ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਹੋਏ ਸਮਾਪਨ ਸਮਾਰੋਹ ‘ਤੇ ਸ਼ਾਮਲ
ਬੰਗਾ/ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਆਯੋਜਿਤ ਅੰਤਰ ਕਾਲਜ ਜ਼ੋਨਲ ਯੂਥ ਫੈਸਟੀਵਲ (ਜ਼ੋਨ-ਡੀ) ਦਾ ਦੂਜਾ ਦਿਨ ਬੇਹੱਦ ਉਤਸ਼ਾਹ ਭਰਪੂਰ ਰਿਹਾ। ਕਾਲਜ ਦਾ ਵਿਹੜਾ ਉਦੋਂ ਸੰਗੀਤ, ਨਾਚਾਂ ਅਦਾਕਾਰੀ ਤੇ ਲੋਕ ਸਾਜ਼ਾਂ ਦੀਆਂ ਗੂੰਜਾਂ ਨਾਲ ਪ੍ਰਫੁੱਲਿਤ ਹੋ ਉੱਠਿਆ ਜਦੋਂ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਸਮਾਪਨ ਸਮਾਰੋਹ ‘ਤੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਨਾਲ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਵੀ ਆਏ। ਆਪਣੇ ਸੰਬੋਧਨ ‘ਚ ਮਲਵਿੰਦਰ ਕੰਗ ਨੇ ਆਖਿਆ ਕਿ ਪੰਜਾਬ ਦੀ ਜਵਾਨੀ ਵਿੱਚ ਪ੍ਰਤਿਭਾ ਦੀ ਕੋਈ ਕਮੀਂ ਨਹੀਂ ਹੈ ਤੇ ਸਿੱਖ ਨੈਸ਼ਨਲ ਕਾਲਜ ਨੇ ਇਹ ਯੂਥ ਫੈਸਟੀਵਲ ਦਾ ਮੰਚ ਦੇ ਕੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਵੱਡਾ ਹੁਲਾਰਾ ਦਿੱਤਾ ਹੈ। ਕਾਲਜ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਜੱਜਾਂ ਵੱਲੋਂ ਐਲਾਨੇ ਨਤੀਜਿਆਂ ਵਿੱਚ ਸਿੱਖ ਨੈਸ਼ਨਲ ਕਾਲਜ 114 ਅੰਕਾਂ ਨਾਲ ਰਿਕਾਰਡ ਲਗਾਤਾਰ ਪੰਜਵੀਂ ਵਾਰ ਓਵਰਆਲ ਚੈਂਪੀਅਨ ਬਣਿਆ। ਭੰਗੜੇ ‘ਚੋਂ ਵਿਦਿਆਰਥੀ ਦਿਪਤਾਂਸ਼ੂ ਫਸਟ ਬੈਸਟ ਡਾਂਸਰ, ਲੋਕ ਸਾਜ਼ ਵਾਦਨ ‘ਚੋਂ ਅਮਰਦੀਪ ਸਿੰਘ ਫਸਟ ਅਤੇ ਸ਼ਾਹਿਦ ਅਲੀ ਸੈਕੰਡ ਬੈਸਟ ਇੰਸਟ੍ਰੂਮੈਂਟ ਪਲੇਅਰ ਚੁਣੇ ਗਏ। ਓਵਰਆਲ ਦੂਜਾ ਸਥਾਨ ਹਿੰਦੂ ਕੰਨਿਆ ਕਾਲਜ ਕਪੂਰਥਲਾ ਤੇ ਤੀਜਾ ਸਥਾਨ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨ ਪੁਰ ਲੋਧੀ ਦੇ ਨਾਂ ਰਿਹਾ। ਤਿੰਨਾਂ ਜੇਤੂ ਕਾਲਜਾਂ ਨੂੰ ਇਨਾਮ ਦੇਣ ਦੀ ਰਸਮ ਡਾ. ਅਮਨਦੀਪ ਸਿੰਘ (ਡਾਇਰੈਕਟਰ, ਯੁਵਕ ਭਲਾਈ ਵਿਭਾਗ,ਗੁਰੂ ਨਾਨਕ ਦੇਵ ਯੂਨੀਵਰਸਿਟੀ) ਸ. ਜਰਨੈਲ ਸਿੰਘ ਪੱਲੀ ਝਿੱਕੀ (ਸਕੱਤਰ,ਸਥਾਨਕ ਪ੍ਰਬੰਧਕ ਕਮੇਟੀ) ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ,ਡਾ. ਇੰਦੂ ਰੱਤੀ ਤੇ ਡਾ. ਗੁਰਵਿੰਦਰ ਸਿੰਘ (ਡੀਨ,ਕਲਾ ਤੇ ਸੱਭਿਆਚਾਰ ਵਿਭਾਗ ) ਨੇ ਨਿਭਾਈ। ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਯੂਥ ਫੈਸਟੀਵਲ ਦੀ ਮੇਜ਼ਬਾਨੀ ਦੇਣ ਲਈ ਯੂਨੀਵਰਸਿਟੀ ਨੁਮਾਇੰਦਿਆਂ,ਖਾਸ ਤੌਰ ‘ਤੇ ਡਾ. ਅਮਨਦੀਪ ਸਿੰਘ, ਸਮੁੱਚੇ ਭਾਗੀਦਾਰ ਕਾਲਜਾਂ ਤੇ ਸਫ਼ਲ ਆਯੋਜਨ ਲਈ ਦਿਨ ਰਾਤ ਇੱਕ ਕਰਨ ਵਾਲੇ ਆਪਣੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਤੇ ਹਮੇਸ਼ਾ ਹਰ ਕਾਰਜ ਵਿੱਚ ਮੋਢੇ ਨਾਲ ਮੋਢਾ ਜੋੜ ਖਲੋਣ ਵਾਲੇ ਸ. ਜਰਨੈਲ ਸਿੰਘ ਪੱਲੀ ਝਿੱਕੀ (ਸਕੱਤਰ)ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ। ਮੰਚ ਸੰਚਾਲਨ ਦਾ ਜ਼ਿੰਮਾ ਡਾ. ਨਿਰਮਲਜੀਤ ਕੌਰ, ਪ੍ਰੋ. ਤਜਿੰਦਰ ਸਿੰਘ, ਪ੍ਰੋ. ਪੂਜਾ, ਤੇ ਪ੍ਰੋ. ਪ੍ਰੀਤ ਕਮਲ ਨੇ ਬਾਖ਼ੂਬੀ ਨਿਭਾਇਆ। ਯੂਥ ਫੈਸਟੀਵਲ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ ਤੇ ਕੋ-ਕੋਆਰਡੀਨੇਟਰ ਲਾਇਬ੍ਰੇਰੀਅਨ ਮਨਮੰਤ ਸਿੰਘ ਨੇ ਜੇਤੂ ਵਿਦਿਆਰਥੀ ਕਲਾਕਾਰਾਂ, ਟੀਮਾਂ ਦੇ ਇੰਚਾਰਜ ਅਧਿਆਪਕਾਂ ਤੇ ਕੋਚਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ ਤੇ ਭਰਪੂਰ ਸਹਿਯੋਗ ਲਈ ਸਮੁੱਚੇ ਸਟਾਫ਼ ਦਾ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਇਹ ਜੇਤੂ ਟਰਾਫ਼ੀ ਅਤੇ ਸਫ਼ਲ ਆਯੋਜਨ ਸਮੂਹ ਸਟਾਫ਼ ਦੀ ਲਗਨ,ਅਨੁਸ਼ਾਸਨ ਅਤੇ ਟੀਮ ਭਾਵਨਾ ਦੀ ਨਿਸ਼ਾਨੀ ਹੈ।


