ਸਿੱਖ ਸੰਘਰਸ਼ ਕਰ ਸਕਦੇ ਹਨ, ਪਰ ਜਿੱਤ ਨਹੀਂ ਸਕਦੇ?

ਹਰਚਰਨ ਸਿੰਘ ਪ੍ਰਹਾਰ 

(ਸਮਾਜ ਵੀਕਲੀ)

‘ਛੋਟੇ ਹੁੰਦੇ ਸੁਣਦੇ ਸਾਂ ਕਿ ‘ਸਿੱਖ ਰਾਜ ਲੈ ਤਾਂ ਸਕਦੇ ਹਨ, ਪਰ ਰਾਜ ਕਰ ਨਹੀਂ ਸਕਦੇ।’ ਅਜਿਹੀ ਧਾਰਨਾ ਇਸ ਲਈ ਬਣੀ ਹੋਈ ਸੀ ਕਿ ਜਿਹੜਾ ਸਿੱਖ ਰਾਜ ਸਿੱਖਾਂ ਨੇ 100 ਸਾਲ ਸੰਘਰਸ਼ ਲੜ ਕੇ ਲਿਆ ਸੀ, ਉਸਨੂੰ ਮਹਾਰਾਜਾ ਰਣਜੀਤ ਸਿੰਘ ਨੇ ਪਰਿਵਾਰਕ ਰਾਜ ਬਣਾ ਲਿਆ ਸੀ। ਬੇਸ਼ਕ ਉਸਨੇ ਤਾਕਤ ਦੇ ਜ਼ੋਰ ਨਾਲ਼ ਅਤੇ ਸਿੱਖ ਫੌਜਾਂ ਨੂੰ ਰਾਜ ਦਰਬਾਰ ਤੋਂ ਦੂਰ ਰੱਖ ਕਿ ਡੋਗਰਿਆਂ ਤੇ ਚਾਪਲੂਸ, ਸਵਾਰਥੀ ਸਰਦਾਰਾਂ ਨਾਲ਼ 40 ਸਾਲ ਰਾਜ ਕਾਇਮ ਤਾਂ ਜ਼ਰੂਰ ਰੱਖਿਆ। ਪਰ ਮਹਾਰਾਜੇ ਦੀ ਮੌਤ ਦੇ 5-7 ਸਾਲਾਂ ਵਿੱਚ ਹੀ ਉਹ ਰਾਜ ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਿਆ।
ਡੋਗਰਿਆਂ, ਸਿੱਖ ਸਰਦਾਰਾਂ ਤੇ ਮਹਾਰਾਜੇ ਦੀ ਪਰਿਵਾਰ ਨੇ ਰਲ਼ ਕੇ ਇੱਕ ਦੂਜੇ ਖਿਲਾਫ ਜੋ ਕਤਲੋਗਾਰਤ ਮਚਾਈ, ਉਸਨੇ ਸਾਬਿਤ ਕਰ ਦਿੱਤਾ ਸੀ ਕਿ ਜੇ ਸਿੱਖੀ ਦੇ ਦਾਅਵੇਦਾਰਾਂ ਕੋਲ਼ ਕਦੇ ਤਾਕਤ ਆ ਜਾਵੇ ਤਾਂ ਉਹ ਕੀ ਕੁਝ ਕਰ ਸਕਦੇ ਹਨ। ਇਹ ਤਾਂ ਮਹਾਰਾਜੇ ਰਣਜੀਤ ਸਿੰਘ ਦੀ ਸਿਆਣਪ ਤੇ ਦੂਰਅੰਦੇਸ਼ੀ ਸੀ ਕਿ ਉਸਨੇ ਸਿੱਖ ਸਰਦਾਰਾਂ ਨੂੰ ਵਰਤ ਕੇ ਹਿੰਦੂਆਂ ਤੇ ਮੁਸਲਮਾਨਾਂ ਸਿਰ ‘ਤੇ ਰਾਜ ਕੀਤਾ। ਜੇ ਕਿਤੇ ਉਹ ਇਨ੍ਹਾਂ ਨੂੰ ਨਾਲ਼ ਰੱਖਦਾ ਤਾਂ 40 ਸਾਲ ਦੀ ਥਾਂ 4 ਸਾਲ ਵੀ ਰਾਜ ਨਹੀ ਚੱਲ ਸਕਦਾ ਸੀ। ਮੇਰੀ ਇਤਿਹਾਸਕਾਰ ਸਮਝ ਅਨੁਸਾਰ ਜੇ ਕੋਈ ਸਿੱਖਾਂ ਨੂੰ ਉਨ੍ਹਾਂ ਦੀ ਜਜ਼ਬਾਤੀ ਬਹਾਦਰੀ ਵਰਤ ਕੇ ਕੋਈ ਫ਼ਾਇਦਾ ਲੈ ਲਵੇ ਤਾਂ ਠੀਕ ਹੈ, ਆਪ ਸਿਰਫ ਜਜ਼ਬਾਤੀ ਹੋ ਕੇ ਲੜ ਮਰ ਸਕਦੇ ਹਨ, ਕੁਝ ਪ੍ਰਾਪਤ ਨਹੀਂ ਕਰ ਸਕਦੇ।
ਹੁਣ ਸਿੱਖਾਂ ਨਾਲ਼ ਇਹ ਵੀ ਜੁੜਦਾ ਜਾ ਰਿਹਾ ਹੈ ਕਿ ‘ਸਿੱਖ ਸੰਘਰਸ਼ ਕਰ ਤਾਂ ਸਕਦੇ ਹਨ, ਪਰ ਜਿੱਤ ਨਹੀਂ ਸਕਦੇ।’ ਮੇਰਾ ਮੰਨਣਾ ਹੈ ਕਿ ਭਾਵੇਂ ਕੋਈ ਵੀ ਸੰਘਰਸ਼ ਹੋਵੇ, ਜੇ ਸੰਘਰਸ਼ ਲੜਨ ਵਾਲਿਆਂ ਨੂੰ ਆਪਣੀ ਮੰਜ਼ਿਲ ਸਪੱਸ਼ਟ ਨਾ ਹੋਵੇ, ਆਪਣਾ ਦੁਸ਼ਮਣ ਸ਼ਪੱਸਟ ਨਾ ਹੋਵੇ ਜਾਂ ਦੋਸਤ ਤੇ ਦੁਸ਼ਮਣ ਦੀ ਪਛਾਣ ਨਾ ਹੋਵੇ ਅਤੇ ਸਭ ਤੋਂ ਵੱਡੀ ਗੱਲ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜਤਾ ਨਾ ਹੋਵੇ, ਕੋਈ ਸੰਘਰਸ਼ ਜਿੱਤਿਆ ਨਹੀਂ ਜਾ ਸਕਦਾ।
ਬਹੁ-ਗਿਣਤੀ ਸਿੱਖ ਸਮਾਜ ਦੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਕਿ ਉਹ 21ਵੀਂ ਸਦੀ ਵਿੱਚ ਪਹੁੰਚ ਕੇ ਲੋਕਤੰਤਰ ਨੂੰ ਨਹੀ ਅਪਨਾ ਸਕੇ। ਬੇਸ਼ਕ ਉਹ ਸਿਸਟਮ ਵਿੱਚ ਤਾਂ ਹਿੱਸਾ ਲੈਂਦੇ ਹਨ, ਪਰ ਵੋਟ ਪਾਉਣ ਤੇ ਵੋਟ ਲੈਣ ਲਈ ਪਾਰਟੀ ਨੀਤੀਆਂ ਦੀ ਥਾਂ ਨੋਟ, ਨਸ਼ੇ, ਧਰਮ, ਜਾਤ, ਇਲਾਕੇ ਦਾ ਸਹਾਰਾ ਵੱਧ ਲੈਂਦੇ ਹਨ। ਇਸੇ ਕਰਕੇ ਸਿੱਖ ਕੋਈ ਵੱਡਾ ਲੀਡਰ ਪੈਦਾ ਨਹੀ ਕਰ ਸਕੇ। ਵਿਦੇਸ਼ਾਂ ਵਿੱਚ ਜਿੱਥੇ ਵੀ ਸਾਡੇ ਲੋਕ ਰਾਜਨੀਤੀ ਵਿੱਚ ਆਏ ਹਨ, ਉੱਥੇ ਹਰ ਪੱਧਰ ਤੇ ਵੋਟਾਂ ਲਈ ਕੁਰੱਪਸ਼ਨ ਫੈਲਾ ਦਿੱਤੀ ਹੈ। ਪੱਛਮੀ ਦੇਸ਼ਾਂ ਦੀ ਡੈਮੋਕਰੇਸੀ ਵੀ ਖ਼ਤਰੇ ਵਿੱਚ ਪਾ ਰਹੇ ਹਨ। ਪੰਜਾਬ ਜਾਂ ਭਾਰਤ ਵਿੱਚ ਰਾਜਨੀਤੀ ਵਿੱਚ ਚੱਲਦੀ ਕੁਰੱਪਸ਼ਨ, ਨਸ਼ੇ, ਨੋਟ ਆਦਿ ਦੀ ਇੱਥੋਂ ਭੰਡੀ ਕਰਦੇ ਹਨ, ਪਰ ਆਪ ਇੱਥੇ ਦੇ ਸਾਫ ਸੁਥਰੇ ਰਾਜਸੀ ਸਿਸਟਮ ਨੂੰ ਤਬਾਹ ਕਰੀ ਜਾ ਰਹੇ ਹਨ।
ਜੇ ਇਤਿਹਾਸ ਵਿੱਚ ਜ਼ਿਆਦਾ ਪਿੱਛੇ ਨਾ ਵੀ ਜਾਈਏ ਤਾਂ 1947 ਤੋਂ ਬਾਅਦ ਸਿੱਖਾਂ ਵਲੋ ਲੜੇ ਅਨੇਕਾਂ ਵੱਡੇ ਛੋਟੇ ਸੰਘਰਸ਼ਾਂ ਦਾ ਇਤਿਹਾਸ ਦੇਖੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਅਨੇਕਾਂ ਕੁਰਬਾਨੀਆਂ, ਸ਼ਹੀਦੀਆਂ ਦੇ ਬਾਵਜੂਦ ਸਿੱਖ ਕੋਈ ਪ੍ਰਾਪਤੀ ਨਹੀਂ ਕਰ ਸਕੇ। ਹਰ ਸੰਘਰਸ਼ ਵਿੱਚ ਵਿਚਾਲ਼ੇ ਛੱਡ ਦਿੱਤਾ ਗਿਆ। 84 ਵਾਲ਼ੇ ਧਰਮ ਯੁੱਧ ਮੋਰਚੇ ਵਿੱਚ ਹੋਈ ਤਬਾਹੀ ਤੋਂ ਤਾਂ ਸਿੱਖ ਅਜੇ ਤੱਕ ਨਹੀ ਸੰਭਲ਼ ਸਕੇ। ਪਰ ਇਤਨੇ ਨੁਕਸਾਨ ਤੋਂ ਕੋਈ ਸਬਕ ਸਿੱਖਣ ਦੀ ਥਾਂ ਹਰ ਦੂਜੇ ਚੌਥੇ ਸਾਲ ਕੋਈ ਨਾ ਕੋਈ ਮੋਰਚਾ ਲਾਈ ਰੱਖਦੇ ਹਨ। ਪਰ ਨਿਕਲਦਾ ਕੁਝ ਨਹੀਂ। ਬੇਅਦਬੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ 20-25 ਸਾਲ ਤੋਂ ਅਨੇਕਾਂ ਪੱਕੇ ਕੱਚੇ ਮੋਰਚੇ ਲੱਗ ਚੁੱਕੇ ਆ, ਜਿਸਦਾ ਦਿਲ ਕਰਦਾ ਮੋਰਚਾ ਲਗਾ ਲੈਂਦਾ, ਜਦੋ ਦਿਲ ਕਰਦਾ ਸਮਝੌਤਾ ਕਰਕੇ ਬੰਦ ਕਰ ਲੈਂਦਾ।
ਹਰ ਮੋਰਚੇ ਤੋਂ ਬਾਅਦ ਇੱਕ ਦੂਜੇ ‘ਤੇ ਇਲਜ਼ਾਮ ਲਗਾਏ ਜਾਂਦੇ ਹਨ ਕਿ ਫਲਾਨਾ ਸਰਕਾਰ ਨਾਲ਼ ਰਲ਼ ਗਿਆ, ਫਲਾਨਾ ਪੈਸੇ ਲੈ ਕੇ ਵਿਕ ਗਿਆ, ਫਲਾਨੇ ਨੇ ਮੋਰਚਾ ਵੇਚ ਦਿੱਤਾ। ਪਰ ਕਦੇ ਕਿਸੇ ਨੇ ਇਹ ਵਿਸ਼ਲੇਸ਼ਣ ਨਹੀਂ ਕੀਤਾ ਕਿ ਕਿਸਦਾ ਕਿਤਨਾ ਕਸੂਰ ਸੀ, ਮੋਰਚਾ ਸਫਲ ਕਿਉਂ ਨਹੀਂ ਹੋਇਆ ਹੈ, ਕੀ ਮੋਰਚਾ ਲਾਉਣ ਦੀ ਕੋਈ ਤੁਕ ਬਣਦੀ ਸੀ?
ਲੋਕ ਵੀ ਵਾਰ-ਵਾਰ ਪਰਖਣ ਤੋਂ ਬਾਅਦ ਉਨ੍ਹਾਂ ਹੀ ਲੀਡਰਾਂ ਮਗਰ ਜਜ਼ਬਾਤੀ ਹੋ ਕੇ ਦੁਬਾਰਾ ਲੱਗ ਜਾਂਦੇ ਹਨ। ਜਿਸਦੇ ਨਾਲ਼ ਕੁਝ ਪੇਸ਼ਾਵਰ ਲੀਡਰ ਲੋਕਾਂ ਨੂੰ ਧਰਮ ਦੇ ਨਾਮ ‘ਤੇ ਭਰਮਾ ਕੇ ਆਪਣੀ ਦੁਕਾਨਦਾਰੀ ਚਲਾਈ ਜਾਂਦੇ ਹਨ। ਪਿਛਲੇ 40 ਕੁ ਸਾਲ ਤੋਂ ਸਿੱਖਾਂ ਵਿਚਲੇ ਇੱਕ ਤਬਕੇ ਨੂੰ ਗ਼ੁਲਾਮੀ ਦਾ ਭੂਤ ਸਵਾਰ ਆ। ਉਨ੍ਹਾਂ ਦੀ ਦੁਕਾਨਦਾਰ ਗ਼ੁਲਾਮੀ ਅਜ਼ਾਦੀ ਦੀ ਖੋ ਖੋ ਨਾਲ਼ ਚੱਲਦੀ ਹੈ।
ਜਦੋ ਸਾਡੇ ਕੋਲ਼ 100–150 ਸਾਲ ਦਾ ਇਤਿਹਾਸ ਗਵਾਹ ਹੈ ਕਿ ਲੜ ਮਰ ਕੇ ਅਸੀ ਨੁਕਸਾਨ ਹੀ ਕਰਵਾ ਸਕਦੇ ਜਾਂ ਦੂਜਿਆਂ ਦਾ ਕਰ ਸਕਦੇ ਹਾਂ। ਫਿਰ ਕਿਉਂ ਨਹੀ, ਸਭ ਮੋਰਚੇ ਤੇ ਸੰਘਰਸ਼ ਛੱਡ ਕੇ ਅਸੀਂ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾ ਕੇ ਦੁਨੀਆਂ ਭਰ ਵਿੱਚ ਕਾਮਯਾਬ ਹੋਈਏ? ਸਾਡੀ ਨੌਜਵਾਨੀ ਦਾ ਇੱਕ ਵੱਡਾ ਹਿੱਸਾ ਗੈਰ ਕਨੂੰਨੀ ਨਸ਼ਿਆਂ, ਡਰੱਗ ਸਮਗਲਿੰਗ, ਗੈਂਗਵਾਦ, ਚੋਰੀਆਂ, ਡਕੈਤੀਆਂ, ਫਿਰੌਤੀਆਂ ਰਾਹੀਂ ਸਾਰੀ ਕੌਮ ਨੂੰ ਦੁਨੀਆਂ ਭਰ ਵਿੱਚ ਨਾਮੋਸ਼ੀ ਦੇ ਰਿਹਾ ਹੈ। ਕੀ ਸਾਨੂੰ ਅਜਿਹੇ ਗੰਭੀਰ ਵਿਸ਼ੇ ‘ਤੇ  ਚਿੰਤਨ ਕਰਨ ਦੀ ਲੋੜ ਨਹੀਂ? ਕਿਉਂ ਸਾਡੇ ਸਮਾਜਿਕ, ਧਾਰਮਿਕ, ਰਾਜਸੀ ਲੀਡਰਾਂ, ਵਿਦਵਾਨਾਂ, ਪ੍ਰਚਾਰਕਾਂ ਦੇ ਕਰੀਮੀਨਲਜ ਨਾਲ਼ ਚੱਲ ਰਹੇ ਨਾਪਾਕ ਗੱਠਜੋੜ ਨੂੰ ਦੁਨੀਆਂ ਸਾਹਮਣੇ ਨਸ਼ਰ ਕੀਤਾ ਜਾਂਦਾ?
ਹਰਚਰਨ ਸਿੰਘ ਪ੍ਰਹਾਰ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article ਲੋਹੜੀ ਨਾਲ਼ ਜੁੜੇ ਪੁਰਾਤਨ ਰਿਵਾਜ  
Next articleਭਾਰਤੀ ਹਰ ਵਰਗ ਦੀ ਔਰਤ ਨੂੰ ਅਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਹਿਲੀ ਭਾਰਤੀ ਮੁਸਲਿਮ ਅਧਿਆਪਕਾ ਮਾਤਾ ਫ਼ਾਤਿਮਾ ਸ਼ੇਖ ਜੀ ਦੇ ਕ੍ਰਾਂਤੀਕਾਰੀ ਜੀਵਨ ਤੋ ਸਿੱਖਿਆ ਲੈਣੀ ਅੱਜ ਸਮੇਂ ਦੀ ਮੰਗ