- ਭਲਕੇ ਬੰਗਲੂਰੂ ’ਚ ਹੋਵੇਗਾ ਹਲਫ਼ਦਾਰੀ ਸਮਾਗਮ
- ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ
ਨਵੀਂ ਦਿੱਲੀ/ਬੰਗਲੂਰੂ (ਸਮਾਜ ਵੀਕਲੀ); ਪਿਛਲੇ ਕਈ ਦਿਨਾਂ ਤੋਂ ਬਣੇ ਸ਼ਸ਼ੋਪੰਜ ਨੂੰ ਖ਼ਤਮ ਕਰਦਿਆਂ ਕਾਂਗਰਸ ਨੇ ਅੱਜ ਸਿੱਧਾਰਮਈਆ(75) ਨੂੰ ਕਰਨਾਟਕ ਦਾ ਅਗਲਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡੀ.ਕੇ.ਸ਼ਿਵਕੁਮਾਰ(61) ਜਲਦੀ ਹੀ ਗਠਿਤ ਹੋ ਰਹੀ ਕੈਬਨਿਟ ਵਿੱਚ ਉਪ ਮੁੱਖ ਮੰਤਰੀ ਹੋਣਗੇ। ਇਹ ਦੋਵੇਂ ਆਗੂ, ਜੋ ਇਸ ਸਿਖਰਲੇ ਅਹੁਦੇ ਲਈ ਪ੍ਰਮੁੱਖ ਦਾਅਵੇਦਾਰ ਸਨ, 20 ਮਈ ਨੂੰ ਹੋਰਨਾਂ ਮੰਤਰੀਆਂ ਨਾਲ ਹਲਫ਼ ਲੈਣਗੇ। ਸੂਤਰਾਂ ਮੁਤਾਬਕ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਨਾਲ 20 ਦੇ ਕਰੀਬ ਮੰਤਰੀ ਹਲਫ਼ ਲੈਣਗੇ, ਜਿਨ੍ਹਾਂ ਵਿਚੋਂ ਕੁਝ ਸੂਬਾਈ ਵਿਧਾਨ ਪ੍ਰੀਸ਼ਦ ’ਚੋਂ ਹੋਣਗੇ। ਇਸੇ ਦੌਰਾਨ ਬੰਗਲੂਰੂ ਵਿੱਚ ਕਾਂਗਰਸ ਵਿਧਾਇਕ ਦਲ (ਸੀਐੱਲਪੀ) ਨੇ ਨੌਂ ਵਾਰ ਦੇ ਵਿਧਾਇਕ ਸਿੱਧਾਰਮਈਆ ਨੂੰ ਰਸਮੀ ਤੌਰ ’ਤੇ ਆਪਣਾ ਆਗੂ ਚੁਣ ਲਿਆ, ਜਿਸ ਮਗਰੋਂ ਉਨ੍ਹਾਂ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਕਾਂਗਰਸ ਦੇ ਜਨਰਲ ਸਕੱਤਰ(ਜਥੇਬੰਦੀ) ਕੇ.ਸੀ.ਵੇਣੂਗੋਪਾਲ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਲਏ ਉਪਰੋਕਤ ਫੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਹਾਈ ਕਮਾਨ ਸਣੇ ਸਾਰੇ ਆਗੂਆਂ ਨੇ ਕਰਨਾਟਕ ਵਿੱਚ ਜਿੱਤ ਨੂੰ ਹਕੀਕੀ ਰੂਪ ਦੇਣ ਵਿੱਚ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਸਿੱਧਾਰਮਈਆ ਨੂੰ ਕਰਨਾਟਕ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੈ। ਡੀ.ਕੇ. ਸ਼ਿਵਕੁਮਾਰ ਸਰਕਾਰ ਵਿੱਚ ਇਕੋ ਇਕ ਉਪ ਮੁੱਖ ਮੰਤਰੀ ਹੋਣਗੇ।’’ ਉਨ੍ਹਾਂ ਕਿਹਾ ਕਿ ਸ਼ਿਵਕੁਮਾਰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਕਰਨਾਟਕ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। ਵੇਣੂਗੋਪਾਲ ਨੇ ਕਿਹਾ ਕਿ ਹਲਫ਼ਦਾਰੀ ਸਮਾਗਮ 20 ਮਈ ਨੂੰ ਬਾਅਦ ਦੁਪਹਿਰ ਸਾਢੇ ਬਾਰ੍ਹਾਂ ਵਜੇ ਹੋਵੇਗਾ।
ਇਸੇ ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਪਾਰਟੀ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਦੌਰਾਨ ਕੀਤੇ ਪੰਜ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਤੇ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਇਨ੍ਹਾਂ ’ਤੇ ਕਾਰਵਾਈ ਹੋਵੇਗੀ। ਸਿੱਧਾਰਮਈਆ ਤੇ ਸ਼ਿਵਕੁਮਰ ਵਿਚਾਲੇ ਤਾਕਤਾਂ ਦੀ ਵੰਡ ਫਾਰਮੂਲੇ ਬਾਰੇ ਪੁੱਛਣ ’ਤੇ ਵੇਣੂਗੋਪਾਲ ਨੇ ਕਿਹਾ ਕਿ ਇਸ ਦਾ ਇਕੋ ਇਕ ਫਾਰਮੂਲਾ ਕਰਨਾਟਕ ਦੇ ਲੋਕਾਂ ਨਾਲ ਸੱਤਾ ਦੀ ਸਾਂਝ ਪਾਉਣਾ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਜਮਹੂਰੀ ਪਾਰਟੀ ਹੈ ਤੇ ਅਸੀਂ ਤਾਨਾਸ਼ਾਹੀ ਵਿੱਚ ਨਹੀਂ… ਸਰਬਸੰਮਤੀ ਵਿੱਚ ਯਕੀਨ ਕਰਦੇ ਹਾਂ।’’ ਵੇਣੂਗੋਪਾਲ ਨੇ ਕਰਨਾਟਕ ਵਿੱਚ ਮਿਲੀ ‘ਸ਼ਾਨਦਾਰ’ ਜਿੱਤ ਦਾ ਸਿਹਰਾ ਸੂਬੇ ਦੇ ਲੋਕਾਂ ਤੇ ਪਾਰਟੀ ਆਗੂਆਂ ਸਿਰ ਬੰਨ੍ਹਦਿਆਂ ਕਿਹਾ ਕਿ ਇਹ ਚੋਣਾਂ ਸਪਸ਼ਟ ਰੂਪ ਵਿੱਚ ਗਰੀਬ ਤੇ ਅਮੀਰ ਦਰਮਿਆਨ ਲੜਾਈ ਸੀ ਅਤੇ ਗਰੀਬ ਤੇ ਮੱਧਵਰਗ ਨੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ। ਉਨ੍ਹਾਂ ਚੋਣ ਪ੍ਰਚਾਰ ਦੌਰਾਨ ਪਾਰਟੀ ਕੇਡਰ ਨੂੰ ਦਿੱਤੀ ਸੇਧ ਲਈ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜਿੱਤ ਦਾ ਆਗਾਜ਼ ‘ਭਾਰਤ ਜੋੜੋ ਯਾਤਰਾ’ ਦੇ ਸਮੇਂ ਤੋਂ ਹੀ ਹੋ ਗਿਆ ਸੀ। ਉਨ੍ਹਾਂ ਜੋਸ਼ੀਲੇ ਚੋਣ ਪ੍ਰਚਾਰ ਤੇ ਸੇਧ ਲਈ ਰਾਹੁਲ ਗਾਂਧੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ ਦੋ-ਤਿੰਨ ਦਿਨਾਂ ਤੋਂ ਸਰਬਸੰਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਤੇ ਦੋਵੇਂ ਆਗੂ ‘ਕੱਦਾਵਰ’ ਹਨ। ਉਨ੍ਹਾਂ ਕਿਹਾ ਕਿ ਸਿੱਧਾਰਮਈਆ ਸਭ ਤੋਂ ਸੀਨੀਅਰ ਸਿਆਸਤਦਾਨ ਤੇ ਯੋਗ ਪ੍ਰਸ਼ਾਸਕ ਹਨ, ਜਿਨ੍ਹਾਂ ਇਨ੍ਹਾਂ ਚੋਣਾਂ ਵਿੱਚ ਬਹੁਤ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸ਼ਿਵਕੁਮਾਰ ਨੇ ਕਰਨਾਟਕ ਵਿੱਚ ਚੋਣ ਪ੍ਰਚਾਰ ’ਚ ਜਾਨ ਪਾਉਂਦਿਆਂ ਇਸ ਨੂੰ ਭਖਾਈ ਰੱਖਿਆ। ਦੋਵਾਂ ਆਗੂਆਂ ਦਾ ‘ਬਹੁਤ ਚੰਗਾ ਸੁਮੇਲ’ ਹੈ। ਉਨ੍ਹਾਂ ਕਿਹਾ, ‘‘ਦੋਵੇਂ ਆਗੂ ਕਾਂਗਰਸ ਪਾਰਟੀ ਲਈ ਵੱਡੇ ਅਸਾਸੇ ਹਨ’’ ਤੇ ਦੋਵਾਂ ਵੱਲੋਂ ਮੁੱਖ ਮੰਤਰੀ ਬਣਨ ਦੀ ਤਾਂਘ ਰੱਖਣੀ ਜਾਇਜ਼ ਸੀ।
ਉਧਰ ਸੁਰਜੇਵਾਲਾ ਨੇ ਕਿਹਾ ਕਿ ਦੋਵੇਂ ਆਗੂ ਮੁੱਖ ਮੰਤਰੀ ਬਣਨ ਦੇ ਯੋਗ ਹਨ ਤੇ ਕਾਂਗਰਸ ਪਾਰਟੀ ਸੂਬੇ ਵਿੱਚ ‘ਪਾਰਦਰਸ਼ੀ, ਇਮਾਨਦਾਰ ਤੇ ਸਥਿਰ ਸਰਕਾਰ’ ਮੁਹੱਈਆ ਕਰਵਾਏਗੀ, ਜੋ ਇਕ ਰੋਲ ਮਾਡਲ ਵਜੋਂ ਕੰਮ ਕਰੇਗੀ। ਉਨ੍ਹਾਂ ਕਿਹਾ, ‘‘ਇਹ ਜਿੱਤ ਕਾਂਗਰਸ ਜਥੇਬੰਦੀ ਦੀ ਸਾਂਝੀ ਜਿੱਤ ਹੈ। ਹਰੇਕ ਵਰਕਰ ਨੇ ਸਾਬਤ ਕੀਤਾ ਕਿ ਕਾਂਗਰਸ ਇਕਜੁੱਟ ਹੋ ਕੇ ਚੋਣਾਂ ਲੜ ਤੇ ਜਿੱਤ ਸਕਦੀ ਹੈ।’’ ਸੁਰਜੇਵਾਲਾ ਨੇ ਕਿਹਾ, ‘‘ਕਾਂਗਰਸ ਦੀ ਜਿੱਤ ਦਾ ਅਸਲ ਤਾਜ ਸਾਢੇ ਛੇ ਕਰੋੜ ਕੰਨੜ ਲੋਕ ਹਨ। ਇਹ ਹਰ ਕੰਨੜ ਦੀ, ਜਮਹੂਰੀਅਤ ਦੀ ਤੇ ਇਸ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦੀ ਜਿੱਤ ਹੈ। ਜਮਹੂਰੀ ਰਵਾਇਤ ਨੂੰ ਬੁਲਡੋਜ਼ਰ ਹੇਠ ਮਧੋਲਣ ਵਾਲਿਆਂ ਲਈ ਇਹ ਹਾਰ ਹੈ।’’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly