ਬੰਗਾ/ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਹੁਰਾਂ ਦੀ ਅਗਵਾਈ ਤੇ ਰਸਾਇਣ ਵਿਗਿਆਨ ਵਿਭਾਗ ਦੇ ਯਤਨਾਂ ਨਾਲ ਮਿਤੀ 28ਫਰਵਰੀ2026 ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਰਾਸ਼ਟਰੀ ਵਿਗਿਆਨ ਦਿਵਸ ਭਾਰਤ ਦੇ ਮਹਾਨ ਵਿਗਿਆਨੀ ਤੇ ਨੋਬਲ ਪੁਰਸਕਾਰ ਜੇਤੂ ਡਾਕਟਰ ਸੀ ਵੀ ਰਮਨ ਦੇ ਵਿਗਿਆਨ ਨੂੰ ਦਿੱਤੇ ਹੋਏ ਵਡਮੁੱਲੇ ਯੋਗਦਾਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਰਸਾਇਣ ਵਿਗਿਆਨ ਵਿਭਾਗ ਦੇ ਮੁੱਖੀ ਡਾ ਅੰਮ੍ਰਿਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਵਿਚ ਵਿਗਿਆਨਕ ਬਿਰਤੀ ਦੇ ਵਿਕਾਸ ਲਈ ਵਿਦਿਆਰਥੀਆਂ ਲਈ ਭਾਸ਼ਣ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਹੈ। ਵਿਦਿਆਰਥੀਆਂ ਵੱਲੋਂ ਰੰਗਾਂ ਦੀ ਰਸਾਇਣ ਵਿਗਿਆਨ, ਫੋਰੈਂਸਿਕ ਰਸਾਇਣ ਵਿਗਿਆਨ, ਵਿਗਿਆਨਕ ਸੁਭਾਅ, ਭਾਰਤੀ ਖੋਜ ਦੀ ਮੌਜੂਦਾ ਦਸ਼ਾ ਵਿਸ਼ਿਆ ਤੇ ਭਾਸ਼ਣ ਤਿਆਰ ਕੀਤੇ ਗਏ। ਰਸਾਇਣ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇਨਾਂ ਭਾਸ਼ਣ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਹਨਾਂ ਭਾਸ਼ਣ ਮੁਕਾਬਲਿਆਂ ਵਿੱਚੋਂ ਬਲਜੀਤ ਸਿੰਘ ਬੀ ਐਸ ਸੀ ਮੈਡੀਕਲ ਸਮੈਸਟਰ ਚੌਥੇ ਦਾ ਵਿਦਿਆਰਥੀ ਪਹਿਲੇ ਸਥਾਨ ਤੇ ਰਿਹਾ। ਦੀਪਇੰਦਰ ਬੱਲ ਬੀ ਐਸ ਸੀ ਨਾਨ- ਮੈਡੀਕਲ ਸਮੈਸਟਰ ਛੇਵੇ ਦੀ ਵਿਦਿਆਰਥਣ ਦੂਜੇ ਸਥਾਨ ਤੇ ਰਹੀ ਅਤੇ ਮਨਦੀਪ ਕੌਰ ਬੀ ਐਸ ਸੀ ਨਾਨ-ਮੈਡੀਕਲ ਸਮੈਸਟਰ ਚੌਥੇ ਦੀ ਵਿਦਿਆਰਥਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਹੁਰਾਂ ਵੱਲੋਂ ਤਕਸੀਮ ਕੀਤੇ ਗਏ। ਇਸ ਮੌਕੇ ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਹੁਰਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਰਸਾਇਣ ਵਿਗਿਆਨ ਵਿਭਾਗ ਵੱਲੋਂ ਕੀਤੇ ਇਹ ਯਤਨ ਵਿਦਿਆਰਥੀਆਂ ਦੀ ਵਿਗਿਆਨਕ ਸੋਚ ਨੂੰ ਹੋਰ ਸੂਖਮ ਤੇ ਪ੍ਰਪੱਕਤਾ ਤੱਕ ਲੈ ਜਾਣਗੇ। ਉਹਨਾਂ ਵਿਭਾਗ ਮੁੱਖੀ ਡਾ ਅੰਮ੍ਰਿਤ ਕੌਰ ਵਿਭਾਗ ਤੋਂ ਡਾ ਜੋਤੀ ਪ੍ਰਕਾਸ਼ ਹੁਰਾਂ ਨੂੰ ਇਸ ਸੁਹਿਰਦ ਯਤਨ ਦੀ ਸਫਲਤਾ ਲਈ ਮੁਬਾਰਕਬਾਦ ਵੀ ਦਿੱਤੀ। ਉਹਨਾਂ ਆਖਿਆ ਕਿ ਡਾ ਸੀ ਵੀ ਰਮਨ ਦਾ ਭਾਰਤੀ ਖੋਜ ਵਿੱਚ ਵਿਸ਼ੇਸ਼ ਸਥਾਨ ਹੈ ।ਉਹਨਾਂ1930 ਵਿੱਚ ਨੋਬਲ ਪੁਰਸਕਾਰ ਜਿੱਤਣ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ। ਵਿਗਿਆਨ ਉਤਸੁਕਤਾ ਤੋਂ ਕਾਢ ਅਤੇ ਰਾਸ਼ਟਰ ਨਿਰਮਾਣ ਤੱਕ ਦਾ ਸਫ਼ਰ ਤੈਅ ਕਰਵਾਉਂਦੀ ਹੈ। ਸੋ ਵਿਦਿਆਰਥੀਆਂ ਦੇ ਰੋਲ ਮਾਡਲ ਡਾ ਸੀ ਵੀ ਰਮਨ ਵਰਗੇ ਹੋਣੇ ਚਾਹੀਦੇ ਹਨ ਤਾਂ ਜੋ ਵਿਗਿਆਨਕ ਸਿਧਾਂਤਾਂ ਤੇ ਰਾਸ਼ਟਰ ਦਾ ਨਿਰਮਾਣ ਕੀਤਾ ਜਾ ਸਕੇ। ਇਸ ਮੌਕੇ ਰਸਾਇਣ ਵਿਗਿਆਨ ਵਿਭਾਗ ਤੋਂ ਬਲਜਿੰਦਰ ਸਿੰਘ ,ਮੈਡਮ ਸੀਮਾ ਤੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਇਹਨਾਂ ਭਾਸ਼ਣ ਮੁਕਾਬਲਿਆਂ ਵਿੱਚ ਹਾਜ਼ਰ ਰਹੀ।
https://play.google.com/store/apps/details?id=in.yourhost.samajweekly



