ਸਿੱਖ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

 

  • ਦਿੱਲੀ ’ਚ ਸਿੱਖ ਯੂਨੀਵਰਸਿਟੀ ਸਥਾਪਤ ਕਰਨ ਸਣੇ ਹੋਰ ਮੰਗਾਂ ਰੱਖੀਆਂ
  • ਪ੍ਰਧਾਨ ਮੰਤਰੀ ਵੱਲੋਂ ਮੰਗਾਂ ਮੰਨਣ ਦਾ ਭਰੋਸਾ

ਨਵੀਂ ਦਿੱਲੀ (ਸਮਾਜ ਵੀਕਲੀ):  ਪੰਜਾਬ ਅਸੈਂਬਲੀ ਦੀਆਂ ਚੋਣਾਂ ਤੋਂ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਆਪਣੀ ਸਰਕਾਰੀ ਰਿਹਾਇਸ਼ ’ਤੇ 31 ਮੈਂਬਰੀ ਸਿੱਖ ਵਫ਼ਦ ਨਾਲ ਮੁਲਾਕਾਤ ਕੀਤੀ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਦੀ ਅਗਵਾਈ ਹੇਠਲੇ ਵਫ਼ਦ ਨੇ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਲਈ ਕੀਤੇ ਗਏ ਕੰਮਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

ਸ੍ਰੀ ਮੋਦੀ ਨੇ ਉੱਘੀਆਂ ਸਿੱਖ ਹਸਤੀਆਂ ਦੇ ਵਫ਼ਦ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਉਹ ਸਿੱਖ ਕੌਮ ਦਾ ਬਹੁਤ ਸਨਮਾਨ ਕਰਦੇ ਹਨ। ਕਰੋਨਾ ਮਹਾਮਾਰੀ ਦੌਰਾਨ ਸਿੱਖ ਕੌਮ ਵੱਲੋਂ ਮਾਨਵਤਾ ਪ੍ਰਤੀ ਕੀਤੀ ਅਦੁੱਤੀ ਸੇਵਾ ਬੇਮਿਸਾਲ ਹੈ। ਉਨ੍ਹਾਂ ਕਿਹਾ, ‘‘ਮੈਂ ਖੁ਼ਦ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਸਤਿਕਾਰਯੋਗ ਸਿੱਖ ਗੁਰੂਆਂ ਨੇ ਮੈਨੂੰ ਸੇਵਾ ਕਰਨ ਦਾ ਮਾਣ ਬਖ਼ਸ਼ਿਆ ਹੈ ਤੇ ਉਨ੍ਹਾਂ ਵੱਲੋਂ ਦਿੱਤੀਆਂ ਅਸੀਸਾਂ ਮੈਨੂੰ ਸਮਾਜ ਲਈ ਕੰਮ ਕਰਨ ਦੇ ਸਮਰੱਥ ਬਣਾਉਂਦੀਆਂ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਉਹ ਜਿੱਥੇ ਵੀ ਜਾਂਦੇ ਹਨ, ਉਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦਾ ਕੋਈ ਮੌਕਾ ਨਹੀਂ ਛੱਡਦੇ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਜਲਦ ਵਿਚਾਰ ਕਰਕੇ ਹਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖ ਭਾਈਚਾਰੇ ਲਈ ਹੋਰ ਕੰਮ ਕਰਨ ਲਈ ਤਿਆਰ ਹੈ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉੱਘੀਆਂ ਸਿੱਖ ਹਸਤੀਆਂ ਦਾ ਵਫ਼ਦ ਸਿੱਖ ਭਾਈਚਾਰੇ ਲਈ ਕੀਤੀਆਂ ਪਹਿਲਕਦਮੀਆਂ ਦਾ ਧੰਨਵਾਦ ਕਰਨ ਲਈ ਪ੍ਰਧਾਨ ਮੰਤਰੀ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਸਿੱਖ ਵਫ਼ਦ ਨੇ ਸ੍ਰੀ ਮੋਦੀ ਕੋਲ ਕੁਝ ਮੁੱਦੇ ਰੱਖੇ ਹਨ ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਹੈ। ਮਨਜਿੰਦਰ ਸਿਰਸਾ ਨੇ ‘ਵੀਰ ਬਾਲ ਦਿਵਸ’ ਨੂੰ ਰਾਸ਼ਟਰੀ ਪਲ ਐਲਾਨਣ ਲਈ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦਿੱਲੀ ਵਿੱਚ ਕੇਂਦਰੀ ਫੰਡ ਪ੍ਰਾਪਤ ਸਿੱਖ ਘੱਟਗਿਣਤੀ ਯੂਨੀਵਰਸਿਟੀ ਦੀ ਸਥਾਪਨਾ, ਗੁਰਦੁਆਰਾ ਬਾਲਾ ਸਾਹਿਬ, ਨਵੀਂ ਦਿੱਲੀ ਵਿੱਚ ਮੈਡੀਕਲ ਕਮ ਨਰਸਿੰਗ ਕਾਲਜ ਦੀ ਸਥਾਪਨਾ, ਬਾਬਾ ਬੰਦਾ ਸਿੰਘ ਮੈਮੋਰੀਅਲ, ਦਿੱਲੀ ਵਿੱਚ ਵੰਡ ਯਾਦਗਾਰ ਤੇ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਐੱਨਸੀਈਆਰਟੀ ਸਿਲੇਬਸ ਵਿੱਚ ਸ਼ਾਮਲ ਕਰਨ ਦੀ ਪ੍ਰਵਾਨਗੀ ਦੇਣ ਦੀ ਵੀ ਅਪੀਲ ਕੀਤੀ। ਸਿੱਖ ਵਿਦਵਾਨ ਤਰਲੋਚਨ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਮੁਖਾਤਿਬ ਹੁੰਦਿਆਂ ਮੰਗ ਕੀਤੀ ਕਿ ’84 ਦੇ ਸਿੱਖ ਦੰਗਿਆਂ ਵਿੱਚ ਮਾਰੇ ਗਏ ਬੇਕਸੂਰ ਸਿੱਖਾਂ ਦੀ ਯਾਦ ਵਿੱਚ ਸ਼ਰਧਾਂਜਲੀ ਵਜੋਂ ਸੰਸਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਿੱਖ ਕੌਮ ਦੀ ਭਲਾਈ ਲਈ ਕੀਤੇ ਕਾਰਜਾਂ ਲਈ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ’84 ਸਿੱਖ ਦੰਗਿਆਂ ਨਾਲ ਜੁੜੇ ਕੇਸ ਵਿੱਚ ਸੱਜਣ ਕੁਮਾਰ ਜੇਲ੍ਹ ਵਿਚ ਹੈ, ਜਦੋਂਕਿ ਹੁਣ ਕਾਂਗਰਸੀ ਆਗੂਆਂ ਕਮਲਨਾਥ ਤੇ ਜਗਦੀਸ਼ ਟਾਈਟਲਰ ਦੀ ਵਾਰੀ ਹੈ। ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਸਿੱਖ ਵਫ਼ਦ ਵਿੱਚ ਪਦਮਸ੍ਰੀ ਬਲਬੀਰ ਸਿੰਘ ਸੀਚੇਵਾਲ, ਐਸ.ਪੀ. ਸਿੰਘ ਓਬਰਾਏ, ਪ੍ਰਧਾਨ ਸਰਬੱਤ ਦਾ ਭਲਾ ਟਰੱਸਟ, ਸੰਤ ਬਾਬਾ ਅਵਤਾਰ ਸਿੰਘ ਧੂਰਕੋਟ ਮੁਹਾਲੀ ਚੰਡੀਗੜ੍ਹ ਵਾਲੇ, ਸੰਤ ਬਾਬਾ ਪ੍ਰੀਤਮ ਸਿੰਘ ਰਾਜਪੁਰਾ ਪੰਜਾਬ ਵਾਲੇ, ਸੰਤ ਬਾਬਾ ਮੇਜਰ ਸਿੰਘ ਅੰਮ੍ਰਿਤਸਰ, ਜਥੇਦਾਰ ਬਾਬਾ ਸਾਹਿਬ ਸਿੰਘ ਕਾਰ ਸੇਵਾ ਆਨੰਦਪੁਰ ਸਾਹਿਬ, ਸੁਰਿੰਦਰ ਸਿੰਘ, (ਨਾਮਧਾਰੀ), ਬਾਬਾ ਜੱਸਾ ਸਿੰਘ, ਸ਼੍ਰੋਮਣੀ ਅਕਾਲੀ ਬੁੱਢਾ ਦਲ ਪੰਜਵਾ ਤਖ਼ਤ, ਡਾ: ਹਰਭਜਨ ਸਿੰਘ ਦਮਦਮੀ ਟਕਸਾਲ ਮਹਿਤਾ ਚੌਕ, ਸੰਤ ਬਾਬਾ ਰੇਸ਼ਮ ਸਿੰਘ, ਗੁਰਦੁਆਰਾ ਨਾਨਕ ਨਿਰੰਕਾਰ ਚੱਕਪਾਖੀ, ਸੰਤ ਬਾਬਾ ਸੁੰਦਰ ਸਿੰਘ, ਸੇਵਾ ਪੰਥੀ ਟਿੱਕਾ, ਭਾਈ ਰਾਮ ਕਿਸ਼ਨ ਪਟਿਆਲਾ, ਬਾਬਾ ਮੇਜਰ ਸਿੰਘ, ਦਸਮੇਸ਼ ਤਰਨਾ ਦਲ, ਬਲਦੇਵ ਸਿੰਘ, ਪ੍ਰਧਾਨ, ਕਸ਼ਮੀਰ ਗੁਰਦੁਆਰਾ ਕਮੇਟੀ, ਸ੍ਰੀਨਗਰ, ਬਾਬਾ ਬੇਅੰਤ ਸਿੰਘ, ਗੁਰਦੁਆਰਾ ਲੰਗਰ ਦਮਦਮਾ ਸਾਹਿਬ, ਰੁਦਰ ਪ੍ਰਯਾਗ,.ਆਰ.ਐਸ. ਆਹੂਜਾ, ਪ੍ਰਧਾਨ, ਸਿੱਖ ਫੋਰਮ, ਨਵੀਂ ਦਿੱਲੀ, ਇੰਦਰਜੀਤ ਸਿੰਘ ਜਨਰਲ ਸਕੱਤਰ ਤਖ਼ਤ ਸ੍ਰੀ ਪਟਨਾ ਸਾਹਿਬ, ਪ੍ਰਭਲੀਨ ਸਿੰਘ ਪ੍ਰਧਾਨ ਯੂਥ ਪ੍ਰਗਤੀਸ਼ੀਲ ਮੰਚ ਪਟਿਆਲਾ, ਅਮਰਜੀਤ ਸਿੰਘ ਮੀਤ ਪ੍ਰਧਾਨ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ, ਸੰਤ ਬਾਬਾ ਸੁਖਦੇਵ ਸਿੰਘ ਨਿਰਮਲ ਡੇਰਾ ਬੇਰ ਕਲਾਂ ਲੁਧਿਆਣਾ, ਮਨਜੀਤ ਸਿੰਘ ਭਾਟੀਆ ਆਦਿ ਹਾਜ਼ਰ ਸਨ।

ਮੋਦੀ ਵੱਲੋਂ ਨਾਮਧਾਰੀ ਸੰਪਰਦਾ ਦੇ ਮੁਖੀ ਨਾਲ ਵੱਖਰੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਾਮਧਾਰੀ ਸੰਪਰਦਾ ਦੇ ਮੁਖੀ ਉਦੈ ਸਿੰਘ ਭੈਣੀ ਸਾਹਿਬ (ਲੁਧਿਆਣਾ) ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ। ਸ੍ਰੀ ਮੋਦੀ ਇਸ ਤੋਂ ਪਹਿਲਾਂ ਰਾਧਾ ਸੁਆਮੀ ਬਿਆਸ ਦੇ ਮੁਖੀ ਨੂੰ ਵੀ ਮਿਲ ਚੁੱਕੇ ਹਨ ਜਦੋਂਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਕਾਲ ਤਖਤ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਸੀ। ਨਾਮਧਾਰੀ ਸੰਪਰਦਾਇ ਦੀ ਰਾਮਗੜ੍ਹੀਆ ਭਾਈਚਾਰੇ ’ਚ ਮਜ਼ਬੂਤ ਪਕੜ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਤਾ ਲਈ ਪੰਜਾਬ ਨੂੰ ਅੱਗ ਦੇ ਹਵਾਲੇ ਕਰਨਾ ਚਾਹੁੰਦੀ ਹੈ ‘ਆਪ’: ਭਾਜਪਾ
Next articlePichai unveils $100 mn Google Career Certificates Fund