ਮੋਗਾ (ਸਮਾਜ ਵੀਕਲੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਗਾ ਫੇਰੀ ਦੌਰਾਨ ਉਨ੍ਹਾਂ ਦੀ ਮੌਜੂਦਗੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਟੇਜ ਤੋਂ ਨਸ਼ਿਆਂ ਅਤੇ ਬੇਅਦਬੀ ਮੁੱਦੇ ’ਤੇ ਆਪਣੀ ਹੀ ਸਰਕਾਰ ਨੂੰ ਘੇਰ ਲਿਆ। ਮੋਗਾ ’ਚ ਮੁੱਖ ਮੰਤਰੀ ਨੇ ਜੱਸਾ ਸਿੰਘ ਰਾਮਗੜ੍ਹੀਆ ਤੇ ਮਹਾਰਾਜ ਅਗਰਸੈਨ ਦੇ ਬੁੱਤ ਲੋਕ ਅਰਪਣ ਕੀਤੇ। ਇਸ ਮੌਕੇ ਉਨ੍ਹਾਂ ਬਾਦਲਾਂ ਅਤੇ ’ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਆਪਣੇ ਸੰਬੋਧਨ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਖੁੱਲ੍ਹੇਆਮ ਘੁੰਮ ਰਹੇ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਅਤੇ ਨਸ਼ਿਆਂ ਦੀ ਰਿਪੋਰਟ ਜਨਤਕ ਨਾ ਕੀਤੀ ਗਈ ਤਾਂ ਉਹ ਮਰਨ ਵਰਤ ’ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਮਾਵਾਂ ਦੇ ਪੁੱਤਰ ਤੇ ਭੈਣਾਂ ਦੇ ਭਰਾ ਮੌਤ ਦੇ ਮੂੰਹ ਵਿੱਚ ਚਲੇ ਗਏ। ਨਸ਼ਿਆਂ ਕਾਰਨ ਸੂਬੇ ਦੀ ਜਵਾਨੀ ਬਰਬਾਦ ਹੋ ਗਈ ਹੈ ਅਤੇ ਬੇਰੁਜ਼ਗਾਰ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ।
ਇਸ ਤੋਂ ਪਹਿਲਾਂ ਸਥਾਨਕ ਅਨਾਜ ਮੰਡੀ ’ਚ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਸੂਬੇ ’ਚ ਅੰਨ੍ਹੀ ਲੁੱਟ-ਖਸੁੱਟ ਕਰਨ ਲਈ ਬਾਦਲ ਪਰਿਵਾਰ ਉਤੇ ਵਰ੍ਹਦਿਆਂ ਕਿਹਾ ਕਿ ਬਾਦਲਾਂ ਨੂੰ ਆਪਣੇ ਬੱਜਰ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਬਾਦਲਾਂ ਦੀ ਕਥਿਤ ਮਾਲਕੀ ਵਾਲੇ ਕੇਬਲ ਮਾਫੀਏ ਖਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਦੇਰੀ ਨਾਲ ਲਿਆ ਗਿਆ ਫੈਸਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿਚ ਕੇਬਲ, ਰੇਤ ਅਤੇ ਟਰਾਂਸਪੋਰਟ ਮਾਫੀਆ ਤੇ ਹੋਰ ਅਜਿਹੇ ਕਾਰੋਬਾਰ ਬਾਦਲਾਂ ਦੇ ਮਾੜੇ ਸ਼ਾਸਨ ਦੌਰਾਨ ਵਧੇ-ਫੁਲੇ ਸਨ। ਉਨ੍ਹਾਂ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਤਿੱਖਾ ਹਮਲਾ ਕੀਤਾ ਅਤੇ ਕੇਜਰੀਵਾਲ ਨੂੰ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਾ ਸਿਆਸਤਦਾਨ ਦੱਸਿਆ ਜਿਸ ਨੂੰ ਪੰਜਾਬ ਬਾਰੇ ਬੁਨਿਆਦੀ ਸਮਝ ਵੀ ਨਹੀਂ ਹੈ।
ਸੂਬੇ ਦੀਆਂ ਦੋ ਰਵਾਇਤੀ ਖੇਡਾਂ ‘ਗੁੱਲੀ ਡੰਡਾ’ ਅਤੇ ‘ਬਾਂਦਰ ਕਿੱਲੇ’ ਵਿਚਲਾ ਫਰਕ ਦੱਸਣ ਲਈ ਆਖਦੇ ਹੋਏ ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਉਸ ਦੀ ਜੁੰਡਲੀ ਦਾ ਪੰਜਾਬ ਨੂੰ ਲੁੱਟਣ ਦਾ ਖੁਆਬ ਕਦੇ ਵੀ ਹਕੀਕਤ ਵਿਚ ਨਹੀਂ ਬਦਲੇਗਾ। ‘ਦਿੱਲੀ ਮਾਡਲ ਦਾ ਕੋਈ ਵਜੂਦ ਨਹੀਂ ਹੈ ਜਦਕਿ ਕਾਂਗਰਸ ਦੇ ਪੰਜਾਬ ਮਾਡਲ ਨਾਲ ਲੋਕਾਂ ਨੂੰ ਬਿਹਤਰ ਸ਼ਾਸਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬੀਆਂ ਨੇ ਨਾ ਤਾਂ ਕਦੇ ਸੂਬੇ ਦੀ ਸੱਤਾ ਬਾਹਰੀ ਵਿਅਕਤੀ ਦੇ ਹੱਥ ਵਿਚ ਸੌਂਪੀ ਹੈ ਅਤੇ ਨਾ ਹੀ ਭਵਿੱਖ ਵਿਚ ਅਜਿਹਾ ਹੋਣ ਦੇਣਗੇ।’ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਲੁੱਟਣ ਲਈ ਵੱਖ-ਵੱਖ ਪਾਰਟੀਆਂ ਦੇ ਧਨਾਢ ਸਿਆਸਤਦਾਨਾਂ ਦਾ ਆਪਸ ਵਿਚ ਨਾਪਾਕ ਗੱਠਜੋੜ ਬਣਿਆ ਹੋਇਆ ਸੀ ਜਿਸ ਵਿੱਚੋਂ ਆਮ ਵਿਅਕਤੀ ਪੂਰੀ ਤਰ੍ਹਾਂ ਮਨਫੀ ਸੀ। ਉਨ੍ਹਾਂ ਕਿਹਾ ਕਿ ਧਨਾਢ ਟੋਲੇ ਦੇ ਮੈਂਬਰਾਂ ਨੇ ਆਪਣੇ ਸੌੜੇ ਹਿੱਤਾਂ ਅਤੇ ਸੂਬੇ ਦੀ ਲੁੱਟ-ਖਸੁੱਟ ਕਰਨ ਲਈ ਗੂੜ੍ਹੀਆਂ ਸਾਝਾਂ ਪਾਈਆਂ ਹੋਈਆਂ ਸਨ।
ਉਨ੍ਹਾਂ ਕਿਹਾ ਕਿ ਇਹ ਲੋਕ ਦੁਰਭਾਵਨਾ ਨਾਲ ਅਜਿਹਾ ਕਰ ਰਹੇ ਸਨ ਤਾਂ ਜੋ ਸੱਤਾ ਦਾ ਨਿੱਘ ਮਾਣਿਆ ਜਾ ਸਕੇ ਜਦਕਿ ਹਰੇਕ ਪੰਜ ਸਾਲਾਂ ਬਾਅਦ ਸ਼ਾਸਕ ਤਾਂ ਬਦਲਦਾ ਸੀ ਪਰ ਸੱਤਾ ਇਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੀ ਰਹਿੰਦੀ ਸੀ ਅਤੇ ਹੁਣ ਇਹ ਗੱਠਜੋੜ ਟੁੱਟ ਚੁੱਕਾ ਹੈ। ਸਥਾਨਕ ਅਨਾਜ ਮੰਡੀ ’ਚ ਮੁੱਖ ਮੰਤਰੀ ਚੰਨੀ ਜਦੋਂ ਬੋਲਣ ਲੱਗੇ ਤਾਂ ਇੱਕ ਕਾਂਗਰਸ ਆਗੂ ਨੇ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹੈ ਉਸ ਦੀ ਵੀ ਗੱਲ ਸੁਣੀ ਜਾਵੇ। ਚੰਨੀ ਨੇ ਆਪਣਾ ਭਾਸ਼ਣ ਰੋਕਦੇ ਹੋਏ ਕਿਹਾ ਕਿ ਇਹ ਗੱਲ ਕਰਨ ਦਾ ਕੋਈ ਤਰੀਕਾ ਨਹੀਂ ਹੈ। ਉਨ੍ਹਾਂ ਦੇ ਇਸ਼ਾਰੇ ਉੱਤੇ ਸੁਰੱਖਿਆ ਮੁਲਾਜ਼ਮਾਂ ਨੇ ਨਾਰਾਜ਼ ਕਾਂਗਰਸੀ ਨੂੰ ਪਾਸੇ ਹਟਾ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly