ਲੁੱਡੀ ਨੂੰ ਵੀ ਮਿਲਿਆ ਯੂਨੀਵਰਸਿਟੀ ਚੋਂ ਤੀਜਾ ਸਥਾਨ
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਆਯੋਜਿਤ ਫਾਈਨਲ ਅੰਤਰ ਜ਼ੋਨਲ ਯੁਵਕ ਮੇਲੇ ‘ਚ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਟੀਮਾਂ ਨੇ ਸ਼ਾਨਦਾਰ ਜਿੱਤਾਂ ਕਾਲਜ ਦੀ ਝੋਲੀ ਪਾਈਆਂ ਹਨ। ਸੋ ਇਨ੍ਹਾਂ ਟੀਮਾਂ ਦੇ ਲਈ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਅਤੇ ਸ. ਜਰਨੈਲ ਸਿੰਘ ਪੱਲੀ ਝਿੱਕੀ ਦੀ ਹਾਜ਼ਰੀ ਵਿੱਚ ਇੱਕ ਸ਼ਾਨਦਾਰ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ।ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਫੋਕ ਆਰਕੈਸਟਰਾ ਟੀਮ ਦੇ ਵਿਦਿਆਰਥੀ ਅਮਰਦੀਪ ਸਿੰਘ, ਸ਼ਾਹਿਦ ਅਲੀ, ਮੁਬਾਰਕ ਅਲੀ, ਅਕਸ਼ੇ ਕੁਮਾਰ, ਪੰਕਜ ਬਾਲੀ, ਦਿਵਾਂਸ਼,ਆਸਾ ਸਿੰਘ, ਮਨਜੋਤ ਸਿੰਘ ਤੇ ਭਵਨਦੀਪ ਦੀ ਸਖ਼ਤ ਮਿਹਨਤ ਨਾਲ ਇਹ ਪ੍ਰਾਪਤੀ ਕਾਲਜ ਹਿੱਸੇ ਲਗਾਤਾਰ ਦੂਜੀ ਵਾਰ ਆਈ ਹੈ।ਏਸੇ ਤਰ੍ਹਾਂ ਹੀ ਮਨਜੋਤ ਕੌਰ, ਕਿਰਨਜੀਤ ਕੌਰ, ਡੌਲੀ, ਸੀਪਮ, ਪਲਕ ਢਿੱਲੋਂ, ਅੰਜਲੀ ਕਲਸੀ, ਕਮਲਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਸੰਜਨਾ ਤੇ ਜਸਪ੍ਰੀਤ ਕੌਰ ਵੱਲੋਂ ਦਿੱਤੀ ਸ਼ਾਨਦਾਰ ਪੇਸ਼ਕਾਰੀ ਦੀ ਬਦੌਲਤ ਲੁੱਡੀ ਟੀਮ ਯੂਨੀਵਰਸਿਟੀ ਚੋਂ ਤੀਜੇ ਸਥਾਨ ‘ਤੇ ਆਈ ਹੈ। ਲੁੱਡੀ ਟੀਮ ਨਾਲ ਸ਼ਾਹਿਦ ਅਲੀ ਨੇ ਬੋਲੀਆਂ ਪਾ ਕੇ ਟੀਮ ਨੂੰ ਖ਼ੂਬ ਬਲ ਦਿੱਤਾ ਤੇ ਨਾਲ਼ ਹੀ ਲੋਕ ਗੀਤ ਮੁਕਾਬਲੇ ‘ਚੋਂ ਵੀ ਸ਼ਾਹਿਦ ਅਲੀ ਦੂਜੇ ਸਥਾਨ ‘ਤੇ ਰਿਹਾ।ਇਸ ਮੌਕੇ ਸੰਬੋਧਨ ਹੁੰਦਿਆਂ ਡੀਨ ਕਲਚਰਲ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਲੁੱਡੀ ਟੀਮ ਤੋਂ ਕਾਲਜ ਬੇਹੱਦ ਖੁਸ਼ ਹੈ ਕਿਉਂਕਿ ਇਸ ਟੀਮ ਨੂੰ ਪਹਿਲੀ ਵਾਰ ਇੰਟਰ ਜ਼ੋਨਲ ਜਾਣ ਦਾ ਮੌਕਾ ਮਿਲਿਆ ਤੇ ਇਨ੍ਹਾਂ ਨੇ ਆਪਣੀ ਕਰੜੀ ਮਿਹਨਤ ਦਾ ਸਬੂਤ ਦਿੰਦਿਆਂ ਪਹਿਲੀ ਵਾਰ ‘ਚ ਹੀ ਯੂਨੀਵਰਸਿਟੀ ‘ਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ ਤੇ ਨਾਲ ਹੀ ਫੋਕ ਆਰਕੈਸਟਰਾ ਟੀਮ ਨੇ ਵੀ ਇਹ ਮੁਕਾਮ ਲਗਾਤਾਰ ਦੂਜੀ ਵਾਰ ਹਾਸਲ ਕੀਤਾ ਹੈ ਜਿਸ ਲਈ ਦੋਵਾਂ ਟੀਮਾਂ ਦੇ ਕੋਚ ਸਾਹਿਬਾਨ ਕੋਚ ਪਵਨ ਕੁਮਾਰ ਤੇ ਪ੍ਰੋ. ਸ਼ਾਮ ਸਿੰਘ ਵੀ ਵਧਾਈ ਦੇ ਪਾਤਰ ਹਨ। ਇਸ ਪ੍ਰਾਪਤੀ ਮੌਕੇ ਦੋਵੇਂ ਟੀਮਾਂ ਵੱਲੋਂ ਆਪਣੇ ਉਸਤਾਦਾਂ ਪਵਨ ਕੁਮਾਰ ਤੇ ਸ਼ਾਮ ਸਿੰਘ ਦੇ ਸਤਿਕਾਰ ਵਜੋਂ ਨੋਟਾਂ ਵਾਲੇ ਹਾਰ ਪਹਿਨਾ ਕੇ ਫੁੱਲਾਂ ਦੀ ਵਰਖਾ ਕੀਤੀ ਗਈ। ਅੰਤ ਸ. ਜਰਨੈਲ ਸਿੰਘ ਪੱਲੀ ਝਿੱਕੀ ਨੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਹਰ ਵਿਦਿਆਰਥੀ ਕਲਾਕਾਰ ਨੂੰ ਨਿਮਰਤਾ ‘ਚ ਰਹਿ ਆਪਣੇ ਉਸਤਾਦਾਂ ਤੇ ਅਧਿਆਪਕਾਂ ਦਾ ਭਰਪੂਰ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਆਸ਼ੀਰਵਾਦ ਤੋਂ ਬਿਨ੍ਹਾਂ ਤੁਸੀਂ ਆਪਣੀ ਮੰਜ਼ਿਲ ਪ੍ਰਾਪਤ ਨਹੀਂ ਕਰ ਸਕਦੇ। ਇਨ੍ਹਾਂ ਜੇਤੂ ਵਿਦਿਆਰਥੀਆਂ ਲਈ ਖਾਣੇ ਦਾ ਪ੍ਰਬੰਧ ਵੀ ਸ. ਜਰਨੈਲ ਸਿੰਘ ਪੱਲੀ ਝਿੱਕੀ ਵੱਲੋਂ ਅਨਮੋਲ ਰੈਸਟੋਰੈਂਟ ਵਿਖੇ ਕੀਤਾ ਗਿਆ। ਮੰਚ ਸੰਚਾਲਨ ਪ੍ਰੋ. ਤਜਿੰਦਰ ਸਿੰਘ ਨੇ ਬਾਖੂਬ ਕੀਤਾ। ਇਨ੍ਹਾਂ ਟੀਮਾਂ ਨਾਲ ਮਨਮੰਤ ਸਿੰਘ ਲਾਇਬ੍ਰੇਰੀਅਨ, ਪ੍ਰੋ. ਤਜਿੰਦਰ ਸਿੰਘ,ਰਾਗੀ ਗੁਰਪ੍ਰੀਤ ਸਿੰਘ, ਸਿਮਰਨਜੀਤ ਕੌਰ ਸਿਆਣ, ਇੰਦਰਪ੍ਰੀਤ ਕੌਰ,ਅਮਨਿੰਦਰ ਸਿੰਘ, ਯੁਵਰਾਜ ਤੇ ਫ਼ਿਰੋਜ਼ ਨੇ ਭਰਪੂਰ ਸਹਿਯੋਗ ਦਿੱਤਾ। ਡਾ. ਇੰਦੂ ਰੱਤੀ ਨੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਸੰਦੇਸ਼ ਦਿੱਤਾ ਤੇ ਡਾ. ਗੁਰਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਸ. ਜਰਨੈਲ ਸਿੰਘ ਪੱਲੀ ਝਿੱਕੀ, ਪ੍ਰਿੰ. ਤਰਸੇਮ ਸਿੰਘ ਭਿੰਡਰ, ਹਾਜ਼ਰ ਸਟਾਫ਼ ਤੇ ਵਿਦਿਆਰਥੀਆਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ।



