ਸੁਰਜੀਤ ਸਿੰਘ ਫਲੋਰਾ


(ਸਮਾਜ ਵੀਕਲੀ) ਕੈਨੇਡਾ ਨੂੰ ਵੰਨ-ਸੁਵੰਨਤਾ ਭਰਪੂਰ ਅਤੇ ਸਹਿਣਸ਼ੀਲ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਕੈਨੇਡਾ ਇੱਕ ਅਜਿਹਾ ਦੇਸ਼ ਹੈ ਜਿਸ ’ਤੇ ਅਸੀਂ ਸਾਰੇ ਮਾਣ ਕਰ ਸਕਦੇ ਹਾਂ ਜਿੱਥੇ ਹਰ ਇੱਕ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇੱਥੇ ਇਤਾਲਵੀ, ਤਾਮਿਲ, ਕਾਲੇ, ਯਹੂਦੀ ਅਤੇ ਏਸ਼ੀਆਈ ਵਿਰਾਸਤ ਦੇ ਮਹੀਨਿਆਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਇਹ ਮਹੀਨੇ ਸਾਨੂੰ ਵਿਸ਼ੇਸ਼ ਸੱਭਿਆਚਾਰਕ ਵਿਰਾਸਤ ਨੂੰ ਪਛਾਣਨ, ਸਤਿਕਾਰ ਕਰਨ ਅਤੇ ਯਾਦ ਰੱਖਣ ਵਿੱਚ ਮਦਦ ਕਰਦੇ ਹਨ। ਸਾਡੀਆਂ ਸਾਰਿਆਂ ਦੀਆਂ ਕਦਰਾਂ-ਕੀਮਤਾਂ, ਸਿਧਾਂਤਾਂ ਅਤੇ ਆਦਰਸ਼ਾਂ ਨੂੰ ਇਕਜੁੱਟ ਕਰਨਾ ਕੈਨੇਡੀਅਨਾਂ ਲਈ ਇੱਕ ਸਾਂਝਾ ਵਿਸ਼ਾ ਹੈ।
ਅਪਰੈਲ ਦਾ ਮਹੀਨਾ ਕੈਨੇਡਾ ਦੀ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਵਿਰਾਸਤ ਵਿੱਚ ਸਿੱਖ ਭਾਈਚਾਰੇ ਵੱਲੋਂ ਕੀਤੇ ਗਏ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਅਤੇ ਇਸ ’ਤੇ ਜ਼ੋਰ ਦਿੰਦਾ ਹੈ। ਕੈਨੇਡਾ ਵਿੱਚ 500,000 ਤੋਂ ਵੱਧ ਸਿੱਖ ਰਹਿੰਦੇ ਹਨ ਜੋ ਇੱਥੋਂ ਦੇ ਵੱਖ ਵੱਖ ਖੇਤਰਾਂ ਵਿੱਚ ਸਰਗਰਮ ਹਨ। ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਪ੍ਰਾਪਤੀਆਂ ਰਾਹੀਂ ਕੈਨੇਡਾ ਵਿੱਚ ਯੋਗਦਾਨ ਪਾਉਣਾ ਸ਼ੁਰੂ ਕੀਤਾ ਅਤੇ ਕੈਨੇਡਾ ਦੀ ਵਿਭਿੰਨਤਾ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ। ਸਿੱਖ ਧਰਮ ਦੇ ਮੂਲ ਸਿਧਾਂਤਾਂ ਵਿੱਚ ਉਦਾਰਤਾ, ਸਮਾਨਤਾ, ਆਪਣਾਪਨ ਅਤੇ ਦਇਆ ਸ਼ਾਮਲ ਹਨ। ਸਿੱਖ ਵਿਰਾਸਤੀ ਮਹੀਨਾ ਸਮਾਵੇਸ਼ੀ ਕੈਨੇਡਾ ਦੇ ਨਿਰਮਾਣ ਵਿੱਚ ਸਿੱਖ ਭਾਈਚਾਰੇ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਬਾਰੇ ਸੋਚਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਦਾ ਸਿਹਰਾ ਪੰਜਾਬੀ ਮੂਲ ਦੇ ਗੁਰਬਖਸ਼ ਮੱਲ੍ਹੀ ਨੂੰ ਜਾਂਦਾ ਹੈ ਜਿਨ੍ਹਾਂ ਨੂੰ ਕੈਨੇਡਾ ਵਿੱਚ ਪਹਿਲੇ ਪਗੜੀਧਾਰੀ ਸਿੱਖ ਐੱਮ.ਪੀ. ਹੋਣ ਦਾ ਮਾਣ ਹਾਸਲ ਹੈ। ਉਹ 1993 ਵਿੱਚ ਪਹਿਲੀ ਵਾਰ ਐੱਮ.ਪੀ. ਚੁਣੇ ਗਏ ਸਨ ਅਤੇ 6 ਵਾਰ ਲਗਾਤਾਰ ਐੱਮ.ਪੀ. ਰਹੇ।
ਇਸ ਉਪਰੰਤ ਸਮੇਂ ਦੇ ਨਾਲ ਹਰਜੀਤ ਸਿੰਘ ਸੱਜਣ, ਰਣਦੀਪ ਸਿੰਘ ਸਰਾਏ ਅਤੇ ਸੁੱਖ ਨਵਦੀਪ ਸਿੰਘ ਬੈਂਸ, ਗਗਨ ਸਿਕੰਦ, ਰਾਮੇਸ਼ਵਰ ਸਿੰਘ ਸੰਘਾ, ਮਨਿੰਦਰ ਸਿੰਘ ਸਿੱਧੂ, ਕਮਲ ਖਹਿਰਾ, ਰੂਬੀ ਸਹੋਤਾ, ਸੋਨੀਆ ਸਿੱਧੂ, ਬਰਦੀਸ਼ ਚੱਗਰ ਅਤੇ ਰਾਜ ਸੈਣੀ ਅਤੇ ਕਿਊਬਿਕ ਤੋਂ ਅੰਜੂ ਢਿੱਲੋਂ, ਟਿਮ ਉੱਪਲ, ਇਸੇ ਤਰ੍ਹਾਂ ਪ੍ਰਭਮੀਤ ਸਰਕਾਰੀਆ, ਪਰਮ ਗਿੱਲ, ਅਮਰਜੋਤ ਸੰਧੂ ਨੀਨਾ ਟਾਂਗੜੀ, ਤੇ ਕਈ ਹੋਰ ਸਿੱਖਾਂ ਨੇ ਕੈਨੇਡੀਅਨ ਸਿਆਸਤ ਵਿੱਚ ਆਪਣੀ ਥਾਂ ਬਣਾਈ ਹੈ। ਕੈਨੇਡਾ ਦੀ ਐੱਨ.ਡੀ.ਪੀ. ਪਾਰਟੀ ਦੇ ਨੇਤਾ ਵੀ ਗੁਰਸਿੱਖ ਜਗਮੀਤ ਸਿੰਘ ਹਨ।
ਸਿੱਖ ਵਿਰਾਸਤੀ ਮਹੀਨਾ ਆਰੰਭ ਹੋਣ ਦੇ ਨਾਲ ਹੀ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਅਪ੍ਰੈਲ ਮਹੀਨੇ ਦੇ ਕੈਨੇਡਾ ਭਰ ਵਿਚ ਚੱਲਣ ਵਾਲੇ ਸਮਾਗਮਾਂ ਦਾ ਰਸਮੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਭਿਆਚਾਰਕ ਵੰਨ-ਸੁਵੰਨਤਾ ਕੈਨੇਡਾ ਨੂੰ ਬੇਹੱਦ ਮਜ਼ਬੂਤ ਬਣਾਉਂਦੀ ਹੈ ਅਤੇ ਸਿੱਖ ਧਰਮ ਵਿਚ ਨਿਸ਼ਕਾਮ ਸੇਵਾ ਦਾ ਸਿਧਾਂਤ ਸਾਡੀਆਂ ਕਮਿਊਨਿਟੀਜ਼ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ। ਭਾਰਤ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਕੈਨੇਡਾ ਵਿਚ ਹੈ ਅਤੇ ਮੁਲਕ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਸਿੱਖ ਭਾਈਚਾਰੇ ਵੱਲੋਂ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਗਵਰਨਰ ਜਨਰਲ ਵੱਲੋਂ ਮੁਲਕ ਦੇ ਹਰ ਵਸਨੀਕ ਨੂੰ ਸਿੱਖ ਵਿਰਾਸਤੀ ਮਹੀਨੇ ਦੇ ਸਮਾਗਮਾਂ ਵਿਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਹੈ।
ਇਸੇ ਤਰ੍ਹਾਂ ਪੰਜਾਬੀਆਂ ਦੇ ਮਿੰਨੀ ਪੰਜਾਬ ਬਰੈਂਪਟਨ ਸ਼ਹਿਰ ਵਲੋਂ 24 ਅਪ੍ਰੈਲ ਨੂੰ ਡਿਪਟੀ ਮੇਅਰ ਹਰਕੀਰਤ ਸਿੰਘ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਅਤੇ ਨਵਜੀਤ ਕੌਰ ਬਰਾੜ ਵਲੋਂ ਸਿਟੀ ਨਾਲ ਮਿਲ ਕੇ ਲੰਗਰ ਸੇਵਾ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਵਿਚ ਕੈਨੇਡੀਅਨ ਭਾਈਚਾਰੇ ਨੂੰ ਸਿੱਖ ਵਿਰਸਾਤ ਅਤੇ ਖਾਲਸੇ ਦੀ ਮਹੱਤਤਾ ਬਾਰੇ ਦਰਸਾਇਆ ਜਾਵੇਗਾ, ਤੇ ਸਾਡੇ ਸਿੱਖ ਕੈਨੇਡੀਅਨ ਜਨਮੇਂ ਬੱਚਿਆਂ ਨੂੰ ਸਿੱਖੀ ਸਿਧਾਤਾਂ ਤੇ ਸਿੱਖ ਧਰਮ ਵਾਰੇ ਜਾਣਕਾਰੀ ਸਾਂਝਿਆਂ ਕੀਤੀ ਜਾਵੇਗੀ। ਜਿਸ ਲਈ ਇਹਨਾਂ ਕੌਸਲਰਾਂ ਦੀ ਸ਼ਲਾਘਾ ਕਰਨੀ ਬਣਦੀ ਹੈ।
ਇਸੇੁ ਤਰ੍ਹਾਂ ਉਕਵਿਲ ਸ਼ਹਿਰ ਦੇ ਟਾਊਨ ਹਾਲ ਵਿਖੇ ਖਾਲਸਾਈ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ ਗਈ ਜਿਸ ਦੌਰਾਨ ਉਕਵਿਲ ਤੋਂ ਲਿਬਰਲ ਦੀ ਵਿਦਾਇਕ ਅਤੇ ਐਮ ਪੀ ਅਨੀਤਾ ਆਨੰਦ, ਬਰਲੰਿਗਟਨ ਤੋਂ ਐਮ.ਪੀ. ਕਰੀਨਾ ਗੂਲਡ ਅਤੇ ਕੈਲਗਰੀ ਤੋਂ ਐਮ.ਪੀ. ਜਸਰਾਜ ਸਿੰਘ ਹੱਲਣ ਖਾਸ ਤੌਰ ’ਤੇ ਸਮਾਗਮ ਵਿਚ ਹਾਜ਼ਰ ਹੋ ਕੇ ਕਿਹਾ ਕਿ ਸਿੱਖ ਇਤਿਹਾਸ, ਸਭਿਆਚਾਰ ਅਤੇ ਰਵਾਇਤਾਂ ਤੋਂ ਦੁਨੀਆਂ ਨੂੰ ਜਾਣੂ ਕਰਵਾਉਣ ਦਾ ਇਹ ਬਿਹਤਰੀਨ ਮੌਕਾ ਹੈ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਮੇਸ਼ਾ ਨਿਸ਼ਕਾਮ ਸੇਵਾ ਲਈ ਯਤਨਸ਼ੀਲ ਰਹਿੰਦੀ ਹੈ। ਸਿੱਖਾਂ ਵੱਲੋਂ ਕੈਨੇਡੀਅਨ ਸਿਆਸਤ, ਕਾਰੋਬਾਰ, ਕਲਾ, ਮੈਡੀਸਨ ਅਤੇ ਸਿੱਖਿਆ ਖੇਤਰ ਵਿਚ ਕੀਤੀਆਂ ਅਣਗਿਣਤ ਪ੍ਰਾਪਤੀਆਂ ਨੂੰ ਉਭਾਰਿਆ ਜਾਣਾ ਚਾਹੀਦਾ ਹੈ।
ਜਿਥੇ ਕਿ ਸਿੱਖ ਭਾਈਚਾਰਾ ਆਰਥਿਕ ਤਰੱਕੀ ਵਿੱਚ ਇੱਕ ਵੱਡਾ ਹਿੱਸਾ ਪੇਸ਼ ਕਰਦਾ ਹੈ। ਇਹਨਾਂ ਵਿੱਚ ਖੇਤੀਬਾੜੀ, ਟਰੱਕਿੰਗ, ਉਦਯੋਗ, ਅਤੇ ਕਾਰੋਬਾਰ ਮੁੱਖ ਸੈਕਟਰ ਹਨ, ਜਿੱਥੇ ਸਿੱਖ ਮਿਹਨਤ ਕਰ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਵਿੱਚ ਸਿੱਖ ਕਿਸਾਨ ਬਹੁਤ ਵੱਡੇ ਪੱਧਰ ‘ਤੇ ਖੇਤੀਬਾੜੀ ਕਰਦੇ ਹਨ, ਜਿਸ ਨਾਲ ਕੈਨੇਡਾ ਦੀ ਖੇਤੀ ਆਧੁਨਿਕ ਬਣੀ ਹੈ।
ਟਰੱਕਿੰਗ ਉਦਯੋਗ ਵਿੱਚ, ਸਿੱਖ ਚਾਲਕਾਂ ਅਤੇ ਉੱਦਮੀ ਕਾਰੋਬਾਰੀ ਧੱਕੇਸ਼ਾਹੀ ਨਾਲ ਅੱਗੇ ਵਧ ਰਹੇ ਹਨ। ਆਮ ਮੰਨਿਆ ਜਾਂਦਾ ਹੈ ਕਿ ਕੈਨੇਡਾ ਦੀ ਲਾਜਿਸਟਿਕ ਅਤੇ ਆਵਾਜਾਈ ਉਦਯੋਗ ਵਿੱਚ ਸਿੱਖ ਭਾਈਚਾਰੇ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ।
ਸਮਾਜਿਕ ਅਤੇ ਰਾਜਨੀਤਿਕ ਯੋਗਦਾਨ ਸਿੱਖਾਂ ਨੇ ਕੈਨੇਡਾ ਦੀ ਰਾਜਨੀਤੀ ਵਿੱਚ ਵੀ ਆਪਣਾ ਨਾਂ ਬਣਾਇਆ ਹੈ। 2019 ਵਿੱਚ, ਜਗਮੀਤ ਸਿੰਘ ਕੈਨੇਡਾ ਵਿੱਚ ਕਿਸੇ ਮਹਾਨ ਫੈਡਰਲ ਪਾਰਟੀ ਦੇ ਪਹਿਲੇ ਸਿੱਖ ਨੇਤਾ ਬਣੇ। ਉਨ੍ਹਾਂ ਦੀ ਕਮਾਈ ਸਿਰਫ਼ ਸਿੱਖ ਭਾਈਚਾਰੇ ਲਈ ਹੀ ਨਹੀਂ, ਸਗੋਂ ਸਮੂਹ ਕੈਨੇਡਾ ਲਈ ਇੱਕ ਮਹੱਤਵਪੂਰਨ ਵਾਧੂ ਪ੍ਰਾਪਤੀ ਸੀ।
ਕੈਨੇਡਾ ਸਰਕਾਰ ਵੱਲੋਂ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨ ਕੇ ਕੈਨੇਡੀਅਨ ਸਿੱਖਾਂ ਵੱਲੋਂ ਦੇਸ਼ ਦੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਖੇਤਰ ਵਿੱਚ ਪਾਏ ਗਏ ਯੋਗਦਾਨ ਨੂੰ ਮਾਨਤਾ ਦੇਣਾ ਹੈ। ਸਿੱਖ ਹੈਰੀਟੇਜ ਮਹੀਨੇ ਨੂੰ ਪਹਿਲੀ ਵਾਰ ਉਨਟੈਰਿਊ ਵਿੱਚ 2013 ਵਿੱਚ ਮਾਨਤਾ ਦਿੱਤੀ ਗਈ ਸੀ, ਅਲਬਰਟਾ ਇਸ ਜਾਗਰੂਕਤਾ ਮਹੀਨੇ ਨੂੰ ਪੰਜ ਸਾਲਾਂ ਤੋਂ ਮਾਨਤਾ ਦੇ ਰਿਹਾ ਹੈ। 7 ਨਵੰਬਰ, 2018 ਨੂੰ ਫੈਡਰਲ ਪਾਰਲੀਮੈਂਟ ਨੇ ਹਰ ਸਾਲ ਅਪਰੈਲ ਵਿੱਚ ਰਾਸ਼ਟਰੀ ਪੱਧਰ ’ਤੇ ਸਿੱਖ ਵਿਰਾਸਤੀ ਮਹੀਨਾ ਮਨਾਉਣ ਲਈ ਵੋਟ ਕੀਤਾ ਸੀ।
ਕੈਨੇਡੀਅਨ ਚਾਰਟਰ ਆਫ਼ ਰਾਈਟਸ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਸਿੱਖ ਨੂੰ ਆਪਣੇ ਸਿਰ ’ਤੇ ਪੱਗ ਬੰਨ੍ਹਣ ਅਤੇ ਲੰਬੀ ਦਾੜ੍ਹੀ ਰੱਖਣ ਦਾ ਅਧਿਕਾਰ ਹੈ। ਇਹ ਹਰ ਸਿੱਖ ਨੂੰ ਆਪਣੇ ਸਰੀਰ ’ਤੇ ਪੰਜ ਕਕਾਰ ਪਹਿਨਣ ਦੀ ਇਜਾਜ਼ਤ ਦਿੰਦਾ ਹੈ।
ਕੈਨੇਡਾ ਵਿੱਚ ਸਿੱਖਾਂ ਦਾ ਸਫ਼ਰ ਆਸਾਨ ਨਹੀਂ ਰਿਹਾ। ਉਨ੍ਹਾਂ ਨੇ ਹਰ ਪੱਧਰ ’ਤੇ ਅਸਹਿਣਸ਼ੀਲਤਾ ਅਤੇ ਪੱਖਪਾਤ ਦਾ ਸਾਹਮਣਾ ਕੀਤਾ ਹੈ। ਇਨ੍ਹਾਂ ਚੁਣੌਤੀਆਂ ਨੇ ਸਿੱਖਾਂ ਨੂੰ ਕਈ ਵਾਰ ਅਣਉਚਿਤ ਕਿਰਤ ਕਾਨੂੰਨਾਂ ਕਾਰਨ ਦੂਜੇ ਦਰਜੇ ਦੇ ਨਾਗਰਿਕ ਬਣਾ ਦਿੱਤਾ ਸੀ। 1914 ਦੀ ਕੌਮਾਗਾਟਾਮਾਰੂ ਘਟਨਾ ਵਿੱਚ ਭਾਰਤ ਤੋਂ ਗਏ ਪਰਵਾਸੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ। ਜਿਸ ਵਿੱਚ ਕੁਝ ਲੋਕਾਂ ਦੀ ਮੌਤ ਵੀ ਹੋ ਗਈ ਸੀ, ਪਰ ਇਸ ਘਟਨਾ ਬਾਰੇ ਕੈਨੇਡਾ ਸਰਕਾਰ ਨੇ ਸਿੱਖ ਭਾਈਚਾਰੇ ਤੋਂ ਪਾਰਲੀਮੈਂਟ ਵਿੱਚ ਮੁਆਫ਼ੀ ਮੰਗ ਲਈ ਸੀ ਤੇ ਸਿੱਖਾਂ ਨੂੰ ਕੈਨੇਡਾ ਵਿੱਚ ਢੁਕਵਾਂ ਸਥਾਨ ਹੀ ਨਹੀਂ ਬਲਕਿ ਸਿੱਖ ਵਿਰਸੇ ਦੀ ਮਹਾਨਤਾ ਨੂੰ ਦਰਸਾਉਣ ਲਈ ਅਪਰੈਲ ਨੂੰ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਐਲਾਨ ਕੀਤਾ।
ਸਿੱਖ, 1947 ਵਿੱਚ ਸੰਘੀ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਕਰਨ ਵਿੱਚ ਸਫਲ ਹੋਏ। 1908 ਵਿੱਚ ਸਿੱਖ ਭਾਈਚਾਰੇ ਨੇ ਵੈਨਕੂਵਰ ਵਿੱਚ ਕੈਨੇਡਾ ਦਾ ਪਹਿਲਾ ਸਿੱਖ ਗੁਰੂਘਰ ਸਥਾਪਿਤ ਕੀਤਾ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਦਾ ਸਿੱਖ ਭਾਈਚਾਰਾ ਜਿੱਥੇ ਉੱਥੋਂ ਦੇ ਸਮਾਜਿਕ, ਸੱਭਿਆਚਾਰਕ, ਰਾਜਨਤੀਕ ਤੇ ਆਰਥਿਕ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ, ਉੱਥੇ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਵੀ ਪ੍ਰਫੁੱਲਿਤ ਕਰ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj