ਸਿੱਧੂ ਨੇ ਬਿਨਾਂ ਨਾਮ ਲਏ ਚੰਨੀ ਸਿਰ ਭੰਨਿਆ ਹਾਰ ਦੀ ਠੀਕਰਾ

ਅੰਮ੍ਰਿਤਸਰ (ਸਮਾਜ ਵੀਕਲੀ):  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀਆਂ ਸੀਟਾਂ ’ਚ ਆਈ ਵੱਡੀ ਕਮੀ ਲਈ ਅਸਿੱਧੇ ਤੌਰ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਲਕਾ ਪੂਰਬੀ ਵਿੱਚ ‘ਆਪ’ ਦੀ ਉਮੀਦਵਾਰ ਜੀਵਨਜੋਤ ਕੌਰ ਕੋਲੋਂ ਮਿਲੀ ਹਾਰ ਤੋਂ ਬਾਅਦ ਨਵਜੋਤ ਸਿੱਧੂ ਅੱਜ ਹਲਕੇ ਵਿੱਚ ਲੋਕਾਂ ਨੂੰ ਮਿਲਣ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਮਾਝੇ ਵਿੱਚ ਕਾਂਗਰਸ ਦੀਆਂ ਸੀਟਾਂ 22 ਤੋਂ ਘੱਟ ਕੇ 7 ਰਹਿ ਜਾਣ ਸਬੰਧੀ ਆਖਿਆ ਕਿ ਜੇਕਰ ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਹੋਰਾਂ ਹਲਕਿਆਂ ਵਿੱਚ ਭੇਜਿਆ ਜਾਂਦਾ ਤਾਂ ਉਹ ਜ਼ਰੂਰ ਜਾਂਦੇ। ਉਨ੍ਹਾਂ ਕਿਹਾ ਕਿ ਜਿਸ ਦਿਨ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ ਤਾਂ ਉਨ੍ਹਾਂ ਨੂੰ ਆਖਿਆ ਸੀ ਕਿ ਹੁਣ ਇਹ ਸਾਰੀ ਜ਼ਿੰਮੇਵਾਰੀ ਉਨ੍ਹਾਂ ਕੋਲ ਹੈ।

ਉਨ੍ਹਾਂ ਚੰਨੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸੀ ਅਤੇ ਅਖੀਰ ਤੱਕ ਸਹਿਯੋਗ ਦਿੱਤਾ ਵੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਇਸ ਚੋਣ ਨੂੰ ਲੋਕਾਂ ਨੇ ਸਵੀਕਾਰ ਕੀਤਾ ਹੈ ਜਾਂ ਨਹੀਂ, ਉਹ ਇਸ ਦੀ ਡੂੰਘਾਈ ਵਿੱਚ ਨਹੀਂ ਜਾਣਾ ਚਾਹੁੰਦੇ ਤੇ ਉਹ ਜਨਤਕ ਤੌਰ ’ਤੇ ਕਿਸੇ ਖ਼ਿਲਾਫ਼ ਉਂਗਲ ਨਹੀਂ ਚੁੱਕਣਾ ਚਾਹੁੰਦੇ। ਹਲਕੇ ’ਚ ਹੋਈ ਹਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਨੂੰ ਅਗਾਂਹ ਲਿਜਾਣਾ ਹੈ ਅਤੇ ਉਹ ਇਸ ਮਕਸਦ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਦੀ ਨੀਅਤ ਸਾਫ ਹੈ, ਮੰਤਵ ਸਪੱਸ਼ਟ ਹੈ ਅਤੇ ਪੰਜਾਬ ਨਾਲ ਇਸ਼ਕ ਹੈ। ਇਸ ਲਈ ਅਜਿਹੀ ਹਾਰ ਦਾ ਕੋਈ ਅਸਰ ਨਹੀਂ ਹੈ। ਬਿਨਾਂ ਕਿਸੇ ਦਾ ਨਾਮ ਲਏ ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ ਵਿੱਚ ਬੇਅਦਬੀਆਂ ਦੀ ਸਜ਼ਾ ਮਿਲੀ ਹੈ ਅਤੇ ਪੰਥ ਦੇ ਨਾਂ ’ਤੇ ਰਾਜ ਕਰਨ ਵਾਲੇ ਅੱਜ ਕਿਧਰੇ ਵੀ ਨਹੀਂ ਰਹੇ।

‘‘ਲੋਕਾਂ ਨੇ ਰਵਾਇਤੀ ਸਿਸਟਮ ਬਦਲ ਕੇ ਨਵੀਂ ਨੀਂਹ ਰੱਖੀ’’

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਿਨ੍ਹਾਂ ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਟੋਏ ਪੁੱਟੇ ਸਨ, ਉਹ ਖੁਦ ਡੂੰਘੇ ਜਾ ਡਿੱਗੇ ਹਨ। ਇਹ ਉਨ੍ਹਾਂ ਦੇ ਕਰਮਾਂ ਦਾ ਫਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਸਿਸਟਮ ਨੂੰ ਬਦਲ ਦਿੱਤਾ ਹੈ ਅਤੇ ਇਕ ਨਵੀਂ ਨੀਂਹ ਰੱਖੀ ਹੈ। ਉਨ੍ਹਾਂ ਕਿਹਾ ਕਿ ਲੋਕ ਕਦੇ ਗਲਤ ਨਹੀਂ ਹੁੰਦੇ ਅਤੇ ਉਨ੍ਹਾਂ ਦਾ ਫਤਵਾ ਸਿਰ ਮੱਥੇ ਹੈ। ਸਿੱਧੂ ਨੇ ਆਖਿਆ ਕਿ ਉਹ ਖੁਦ ਸਿਸਟਮ ਨੂੰ ਬਦਲਣਾ ਚਾਹੁੰਦੇ ਸਨ। ਉਨ੍ਹਾਂ ਦੀ ਲੜਾਈ ਸਿਸਟਮ ਦੇ ਖ਼ਿਲਾਫ਼ ਸੀ। ਉਹ ਮਾਫੀਆ ਰਾਜ ਖਤਮ ਕਰਨਾ ਚਾਹੁੰਦੇ ਸਨ ਤੇ ਸੂਬੇ ਦੀ ਆਮਦਨ ਵਧਾਉਣਾ ਚਾਹੁੰਦੇ ਸਨ। ਉਹ ਕਾਂਗਰਸ ਦੇ ਅੰਦਰ ਰਹਿ ਕੇ ਇਨ੍ਹਾਂ ਮੁੱਦਿਆਂ ਲਈ ਲੜੇ ਹਨ। ‘ਆਪ’ ਨੂੰ ਮਿਲੇ ਵੱਡੇ ਹੁੰਗਾਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਹੀ ਹੁੰਗਾਰਾ ਲੋਕਾਂ ਨੇ 2017 ਵਿੱਚ ਕਾਂਗਰਸ ਨੂੰ ਦਿੱਤਾ ਸੀ ਪਰ ਕਾਂਗਰਸ ਇਸ ਦਾ ਲਾਭ ਨਹੀਂ ਲੈ ਸਕੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
Next article‘ਆਪ’ ਦੀ ਜਿੱਤ ਮਗਰੋਂ ਉੱਚ ਅਫਸਰਾਂ ’ਚ ਹਲਚਲ ਤੇਜ਼