ਅਸੀਂ ਅਰਦਾਸ ਕਰਦੇ ਹਾਂ…ਸੋਚ ਤੇ ਤਨ ਇਕ ਥਾਂ ਨਹੀ ਹੁੰਦੇ । ਸਾਡੀ ਸੋਚ ਵੀ ਨਾਲ ਨਹੀਂ ਹੁੰਦੀ । ਇਸੇ ਕਰਕੇ ਸਾਡੀ ਅਰਦਾਸ ਪੂਰੀ ਨਹੀਂ । ਬਿਰਥੀ ਜਾਏ ਨਾ ਜਨ ਕੀ ਅਰਦਾਸ। ਸਾਨੂੰ ਜਨ ਭੁੱਲ ਗਿਆ । ਅਸੀਂ ਤਾਂ ਹਵਾਵਾਂ ਦੇ ਰੁਖ ਨਹੀਂ ਪਛਾਣ ਦੇ ਤੇ ਦੁਸ਼ਮਣ ਦੀ ਚਾਲ ਕੀ ਪਛਾਣਾਂਗੇ?
ਕੁਲਵੰਤ ਨੀਲੋਂ ਦਾ ਇਕ ਸ਼ੇਅਰ ਚੇਤੇ ਆਇਆ ਹੈ :
” ਮੈਂ , ਆਪਣਿਆਂ ਦਾ ਪੱਟਿਆ, ਅਜੇ ਤੱਕ ਤਾਪ ਨਹੀਂ ਆਇਆ ,
ਮੇਰੇ ਦੁਸ਼ਮਣ ਵੀ,ਜੇ ਇਹਨਾਂ ਦੇ ਨਾਲ ਰਲ ਜਾਂਦੇ ,ਤਾਂ ਕੀ ਬਣਦਾ ?”
ਸਮਝਦਾਰ ਨੂੰ ਇਸ਼ਾਰਾ ਹੁੰਦਾ । ਸਾਡੀ ਲੋਕ ਬੋਲੀ ਹੈ :
” ਜੀਹਨੇ, ਅੱਖ ਦੀ ਰਮਜ਼ ਨਾ ਜਾਣੀ,
ਗੋਲੀ ਮਾਰ ਆਸ਼ਕ ਦੇ !””
ਹੁਣ ਜਦ ਤੱਕ ਅਸੀਂ ਆਪੋ ਆਪਣੀ ” ਮੈਂ ” ਦੇ ਖੋਲ ਦੇ ਵਿੱਚੋ ਬਾਹਰ ਨਹੀਂ ਨਿਕਲਦੇ ਤੇ ” ਤੂੰ ਹੀ ਤੂੰ ” ਨਹੀਂ ਕਰਦੇ ਅਸੀਂ ਤੂੰਬਾ ਤੂੰਬਾ ਹੋ ਪਿੰਜੇ ਜਾਵਾਂ ਗੇ। ਹੁਣ ਦੇਖਣਾ ਇਹ ਹੈ ਕਿ ਅਸੀਂ ਕੱਲਿਆਂ ਮਰਨਾ ਹੈ ਜਾਂ ਰਲ ਕੇ ਦੁਸ਼ਮਣ ਭਜਾਉਣਾ ਹੈ?
ਕੁੱਝ ਕੁ ਤਾਂ ਕੰਧਾਂ ਦੀਆਂ ਵਲਗਣਾਂ ਟੱਪਗੇ ਪਰ ਬਹੁਗਿਣਤੀ ਕਮਰਿਆ਼ ਦੇ ਵਿੱਚ ਬੈਠੇ ਹਨ।
ਅਸੀਂ ਕਦ ਜੁੜ ਕੇ ਤੁਰਾਂਗੇ…?
ਅਸੀਂ ਕਦ ਤੱਕ ਕੱਲੇ ਕੱਲੇ ਮਰਦੇ ਰਹਾਂਗੇ ?
ਬੁੱਧ ਸਿੰਘ ਨੀਲੋੱ
94643 70823