ਸਿੱਧੂ ਵੱਲੋਂ ‘ਸ਼ਹਿਰੀ ਰੁਜ਼ਗਾਰ ਗਾਰੰਟੀ ਮਿਸ਼ਨ’ ਦਾ ਐਲਾਨ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ‘ਪੰਜਾਬ ਮਾਡਲ’ ਉੱਤੇ ਝਾਤ ਪੁਆਉਂਦਿਆਂ ਕਿਹਾ ਕਿ ਮਨਰੇਗਾ ਦੀ ਤਰਜ ’ਤੇ ਸ਼ਹਿਰੀ ਖੇਤਰ ਵਿੱਚ ‘ਪੰਜਾਬ ਸ਼ਹਿਰੀ ਰੁਜ਼ਗਾਰ ਗਾਰੰਟੀ ਮਿਸ਼ਨ’ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰਾਂ ਦੇ ਹਰ ਵਿਅਕਤੀ ਨੂੰ ਰੁਜ਼ਗਾਰ ਦਾ ਅਧਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਗੈਰ-ਹੁਨਰਮੰਦ ਕਾਮਿਆਂ ਨੂੰ ਵੀ ਇਹ ਹੱਕ ਮਿਲੇਗਾ। ਨਵਜੋਤ ਸਿੱਧੂ ਨੇ ਅੱਜ ਸਵੇਰ ਵੇਲੇ ਠੰਢ ਦੇ ਮੌਸਮ ਦਰਮਿਆਨ ਮਜ਼ਦੂਰਾਂ ਨਾਲ ਉਚੇਚੇ ਤੌਰ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਮਜ਼ਦੂਰਾਂ ਨੇ ਹਫ਼ਤੇ ਵਿੱਚ ਸਿਰਫ਼ ਦੋ-ਤਿੰਨ ਦਿਨ ਕੰਮ ਮਿਲਣ ਦੀ ਗੱਲ ਰੱਖੀ।

ਨਵਜੋਤ ਸਿੱਧੂ ਨੇ ਮਜ਼ਦੂਰਾਂ ਨਾਲ ਮਿਲਣੀ ਮਗਰੋਂ ਅੱਜ ਇੱਥੇ ਕਾਂਗਰਸ ਭਵਨ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਉਹ ਸ਼ਹਿਰੀ ਰੁਜ਼ਗਾਰ ਗਾਰੰਟੀ ਮਿਸ਼ਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਲੜਾਈ ਲੜਨਗੇ। ਉਨ੍ਹਾਂ ਮਜ਼ਦੂਰਾਂ ਦੀ ਮੰਦੀ ਹਾਲਾਤ ’ਤੇ ਵੀ ਫ਼ਿਕਰ ਜ਼ਾਹਿਰ ਕੀਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਖੁਰਾਕ ਸੁਰੱਖਿਆ ਐਕਟ 2013 ਅਨੁਸਾਰ 67 ਫੀਸਦੀ ਆਬਾਦੀ ਜਨਤਕ ਵੰਡ ਪ੍ਰਣਾਲੀ ਅਧੀਨ ਆਉਣੀ ਚਾਹੀਦੀ ਹੈ ਅਤੇ ਮਜ਼ਦੂਰ ਵੀ ਇਸ ਸ਼੍ਰੇਣੀ ਵਿੱਚ ਆਉਣੇ ਚਾਹੀਦੇ ਹਨ। ਉਨ੍ਹਾਂ ਸਰਕਾਰ ਕੋਲ ਲੇਬਰ ਸੈੱਸ ਦਾ ਮੁੱਦਾ ਵੀ ਚੁੱਕਿਆ, ਜੋ ਰਜਿਸਟ੍ਰੇਸ਼ਨ ਨਾ ਹੋਣ ਕਰਕੇ ਬਹੁਤੇ ਉਸਾਰੀ ਕਾਮਿਆਂ ਕੋਲ ਪੁੱਜ ਨਹੀਂ ਰਿਹਾ ਹੈ। ਸਿੱਧੂ ਨੇ ਦੱਸਿਆ ਕਿ ਉਹ ਭਲਕੇ ਆਪਣੇ ਸੁਝਾਓ ਸਰਕਾਰ ਕੋਲ ਰੱਖਣਗੇ।

ਸਿੱਧੂ ਦੀ ਜ਼ੁਬਾਨ ਫਿਸਲੀ

ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਅੱਜ ਪ੍ਰੈੱਸ ਵਾਰਤਾ ਦੌਰਾਨ ਜ਼ੁਬਾਨ ਫਿਸਲ ਗਈ ਜਿਸ ਕਰਕੇ ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਰਹੀ। ਵਿਰੋਧੀ ਧਿਰਾਂ ਨੇ ਨਵਜੋਤ ਸਿੱਧੂ ਇਸ ਬੋਲਬਾਣੀ ’ਤੇ ਸੁਆਲ ਵੀ ਚੁੱਕੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ਾਜ਼ਿਲਕਾ: ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ
Next articleਸ਼ਹੀਦੀ ਜੋੜ ਮੇਲ ਮੌਕੇ ਦੇਸ਼ ਭਰ ’ਚ ਛੁੱਟੀ ਕੀਤੀ ਜਾਵੇ: ਧਾਮੀ