ਰੋਪੜ ਤੋਂ ਜਾ ਰਹੀ ਸਰਹੰਦ ਨਹਿਰ ਨੂੰ ਪੱਕਾ ਕਰਨ ਦੇ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਮੋਰਚਾ ਲਾਉਣ ਦੀ ਤਿਆਰੀ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਰੋਪੜ ਤੋਂ ਦੋਰਾਹਾ ਜਾਣ ਵਾਲੀ ਸਰਹੰਦ ਨਹਿਰ ਨੂੰ ਪੰਜਾਬ ਸਰਕਾਰ ਵੱਲੋਂ ਪੱਕਿਆਂ ਕਰਨ ਦਾ ਕੰਮ ਸ਼ੁਰੂ ਕਰਨ ਦੀਆਂ ਖਬਰਾਂ ਆਈਆਂ ਹਨ। ਅੱਜ  ਵੱਖ-ਵੱਖ ਕਿਸਾਨ ਜਥੇਬੰਦੀਆਂ ਰਾਜਨੀਤਿਕ ਆਗੂਆਂ ਤੇ ਆਮ ਲੋਕਾਂ ਨੇ ਇਸ ਨਹਿਰ ਨੂੰ ਪੱਕਿਆਂ ਕਰਨ ਦਾ ਵਿਰੋਧ ਕੀਤਾ ਹੈ। ਕਿਸਾਨ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਗੜੀ ਪੁੱਲ ਦੇ ਉੱਪਰ ਹੋਈ ਅੱਜ ਕਿਸਾਨ ਯੂਨੀਅਨਾਂ ਰਾਜਨੀਤਿਕ ਆਗੂਆਂ ਅਤੇ ਲੋਕਾਂ ਨੇ ਇਸ ਦਾ ਡੱਟਵਾਂ ਵਿਰੋਧ ਕਰਦਿਆਂ ਕੰਮ ਨੂੰ ਬੰਦ ਕਰਵਾਉਣ ਲਈ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ।  ਸਰਹਿੰਦ ਨਹਿਰ ਕਿਨਾਰੇ ਪਿੰਡ ਗੜ੍ਹੀ ਵਿਖੇ ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਇਲਾਵਾ ਲੋਕਾਂ ਦਾ ਵੱਡਾ ਇਕੱਠ ਹੋਇਆ। ਇਕੱਤਰ ਹੋਏ ਆਗੂਆਂ ਤੇ ਲੋਕਾਂ ਦਾ ਕਹਿਣਾ ਹੈ ਜੇਕਰ ਸਰਹਿੰਦ ਨਹਿਰ ਪੱਕੀ ਕਰ ਦਿੱਤੀ ਗਈ ਤਾਂ ਪਾਣੀ ਦਾ ਪੱਧਰ ਹੇਠਾਂ ਚਲਾ ਜਾਵੇਗਾ ਅਤੇ ਹਜ਼ਾਰਾਂ ਏਕੜ ਜ਼ਮੀਨ ਬੰਜ਼ਰ ਹੋਣ ਵੱਲ ਵਧੇਗੀ। ਕਿਸਾਨਾਂ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤਾਂ ਪਹਿਲਾਂ ਹੀ ਹੇਠਾਂ ਡਿੱਗਦਾ ਜਾ ਰਿਹਾ ਹੈ ਅਤੇ ਜੇਕਰ ਸਰਕਾਰਾਂ ਨੇ ਇਹ ਨਹਿਰਾਂ ਪੱਕੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਹ ਹੋਰ ਡਿੱਗ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਫ਼ਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਇੱਕਜੁਟ ਹੋ ਕੇ ਸਰਹਿੰਦ ਨਹਿਰ ਨੂੰ ਪੱਕੀ ਕਰਨ ਦਾ ਕੰਮ ਬੰਦ ਕਰਵਾਉਣਾ ਬਹੁਤ ਜ਼ਰੂਰੀ ਹੈ। ਅੱਜ ਸਾਰੀਆਂ ਕਿਸਾਨ ਯੂਨੀਅਨਾਂ ਨੇ ਫ਼ੈਸਲਾ ਲਿਆ ਕਿ ਪਹਿਲਾਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮਿਲ ਕੇ ਸਰਹਿੰਦ ਨਹਿਰ ਪੱਕੀ ਕਰਵਾਉਣ ਦਾ ਕੰਮ ਬੰਦ ਕਰਵਾਉਣ ਸਬੰਧੀ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 3 ਜਨਵਰੀ ਨੂੰ ਸਵੇਰੇ 10 ਵਜੇ ਪਿੰਡਾਂ ਦੇ ਲੋਕ ਅਤੇ ਕਿਸਾਨ ਯੂਨੀਅਨਾਂ ਸਰਹਿੰਦ ਨਹਿਰ ਦੇ ਗੜ੍ਹੀ ਪੁਲ ’ਤੇ ਇਕੱਤਰ ਹੋਣਗੀਆਂ ਅਤੇ ਇੱਥੇ ਪੱਕਾ ਕਿਸਾਨ ਮੋਰਚਾ ਲਗਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਪ੍ਰਸਾਸ਼ਨ ਸਰਹਿੰਦ ਨਹਿਰ ਨੂੰ ਪੱਕੀ ਕਰਨ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਨਹੀਂ ਕਰਵਾ ਦਿੰਦਾ। ਕਿਸਾਨ ਆਗੂਆਂ ਨੇ ਕਿਹਾ ਕਿ ਸੜਕ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ, ਉਸ ਬਾਰੇ ਭਲੀਭਾਂਤ ਜਾਣੂੰ ਹਾਂ ਪਰ ਆਪਣੀਆਂ ਬੰਜਰ ਹੋਣ ਜਾ ਰਹੀਆਂ ਜ਼ਮੀਨਾਂ ਨੂੰ ਬਚਾਉਣ ਲਈ ਇਸ ਪੱਕੀ ਹੋ ਰਹੀ ਸਰਹਿੰਦ ਨਹਿਰ ਦੇ ਕੰਮ ਨੂੰ ਰੋਕਣ ਲਈ ਅਜਿਹੇ ਮੋਰਚੇ ਜ਼ਰੂਰੀ ਹਨ। ਇਸ ਤੋਂ ਇਲਾਵਾ ਰੋਪੜ ਤੋਂ ਲੈ ਕੇ ਦੋਰਾਹਾ ਤੱਕ ਸਰਹਿੰਦ ਨਹਿਰ ਕਿਨਾਰੇ ਪਿੰਡਾਂ ਦੇ ਲੋਕਾਂ ਨੂੰ ਸੁਨੇਹੇ ਲਗਾ ਕੇ ਇੱਕ ਵੱਡਾ ਕਿਸਾਨ ਮੋਰਚਾ ਬਣਾਉਣ ਲਈ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੋਰਚੇ ‘ਚ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ਮੂਲੀਅਤ ਕਰ ਸਕਦੇ ਹਨ ਅਤੇ ਸਰਹਿੰਦ ਨਹਿਰ ਨੂੰ ਪੱਕੀ ਕਰਨ ਤੋਂ ਰੋਕਣ ਲਈ ਉਨ੍ਹਾਂ ਦਾ ਸਾਥ ਵੀ ਸਾਡੇ ਲਈ ਅਹਿਮ ਹੋਵੇਗਾ।  ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਇਹ ਅਣਮਿੱਥੇ ਸਮੇਂ ਲਈ ਲਗਾਏ ਜਾ ਰਹੇ ਕਿਸਾਨ ਮੋਰਚੇ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਮੇਹਲੋਂ, ਸੁਖਵਿੰਦਰ ਸਿੰਘ ਭੱਟੀਆਂ, ਹਰਦੀਪ ਸਿੰਘ ਗਿਆਸਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਅਮਰਜੀਤ ਬਾਲਿਓਂ, ਹਰਜਿੰਦਰ ਸਿੰਘ ਟੋਡਰਪੁਰ, ਗੁਰਦੀਪ ਸਿੰਘ ਮਿਲਕੋਵਾਲ, ਮਨਜੀਤ ਸਿੰਘ ਪਵਾਤ, ਕਰਮਜੀਤ ਸਿੰਘ  ਅਢਿਆਣਾ, ਕਰਮਜੀਤ ਸਿੰਘ ਮਾਂਗਟ, ਬਾਬਾ ਹਰਬੰਤ ਸਿੰਘ, ਅਵਤਾਰ ਸਿੰਘ ਸ਼ੇਰੀਆਂ, ਜੋਗਿੰਦਰ ਸਿੰਘ ਸੇਹ, ਮਨਰਾਜ ਸਿੰਘ ਲੁਬਾਣਗੜ੍ਹ, ਮੇਜਰ ਸਿੰਘ ਲੰਬੜਦਾਰ ਤੱਖਰਾਂ, ਰਵਿੰਦਰ ਸਿੰਘ ਤੱਖਰਾਂ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਹੱਕ-ਸੱਚ ਦੀ ਲੜਾਈ”
Next articleਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਪ੍ਰਧਾਨ ਨੇ ਦਿੱਤੀ ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ ਨੂੰ ਆਈ ਏ ਐਸ ਬਣਨ ਤੇ ਵਧਾਈ