ਸ਼ਕ਼… ਇੱਕ ਲਾਇਲਾਜ ਬਿਮਾਰੀ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਦੁਨੀਆਂ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾਣਾ ਸੰਭਵ ਨਹੀਂ ਜਿਵੇਂ ਕੈਂਸਰ, ਥੈਲੇਸੀਮੀਆ, ਏਡਜ਼ ਆਦਿ। ਸਰਦੀ, ਜ਼ੁਕਾਮ ,ਖਾਸੀ ,ਐਲਰਜੀ ਆਦਿ ਇਹੋ ਜਿਹੀਆਂ ਬੀਮਾਰੀਆਂ ਹਨ ਜਿਨ੍ਹਾਂ ਦਾ ਇਲਾਜ ਕਰਕੇ ਉਹਨਾਂ ਨੂੰ ਠੀਕ ਕੀਤਾ ਜਾਦਾ ਹੈ ਲੇਕਿਨ ਉਹ ਵਾਰ-ਵਾਰ ਹੁੰਦੀਆਂ ਰਹਿੰਦੀਆਂ ਹਨ। ਲੇਕਿਨ ਜਨਾਬ ਇਹ ਤਾਂ ਇਹੋ ਜਿਹੀਆਂ ਬੀਮਾਰੀਆਂ ਹਨ ਜਿਨ੍ਹਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਇਲਾਜ ਹੋ ਜਾਂਦਾ ਹੈ ਪਰ ਜਿਸ ਬੀਮਾਰੀ ਦਾ ਅਸੀਂ ਇਥੇ ਜ਼ਿਕਰ ਕਰਨ ਜਾ ਰਹੇ ਹਾਂ ਉਹ ਜਿਹੀ ਬੀਮਾਰੀ ਹੈ ਜਿਸ ਦਾ ਇਲਾਜ ਲੱਭਣ ਲੱਗਿਆ ਲੁਕਮਾਨ ਹਕੀਮ ਵੀ ਸਿਰ ਫੜ ਕੇ ਬੈਠ ਗਿਆ।

ਅੱਜ ਦੇ ਆਯੁਰਵੈਦਿਕ, ਐਲੋਪੈਥਿਕ, ਹੋਮਿਓਪੈਥਿਕ, ਯੂਨਾਨੀ ਅਤੇ ਕੁਦਰਤੀ ਤਰੀਕੇ ਨਾਲ ਇਲਾਜ ਕਰਨ ਵਾਲੇ ਡਾਕਟਰ ਵੀ ਹਨ ਜਿਨ੍ਹਾਂ ਨੇ ਇਸ ਬਿਮਾਰੀ ਦਾ ਇਲਾਜ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਤੁਸੀਂ ਇਸ ਬੀਮਾਰੀ ਤੋਂ ਚੰਗੀ ਤਰ੍ਹਾਂ ਜਾਣੂ ਹੋ, ਇਸ ਦਾ ਕਈ ਵਾਰ ਸ਼ਿਕਾਰ ਵੀ ਹੋ ਚੁੱਕੇ ਹੋ ਲੇਕਿਨ ਏਸ ਵੇਲੇ ਤੁਹਾਡੇ ਜ਼ਹਿਨ ਵਿਚ ਉਸਦਾ ਨਾ ਯਾਦ ਨਹੀਂ ਆ ਰਿਹਾ। ਤਾਂ ਸੁਣੋ, ਲਾ ਇਲਾਜ ਅਤੇ ਨਾਮੁਰਾਦ ਬੀਮਾਰੀ ਦਾ ਨਾ ਹੈ….ਸ਼ਕ਼। ਜੀ ਹਾਂ…. ਸ਼ੱਕ, ਸ਼ੱਕ ,ਸ਼ੱਕ, ਅਤੇ ਸ਼ਕ। ਸ਼ੱਕ ਅਮਰ ਹੈ, ਸ਼ੱਕ ਅਜਰ ਹੈ, ਸ਼ੱਕ ਸਰਬ ਸ਼ਕਤੀਮਾਨ ਹੈ, ਸ਼ੱਕ ਸਰਵ ਵਿਆਪਕ ਹੈ ! ਸ਼ੱਕ ਮਨ ਦੀ ਇਕ ਇਹੋ ਜਿਹੀ ਮਨ ਦੀ ਦਸ਼ਾ ਹੈ ਜਿਸ ਵਿਚ ਬੰਦੇ ਨੂੰ ਜੋ ਕੁਝ ਦਿਖਾਈ ਦਿੰਦਾ ਹੈ, ਸੁਣਾਈ ਦਿੰਦਾ ਹੈ ਅਤੇ ਮਹਿਸੂਸ ਹੁੰਦੈ, ਉਹ ਹੁੰਦਾ ਹੀ ਨਹੀਂ। ਅਤੇ ਜੋ ਕੁਝ ਹੋ ਰਿਹਾ ਹੁੰਦਾ ਹੈ ਉਸ ਉੱਤੇ ਯਕੀਨ ਹੀ ਨਹੀਂ ਹੁੰਦਾ। ਬਸ ਇਸੇ ਨੂੰ ਹੀ ਸ਼ਕ਼ ਕਹਿੰਦੇ ਹਨ। ਸ਼ੱਕ ਦੇ ਕਾਰਨ ਆਦਮੀ ਖਾ ਨਹੀਂ ਸਕਦਾ ,ਪੀ ਨਹੀਂ ਸਕਦਾ, ਸੌਂ ਨਹੀਂ ਸਕਦਾ ਅਤੇ ਉਸਦਾ ਚੱਲਣ ਫਿਰਨ ਅਤੇ ਕਿਸੇ ਨਾਲ ਗੱਲ ਕਰਨ ਵਾਸਤੇ ਵੀ ਦਿਲ ਨਹੀਂ ਕਰਦਾ।

ਕਦੇ ਕਦੇ ਉਸ ਦੇ ਮਨ ਵਿਚ ਆਤਮ ਹੱਤਿਆ ਕਰਨ ਦਾ ਵਿਚਾਰ ਵੀ ਪੈਦਾ ਹੋ ਜਾਂਦਾ ਹੈ। ਉਸ ਦੇ ਮਨ ਵਿਚ ਹਮੇਸ਼ਾ ਤਣਾਅ ਹੀ ਤਣਾਅ ਰਹਿੰਦਾ ਹੈ। ਜੇਕਰ ਕਿਸੇ ਦੀ ਸੁੰਦਰ ਪਤਨੀ ਹੈ ਉਸ ਨੂੰ ਹਰ ਵੇਲੇ ਇਸ ਗੱਲ ਦਾ ਸ਼ੱਕ ਰਹੇਗਾ ਕਿ ਉਹ ਉਸ ਨੂੰ ਛੱਡਕੇ ਕਿਸੇ ਹੋਰ ਦੇ ਨਾਲ ਭਜ ਨਾ ਜਾਵੇ, ਉਸ ਦੇ ਕਿਸੇ ਹੋਰ ਬੰਦੇ ਨਾਲ ਗ਼ੈਰਕਾਨੂੰਨੀ ਸਬੰਧ ਨਾ ਸਥਾਪਿਤ ਹੋ ਜਾਣ। ਸੱਸ ਅਤੇ ਨੂੰਹ ਦੇ ਚਾਹੇ ਕਿੰਨੇ ਵੀ ਨੇਕਨਾਮੀ ਵਾਲੇ ਸਬੰਧ ਹੋਣ, ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਮਨ ਵਿਚ ਇਕ ਦੂਜੇ ਦੇ ਬਾਰੇ ਹਮੇਸ਼ਾ ਸ਼ੱਕ ਬਣਿਆ ਹੀ ਰਹਿੰਦਾ ਹੈ। ਜੇਕਰ ਸੱਸ ਕਿਸੇ ਹੋਰ ਨਾਲ ਗੱਲ ਕਰ ਰਹੀ ਹੋਵੇ ਤਾਂ ਨੂੰਹ ਨੂੰ ਇਹ ਸ਼ੱਕ ਹੁੰਦਾ ਹੈ ਕਿ ਉਸ ਦੀ ਸੱਸ ਉਸ ਦੇ ਖਿਲਾਫ ਹੀ ਗੱਲ ਕਰ ਰਹੀ ਹੋਵੇਗੀ। ਇਹ ਗੱਲ ਨੂੰਹ ਬਾਰੇ ਵੀ ਕਹੀ ਜਾ ਸਕਦੀ ਹੈ।

ਪਤਨੀਆਂ ਨੂੰ ਹਮੇਸ਼ਾ ਇਸ ਗੱਲ ਦਾ ਸ਼ੱਕ ਹੁੰਦਾ ਹੈ ਕਿ ਉਨ੍ਹਾਂ ਦੇ ਪਤੀ ਉਹਨਾਂ ਨੂੰ ਆਪਣੀ ਪੂਰੀ ਤਨਖਾਹ ਬਾਰੇ ਨਹੀਂ ਦਸਦੇ, ਕਿਤੇ ਉਨ੍ਹਾਂ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਗੈਰ-ਕਨੂੰਨੀ ਸਬੰਧ ਨਾ ਹੋਣ। ਚਾਹੇ ਪਤੀ ਆਪਣੀ ਪਤਨੀ ਦਾ ਕਿੰਨਾ ਵੀ ਜ਼ਿਆਦਾ ਧਿਆਨ ਰੱਖੇ ਉਸ ਦੇ ਬਾਵਜੂਦ ਵੀ ਨੂਹ ਦੇ ਮਨ ਵਿਚ ਹਮੇਸ਼ਾ ਸ਼ੱਕ ਰਹਿੰਦਾ ਹੈ ਕਿ ਉਸ ਦਾ ਪਤੀ ਆਪਣੀ ਮਾਂ ਅਤੇ ਭੈਣ ਦਾ ਉਸ ਦੇ ਮੁਕਾਬਲੇ ਜ਼ਿਆਦਾ ਧਿਆਨ ਰੱਖਦਾ ਹੈ ਅਤੇ ਉਸ ਦੀ ਪਰਵਾਹ ਨਹੀਂ ਕਰਦਾ। ਅਜੇਹੇ ਸ਼ੱਕ ਕਰਕੇ ਪਤੀ-ਪਤਨੀ ਵਿਚਕਾਰ ਆਮ ਤੌਰ ਤੇ ਬਹਿਸ, ਝਗੜਾ, ਤੋੜ ਫੋੜ, ਉੱਚੀ ਉੱਚੀ ਰੌਲਾ ਪਾਉਣਾ ਅਤੇ ਮਾਰਕੁੱਟ ਚੱਲਦੀ ਰਹਿੰਦੀ ਹੈ। ਸਵਰਗ ਜਿਹਾ ਘਰ ਨਰਕ ਬਣਕੇ ਰਹਿ ਜਾਂਦੈ। ਹੁਣ ਆਪ ਦੇਖੋ। ਸਾਡੇ ਘਰਾਂ ਵਿਚ ਜਿਹੜੇ ਦੁੱਧ ਦੀ ਸਪਲਾਈ ਹੁੰਦੀ ਹੈ ਉਸ ਵਿਚ ਪਾਣੀ ਦੀ ਮਿਲਾਵਟ ਦਾ ਸ਼ੱਕ ਹਮੇਸ਼ਾ ਸਾਡੇ ਮਨ ਵਿੱਚ ਰਹਿੰਦਾ ਏ।

ਚਾਹੇ ਦੁਧ ਦੇਣ ਵਾਲਾ ਬੰਦਾ ਸਾਨੂੰ ਕਿੰਨਾ ਵੀ ਖ਼ਾਲਸ ਦੁੱਧ ਕਿਉਂ ਨਾ ਦੇਵੇ ਫਿਰ ਵੀ ਸਾਡੇ ਮਨ ਵਿਚ ਇਹ ਸ਼ੱਕ ਹੁੰਦਾ ਹੈ ਕਿ ਪਿੰਡੋਂ ਦੁੱਧ ਲਿਆਂਦੇ ਹੋਏ ਇਹ ਰਾਹ ਵਿਚ ਪਾਣੀ ਜ਼ਰੂਰ ਮਿਲਾਉਂਦਾ ਹੋਏਗਾ। ਸਾਡੇ ਬੱਚੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਸਤੇ ਜਾਂਦੇ ਹਨ। ਸਾਡੇ ਮਨ ਵਿੱਚ ਹਮੇਸ਼ਾ ਇਹ ਸ਼ੱਕ ਰਹਿੰਦਾ ਕਿ ਕਿਤੇ ਇਹ ਉਥੋਂ ਗੈਰਹਾਜਰ ਹੋ ਕੇ ਬਾਹਰ ਅਵਾਰਾਗਰਦੀ ਤਾਂ ਨਹੀਂ ਕਰ ਰਹੇ ਹੋਣਗੇ, ਜੇਕਰ ਉਹ ਕਲਾਸ ਵਿਚ ਵੀ ਹੋਣ ਉਹ ਧਿਆਨ ਨਾਲ ਵੀ ਪੜ ਰਹੇ ਹੋਣਗੇ ਜਾਂ ਨਹੀਂ। ਪੜ੍ਹਨ ਵਾਲੇ ਬੱਚੇ ਜੇਕਰ ਘਰ ਆਉਣ ਵਿਚ ਦੇਰ ਕਰ ਦੇਣ ਤਾਂ ਸਾਡੇ ਮਨ ਵਿੱਚ ਤਰਾਂ ਤਰਾਂ ਦੇ ਸ਼ੱਕ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ।

ਕੋਈ ਦੁਰਘਟਨਾ ਤਾਂ ਨਹੀਂ ਹੋ ਗਈ ਹੋਵੇਗੀ, ਸਾਡਾ ਬੱਚਾ ਨਸ਼ਾਖੋਰੀ ਤਾਂ ਨਹੀਂ ਕਰ ਰਿਹਾ ਹੋਵੇਗਾ, ਜੂਆ ਤਾਂ ਨਹੀਂ ਖੇਡਣ ਲੱਗ ਪਿਆ ਹੋਵੇਗਾ, ਗਲਤ ਸੰਗਤ ਵਿੱਚ ਪੈ ਕੇ ਗੈਰ-ਕਨੂੰਨੀ ਕੰਮ ਤਾਂ ਨਹੀਂ ਕਰਨ ਲੱਗ ਗਿਆ ਹੋਵੇਗਾ, ਘਰੋਂ ਚੋਰੀ ਕਰਕੇ ਆਪਣੇ ਯਾਰਾਂ ਦੋਸਤਾਂ ਨਾਲ ਗੁਲਛਰੇ ਤਾਂ ਨਹੀਂ ਉਡਾ ਰਿਹਾ ਹੋਵੇਗਾ, ਘਰੋਂ ਭਜ ਤਾਂ ਨਹੀਂ ਗਿਆ ਹੋਵੇਗਾ, ਕਿਸੇ ਨੇ ਕਿਡਨੈਪ ਤਾਂ ਨਹੀਂ ਕਰ ਲਿਆ ਹੋਵੇਗਾ। ਜੇਕਰ ਸਾਡਾ ਬੱਚਾ ਪ੍ਰੀਖਿਆ ਵਿੱਚ ਬਹੁਤ ਚੰਗੇ ਨੰਬਰ ਲਿਆਉਦਾ ਹੈ ਤਾਂ ਅਸੀਂ ਆਪਣੇ ਆਪ ਨੂੰ ਭੰਡਣ ਲੱਗ ਜਾਂਦੇ ਹਾਂ ਕਿ ਅਸੀਂ ਤਾਂ ਐਵੇਂ ਹੀ ਉਸ ਦੀ ਕਾਬਲੀਅਤ ਤੇ ਸ਼ੱਕ ਕੀਤਾ ਹੈ। ਅਤੇ ਜੇਕਰ ਸਖ਼ਤ ਮਿਹਨਤ ਦੇ ਬਾਵਜੂਦ ਵੀ ਸਾਡਾ ਬੱਚਾ ਘੱਟ ਨੰਬਰ ਲੈ ਆਉਂਦਾ ਹੈ ਜਾਂ ਉਸ ਦੀ ਕਿਸੇ ਵਿਸ਼ੇ ਵਿਚ ਕੰਪਾਰਟਮੈਂਟ ਆ ਜਾਂਦੀ ਹੈ ਅਸੀਂ ਉਸਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਨੂੰ ਤੇਰੇ ਇਨ੍ਹਾਂ ਲੱਛਣਾਂ ਦਾ ਤਾਂ ਪਹਿਲਾਂ ਹੀ ਪਤਾ ਸੀ। ਜੇਕਰ ਬੱਚੇ ਦੇ ਨੰਬਰ ਸਿਲੇਬਸ ਤੋਂ ਬਾਹਰ ਪ੍ਰਸ਼ਨ ਪੁੱਛਣ ਕਾਰਨ ਆਉਂਦੇ ਹਨ ਤਾਂ ਵੀ ਅਸੀਂ ਸਾਰਾ ਕਸੂਰ ਆਪਣੇ ਬੱਚੇ ਦਾ ਹੀ ਮਨਦੇ ਹਾਂ। ਦੋਸਤੋ! ਸ਼ੱਕ ਦੇ ਕਾਰਨ ਹੀ ਪਤੀ ਪਤਨੀ ਦੇ ਕਦੇ ਵੀ ਸੁਖਾਵੇਂ ਸਬੰਧ ਨਹੀਂ ਬਣ ਸਕਦੇ, ਤਣਾਅ ਅਤੇ ਤਣਾਅ ਹੁੰਦਾ ਹੈ, ਸ਼ੱਕ ਦਾ ਧੂੰਆਂ ਵਿਸ਼ਵਾਸ਼ ਦੇ ਸ਼ੀਸ਼ੇ ਨੂੰ ਧੁੰਦਲਾ ਕਰ ਦਿੰਦਾ ਹੈ।

ਸੀਤਾ ਹਰਨ ਤੋਂ ਬਾਦ ਜਦੋਂ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਹਰਾ ਕੇ ਸੀਤਾ ਨੂੰ ਮੁੜ ਪ੍ਰਾਪਤ ਕਰ ਲਿਆ ਤਾਂ ਉਸਦੀ ਅਗਨੀ ਪ੍ਰੀਖਿਆ ਲਈ ਗਈ। ਲੇਕਿਨ ਇਸਦੇ ਬਾਵਜੂਦ ਵੀ ਜਦੋਂ ਇਕ ਧੋਬੀ ਨੇ ਮਿਹਣਾ ਦਿੱਤਾ ਤਾਂ ਸ੍ਰੀ ਰਾਮ ਚੰਦਰ ਜੀ ਨੇ ਗਰਬ ਦੀ ਅਵਸਥ ਦੇ ਬਾਵਜੂਦ ਆਪਣੇ ਭਰਾ ਲਛਮਣ ਨੂੰ ਸੀਤਾ ਨੂੰ ਬਾਲਕਮੀਕੀ ਦੇ ਆਸ਼ਰਮ ਵਿੱਚ ਛੱਡ ਕੇ ਆਉਣ ਲਈ ਕਿਹਾ। ਸ਼ੱਕ ਦੇ ਕਾਰਨ ਹੀ ਸ੍ਰੀ ਰਾਮਚੰਦਰ ਅਤੇ ਸੀਤਾ ਦਾ ਵਿਵਾਹਿਕ ਜੀਵਨ ਕਦੇ ਸੁਖੀ ਨਹੀਂ ਰਿਹਾ। ਸਾਡੀ ਅੱਜ ਦੀ ਰਾਜਨੀਤੀ ਵੀ ਦੇਖੋ। ਇਸ ਵਿਚ ਕਦਮ ਕਦਮ ਤੇ ਸ਼ੱਕ ਹੈ। ਕਿਸੇ ਨੂੰ ਕਿਸੇ ਤੇ ਕੋਈ ਵਿਸ਼ਵਾਸ਼ ਨਹੀਂ। ਹੁਕਮਰਾਨ ਪਾਰਟੀ ਨੂੰ ਇਹ ਸ਼ੱਕ ਲੱਗਿਆ ਰਹਿੰਦੈ ਕਿ ਕਿਤੇ ਵਿਰੋਧੀ ਪੱਖ ਵਾਲੇ ਉਸਦੇ ਮੈਂਬਰਾਂ ਨੂੰ ਤੋੜ ਕੇ ਆਪਣੀ ਅਲੱਗ ਸਰਕਾਰ ਨਾ ਬਣਾ ਲੈਣ। ਇਸ ਕਰਕੇ ਹੁਕਮਰਾਨ ਪਾਰਟੀ ਹਮੇਸ਼ਾ ਵਿਰੋਧੀ ਪੱਖ ਦੀ ਜਾਸੂਸੀ। ਕਰਵਾਉਂਦੀ ਹੈ। ਸਾਡੇ ਏਥੇ ਕਈ ਕਿਸਮ ਦੇ ਕਿਰਕਟ ਦੇ ਮੈਚ ਹੁੰਦੇ ਹਨ।

ਇਹਨਾਂ ਮੈਚਾਂ ਦਾ ਚਾਹੇ ਜੋ ਵੀ ਨਤੀਜਾ ਹੋਵੇ, ਸਾਡੇ ਮਨ ਵਿੱਚ ਇਹ ਸ਼ੱਕ ਪੈਦਾ ਹੋਣਾ ਸੁਭਾਵਿਕ ਹੀ ਹੈ ਕਿ ਸਾਰੇ ਖਿਡਾਰੀਵਿਕੇ ਹੋਏ ਹਨ। ਅੱਜ ਕੱਲ ਕੁੱਝ ਸਰਕਾਰੀ ਮਹਿਕਮੇਂ ਐਨੇ ਬਦਨਾਮ ਹੋ ਚੁੱਕੇ ਹਨ ਕਿ ਜੇਕਰ ਇਸਦੇ ਅਧਿਕਾਰੀ ਅਤੇ ਕਰਮਚਾਰੀ ਚਾਹੇ ਕਿੰਨੇ ਵੀ ਇਮਾਨਦਾਰ ਹੋਣ, ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਇਮਾਨਦਾਰੀ ਤੇ ਸਾਨੂੰ ਸ਼ੱਕ ਹੁੰਦਾ ਹੈ। ਲਗਦਾ ਹੈ ਰਿਸ਼ਵਤ ਲੈਂਦੇ ਹੋਣਗੇ ਪਰ ਸਾਨੂੰ ਪਤਾ ਨਹੀਂ ਚੱਲਿਆ। ਵੱਖ ਵੱਖ ਖੇਤਰਾਂ ਵਿੱਚ ਪੁਰਸਕਾਰ ਦੇਣ ਬਾਰੇ ਕੀ ਤੁਹਾਨੂੰ ਕਦੇ ਕੋਈ ਸ਼ੱਕ ਨਹੀਂ ਹੋਇਆ ? ਕਈ ਵਾਰ ਜਿਨ੍ਹਾਂ ਬੰਦਿਆਂ ਨੂੰ ਪੁਰਸਕਾਰ ਮਿਲਣਾ ਚਾਹੀਦਾ ਸੀ, ਨਹੀਂ ਮਿਲਦਾ। ਅਤੇ ਜਿਨ੍ਹਾਂ ਨੂੰ ਪੁਰਸਕਾਰ ਮਿਲਦਾ ਹੈ ਉਹ ਇਸ ਦੇ ਕਾਬਲ ਨਹੀਂ ਹੁੰਦੇ। ਇਹਨਾਂ ਗੱਲਾਂ ਨੂੰ ਦੇਖ ਕੇ ਸ਼ਕ ਹੋਣਾ ਲਾਜ਼ਮੀ ਹੈ। ਪੁਰਸਕਾਰ ਵੰਡਣ ਵਿਚ ਪੱਖਪਾਤ ਤਾਂ ਹੁੰਦਾ ਹੀ ਹੈ।

ਸ਼ੱਕ ਸੱਚਮੁੱਚ ਇਕ ਲਾਇਲਾਜ ਬਿਮਾਰੀ ਹੈ। ਸ਼ੱਕ ਦੇ ਕਾਰਨ ਅਮ੍ਰਿਤ ਵੀ ਜਹਿਰ ਲੱਗਦਾ ਹੈ, ਦੋਸਤੀ ਟੁਟ ਜਾਂਦੀ ਹੈ, ਘਰ ਬਰਬਾਦ ਹੋ ਜਾਂਦੇ ਹਨ, ਬਿਜ਼ਨਸ ਤਬਾਹ ਹੋ ਜਾਂਦੇ ਹਨ, ਪਰਿਵਾਰਾਂ ਵਿਚ ਖਟਾਸ ਪੈਦਾ ਹੋ ਜਾਂਦੀ ਹੈ, ਸੱਚ-ਝੂਠ ਅਤੇ ਝੂਠ ਸੱਚ ਲੱਗਣ ਲਗਦਾ ਹੈ। ਹੱਸੀ ਖੁਸ਼ੀ ਗਾਇਬ ਹੋ ਜਾਂਦੀ ਹੈ, ਤਣਾਅ ਜਿਹੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਸ਼ਕ਼ ਵਰਗੇ ਖਲਨਾਇਕ ਨੂੰ ਦੂਰ ਰੱਖੋ। ਜੇਕਰ ਕਿਸੇ ਗੱਲ ਕਰ ਕੇ ਸ਼ੱਕ ਹੋ ਜਾਏ, ਪਹਿਲਾਂ ਉਸ ਦੀ ਪੜਤਾਲ ਕਰਨੀ ਚਾਹੀਦੀ ਹੈ, ਫੇਰ ਉਸਦੇ ਕਾਰਨ ਦਾ ਪਤਾ ਕਰਨਾ ਚਾਹੀਦਾ ਹੈ ਅਤੇ ਉਸਦੇ ਬਾਅਦ ਹੀ ਕੋਈ ਫੈਸਲਾ ਕਰਨਾ ਚਾਹੀਦਾ ਹੈ। ਵਰਨਾ ਸ਼ਕ਼ ਰੂਪੀ ਦੈਂਤ ਸਭ ਕੁਝ ਤਬਾਹ ਕਰ ਦੇਵੇਗਾ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ —124001(ਹਰਿਆਣਾ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਰੇ ਚੁੱਪ ਨੇ
Next articleਚੱਪੜਚਿੜੀ