(ਸਮਾਜ ਵੀਕਲੀ)- ਬਰਾਬਰੀ, ਭਾਈਚਾਰਾ, ਆਜ਼ਾਦੀ ਅਤੇ ਧਰਮ ਹਰੇਕ ਮੁਲਕ ਦੇ ਪੱਕੇ ਪੈਰੀਂ ਵਿਕਾਸ ਕਰਨ ਲਈ ਬਹੁਤ ਮਹੱਤਵਪੂਰਨ ਆਦਰਸ਼ ਹੁੰਦੇ ਹਨ। ਪਰ ਇਹਨਾਂ ਸੰਵੇਦਨਸ਼ੀਲ ਵਿਸ਼ਿਆਂ ਤੋਂ ਪਹਿਲਾਂ ਸਮਾਜ ਨੂੰ ਥੋੜ੍ਹਾ ਜਿਹਾ ਸਮਝ ਲਈਏ ਤਾਂ ਬਿਹਤਰ ਰਹੇਗਾ। ਮਨੁੱਖ ਸਮਾਜੀ ਜੀਵ ਹੈ। ਪੈਦਾ ਹੋਣ ਤੋਂ ਲੈਕੇ ਮੌਤ ਤੱਕ ਅਸੀਂ ਆਪਣਿਆਂ ਦੇ ਨਾਲ ਜੁੜੇ ਰਹਿੰਦੇ ਹਾਂ । ਜ਼ਿੰਦਗੀ ਵਿੱਚ ਜਿਵੇਂ ਜਿਵੇ ਅਸੀਂ ਆਪਣੇ ਪੈਰਾਂ ਉੱਤੇ ਖਲੋਣ ਜੋਗੇ ਹੁੰਦੇ ਜਾਂਦੇ ਹਾਂ, ਸਾਨੂੰ ਨਵੇਂ ਸਹਿਯੋਗ ਦੀ ਲੋੜ ਭਾਸਦੀ ਰਹਿੰਦੀ ਹੈ। ਘਰ ਤੋਂ ਨਿਕਲਕੇ ਸਕੂਲ, ਸਮਾਜ, ਸਿਸਟਮ ਅਤੇ ਸਰਕਾਰਾਂ ਦੇ ਨਿਯਮਾਂ ਦੀ ਸਮਝ ਅਤੇ ਘੋਖ ਕਰਨ ਦੀ ਜਾਚ ਸਿੱਖਦੇ ਹਾਂ ਜਾਂ ਉਹਨਾਂ ਦੇ ਪ੍ਰਭਾਵ ਨੂੰ ਆਪਣੀ ਬੁੱਧੀ ਅਨੁਸਾਰ ਕਬੂਲਦੇ ਹਾਂ ਅਤੇ ਆਪਣਾ ਪ੍ਰਤੀਕਰਮ ਵੀ ਦਿੰਦੇ ਹਾਂ। ਇਹ ਸਾਰੇ ਕਾਰਕਾਂ ਵਿੱਚ ਸਮਾਜ ਸਾਨੂੰ ਸਭਤੋਂ ਜਿ਼ਆਦਾ ਅਸਰ ਅੰਦਾਜ਼ ਕਰਦਾ ਹੈ। ਕਾਰਨ ਹੈ ਕਿ ਦਿਨ ਰਾਤ ਅਸੀਂ ਸਮਾਜ ਦੀਆਂ ਬਣਾਈਆਂ ਗਤੀਸ਼ੀਲ ਜਾਂ ਕੱਟੜ੍ਹ ਰੀਤਾਂ, ਵਿਸ਼ਵਾਸ ਅਤੇ ਕਾਇਦੇ ਕਾਨੂੰਨਾਂ ਨਾਲ ਦੋ ਚਾਰ ਹੁੰਦੇ ਹਾਂ।
ਜੇਕਰ ਸਮਾਜ ਦੇ ਬਣਾਏ ਨਿਯਮ ਨਾਗਰਿਕਾਂ ਦੀ ਤਰੱਕੀ, ਪੜਾਈ, ਸ਼ਖ਼ਸੀਅਤ ਦੇ ਸਰੀਰਕ ਅਤੇ ਬੌਧਿਕ ਵਿਕਾਸ ਵਿੱਚ ਸਹਾਈ ਹੋਣ ਤਾਂ ਨਾਗਰਿਕ ਬਦਲੇ ਵਿੱਚ ਸਮਾਜ ਨੂੰ ਨਰੋਆ, ਅਮੀਰ, ਅਨੰਦ-ਮੰਗਲ ਮਹੌਲ ਬਖ਼ਸ਼ਣ ਵਿੱਚ ਕਾਮਯਾਬ ਹੁੰਦੇ ਹਨ। ਨਹੀਂ ਤਾਂ ਨਫ਼ਰਤ, ਈਰਖਾ, ਆਪੋਧਾਪੀ, ਉਦਾਸੀਨਤਾ ਅਤੇ ਅਲਾਹਿਦਗੀ ਦਾ ਅਹਿਸਾਸ ਸਮਾਜ ਨੂੰ ਘਾਤਕ ਦੌਰ ਵੱਲ ਧੱਕ ਦਿੰਦਾ ਹੈ।
ਉਪਰੋਕਤ ਸਿਧਾਂਤਾਂ ਨੂੰ ਭਾਰਤ ਰਤਨ ਡਾ ਭੀਮ ਰਾਉ ਅੰਬੇਡਕਰ ਨੇ ਆਪਣੇ ਗਹਿਰੇ ਅਨੁਭਵ ਅਤੇ ਵਿਸ਼ਲੇਸ਼ਣ ਤੋਂ ਬਾਅਦ ਸਪਸ਼ਟ ਕਰਨ ਦੀ ਇਤਿਹਾਸਕ ਪਹਿਲ ਕੀਤੀ ਹੈ। ਸਤਿਕਾਰ ਨਾਲ ਬਾਬਾ ਸਾਹਿਬ ਨਾਲ ਸੰਬੋਧਿਤ ਕੀਤੇ ਜਾਣ ਵਾਲੇ ਭਾਰਤੀ ਮਹਾਂ ਨਾਇਕ ਦਾ ਜਨਮ 14 ਅਪ੍ਰੈਲ, 1891 ਨੂੰ ਮਹੂ ਵਿਖੇ ਫ਼ੌਜੀ ਛਾਉਣੀ (ਹੁਣ ਡਾ ਅੰਬੇਡਕਰ ਨਗਰ) ਇੰਦੌਰ, ਮੱਧ ਪ੍ਰਦੇਸ਼ ਵਿੱਚ ਸੂਬੇਦਾਰ ਮੇਜਰ ਰਾਮਜੀ ਮਾਲੋਜੀ ਸਕਪਾਲ ਦੇ ਘਰ ਹੋਇਆ। ਅਖੌਤੀ ਜਾਤੀ ਵੰਡ ਵਿਚ ਉਹ ਸ਼ੂਦਰ ਦਰਜੇ ਵਿੱਚ ਸਨ। 1951 ਤੱਕ ਉਹ ਅਜ਼ਾਦ ਭਾਰਤ ਦੇ ਕਨੂੰਨ ਮੰਤਰੀ ਵੀ ਰਹੇ ਪਰ ਸਮੇਂ ਦੀ ਹਕੂਮਤੀ ਕੈਬੀਨਿਟ ਨਾਲ ਮੱਤ-ਭੇਦ ਹੋਣ ਕਾਰਣ ਅਸਤੀਫ਼ਾ ਦੇ ਗਏ। ਆਖਰ 6 ਦਸੰਬਰ, 1956 ਨੂੰ ਦੇਸ਼ ਦਾ ਮਹਾਨ ਫ਼ਿਲਾਸਫ਼ਰ, ਨੀਤੀਵਾਨ, ਸੱਚਾ ਦੇਸ਼ ਭਗਤ ਅਤੇ ਮਨੁੱਖੀ ਨਸਲ ਦਾ ਪਹਿਰੇਦਾਰ ਇਸ ਫ਼ਾਨੀ ਸੰਸਾਰ ਨੂੰ ਦਿੱਲੀ ਵਿੱਖੇ ਅਲਵਿਦਾ ਕਹਿ ਗਿਆ। 65 ਸਾਲ 8 ਮਹੀਨੇ ਦੀ ਇਸ ਉਮਰ ਵਿੱਚ ਉਹਨਾਂ ਨੇ ਸਦੀਆਂ ਤੱਕ ਪ੍ਰਭਾਵ ਛੱਡਣ ਜਿੰਨਾ ਕੰਮ ਅਤੇ ਵਿਚਾਰਾਂ ਦਾ ਬੀਜ ਫਿਜ਼ਾ ਵਿੱਚ ਬੀਜ ਦਿੱਤਾ ਹੈ। ਗੁਲਾਮ ਭਾਰਤ ਵਿੱਚ ਜਿਊਕੇ ਵੀ ਉਨਾਂ ਨੇ ਸਰਵ-ਉੱਚ ਸਿੱਖਿਆ ਨਾ ਸਿਰਫ ਦੇਸ਼ ਅੰਦਰ ਸਗੋਂ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੀ ਐਚ ਡੀ, ਕਨੂੰਨ, ਰਾਜਨੀਤੀ ਆਦਿ ਵਿੱਚ ਅਵਲ ਦਰਜੇ ਨਾਲ ਪੂਰੀ ਕੀਤੀ। ਇਸੇ ਕਰਕੇ ਜਿਵੇਂ ਜਿਵੇਂ ਗਿਆਨ ਸੰਚਾਰ ਦੀਆਂ ਸਹੂਲਤਾਂ ਵਧਦੀਆਂ ਜਾ ਰਹੀਆਂ ਹਨ, ਡਾ ਸਾਹਿਬ ਦੇ ਵਿਚਾਰਾਂ ਨੂੰ ਵਿਸ਼ਵ ਪੱਧਰ ਤੇ ਮਾਨਤਾ ਅਤੇ ਸਤਿਕਾਰ ਮਿਲ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦੀ ਵਿੱਦਿਅਕ ਯੋਗਤਾ, ਤਰਕਸ਼ਕਤੀ, ਮਾਨਵਵਾਦੀ ਸੋਚ, ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਦੀ ਜਰੂਰਤ ਨੂੰ ਨਵਾਂ ਆਯਾਮ ਮਿਲਿਆ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਉਹਨਾਂ ਦੀ ਵਿਦਵਤਾ ਦੀ ਧਾਂਕ ਚਾਰੇ ਪਾਸੇ ਸਾਰੀ ਦੁਨੀਆਂ ਵਿੱਚ ਫੈਲ ਚੁੱਕੀ ਹੈ। ਕਨੇਡਾ ਵਰਗੇ ਵਿਕਸਤ ਦੇਸ਼ ਦੇ ਬਹੁਗਿਣਤੀ ਪੰਜਾਬੀ ਵੱਸੋਂ ਵਾਲੇ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਅਪ੍ਰੈਲ ਮਹੀਨਾ ਪੂਰਾ ਡਾ ਅੰਬੇਡਕਰ ਜੀ ਦੀ ਗਰੀਬ ਅਤੇ ਨਿਮਨ ਵਰਗ ਦੇ ਲੋਕਾਂ ਲਈ ਕੀਤੀ ਘਾਲਣਾ ਨੂੰ ਸਮਰਪਿਤ ਕੀਤਾ ਹੈ।
ਡਾ ਅੰਬੇਡਕਰ ਸਾਹਿਬ ਦਾ ਸਿੱਖ ਧਰਮ ਅਤੇ ਪੰਜਾਬੀ ਖ਼ਿੱਤੇ ਨਾਲ ਵੀ ਗੂੜ੍ਹਾ ਲਗਾਉ ਸੀ। ਸਿੱਖ ਧਰਮ ਦੀ ਖਾਲਸਾ ਜੀਵਨ ਜਾਚ ਜਿਸ ਵਿੱਚ ਸਵੈ ਰੱਖਿਆ ਲਈ ਸ਼ਾਸਤਰ ਧਾਰਨ ਕਰਨਾ, ਲੰਗਰ ਪੰਗਤ, ਅਤੇ ਅੰਮ੍ਰਿਤ ਛਕਾਉਣ ਵੇਲੇ ਕੁਲ ਨਾਸ, ਪੁਰਾਣਾ ਧਰਮ ਨਾਸ, ਜਾਤੀਨਾਸ, ਸਵੈ ਅਨੁਸ਼ਾਸਨ, ਔਰਤਾਂ ਨਾਲ ਬਰਾਬਰੀ ਦਾ ਵਿਹਾਰ, ਅਣਖ ਨਾਲ ਜੀਣ ਦਾ ਵਲਵਲਾ ਅਤੇ ਸੰਘਰਸ਼ੀ ਬਿਰਤੀ, ਆਦਿ ਤੋਂ ਉਹ ਬਹੁਤ ਹੀ ਪ੍ਰਭਾਵਿਤ ਸਨ। ਸਭ ਤੋਂ ਵੱਡੀ ਗੱਲ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਬਾਣੇ ਦੀ ਖੋਜ ਕਰਕੇ ਹਿੰਦੂਆਂ ਤੋਂ ਵੱਖਰਾ ਧਰਮ ਸਥਾਪਿਤ ਕਰ ਦਿੱਤਾ। ਇਹ ਸਭ ਗੁਣ ਡਾ ਅੰਬੇਡਕਰ ਨੂੰ ਮਨ ਭਾਉਂਦੇ ਸਨ। ਪਰ ਸਨਾਤਨੀ ਨੇਤਾ ਉਸ ਸਮੇਂ ਸਿੱਖਾਂ ਨੂੰ ਵੀ ਹਿੰਦੂ ਧਰਮ ਦਾ ਹੀ ਇੱਕ ਅੰਗ ਮੰਨਦੇ ਸਨ। ਅਜ਼ਾਦੀ ਵੇਲੇ ਦੇਸ਼ ਦੀ ਵੰਡ ਵੇਲੇ ਵੀ ਸ਼ਾਇਦ ਨਹਿਰੂ ਗਾਂਧੀ ਜੋੜੀ ਵੱਲੋਂ ਇਹੀ ਪੱਤਾ ਖੇਡਕੇ ਸਿੱਖ ਨੇਤਾਵਾਂ ਨੂੰ ਭਰਮਾ ਲਿਆ ਹੋਵੇ। ਬਾਲਕ ਭੀਮ ਰਾਉ ਨੇ ਭਾਰਤੀ ਹਿੰਦੂ ਸਮਾਜ ਦੇ ਵਰਣ ਆਸ਼ਰਮ ਨੂੰ ਬਚਪਨ ਵਿੱਚ ਸਰੀਰਕ ਅਤੇ ਮਾਨਸਿਕ ਪੀੜਾ ਨਾਲ ਪਿੱਸਕੇ ਝੱਲਿਆ ਸੀ।ਮਨੂਸਮ੍ਰਿਤੀ ਦੇ ਸੰਵਿਧਾਨ ਉੱਤੇ ਅਧਾਰਿਤ ਇਹ ਵਰਤਾਰਾ ਮਨੁੱਖਾਂ ਨੂੰ ਜਨਮ ਜਾਤ ਅਧਾਰਿਤ ਕੰਮਾਂ ਦੀ ਵੰਡ ਦੇ ਮੁਤਾਬਕ ਬੰਨ੍ਹਕੇ ਰੱਖਦਾ ਸੀ। ਪਰ ਸਭਤੋਂ ਹੇਠਲੇ ਵਰਗ ਜਿਹਨਾਂ ਵਿੱਚ ਕਿਸਾਨ, ਮਜ਼ਦੂਰ, ਦਸਤਕਾਰ ਜਾਂ ਹੱਥੀ ਕੰਮ ਕਰਨ ਵਾਲੇ ਭਾਵ ਜਿਸ ਕੰਮ ਵਿੱਚ ਵੀ ਮਿੱਟੀ ਹੱਥ ਨੂੰ ਲੱਗ ਸਕਦੀ ਸੀ, ਸਭ ਨਫ਼ਰਤ ਦੇ ਪਾਤਰ ਸਨ।ਸੋਚ ਦਾ ਜ਼ਹਿਰ ਦੇਖੋ ਕਿ ਉਹਨਾਂ ਦੁਆਰਾ ਪੈਦਾ ਕੀਤਾ ਅੰਨ, ਫਲ, ਜਾਂ ਪੈਸਾ ਦਾਨ ਵਜੋਂ ਮੁਫਤ ਲੈਣ ਦਾ ਦੈਵੀ ਅਧਿਕਾਰ ਵੀ ਬ੍ਰਾਹਮਣ ਪੁਜਾਰੀਆਂ ਨੇ ਆਪਣੇ ਲਈ ਰਾਖਵਾਂ ਰੱਖਿਆ ਸੀ। ਉੱਦੋਂ ਅਛੂਤਾਂ ਵਾਲੀ ਭਿੱਟ ਬ੍ਰਾਹਮਣਾਂ ਨੂੰ ਨਹੀਂ ਸੀ ਚੁੱਭਦੀ। ਡਾ ਅੰਬੇਡਕਰ ਸਾਹਿਬ ਦੇ ਪਿਤਾ ਜੀ ਦੀ ਨੌਕਰੀ ਤਾਂ ਈਸਟ ਇੰਡੀਆ ਕੰਪਨੀ ਵਿੱਚ ਸੀ, ਨਹੀਂ ਤਾਂ ਲੜਨ ਵਾਲਾ ਕਿੱਤਾ ਤਾਂ ਕਦੇ ਵੀ ਇਸ ਪਰਿਵਾਰ ਦੇ ਹਿੱਸੇ ਨਹੀਂ ਸੀ ਆਉਣਾ। ਪਿਤਾ ਜੀ ਦੇ ਅਨੁਸ਼ਾਸਨੀ ਗੁਣ ਹੀ ਅੱਗੇ ਜਾ ਕੇ ਜੀਵਨ ਸੰਘਰਸ਼ ਵਿੱਚ ਡਾ ਸਾਹਿਬ ਦੇ ਕੰਮ ਆਏ।
ਦੇਸ਼ ਨੂੰ ਅਜ਼ਾਦ ਕਰਾਉਣ ਵਾਲੇ ਸੰਘਰਸ਼ ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਵਿੱਚ ਅਖੌਤੀ ਉੱਚ ਵਰਗ ਦੀ ਭਰਮਾਰ ਦੇ ਕਾਰਣ, ਡਾ ਅੰਬੇਡਕਰ ਨੂੰ ਅੰਗਰੇਜ਼ ਸ਼ਾਸਕਾਂ ਨਾਲ ਮੀਟਿੰਗਾਂ ਕਰਕੇ ਗਰੀਬ ਵਰਗ ਦੀਆਂ ਸਮੱਸਿਆਵਾਂ ਬਾਰੇ ਖੁੱਦ ਦੱਸਣਾ ਪੈਂਦਾ ਸੀ। ਸਾਰੀ ਜਵਾਨੀ ਤਾਂ ਡਾ ਅੰਬੇਡਕਰ ਆਪਣੇ ਲਈ ਰੋਜ਼ਗਾਰ ਲੱਭਣ ਅਤੇ ਦੱਬੇ ਕੁੱਚਲੇ ਲੋਕਾਂ ਨੂੰ ਲਾਮਬੰਦ ਕਰਕੇ ਉਹਨਾਂ ਅੰਦਰ ਚੇਤਨਾ ਅਤੇ ਪੜਨ ਦੀ ਲਲਕ ਪੈਦਾ ਕਰਨ ਵਿੱਚ ਜੁੱਟੇ ਰਹੇ। ਕਦੇ ਵਕਾਲਤ ਕੀਤੀ, ਕਦੇ ਕਾਲਜਾਂ ਵਿੱਚ ਪ੍ਰੋਫੈਸਰੀ ਕੀਤੀ, ਅਖ਼ਬਾਰਾਂ ਲਈ ਲੇਖ ਲਿਖੇ। ਲੈਕਚਰ ਕਰਨ ਤਾਂ ਉਹਨਾਂ ਨੂੰ ਸਾਰੇ ਦੇਸ਼ ਵਿੱਚ ਹੀ ਵਿਦਿਆਰਥੀਆਂ ਅਤੇ ਹੋਰ ਸੰਗਠਨਾਂ ਵੱਲੋਂ ਬੁਲਾਇਆ ਹੀ ਜਾਂਦਾ ਸੀ। ਮਹਾਤਮਾ ਗਾਂਧੀ ਬਾਖੁੱਦ ਇੱਕ ਹਿੰਦੂਵਾਦੀ ਨੇਤਾ ਅਤੇ ਰਾਜਨੇਤਾ ਵਜੋਂ ਚੁਸਤੀ ਨਾਲ ਮੁਲਾਕਾਤਾਂ ਕਰਦੇ ਸਨ। ਉਹ ਇੱਕੋ ਸਮੇਂ ਜਾਤੀ ਪ੍ਰਥਾ ਦੇ ਵੀ ਸਮਰਥੱਕ ਸਨ ਅਤੇ ਨਾਲ ਹੀ ਸਾਰੇ ਅਛੂਤਾਂ ਨੂੰ ਹਿੰਦੂ ਧਰਮ ਤੋਂ ਬਾਹਰ,ਇਸਲਾਮ ਅਤੇ ਇਸਾਈ ਧਰਮ ਕਬੂਲਣ ਤੋਂ ਵੀ ਰੋਕਦੇ ਸਨ।ਇਹ ਤੱਥ ਮੰਨਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਧਰਮ ਨੂੰ ਪਹਿਲੀ ਪਸੰਦ ਵਜੋਂ ਲੈਣ ਵਾਲੇ ਡਾ ਅੰਬੇਡਕਰ ਸਾਹਿਬ ਨੂੰ ਉਹਨਾਂ ਦੇ ਕਰੋੜਾਂ ਸਮਰਥਕਾਂ ਸਮੇਤ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੇ ਗਿਣਤੀਆਂ ਮਿਣਤੀਆਂ ਦੇ ਚੱਕਰਾਂ ਵਿੱਚ ਅਤੇ ਜਾਤੀਵਾਦੀ ਸੰਕੀਰਣ ਸੋਚ ਕਰਕੇ ਸਿੱਖ ਧਰਮ ਅਪਨਾਉਣ ਤੋਂ ਦੂਰ ਰੱਖਿਆ। ਜਿਸ ਦਾ ਖ਼ਮਿਆਜ਼ਾ ਅੱਜ ਤੱਕ ਸਿੱਖ ਕੌਮ ਭੁਗਤ ਰਹੀ ਹੈ। ਨਹਿਰੂ ਦੇ ਦਿੱਤੇ ਮਾਣਯੋਗ ਵੱਖਰੇ ਖ਼ਿੱਤੇ ਵਾਲੇ ਲੌਲੀਪਾਪ ਦਾ ਭਰਮ ਹਾਲੇ ਤੀਕਰ ਸਿੱਖ ਸਿਆਸਤ ਦੇ ਸਿਰ ਉੱਤੇ ਮੰਡਲਾਂ ਰਿਹਾ ਹੈ।
ਰਾਜਨੀਤਕ ਸ਼ਕਤੀ ਲੋਕ-ਤੰਤਰ ਵਿੱਚ ਬਹੁਤ ਮਾਰਨੇ ਰੱਖਦੀ ਹੈ। ਪਰ ਜਿਸ ਤਰਾਂ ਨੈਤਿਕ ਕਦਰਾਂ ਕੀਮਤਾਂ ਦੀ ਅਣਗਹਿਲੀ ਅਤੇ ਹੋਸ਼ੇਪਨ ਦੇ ਨਾਲ ਕੇਂਦਰੀ ਸੱਤਾਧਾਰੀ ਪਾਰਟੀ ਆਪਣਾ ਰਾਜ ਕਾਇਮ ਰੱਖਣ ਲਈ ਘੱਟ ਗਿਣਤੀਆ ਪ੍ਰਤੀ ਬਦਲਾ ਲਊ ਇਰਾਦੇ, ਹਿੱਦੂਤਵ ਨੂੰ ਲੁੱਕਵੇਂ ਏਜੰਡੇ ਤਹਿਤ ਲਾਗੂ ਕਰਨਾ ਅਤੇ ਕਿਸੇ ਵੀ ਕੀਮਤ ਉੱਤੇ ਗ਼ੈਰ ਬੀਜੇਪੀ ਨੇਤਾਵਾਂ ਦੀ ਖਰੀਦੋਫਰੋਖਤ ਕਰ ਰਹੀ ਹੈ, ਇਹ ਕਾਰਵਾਈਆਂ ਸਾਡੇ ਦੇਸ਼ ਦੇ ਸੰਵਿਧਾਨ ਲਈ ਖ਼ਤਰਨਾਕ ਰੁੱਝਾਨ ਪੈਦਾ ਕਰ ਰਹੀਆ ਹਨ। ਇਸੇ ਕਰਕੇ ਡਾ ਭੀਮ ਰਾਉ ਅੰਬੇਡਕਰ ਦੀ ਲਿਖਤਾਂ ਵਿੱਚ ਅਖੌਤੀ ਕੁਲੀਨ ਵਰਗ ਦੀ ਮਾਨਸਿਕਤਾ ਬਾਰੇ ਕੀਤੀਆਂ ਭਵਿੱਖਵਾਣੀਆਂ ਸੱਚੀਆਂ ਲੱਗਦੀਆਂ ਹਨ। ਡਾ ਸਾਹਿਬ ਦੀ ਫ਼ਿਲਾਸਫ਼ੀ ਅਤੇ ਸੰਵਿਧਾਨ ਨੂੰ ਬਚਾਉਣਾ ਪਹਿਲਾਂ ਨਾਲ਼ੋਂ ਜਿਆਦਾ ਜ਼ਰੂਰੀ ਹੋ ਗਿਆ ਹੈ। ਸਾਰੇ ਮਾਨਵਵਾਦੀ ਸੋਚ ਵਾਲ਼ੀਆਂ ਧਿਰਾਂ, ਬੁੱਧੀ-ਜੀਵੀਆਂ, ਨੇਤਾਵਾਂ ਨੂੰ ਸਿਰ ਜੋੜਕੇ ਬੈਠਣ ਦੀ ਲੋੜ ਹੈ।
ਕੇਵਲ ਸਿੰਘ ਰੱਤੜਾ
8283830599
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly