ਸਿੱਧੂ ਨੂੰ ਪੰਜਾਬ ਅਤੇ ਕਿਸਾਨ ਹਿੱਤਾਂ ਬਾਰੇ ਕੋਈ ਜਾਣਕਾਰੀ ਨਹੀਂ: ਕੈਪਟਨ

ਚੰਡੀਗੜ੍ਹ (ਸਮਾਜ ਵੀਕਲੀ):  ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਟਵੀਟ ਰਾਹੀਂ ਕੀਤੇ ਸੱਜਰੇ ਹਮਲੇ ਦਾ ਜਵਾਬ ਦਿੰਦਿਆਂ ਕਿਹਾ, ‘‘ਤੂੰ ਕਿੰਨਾ ਵੱਡਾ ਧੋਖੇਬਾਜ਼ ਤੇ ਫਰੇਬੀ ਹੈਂ! ਤੂੰ ਮੇਰੀ 15 ਸਾਲ ਪੁਰਾਣੀ ਫ਼ਸਲੀ ਵਿਭਿੰਨਤਾ ਨਾਲ ਜੁੜੀ ਪਹਿਲਕਦਮੀ ਨੂੰ ਉਨ੍ਹਾਂ ਖੇਤੀ ਕਾਨੂੰਨਾਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰ ਰਿਹੈਂ, ਜਿਨ੍ਹਾਂ ਖਿਲਾਫ਼ ਮੈਂ ਅਜੇ ਵੀ ਲੜ ਰਿਹਾਂ ਤੇ ਜਿਨ੍ਹਾਂ ਨਾਲ ਮੈਂ ਆਪਣੇ ਸਿਆਸੀ ਭਵਿੱਖ ਨੂੰ ਜੋੜਿਆ ਹੈ।’’

ਸਾਬਕਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵੱਲੋਂ ਕੀਤੇ ਟਵੀਟ ਵਿੱਚ ਕੈਪਟਨ ਦੀ ਹਵਾਲੇ ਨਾਲ ਕਿਹਾ ਗਿਆ, ‘‘ਸਾਫ਼ ਜ਼ਾਹਿਰ ਹੈ ਕਿ ਸਿੱਧੂ ਨੂੰ ਨਾ ਤਾਂ ਪੰਜਾਬ ਤੇ ਨਾ ਇਸ ਦੇ ਕਿਸਾਨਾਂ ਨਾਲ ਜੁੜੇ ਹਿਤਾਂ ਬਾਰੇ ਕੋਈ ਜਾਣਕਾਰੀ ਹੈ। ਤੁਹਾਨੂੰ ਫਸਲੀ ਵਿਭਿੰਨਤਾ ਤੇ ਖੇਤੀ ਕਾਨੂੰਨਾਂ ਵਿਚਲੇ ਫ਼ਰਕ ਦੀ ਭੋਰਾ ਵੀ ਸਮਝ ਨਹੀਂ ਹੈ। ਇਸ ਦੇ ਬਾਵਜੂਦ ਤੁਸੀਂ ਪੰਜਾਬ ਦੀ ਅਗਵਾਈ ਕਰਨ ਦੇ ਸੁਪਨੇ ਲੈ ਰਹੇ ਹੋ। ਜੇਕਰ ਅਜਿਹਾ ਹੋ ਗਿਆ ਤਾਂ ਕਿੰਨਾ ਭਿਆਨਕ ਹੋਵੇਗਾ।’’ ਅਮਰਿੰਦਰ ਨੇ ਸਿੱਧੂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਸਿੱਧੂ ਨੇ ਇਹ ਵੀਡੀਓ ਅਜਿਹੇ ਮੌਕੇ ਪੋਸਟ ਕੀਤੀ ਹੈ ਜਦੋਂ ਸਰਕਾਰ ਅਗਾਮੀ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸਮਿੱਟ ਦੇ ਪ੍ਰਚਾਰ ਪਾਸਾਰ ਲਈ ਪੂਰਾ ਟਿਲ ਲਾ ਰਹੀ ਹੈ।

ਕੈਪਟਨ ਨੇ ਸਵਾਲ ਕੀਤਾ, ‘‘ਕੀ ਤੁਸੀਂ ਇਸ ਦਾ ਵੀ ਵਿਰੋਧ ਕਰੋਗੇ।’’ ਕੈਪਟਨ ਨੇ ਕਾਂਗਰਸ ਵੱਲੋਂ ਉਨ੍ਹਾਂ ਦੀ ਧਰਮਨਿਰਪੱਖਤਾ ਨੂੰ ਲੈ ਕੇ ਉਠਾਏ ਸਵਾਲ ’ਤੇ ਇਕ ਵੱਖਰੇ ਟਵੀਟ ਵਿੱਚ ਕਿਹਾ, ‘‘ਹਰੀਸ਼ ਰਾਵਤ ਜੀ ਧਰਮਨਿਰਪੱਖਤਾ ਦੀਆਂ ਗੱਲਾਂ ਕਰਨਾ ਬੰਦ ਕਰੋ। ਇਹ ਨਾ ਭੁੱਲੋ ਕਿ 14 ਸਾਲ ਭਾਜਪਾ ਵਿੱਚ ਰਹਿਣ ਮਗਰੋਂ         (ਨਵਜੋਤ ਸਿੰਘ) ਸਿੱਧੂ ਨੂੰ ਕਾਂਗਰਸ ਨੇ ਪਾਰਟੀ ਵਿੱਚ ਦਾਖ਼ਲਾ ਦਿੱਤਾ ਸੀ ਅਤੇ ਨਾਨਾ ਪਟੋਲੇ ਤੇ ਰੇਵਨਾਥ ਰੈੱਡੀ ਜੇਕਰ ਆਰਐੱਸਐੱਸ ’ਚੋਂ ਨਹੀਂ ਤਾਂ ਫਿਰ ਕਿੱਥੋਂ ਆਏ ਹਨ? ਪਰਗਟ ਸਿੰਘ ਪਹਿਲਾਂ ਅਕਾਲੀਆਂ ਨਾਲ ਸੀ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਪੁਲੀਸ ਹਰ ਚੁਣੌਤੀ ਨਾਲ ਸਿੱਝਣ ਦੇ ਸਮਰੱਥ: ਰੰਧਾਵਾ
Next articleਯੋਗੇਂਦਰ ਯਾਦਵ ਕਿਸਾਨ ਮੋਰਚੇ ’ਚੋਂ ਮਹੀਨੇ ਲਈ ਮੁਅੱਤਲ