ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਵਸਾਏ ਸ਼ਹਿਰ ਚਲੋ ਚਲੀਏ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ

ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ
(ਸਮਾਜ ਵੀਕਲੀ)  ਸੰਖੇਪ ਭੂਮਿਕਾ ਜ਼ ੴ ਦੇ ਖੋਜੀ ਕਵੀ ਬਾਬਾ ਨਾਨਕ ਨੇ 1504 ਵਿੱਚ ਰਾਵੀ ਨਦੀ ਦੇ ਕੰਢੇ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ ਤਹਿਸੀਲ ਸ਼ਕਰਗੜ੍ਹ ਪੰਜਾਬ ਪਾਕਿਸਤਾਨ ਦੀ ਸਥਾਪਨਾ ਕੀਤੀ। ਸਾਰੇ ਸਿੱਖ ਭਾਈਚਾਰੇ ਨੂੰ ਇਕੱਠਾ ਕੀਤਾ ਅਤੇ 22 ਸਤੰਬਰ 1939 ਨੂੰ ਜੋਤੀ ਜੋਤ ਸਮਾਉਣ ਤੱਕ 18 ਸਾਲ ਆਪਣੀਆਂ ਬਹੁਮੁਲੀਆਂ ਸੇਵਾਵਾਂ ਦਿੱਤੀਆਂ। ਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ 18 ਸਾਲ ਦੌਰਾਨ ਇੱਥੇ ਪ੍ਰਚਾਰ ਕੀਤਾ। ਇੱਕ ਅਮੀਰ ਖੱਤਰੀ ਧਾਰਮਿਕ ਪਰਿਵਾਰ ਕਰੋੜੀ ਦੁਆਰਾ ਦਾਨ ਕੀਤੇ ਧਨ ਨਾਲ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਗਈ। ਕਰਤਾਰਪੁਰ ਦਾ ਅਰਥ ਹੈ ਨਿਰਮਾਤਾ ਜਾਂ ਭਗਵਾਨ ਦਾ ਸ਼ਹਿਰ ਅਤੇ ਪੁਰ ਦਾ ਅਰਥ ਹੈ ਸ਼ਹਿਰ। ਲਗਭਗ 20 ਸਾਲਾਂ ਦੀ ਯਾਤਰਾ ਤੋਂ ਬਾਅਦ ਗੁਰੂ ਜੀ ਆਪਣੇ ਪਰਿਵਾਰ ਸਹਿਤ ਕਰਤਾਰਪੁਰ ਵਿਖੇ ਵਸ ਗਏ। ਗੁਰੂ ਜੀ ਦੀ ਮੌਤ ਤੋਂ ਬਾਅਦ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਨੇ ਉਨਾਂ ਉੱਪਰ ਆਪਣਾ ਦਾਅਵਾ ਕੀਤਾ ਅਤੇ ਉਨਾਂ ਦੀ ਯਾਦ ਵਿਚ ਇੱਕ ਦੀਵਾਰ ਦੇ ਨਾਲ ਮਕਬਰੇ ਬਣਾਏ। ਰਾਵੀ ਨਦੀ ਦੇ ਬਦਲਦੇ ਮਾਰਗ ਕਰਕੇ ਮਕਬਰੇ ਵਹਿ ਗਏ ਪਰ ਗੁਰੂ ਜੀ ਦੇ ਪਰਿਵਾਰ ਨੇ ਉਹਨਾਂ ਦੀ  ਰਾਖਵਾਲਾ ਕਲਸ ਬਚਾ ਲਿਆ ਅਤੇ ਓਸੇ ਨਦੀ ਦੇ ਸੱਜੇ ਕਿਨਾਰੇ ਵਿੱਚ ਸਥਾਨ ਦੇ ਦਿੱਤਾ ਜਿੱਥੇ ਇੱਕ ਨਵੀਂ ਬਸਤੀ ਬਣਾਈ ਗਈ ਜੋ ਵਰਤਮਾਨ ਡੇਰਾ ਬਾਬਾ ਨਾਨਕ ਦਾ ਪ੍ਰਤੀਨਿਧ ਕਰਦੀ ਹੈ। ਗੁਰੂ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸ਼ੁਰੂਆਤੀ ਸਿੱਖ ਸਮੁਦਾਏ ਉਹਨਾਂ ਦੇ ਉੱਤਰ ਅਧਿਕਾਰੀ ਗੁਰੂ ਅਗੰਦ ਦੇਵ ਜੀ ਕਰਤਾਰਪੁਰ ਤੋਂ ਸ੍ਰੀ ਖੰਡੂਰ ਸਾਹਿਬ ਵਿੱਚ ਚਲੇ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ, ਖੇਤੀਬਾੜੀ ਕੀਤੀ ਅਤੇ ਲੰਗਰ ਦੀ ਸਥਾਪਨਾ ਕੀਤੀ। ਵੰਡ ਛਕਣਾ, ਕੀਰਤਨ ਕਰਨਾ, ੴ ਦਾ ਸੰਦੇਸ਼ ਫੈਲਾਇਆ, ਨਾਮ ਜਪਣਾ, ਸਰਬੱਤ ਦਾ ਭਲਾ, ਅੰਧ ਵਿਸ਼ਵਾਸ ਵਿਰੁੱਧ ਦਾ ਸੰਦੇਸ਼ ਦੇਸ਼ਾਂ-ਵਿਦੇਸ਼ਾਂ ਵਿੱਚ ਦਿੱਤਾ। ਕਰਤਾਰਪੁਰ ਸਾਹਿਬ ਸਥਾਨ ਯਾਤਰੀਆਂ ਸ਼ਰਧਾਲੂਆਂ ਲਈ ਆਕਰਸ਼ਣ ਅਤੇ ਅਧਿਆਤਮਿਕਤਾ ਦਾ ਕੇਂਦਰ ਹੈ। ਦੁਨੀਆ ਭਰ ਦੇ ਲਗਭਗ 30 ਮਿਲੀਅਨ ਸਿੱਖਾਂ ਦੇ ਲਈ ਸਭ ਤੋਂ ਵੱਧ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਇੱਥੇ ਮੁਖ ਤੀਰਥ ਭਵਨ 1925 ਵਿੱਚ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ। ਪਟਿਆਲੇ ਦੇ ਮਹਾਰਾਜਾ ਸਰਦਾਰ ਭੁਪਿੰਦਰ ਸਿੰਘ ਦੁਆਰਾ 135600 ਦਾ ਦਾਨ ਦਿੱਤਾ ਗਿਆ। ਇਸ ਸਥਾਨ ਦੀ ਮੁਰੰਮਤ 1995 ਵਿੱਚ ਪਾਕਿਸਤਾਨ ਸਰਕਾਰ ਦੁਆਰਾ ਕੀਤੀ ਗਈ। ਮਈ 2017 ਵਿੱਚ ਅਮਰੀਕਾ ਸਥਿਤ ਗੈਰ ਸਰਕਾਰੀ ਸੰਗਠਨ ਈਕੋ ਸਿੱਖ ਨੇ ਇਸ ਸਥਾਨ ਦੇ ਚਾਰੇ ਤਰਫ 100 ਏਕੜ ਦੇ ਪਵਿੱਤਰ ਸਥਾਨ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ। ਨਵੰਬਰ 2018 ਵਿੱਚ 42 ਏਕੜ ਖੇਤਰ ਵਿੱਚ ਫੈਲੇ ਪ੍ਰਾਂਗਣ, ਸੰਗ੍ਰਹਿਆਲਯ, ਲਾਇਬਰੇਰੀ, ਕਮਰੇ ਅਤੇ ਲਾਕਰ ਰੂਮ ਦੇ ਨਿਰਮਾਣ ਨਾਲ ਗੁਰਦੁਆਰੇ ਦਾ ਵਿਸਥਾਰ ਕੀਤਾ ਗਿਆ। ਇੱਥੇ 20 ਫੁੱਟ ਦਾ ਪ੍ਰਾਚੀਨ ਖੂਹ ਛੋਟੀਆਂ ਇੱਟਾਂ ਦੁਆਰਾ ਨਿਰਮਿਤ ਲਗਭਗ 500 ਸਾਲ ਪੁਰਾਣਾ ਹੈ। ਇੱਥੇ ਮੂਲ ਗੁਰੂ ਗ੍ਰੰਥ ਸਾਹਿਬ ਦੀਆਂ ਅੰਤਿਮ ਪ੍ਰਤੀਆਂ ਗੁਰੂ ਗ੍ਰੰਥ ਇਥੇ ਹਰ ਕਦਮ ਗੁਰੂ ਜੀ ਦੇ ਜੀਵਨ ਦੀ ਯਾਦ ਦਿਲਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਮਰੋਹ ਸਮੇਂ ਗਲਿਆਰਾ ਨਵੰਬਰ 2028 ਨੂੰ ਖੋਲਿਆ ਗਿਆ। ਇਸ ਮੌਕੇ 550 ਯਾਤਰੀ ਆਏ। ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗਲਿਆਰਾ ਖੋਲ੍ਹ ਕੇ ਸਿੱਖ ਸਮੁਦਾਇ ਦਾ ਦਿਲ ਜਿੱਤ ਲਿਆ ਹੈ। ਇਸ ਮੌਕੇ ਹਜ਼ਾਰਾਂ ਸ਼ਰਧਾਲੂ ਹਾਜ਼ਰ ਸਨ।
ਸ਼ਬਦ ਚਿੱਤਰ ਵਾਰਤਾ – ਜ਼ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਸ਼ਕਰਗੜ੍ਹ ਤਹਿਸੀਲ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਜਾਣ ਲਈ ਕਈ ਵਾਰੀ ਪ੍ਰੋਗਰਾਮ ਬਣਿਆ ਪਰ ਕਈਆਂ ਕਾਰਨਾਂ ਕਰਕੇ ਅੱਧ ਵਿਚਾਲੇ ਹੀ ਰਹਿ ਜਾਂਦਾ। ਪਾਕਿਸਤਾਨ ਲਾਹੌਰ ਤੋਂ ਮੇਰੇ ਦੋਸਤ ਪ੍ਰੋਫੈਸਰ ਤਨਵੀਰ ਸਾਦਿਕ ਅਤੇ ਨੂਰ ਮੁਹੰਮਦ ਜੱਟ ਸਾਹਿਬ ਅਤੇ ਕਈ ਦੋਸਤਾਂ ਦੇ ਹਰ ਹਫਤੇ ਕਈ ਫੋਨ ਆਉਂਦੇ ਕਿ ਆਓ ਕਰਤਾਰਪੁਰ ਸਾਹਿਬ ਆ ਕੇ ਮਿਲ ਲਈਏ। ਲਗਭਗ ਇੱਕ ਦਹਾਕਾ ਪਹਿਲਾਂ ਅਸੀਂ ਪ੍ਰੋਫੈਸਰ ਤਨਵੀਰ ਸਾਹਿਬ ਦੀ ਬੇਟੀ ਦੀ ਸ਼ਾਦੀ ’ਤੇ ਲਾਹੌਰ ਗਏ ਸੀ ਉਹ ਵੀ ਸਾਡੇ ਕੋਲ 8-10 ਸੱਜਣ ਲੇਖਕ ਗੁਰਦਾਸਪੁਰ ਆਏ ਸੀ। ਅਸੀਂ ਉਹਨਾ ਨੂੰ ਸਮਾਗਮ ’ਤੇ ਬੁਲਾਇਆ ਸੀ, ਇੱਕ ਮੇਲ ਮਿਲਾਪ ਨਾਲ ਸਾਂਝੀ ਵਾਲਤਾ ਦੀ ਇੱਕ ਗਹਿਰੀ ਰਿਸ਼ਤੇ ਨੁਮਾ ਦੋਸਤੀ ਹੋ ਗਈ। ਬਸ ਜਦੋਂ ਕਰਤਾਰਪੁਰ ਸਾਹਿਬ ਜਾਣ ਦਾ ਰਸਤਾ ਖੁੱਲਿਆ ਉਦੋਂ ਤੋਂ ਹੀ ਦੋਵੇਂ ਪਾਸੇ ਸਾਡੇ ਵਿੱਚ ਦਿਲ ਖਿੱਚਵੀਂ ਤਾਂਘ ਤਾਂ ਸੀ ਕਿ ਜਲਦੀ ਤੋਂ ਜਲਦੀ ਆਪਸ ਵਿੱਚ ਮਿਲੀਏ ਤਾਂ ਆਖਿਰ ਮੇਰੇ ਪਰਮ ਮਿੱਤਰ ਉੱਘੇ ਕਹਾਣੀਕਾਰ ਰਾਜੇਸ਼ ਗੁਪਤਾ ਨਾਲ ਸਲਾਹ ਮਸ਼ਵਰਾ ਕੀਤਾ ਅਤੇ ਸਾਡਾ ਮਨ ਬਣ ਗਿਆ ਕਿ ਕਰਤਾਰਪੁਰ ਸਾਹਿਬ ਚੱਲੀਏ ਬਸ ਉਹਨਾਂ ਦੀ ਦੁਕਾਨ ’ਤੇ ਬੈਠੇ-ਬੈਠੇ ਫੈਸਲਾ ਲੈ ਲਿਆ। ਰਾਜੇਸ਼ ਗੁਪਤਾ ਦੀ ਹਨੁਮਾਨ ਚੌਂਕ ਗੁਰਦਾਸਪੁਰ ਵਿਖੇ ਹਾਰਡਵੇਅਰ ਦੀ ਦੁਕਾਨ ਹੈ ਜਿੱਥੇ ਸਾਹਿਤਕਾਰਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਰਾਜੇਸ਼ ਗੁਪਤਾ ਜੀ ਕਹਿਣ ਲੱਗੇ ਕਿ ਮੇਰਾ ਸਾਰਾ ਪਰਿਵਾਰ ਹੀ ਜਾਵੇਗਾ ਅਤੇ ਨਾਲ ਕੁਝ ਹੋਰ ਰਿਸ਼ਤੇਦਾਰ ਵੀ,  ਖੈਰ ਅਸੀਂ ਇੱਕ ਕੰਪਿਊਟਰ ਕੈਫੇ ਤੋਂ ਫਾਰਮ ਭਰਵਾ ਕੇ ਭੇਜਣ ਦਾ ਮਨ ਬਣਾ ਲਿਆ। ਕਰਤਾਰਪੁਰ ਸਾਹਿਬ ਜਾਣ ਲਈ ਇੱਕ ਮਹੀਨਾ ਬਾਅਦ 12 ਮਈ ਐਤਵਾਰ ਦੀ ਤਾਰੀਖ ਮਿਲ ਗਈ। ਐਤਵਾਰ ਸਾਰਿਆਂ ਨੂੰ ਠੀਕ ਬੈਠਦਾ ਸੀ, ਛੁੱਟੀ ਵਾਲਾ ਦਿਨ ਸੀ ਕਰਤਾਰਪੁਰ ਸਾਹਿਬ ਜਾਣ ਲਈ ਗੂਗਲ ਤੋਂ ਖੋਜੇ ਕਰਤਾਰਪੁਰ ਕੋਰੀਡੋਰ ਆਨਲਾਈਨ ਇਸ ਵਿੱਚ ਜਾਣ ਲਈ ਫਾਰਮ ਆ ਜਾਣਗੇ ਜੇ ਤੁਸੀਂ ਆਪ ਭਰ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਕਿਸੇ ਵੀ ਕੈਫੇ ਤੋਂ ਭਰਵਾ ਲਵੋ। ਤੁਹਾਨੂੰ ਬੇਸ਼ੱਕ ਥੋੜੵ ਦੇਰ ਪਰ ਮਨ ਮਰਜ਼ੀ ਦੀ ਤਾਰੀਖ ਮਿਲ ਸਕਦੀ ਹੈ। ਕਰਤਾਰਪੁਰ ਸਾਹਿਬ ਜਾਣ ਲਈ ਤੁਹਾਡਾ ਪਾਸਪੋਰਟ, ਕੋਰੋਨਾ ਸਰਟੀਫਿਕੇਟ, ਦੋ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ, ਪੈਨ ਕਾਰਡ ਜ਼ਰੂਰੀ ਹਨ। ਪਾਸਪੋਰਟ ਸਿਰਫ ਪਹਿਚਾਣ ਪੱਤਰ ਲਈ ਇਸ ਉੱਪਰ ਕੋਈ ਮੋਹਰ ਨਹੀਂ ਲੱਗਦੀ। ਮੈਂ ਆਪਣੇ ਕੁਝ ਸ਼ਾਇਰ ਲੇਖਕ ਦੋਸਤਾਂ ਨੂੰ ਫੋਨ ਕੀਤਾ ਕਿ ਚਲੋ ਸ਼੍ਰੀ ਕਰਤਾਰਪੁਰ ਸਾਹਿਬ ਚੱਲੀਏ ਉਨਾਂ ਨੂੰ ਕਹਿਣ ਦੀ ਦੇਰ ਸੀ ਉਹ ਝੱਟ ਮੰਨ ਗਏ। ਦੋਸਤਾਂ ਨੂੰ ਕਿਹਾ ਕਿ ਪਾਕਿਸਤਾਨ ਲਾਹੌਰ ਤੋਂ ਵੀ ਕੁਝ ਦੋਸਤ ਸਾਨੂੰ ਉੱਥੇ ਮਿਲਣ ਲਈ ਆਉਣਗੇ। ਸਭ ਜਾਣ ਲਈ ਤਿਆਰ ਹੋ ਗਏ।
ਪਠਾਨਕੋਟ ਪੰਜਾਬ ਭਾਰਤ ਤੋਂ ਪ੍ਰਸਿੱਧ ਸ਼ਾਇਰ ਪਾਲ ਗੁਰਦਾਸਪੁਰੀ ਰਾਜ ਗੁਰਦਾਸਪੁਰੀ ਮਨਮੋਹਣ ਢਕਾਲਵੀ ਅਤੇ ਉਨਾਂ ਦੀ ਧਰਮ ਪਤਨੀ ਸ਼੍ਰੀਮਤੀ ਕੁਲਵੰਤ ਕੌਰ ਡਾਕਟਰ ਕੇਵਲ ਕ੍ਰਿਸ਼ਨ ਜੇਪੀ ਕਰਲਾਂਵਾਲਾ, ਮੰਗਲਦੀਪ, ਐਡਵੋਕੇਟ ਰਾਜਪਾਲ ਸਿੰਘ, ਰਾਜੇਸ਼ ਗੁਪਤਾ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਨੀਤੂ ਗੁਪਤਾ ,
ਡਾਕਟਰ ਮਹਿਕਜੋਤ, ਹਰ ਰਾਜਵਿੰਦਰ ਸਿੰਘ, ਸੁਰਿੰਦਰ ਕੌਰ, ਵਿਕਰਾਂਤ ਗੁਪਤਾ, ਕੁਲਵੰਤ ਕੌਰ, ਸੰਦੇਸ਼ ਕੁਮਾਰੀ ਅਤੇ ਮੈਂ ਬਲਵਿੰਦਰ ਬਾਲਮ ਅਤੇ ਪਤਨੀ ਬਲਵੀਰ ਕੌਰ ਸਭ ਨੇ ਇਕੱਠੇ ਫਰਮ ਭਰ ਕੇ ਭੇਜ ਦਿੱਤੇ। ਕੁਝ ਦਿਨਾਂ ਬਾਅਦ ਪੁਲਿਸ ਇਨਕੁਆਇਰੀ ਹੋਈ। ਪੁਲਿਸ ਸਟੇਸ਼ਨ ਤੋਂ ਇੱਕ ਫਾਰਮ ਮਿਲਦਾ ਹੈ ਇਸ ਫਾਰਮ ਨੂੰ ਕਿਸੇ ਵੀ ਮੋਹਤਬਾਰ ਵਿਅਕਤੀ ਐਮ.ਐਲ.ਏ., ਐਮ.ਸੀ. ਜਾਂ ਸਰਪੰਚ ਦੁਆਰਾ ਤਸਦੀਕ ਕੀਤਾ ਜਾਂਦਾ ਹੈ। ਇਸ ਫਾਰਮ ਦੇ ਖੱਬੇ ਪਾਸੇ ਤੁਹਾਡੀ ਫੋਟੋ ਲੱਗਦੀ ਹੈ ਅਤੇ ਫੋਟੋ ਦੇ ਨਾਲ ਕਿਸੇ ਇੱਕ ਪਰਿਸ਼ਚਿਤ ਵਿਅਕਤੀ ਦੀ ਗਵਾਹੀ ਪੈਂਦੀ ਹੈ। ਇਸ ਗਵਾਹੀ ਵਿੱਚ ਪਰਿਚਿਤ ਵਿਅਕਤੀ ਦੇ ਦਸਤਖ਼ਤ, ਪੂਰਾ ਪਤਾ ਅਤੇ ਮੋਬਾਇਲ ਨੰਬਰ ਹੁੰਦਾ ਹੈ। ਇਸ ਪੁਲਿਸ ਇਨਕੁਆਇਰੀ ਤੋਂ ਬਾਅਦ ਇੱਕ ਟਿਕਟ ਨੁਮਾ ਦਸਤਾਵੇਜ ਫਾਰਮ ਮਿਲ ਜਾਂਦਾ ਹੈ ਉਸ ਨੂੰ ਕੈਫੇ ਤੋਂ ਰੰਗਦਾਰ ਪ੍ਰਿੰਟ ਵਿੱਚ ਕਢਵਾਉਣਾ ਹੁੰਦਾ ਹੈ ਜੋ ਸਬੂਤ ਲਈ ਜਰੂਰੀ ਹੈ। ਜਾਣ ਤੋਂ ਪਹਿਲਾਂ ਇੱਕ ਦਿਨ ਕੋਵਿਡ ਟੈਸਟ ਸਰਟੀਫਿਕੇਟ ਨਾਲ ਲਿਜਾਣਾ ਜ਼ਰੂਰੀ ਹੈ। ਅਸਾਂ ਸਭ ਨੇ ਫੋਨ ਉੱਪਰ ਗੱਲਬਾਤ ਕਰਕੇ ਜਾਣ ਲਈ ਸਮਾਂ ਸਥਾਨ ਨਿਸ਼ਚਿਤ ਕਰ ਲਿਆ ਜੋ ਤਾਰੀਖ ਮਿਲੀ ਸੀ ਉਸ ਦੇ ਅਨੁਸਾਰ 12 ਮਈ ਨੂੰ ਅਸੀਂ ਗੁਰਦਾਸਪੁਰ ਤੋਂ ਲਗਭਗ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਆਪਣੀਆਂ ਗੱਡੀਆਂ ਉੱਪਰ ਚਲੇ ਗਏ। ਪਠਾਨਕੋਟ ਵਾਲੇ ਸਾਥੀ ਵੀ ਨਿਸ਼ਚਿਤ ਸਮੇਂ ਤੇ ਚੱਲ ਪਏ। ਅਸੀਂ ਸਾਰੇ ਜਣੇ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਕੋਰੀਡੋਰ ਵਿਖੇ ਲਗਭਗ ਇੱਕ ਘੰਟੇ ਵਿੱਚ ਪਹੁੰਚ ਗਏ। ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਕੋਰੀਡੋਰ ਲਗਭਗ 40 ਕਿਲੋਮੀਟਰ ਦੇ ਕਰੀਬ ਹੈ। ਡੇਰਾ ਬਾਬਾ ਨਾਨਕ ਦਾ ਖ਼ੂਬਸੂਰਤ ਅਲੀਸ਼ਾਨ ਆਕਰਸ਼ਣ ਭਰਪੂਰ ਕੋਰੀਡੋਰ ਵੇਖ ਕੇ ਮਨ ਬਾਗ਼ ਬਾਗ਼ ਹੋ ਗਿਆ। ਸਭ ਨੂੰ ਚਾਅ ਚੜ੍ਹ ਗਏ ਇਵੇਂ ਮਹਿਸੂਸ ਹੋਣ ਲੱਗਾ ਜਿਵੇਂ ਹਕ਼ੀਕ਼ਤ ਵਿੱਚ ਹੀ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਚੱਲੇ ਹਾਂ। ਉਹਨਾਂ ਦੀ ਇੱਕ ਤਸਵੀਰ ਜ਼ਿਹਨ ਵਿੱਚ ਉਤਰਨ ਲੱਗੀ, ਜਿਵੇਂ ਆਪਣੇ ਵਿਛੜੇ ਮਹਾਨ ਤੀਰਥ ਸਥਾਨ ਨੂੰ ਵੇਖਣ ਚੱਲੇ ਹੋਈਏ ਜਿਵੇਂ ਆਪਣੀ ਵਿਛੜੀ ਧਰਤੀ ਦਾ ਨਿੱਘ ਮਾਨਣ ਲਈ ਉਸ ਦਾ ਅਸ਼ੀਰਵਾਦ,ਉਸ ਦੀਆਂ ਸ਼ੁਭਕਾਮਨਾਵਾਂ ਲੈਣ ਲਈ ਜਾ ਰਹੇ ਹੋਈਏ। ਸਾਰਾ ਤਨ ਮਨ ਰੂਹ ਭਾਵੁਕ ਹੋ ਗਏ ਜਿਵੇਂ ਆਪਣੇ ਦਾਦੇ ਨੂੰ ਮਿਲਣ ਲਈ ਜਾ ਰਹੇ ਹੋਈਏ। ਮਨ ਵਿੱਚ ਤਾਂਘ ਵਲੇਵੇ ਖਾਣ ਲੱਗੀ। ਡੇਰਾ ਬਾਬਾ ਨਾਨਕ ਕੋਰੀਡੋਰ ਨੂੰ ਲੈਂਡਸਕੇਪਿੰ, ਤਰ੍ਹਾਂ-ਤਰ੍ਹਾਂ ਦੇ ਸਟੈਚੂ ਖ਼ੂਬਸੂਰਤ ਸ਼ਿਲਪ ਦੀ ਕਾਰੀਗਰੀ ਆਕਰਸ਼ਕ ਬਣਾਵਟ ਸਜਾਵਟ ਅਤੇ ਸੱਭਿਆਚਾਰ ਦੀ ਰਹੂ ਰੀਤੀ ਦਾ ਰੰਗ ਰੂਪ ਦਿੱਤਾ ਹੋਇਆ ਸੀ। ਪ੍ਰਵੇਸ਼ ਕਰਦੇ ਹੀ ਨਿੱਕਾ ਨਿੱਕਾ ਮੀਂਹ ਸਾਡਾ ਸਵਾਗਤ ਕਰਨ ਲੱਗਾ। ਨਿੱਕਾ ਨਿੱਕਾ ਜਾਲੀਦਾਰ ਮੀਂਹ ਜੀ ਆਇਆਂ ਨੂੰ ਕਹਿੰਦਾ ਹੋਇਆ ਕਦੀ ਤੇਜ਼ ਤੇ ਕਦੀ ਮਧਮ ਸੰਗੀਤ ਦੀਆਂ ਧੁੰਨਾਂ ਛੇੜਨ ਲੱਗਿਆ ਅਤੇ ਗਰਮੀ ਵਿੱਚ ਮੌਸਮ ਸੁਹਾਣਾ ਦਿਲਕਸ਼ ਹੋ ਗਿਆ ਸੀ। ਮੌਸਮ ਨੇ ਜਿਵੇਂ ਮਰਮ ਸਪਰਸ਼ੀ ਬਹਾਰ ਲੈ ਆਉਂਦੀ ਹੋਵੇ। ਪ੍ਰਵੇਸ਼ ਦੁਆਰ ’ਤੇ ਅੱਗੇ ਜਾ ਕੇ ਏਅਰਪੋਰਟ ਦੀ ਤਰਜ਼ ਵਰਗੀ ਚੈਕਿੰਗ।  ਇੱਥੇ ਸਾਡੇ ਪਾਸਪੋਰਟ, ਟਿਕਟਾਂ ਵਾਲਾ ਫਾਰਮ, ਕੋਵਿਡ ਫਾਰਮ ਆਦਿ ਚੈੱਕ ਕੀਤੇ ਗਏ, ਇੱਕ ਇੱਕ ਚੀਜ਼ ਦੀ ਚੈਕਿੰਗ, ਚੈਕਿੰਗ ਜ਼ਰੂਰਤ ਤੋਂ ਜ਼ਿਆਦਾ ਸੀ ਜਾਂ ਠੀਕ ਸੀ। ਸਾਡੇ ਲੇਖਕ ਦੋਸਤਾਂ ਨੇ ਆਪਣੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਨਾਲ ਲਿਆਂਦੀਆਂ ਸੀ ਕਿ ਉੱਥੇ ਜਾ ਕੇ ਪਾਕਿਸਤਾਨ ਦੇ ਦੋਸਤਾਂ ਨੂੰ ਦੇਵਾਂਗੇ ਅਤੇ ਉਹਨਾਂ ਕੋਲੋਂ ਪੁਸਤਕ ਵਿਮੋਚਨ ਵੀ ਕਰਵਾਵਾਂਗੇ ਪਰ ਸਿਕਿਉਰਟੀ ਗਾਰਡ ਵਾਲਿਆਂ ਨੇ ਪੁਸਤਕਾਂ ਲਿਜਾਣ ਤੋਂ ਮਨ੍ਹਾ ਕਰ ਦਿੱਤਾ। ਤੁਸੀਂ ਪੁਸਤਕਾਂ ਜਾਂ ਕੋਈ ਵੀ ਲਿਟਰੇਚਰ ਨਾਲ ਨਹੀਂ ਲਿਜਾ ਸਕਦੇ। ਭਾਰਤੀ ਕਰੰਸੀ ਤੋਂ ਇਲਾਵਾ ਹੋਰ ਕੋਈ ਕਰੰਸੀ ਨਾਲ ਨਹੀਂ ਲਿਜਾ ਸਕਦੇ।
ਆਪਣੇ ਦੋਸਤ ਜਨਾਬ ਨੂਰ ਅਹਿਮਦ ਜੱਟ ਹੋਰਾਂ ਲਈ ਇੱਕ ਕੈਨੇਡੀਅਨ ਘੜੀ, ਇੱਕ ਪਰਫਿਊਮ ਦੀ ਸ਼ੀਸ਼ੀ, ਉਸ ਦੀ ਬੇਗ਼ਮ ਦਾ ਪੰਜਾਬੀ ਸੂਟ ਅਤੇ ਉਸ ਦੇ ਪੁੱਤਰ ਲਈ ਕੱਪੜੇ ਖੜੇ ਸੀ। ਸਿਕਿਉਰਟੀ ਵਾਲਿਆਂ ਪੰਗਾ ਖੜ੍ਹਾ ਕਰ ਦਿੱਤਾ ਕਿ ਤੁਸੀਂ ਘੜੀ ਨਾਲ ਨਹੀਂ ਲਿਜਾ ਸਕਦੇ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਪਾਕਿਸਤਾਨੀ ਦੋਸਤ ਹਨ, ਅਸੀਂ ਇੱਕ ਦੂਸਰੇ ਦੇ ਸ਼ੁਭ ਕਾਰਜਾਂ ਵਿੱਚ ਮਿਲਦੇ ਰਹਿੰਦੇ ਹਾਂ ਕਿਉਂਕਿ ਮੇਰੇ ਪਾਸਪੋਰਟ ਉੱਪਰ ਪਹਿਲਾਂ ਵੀ ਲਾਹੌਰ ਦੀ ਐਂਟਰੀ ਹੋਈ ਸੀ। ਉਹਨਾਂ ਮੇਰੇ ਤੋਂ ਕਾਫੀ ਪੁੱਛਕਿਛ ਕੀਤੀ ਪਰ ਮੈਂ ਘੜੀ ਨਾਲ ਜਾਣ ਲਈ ਬਜਿੱਦ ਸਾਂ। ਆਖ਼ਿਰ ਉਸ ਮਹਿਲਾ ਕਰਮਚਾਰੀ ਨੇ ਆਪਣੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਕਿ ਇੱਕ ਲੇਖਕ ਪੱਤਰਕਾਰ ਹਨ ਜੋ ਆਪਣੇ ਦੋਸਤ ਲਈ ਘੜੀ ਆਦਿ ਸਾਮਾਨ ਲਿਜਾਣਾ ਚਾਹੁੰਦੇ ਹਨ। ਉਹਨਾਂ ਨੇ ਕੁਝ ਸੋਚ ਵਿਚਾਰ ਤੋਂ ਬਾਅਦ ਇਜਾਜ਼ਤ ਦੇ ਦਿੱਤੀ। ਇਸ ਤੋਂ ਬਾਅਦ ਇੱਕ ਕਤਾਰ ਦੇ ਰੂਪ ਵਿੱਚ ਸਭ ਨੂੰ ਪੋਲੀਓ ਬੂੰਦਾ ਪਿਲਾਈਆਂ ਗਈਆਂ। ਸਾਰੇ ਸਾਮਾਨ ਦੀ ਫਿਰ ਤੋਂ ਚੈਕਿੰਗ ਕੀਤੀ। ਚੈਕਿੰਗ ਤੋਂ ਬਾਅਦ ਇੱਕ ਆਖ਼ਰੀ ਹਾਲ ਵਿੱਚ ਪ੍ਰਵੇਸ਼ ਕੀਤਾ ਅਤੇ ਉਸ ਦੇ ਬਾਹਰ ਰਿਕਸ਼ੇਨੁਮਾ ਇਲੈਕਟਰੋਨਿਕ ਕਾਰਾਂ ਵਿੱਚ ਬਿਠਾ ਕੇ ਸਾਨੂੰ ਭਾਰਤ ਪਾਕਿਸਤਾਨ ਸੀਮਾ ਤੱਕ ਪਹੁੰਚਾਇਆ। ਉੱਥੇ
 ਚੈਕਿੰਗ ਕੀਤੀ। ਭਾਰਤ ਪਾਕਿਸਤਾਨ ਸੀਮਾ ਵੇਖ ਕੇ ਸਭ ਦਾ ਮਨ ਖੁਸ਼ ਹੋ ਗਿਆ। ਖੁਸ਼ੀ ਰੂਹ ਤੱਕ ਉਤਰ ਗਈ ਉੱਥੇ ਅਸੀਂ ਸਭ ਨੇ ਗਰੁੱਪ ਫੋਟੋ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਐਕਸ਼ਨ ਵਿੱਚ ਫੋਟੋਆਂ ਖਿਚਵਾਈਆਂ ਤਾਂ ਕਿ ਇੱਕ ਯਾਦ ਸਾਂਭੀ ਰਹੇ। ਪਾਕਿਸਤਾਨ ਸੀਮਾਂ ’ਤੇ ਇੱਕ ਖ਼ੂਬਸੂਰਤ  ਬਸ ਖੜ੍ਹੀ ਸੀ ਜਿਸ ਵਿੱਚ ਅਸੀਂ ਤੇ ਹੋਰ ਯਾਤਰੀ ਸ਼ਰਧਾਲੂ ਬੈਠ ਗਏ। ਥੋੜ੍ਹੀ ਦੇਰ ਬਾਅਦ ਬਸ ਚੱਲ ਪਈ, ਮੱਧਮ ਰਫਤਾਰ ਵਿੱਚ ਬੱਸ ਵਿੱਚ ਪੰਜਾਬੀ ਗੀਤ ਸੁਣਾਈ ਦੇਣ ਲੱਗੇ। ਪੰਜਾਬੀਅਤ ਦਾ ਰੰਗ ਬੱਝ ਗਿਆ। ਪਾਕਿਸਤਾਨ ਅਤੇ ਪੰਜਾਬ ਦਾ ਇਲਾਕਾ ਇਵੇਂ ਮਹਿਸੂਸ ਹੋਣ ਲੱਗਾ ਜਿਵੇਂ ਵਿਛੜੇ ਹੋਏ ਦੋ ਸਕੇ ਭਰਾ ਹੋਣ। ਸਭ ਕੁਝ ਮਿਲਦਾ ਜੁਲਦਾ। ਮੈਨੂੰ ਯਾਦ ਆ ਗਏ ਉਹ ਦਿਨ ਮੇਰੇ ਨਾਨਕੇ ਤੇਗ ਬਾਬਾ ਨਾਨਕ ਵਿਖੇ ਸਨ। ਅਸੀਂ ਛੋਟੇ ਹੁੰਦੇ ਪਾਕਿਸਤਾਨ ਭਾਰਤ ਸੀਮਾ ਦੇ ਖੇਤਾਂ ਵਿੱਚ ਜਾਇਆ ਕਰਦੇ ਸਾਂ, ਸਾਡੀ ਨਾਨਕਿਆਂ ਦੀ ਜ਼ਮੀਨ ਬਿਲਕੁਲ ਪਾਕਿਸਤਾਨ ਸੀਮਾ ਦੇ ਨਾਲ ਸੀ। ਉਦੋਂ ਵਿਚਕਾਰ ਕੰਡਿਆਲੀ ਤਾਰ ਜਾਂ ਧੁੱਸੀ ਨਹੀਂ ਸੀ ਹੁੰਦੀ। ਸਿਰਫ ਇੱਕ ਟਰੈਕਟਰ ਦੇ ਸਿਆੜ ਦੀ ਸੀਮਾ ਰੇਖਾ ਹੁੰਦੀ ਹੈ, ਅਸੀਂ ਸੀਮਾ ਪਾਰ ਕਰਕੇ ਪਾਕਿਸਤਾਨ ਕਿਸਾਨਾਂ ਦੇ ਘਰਾਂ ਵਿੱਚ ਵੀ ਚਲੇ ਜਾਂਦੇ ਸਾਂ, ਉਹ ਵੀ ਆ ਜਾਂਦੇ ਸੀ। ਸੀਮਾ ’ਤੇ ਏਨੇ ਸਖ਼ਤ ਪਹਿਰੇ ਨਹੀਂ ਸਨ, ਚੇਤਾਵਨੀ ਜ਼ਰੂਰੀ ਹੁੰਦੀ ਸੀ। ਪਾਕਿਸਤਾਨ ਦੀ ਧਰਤੀ ਵੇਖ ਕੇ ਮੈਨੂੰ ਮੇਰਾ ਬਚਪਨ ਯਾਦ ਆ ਗਿਆ ਕਿ ਕਿਸ ਤਰ੍ਹਾਂ ਅਸੀਂ ਭਰਾਵਾਂ ਵਾਂਗੂੰ ਇੱਕ ਦੂਸਰੇ ਨੂੰ ਮਿਲਦੇ ਸੀ। ਇਹ ਪਰੰਪਰਾ ਪਿਆਰ ਮੁਹੱਬਤ ਅੱਜ ਵੀ ਬਰਕਰਾਰ ਹੈ, ਬਸ ਚੱਲਣ ਲੱਗਿਆਂ ਸੰਗਤਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਪੂਰੇ ਆਤਮ ਬਲ ਨਾਲ ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡ ਦਿੱਤੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਪਾਠ ਉਚਾਰਨ ਸ਼ੁਰੂ ਹੋ ਗਿਆ, ਇੱਕ ਸਿੰਘ ਸਾਹਿਬਾਨ ਪਹਿਲਾਂ ਸਤਿਨਾਮ ਵਾਹਿਗੁਰੂ ਬੋਲਦੇ ਅਤੇ ਉਹਨਾਂ ਦੇ ਉਚਾਰਨ ਪਿੱਛੇ ਸ਼ਰਧਾਲੂ ਉਹ ਵੀ ਬੋਲਦੇ। ਨਜ਼ਾਰੇ ਦੀਆਂ ਸੀਮਾਂ ਹੀ ਖ਼ਤਮ। ਬਰਲਿਨ ਦੀ ਦੀਵਾਰ ਮੈਨੂੰ ਯਾਦ ਆ ਗਈ। ਪਾਕਿਸਤਾਨ ਦੇ ਕੋਰੀਡੋਰ ਵਿੱਚ ਬਸ ਪ੍ਰਵੇਸ਼ ਕਰ ਗਈ। ਭਾਰਤ ਪਾਕਿਸਤਾਨ ਸੀਮਾ ਤੋਂ ਇਹ ਕੋਰੀਡੋਰ ਲਗਭਗ 5 ਕਿਲੋਮੀਟਰ ਦੂਰ ਹੈ, ਚਾਰੇ ਪਾਸੇ ਖੇਤ ਦੇ ਦ੍ਰਿਸ਼ ਉੱਥੇ ਬੱਸ ਰੁਕਦੀ ਹੈ ਸਭ ਉੱਤਰ ਜਾਂਦੇ ਹਨ। ਇਸ ਦੇ ਨਾਲ ਸੱਜੇ ਪਾਸੇ ਛੱਤ ਵਾਲਾ ਖੁੱਲਾ ਪਲੇਟਫਾਰਮ ਹੈ ਇੱਥੋਂ ਪਾਕਿਸਤਾਨੀ ਕਰੰਸੀ ਮਿਲਦੀ ਹੈ। ਤੁਸੀਂ ਇੱਥੇ ਜਿੰਨੀ ਮਰਜ਼ੀ ਇੱਛਾ ਮੁਤਾਬਿਕ ਕਰੰਸੀ ਲੈ ਸਕਦੇ ਹੋ ਇੱਥੇ ਹੀ ਅਧਿਕਾਰੀ ਪ੍ਰਵੇਸ਼ ਫੀਸ ਅਮਰੀਕਾ ਦੇ 20 ਡਾਲਰ ਲੈਂਦੇ ਹਨ। ਅਸੀਂ ਸਭ ਨੇ ਪਾਕਿਸਤਾਨੀ ਕਰੰਸੀ ਜ਼ਰੂਰਤ ਮੁਤਾਬਿਕ ਲੈ ਲਈ।  ਉੱਥੇ ਖਰੀਦੋ ਫਰੋਖ਼ਤ ਲਈ ਮਿੰਨੀ ਬਾਜ਼ਾਰ ਵੀ ਹੈ ਜੋ ਆਰਜੀ ਤੌਰ ’ਤੇ ਬਣਾਇਆ ਗਿਆ ਹੈ। ਪਾਕਿਸਤਾਨ ਦੀ ਕਰੰਸੀ ਦੇ ਮੁਤਾਬਿਕ ਭਾਰਤ ਦਾ ਇੱਕ ਰੁਪੱਈਆ ਅਤੇ ਪਾਕਿਸਤਾਨ ਦੇ ਦੋ ਰੁਪਈਏ ਅੱਸੀ ਪੈਸੇ ਬਣਦੇ ਹਨ। ਕਰੰਸੀ ਚੈੱਕ ਕਰਨ ਤੋਂ ਬਾਅਦ ਪਾਕਿਸਤਾਨ ਚੈਕਿੰਗ ਵਿਭਾਗ ਦੀ ਇਮਾਰਤ ਸ਼ੁਰੂ ਹੋ ਜਾਂਦੀ ਹੈ। ਇਸ ਦੇ ਪ੍ਰਵੇਸ਼ ਦੁਆਰ ਤੋਂ ਪਹਿਲਾਂ ਕਈ ਏਕੜ ਖੁੱਲ੍ਹਾ ਡੁੱਲਾ ਖ਼ੂਬਸੂਰਤ ਪਾਰਕ ਹੈ ਇਸ ਪਾਰਕ ਵਿੱਚ ਸ਼੍ਰੀ ਕਿਰਪਾਨ ਸਾਹਿਬ ਦਾ ਦਿਲਕਸ਼ ਸਟੈਚੂ ਮਿਆਨ ਵਿੱਚ ਬੰਦ ਨਜ਼ਰ ਆਉਂਦਾ ਹੈ ਜਿਸ ਦੀ ਮਿਆਨ ਨੂੰ ਖ਼ੂਬਸੂਰਤ ਸ਼ੈਲੀ ਅਤੇ ਸ਼ਿਲਪ ਵਿੱਚ ਸਜਾਇਆ ਗਿਆ ਹੈ। ਸਿੱਖ ਸੱਭਿਆਚਾਰ ਦਾ ਸੁੰਦਰ ਪ੍ਰਤੀਕ।  ਇੱਥੇ ਸਭਨਾ ਫੋਟੋਆਂ ਖਿੱਚਵਾਈਆਂ, ਮੀਹ ਫਿਰ ਮੱਧਮ ਸੰਗੀਤ ਦੀ ਧੁੰਨਾ ਛੇੜਨ ਲੱਗ ਪਿਆ। ਅਸੀਂ ਜਲਦੀ ਜਲਦੀ ਚੈਕਿੰਗ ਵਿਭਾਗ ਦੀ ਇਮਾਰਤ ਵਿੱਚ ਪ੍ਰਵੇਸ਼ ਕਰ ਗਏ ਉੱਥੇ ਫਿਰ ਪੂਰੀ ਚੈਕਿੰਗ ਸਾਰੇ ਕਾਗਜ਼ਾਤ ਵੇਖੇ ਜਾਂਦੇ ਹਨ। ਇੱਕ ਬੈਗ ਵਿਚ ਤੁਸੀਂ ਸੱਤ ਤੋਂ ਅੱਠ ਕਿਲੋ ਭਾਰ ਨਾਲ ਲਿਜਾ ਸਕਦੇ ਹੋ। ਇਸ ਇਮਾਰਤ ਤੋਂ ਬਾਹਰ ਫਿਰ ਬੱਸਾਂ ਲੱਗੀਆਂ ਹੋਈਆਂ ਸੀ, ਸਭ ਯਾਤਰੀ ਬੈਠ ਗਏ। ਫਿਰ ਜੈਕਾਰਿਆਂ ਦੀ ਗੂੰਜ ਬੱਸ ਨੇ ਸਭ ਨੂੰ ਕਰਤਾਰਪੁਰ ਸਾਹਿਬ ਦੇ ਬਾਹਰ ਚੈਕਿੰਗ ਪੋਸਟ ਤੇ ਉਤਾਰ ਦਿੱਤਾ। ਉਸ ਦੇ ਬਾਹਰ ਨਿਕਲਦਿਆਂ ਹੀ ਸ਼੍ਰੀ ਦਰਬਾਰ ਸਾਹਿਬ ਦੀ ਸਹੀ ਇਮਾਰਤ ਨਜ਼ਰ ਆਉਂਦੀ ਹੈ। ਇੱਕ ਉਤਸੁਕਤਾ ਵਿੱਚ ਜਗਿਆਸਾ ਨੂੰ ਖੰਭ ਲੱਗ ਗਏ। ਸਭ ਤੋਂ ਪਹਿਲਾਂ ਦਰਸ਼ਨੀ ਡਿਉੜੀ ਦੇ ਮਨਮੋਹਣੇ ਦਰਸ਼ਨ। ਸਭ ਕੁਝ ਇੱਕ ਨਾਟਕ ਵਾਂਗ ਦਿਖਾਈ ਦੇ ਰਿਹਾ ਸੀ ਕਿ ਅਗੇ ਕੀ ਹੋਵੇਗਾ। ਇਕਾਗਰਤਾ ਅਧਿਆਤਮਿਕਤਾ ਨੂੰ ਛੂਹ ਰਹੀ ਸੀ। ਦਰਸ਼ਨੀ ਡਿਊੜੀ ਦੇ ਮੁੱਖ ਦੁਆਰ ਤੇ ਜਦੋਂ ਸ਼ਰਧਾਲੂ ਅੰਦਰ ਪ੍ਰਵੇਸ਼ ਕਰਨ ਲਗਦੇ ਹਨ, ਉਨ੍ਹਾਂ ਨੂੰ ਉਥੇ ਰੋਕ ਕੇ ਇਕ ਮੁਸਲਮਾਨ ਮੁਲਾਜ਼ਿਮ ਅਤੇ ਪਾਕਿਸਤਾਨੀ ਸਿੱਖ ਲੜਕੀ ਨੇ ਸਭ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੀ ਸੰਖੇਪ ਜਿਹੀ ਜਾਣਕਾਰੀ ਦਿੱਤੀ। ਕਿਥੇ ਕੀ ਹੈ? ਸਭ ਕੁਝ ਸਮਝਾਉਂਦੇ ਹਨ।
ਇਸ ਤੋਂ ਬਾਅਦ ਅਸੀਂ ਅੰਦਰ ਪ੍ਰਵੇਸ਼ ਕੀਤਾ ਤਨ ਮਨ ਰੂਹ ਆਨੰਦਿਤ ਹੋਈ ਜਾ ਰਹੀ ਸੀ। ਜਿਵੇਂ ਹਕ਼ੀਕ਼ਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਣੇਂ ਹੋਣ। ਪ੍ਰਵੇਸ਼ ਦੁਆਰ ਦੇ ਬਰਾਮਦੇ ਵਿਚੋਂ ਅੰਦਰਲੇ ਸਾਰੇ ਦ੍ਰਿਸ਼ ਨਜ਼ਰ ਆਉਂਦੇ ਹਨ। ਸੰਗਮਰਮਰ ਦਾ ਦਿਲਕਸ਼ ਫਰਸ਼, ਸਾਰੀ ਇਮਾਰਤ ਸਫ਼ੇਦ ਰੰਗ ਦੀ ਜਿਵੇਂ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਪ੍ਰਵੇਸ਼ ਦੁਆਰ ਦੇ ਨਾਲ ਖੱਬੇ ਪਾਸੇ ਜੋੜਾ ਘਰ ਹੈ। ਜਿੱਥੇ ਸਭ ਨੇ ਅਪਣੇਂ-ਅਪਣੇਂ ਜੋੜੇ (ਜੁੱਤੇ) ਜਮ੍ਹਾਂ ਵਰਕਾ ਕੇ ਟੋਕਣ ਲੈ ਲਏ। ਇੱਥੇ ਜੋੜਿਆਂ ਦੀ ਸੇਵਾ ਵਿੱਚ ਸਭ ਮੁਸਲਮਾਨ ਭਾਈਚਾਰੇ ਹੀ ਸ਼ਰਧਾਲੂ ਸਨ ਨਾਲ ਹੀ ਪੁਲਿਸ ਦਾ ਡਿਊਟੀ ਰੂਮ ਹੈ। ਸਭ ਨੇ ਦਰਸ਼ਨੀ ਡਿਊੜੀ ਦੀਆਂ ਤਸਵੀਰਾਂ ਖਿੱਚੀਆਂ। ਵੱਖ-ਵੱਖ ਦ੍ਰਿਸ਼ਾਂ ਅਤੇ ਵੱਖ-ਵੱਖ ਅੰਦਾਜ਼ ਵਿੱਚ। ਇਸ ਸਥਾਨ ਤੇ ਸ਼੍ਰੀ ਦਰਬਾਰ ਸਾਹਿਬ ਦਾ ਅਧਿਆਤਮਿਕ ਅਤੇ ਸਕੂਨ ਭਰਿਆ ਅਲੋਕਿਕ ਦ੍ਰਿਸ਼। ਤਨ ਮਨ ਰੂਹ ਨੂੰ ਛੂਹ ਜਾਂਦਾ ਹੈ। ਜਲਦੀ ਜਲਦੀ ਨਜ਼ਦੀਕ ਪਹੁੰਚਣ ਦੀ ਇੱਛਾ ਮਨ ਵਿੱਚ ਲਿਲਕਦੀ ਹੈ। ਸ਼੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸਿਆਂ ਤੋਂ ਤੁਸੀਂ ਅੰਦਰ ਜਾ ਸਕਦੇ ਹੋ। ਚਾਰੇ ਪਾਸੇ ਲੰਬਾ ਚੌੜਾ ਬਰਾਮਦਾ  ਨੁਮਾਂ ਗਲਿਆਰਾ ਹੈ। ਪ੍ਰਾਚੀਨ ਸਮੇਂ ਦੀ ਸ਼ਿਲਪਸ਼ੈਲੀ ਦੀ ਤਰਜ਼ ਵਿੱਚ ਆਧੁਨਿਕ ਸਮਗਰੀ ਨਾਲ ਬਣਿਆ।
ਅਸੀਂ ਪ੍ਰਵੇਸ਼ ਦੁਆਰ ਤੋਂ ਥੋੜਾ ਅੱਗੇ ਜਾ ਕੇ ਖੱਬੇ ਪਾਸੇ ਵੱਲ ਮੁੜ ਗਏ ਅਤੇ ਵਿਚਕਾਰ ਸਾਹਮਣੇ ਦਿਸ਼ਾ ਵੱਲ ਰਸਤਾ ਜਾਂਦਾ ਹੈ ਜੋ ਸ਼੍ਰੀ ਦਰਬਾਰ ਸਾਹਿਬ ਤੱਕ ਲਗਭਗ 100 ਮੀਟਰ ਦੀ ਦੂਰੀ ਉੱਪਰ ਸ੍ਰੀ ਦਰਬਾਰ ਸਾਹਿਬ ਪ੍ਰਕਾਸ਼ਮਾਨ ਸ਼ੋਭਨੀਏ ਹਨ। ਰਸਤਿਆਂ ਵਿੱਚ ਸਾਫ ਸੁਥਰੇ ਕਲੀਨ ਵਿਛੇ ਹੋਏ ਹਨ ਗਰਮੀ ਸਰਦੀ ਤੋਂ ਬਚਣ ਲਈ। ਇੱਥੇ ਅਸੀਂ ਕੁਝ ਗਰੁੱਪ ਫੋਟੋ ਲਏ। ਇੱਥੇ ਸ਼੍ਰੀ ਦਰਬਾਰ ਸਾਹਿਬ ਦਾ ਪੂਰਾ ਦ੍ਰਿਸ਼ ਨੇੜਿਓਂ ਕੈਮਰਾ ਕ੍ਰਿਤ ਹੋ ਜਾਂਦਾ ਹੈ। ਨਿੱਕੀ ਨਿੱਕੀ ਕਿਣ-ਮਿਣ ਫਿਰ ਸ਼ੁਰੂ ਹੋ ਗਈ, ਕਿਸੇ ਜਮਲੇ ਦੀ ਤੂੰਬੀ ਦੀ ਤਰਜ਼ ਵਰਗੀ। ਮੱਧਮ ਪਰ ਰਿਦਮ ਵਿੱਚ ।ਇਦਾਂ ਦੀ ਬਾਰਿਸ਼ ਮਜਾ ਵੀ ਦਿੰਦੀ ਹੈ। ਗਰਮੀ ਤੋਂ ਕੁਝ ਰਾਹਤ ਮਹਿਸੂਸ ਹੋਈ। ਇੱਕ ਅਭਿਨੰਦਨ ਅਭਿਵਾਦਨ ਦਾ ਸੰਦੇਸ਼ ਦਿੰਦੀ ਹੋਈ ।ਸਭ ਕੁਝ ਚੰਗਾ ਚੰਗਾ ਲੱਗ ਰਿਹਾ ਸੀ। ਜੰਨਤ  ਤੋਂ ਵੀ ਉੱਪਰ। ਅਸੀਂ ਖੱਬੇ ਪਾਸਿਓਂ ਘੁੰਮ ਕੇ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ ਤੇ ਪਹੁੰਚ ਗਏ ਜਿਵੇਂ ਕੋਈ ਸਦੀਆਂ ਤੋਂ ਵਿਛੜੀ ਮੰਜ਼ਿਲ ਮਿਲ ਗਈ ਹੋਵੇ। ਅਧੂਰੇ ਚਾਵਾਂ ਨੂੰ ਜਿਵੇਂ ਸੰਪੂਰਨਤਾ ਦੇ ਖੰਭ ਲੱਗੇ ਗਏ ਹੋਣ। ਸੱਜੇ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਮਾਧੀ ਸਥਾਨ ਹੈ। ਇਸ ਨੂੰ ਦੇਖ ਕੇ ਦਰਸ਼ਨ ਕਰਕੇ ਮਨ ਦੀ ਤ੍ਰਿਪਤੀ ਪੂਰਨਤਾ ਵਿੱਚ ਬਦਲ ਗਈ। ਝੁਕ-ਝੁਕ ਮੱਥਾ ਟੇਕਿਆ। ਪੰਡੋਤ ਬੰਦਨਾ ਵਿੱਚ ਕੈਮਰਾ ਕ੍ਰਿਤ ਕੀਤਾ। ਵੱਖ ਵੱਖ ਫੋਟੋਆਂ ਯਾਦ ਵਿੱਚ ਸੰਭਾਲਣ ਲਈ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦਹਲੀਜ਼ ਨੂੰ ਪੰਡੋਤ ਬੰਦਨਾ ਕਰਦੇ ਹੋਏ ਅੰਦਰ ਪ੍ਰਵੇਸ਼ ਕੀਤਾ। ਪ੍ਰਾਚੀਨ ਸਮੇਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੋਭਨੀਏਂ ਸਥਾਨ ਇੱਥੇ ਫਿਰ ਮੱਥਾ ਟੇਕਿਆ। ਅੱਖ ਭਰ ਭਰ ਗਹੂ ਨਾਲ ਰੀਝ ਨਾਲ, ਤ੍ਰਿਪਤੀ ਨਾਲ, ਇੱਕ ਲਲਕ ਇੱਕ ਸੰਪੂਰਨ ਹੋਈ ਜਗਿਆਸਾ ਨਾਲ, ਰੱਜ ਰੱਜ ਦਰਸ਼ਨ ਕੀਤੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਚੱਲ ਰਹੇ ਸੀ, ਸੱਜੇ ਪਾਸੇ ਕੀਰਤਨੀਏ ਜੱਥਾ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਨਾਲ ਗੋਲਕ ਸੀ ਜਿਸ ਵਿੱਚ ਸ਼ਰਧਾ ਮੁਤਾਬਕ ਦਸਵੰਧ ਦਿੱਤਾ ਜਾ ਰਿਹਾ ਸੀ। ਮੇਰੀ ਪਤਨੀ ਬਲਬੀਰ ਕੌਰ ਇਕ ਰੁਮਾਲਾ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਆਈ ਸੀ। ਮੈਂ ਉੱਥੇ ਇੱਕ ਸਿੰਘ ਸਾਹਿਬਾਨ ਨੂੰ ਪੁੱਛਿਆ ਕਿ ਰੁਮਾਲਾ ਸਾਹਿਬ ਕਿੱਥੇ ਸ਼ੋਭਨੀਆ ਕਰਦੇ ਹਨ। ਉਹਨਾਂ ਕਿਹਾ ਕਿ ਖੱਬੇ ਪਾਸੇ ਚੌਂਕੀ ਦੇ ਨਾਲ ਉੱਪਰ ਰੱਖ ਦੇਵੋ ਉੱਥੇ ਪਹਿਲਾਂ ਵੀ ਕਈ ਰੁਮਾਲੇ ਪਏ ਸਨ। ਇੱਥੇ ਵੀ ਵੱਖ-ਵੱਖ ਕੋਨਿਆਂ ਤੋਂ ਤਸਵੀਰਾਂ ਕ੍ਰਿਤ ਕੀਤੀਆਂ। ਮਨ ਦੀ ਰੀਝ ਜਿਵੇਂ ਅਧਿਆਤਮਕ ਹੋ ਗਈ ਹੋਵੇ, ਤ੍ਰਿਪਤ ਸਕੂਨ ਹੋ ਗਈ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ’ਚੋਂ ਪਿੱਛੇ ਦੀ ਬਾਹਰ ਨਿਕਲਦੇ ਸਾਰ ਹੀ ਖੱਬੇ ਪਾਸੇ ਪ੍ਰਾਚੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਸ਼ੋਭਨੀਏ ਅਸਥਾਨ ਹੈ ਜੋ ਰੁਮਾਲਿਆਂ ਨਾਲ ਢੱਕਿਆ ਹੋਇਆ ਹੈ। ਅੱਖਾਂ ਨੇ ਮਨ ਦਿਲ ਰੂਹ ਨੇ ਭਰ-ਭਰ ਕੇ ਦਰਸ਼ਨ ਕੀਤੇ, ਸਾਰੀ ਇਕਾਗਰਤਾ ਰੂਹ ਨੂੰ ਆਨੰਦਿਤ ਕਰ ਗਈ, ਜਿਵੇਂ ਭਟਕਦੇ ਰਾਹੀ ਨੂੰ ਮੰਜ਼ਿਲ ਮਿਲ ਗਈ ਹੋਵੇ। ਇਸ ਦੇ ਨਾਲ ਹੀ ਸੁੱਕਾ ਪ੍ਰਸ਼ਾਦ ਚਾਰ ਚਾਰ ਪੈਕਟਾਂ ਵਿੱਚ ਸਭ ਨੂੰ ਮਿਲਦਾ ਹੈ। ਨਾਲ ਕੜਾਹ ਵੰਡਿਆ ਜਾਂਦਾ ਹੈ। ਅਸੀਂ ਪਰਿਕਰਮਾ ਕਰਕੇ ਫਿਰ ਮੁੱਖ ਦੁਆਰ ’ਤੇ ਆ ਗਏ। ਇਸ ਦੇ ਪਿਛਲੇ ਪਾਸੇ ਪ੍ਰਾਚੀਨ ਸ਼ਿਲਪ ਦੀਆਂ ਪੌੜੀਆਂ ਹਨ, ਉਹ ਪਰ ਛੱਤ ਵੱਲ ਨੂੰ ਜਾਂਦੀਆਂ ਹਨ। ਇਹ ਪੌੜੀਆਂ ਲਗਭਗ 47 ਦੇ ਕਰੀਬ ਹਨ। ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹੀ ਬਣਿਆ ਹੋਇਆ ਹੈ ਪਰ ਇਸ ਨੂੰ ਸਾਜ ਸੱਜਾ ਨਾਲ ਸਵਾਰਿਆ ਗਿਆ ਹੈ। ਪੌੜੀਆਂ ਚੜਦੇ ਉੱਪਰਲੀ ਛੱਤ ਨੂੰ ਤਾਲਾ ਲੱਗਿਆ ਹੋਇਆ ਸੀ, ਅਸੀਂ ਵਾਪਸ ਆ ਗਏ ਇੱਥੇ ਬਾਕੀ ਹੋਰ ਕਈ ਕਮਰੇ ਹਨ। ਇਸ ਸਥਾਨ ਦੇ ਬਾਹਰ ਨਾਲ ਹੀ ਪ੍ਰਾਚੀਨ ਢਿੱਡਾਂ ਵਾਲਾ ਖੂਹ ਹੈ ਅਤੇ ਪ੍ਰਾਚੀਨ ਸੱਭਿਆਚਾਰਕ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ।
ਬਾਰਿਸ਼ ਫਿਰ ਸ਼ੁਰੂ ਹੋ ਗਈ ਇੱਕਦਮ ਫਰਾਟੇਦਾਰ ਬਾਰਿਸ਼ ਜਿਵੇਂ ਮਾਹੀਆ ਗਾਉਣ ਵੇਲੇ ਢੋਲ ਵੱਜਦਾ ਹੈ, ਪੂਰੇ ਡਗੇ ਵੱਜ ਰਹੇ ਸੀ ਜਿਵੇਂ ਕੋਈ ਉੱਚੀ ਉੱਚੀ ਬੋਲੀਆਂ ਪਾ ਰਿਹਾ ਹੋਵੇ ਅਸੀਂ ਸਭ ਨੇ ਯੋਜਨਾ ਬਣਾ ਲਈ ਕਿ ਪਹਿਲਾਂ ਲੰਗਰ ਛੱਕ ਲਿਆ ਜਾਵੇ ਫਿਰ ਮਾਰਕੀਟ ਵਿੱਚ ਚਲਾਂਗੇ। ਇਸ ਸਾਰੇ ਗਲਿਆਰੇ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ, ਤਾਰਾਂਦਾਰ ਜਾਲੀ ਲਗਾ ਕੇ ਚਾਰੋਂ ਤਰਫੋਂ ਰਸਤਾ ਬੰਦ ਕੀਤਾ ਹੋਇਆ ਹੈ ਪਰ ਦੂਰ ਦੇ, ਨਜ਼ਦੀਕ ਦੇ ਪਿੰਡ ਨਜ਼ਰ ਆਉਂਦੇ ਹਨ। ਅਸੀਂ ਲੰਗਰ ਹਾਲ ਵਿੱਚ ਚਲੇ ਗਏ। ਵਾਹ ਭਾਈ ਵਾਹ ਖ਼ੂਬਸੂਰਤ ਦਿਖ ਵਾਲੀ ਇਮਾਰਤ ਸਵੱਛ ਸਾਫ। ਅਸੀਂ ਲੰਗਰ ਹਾਲ ਵਿਖੇ ਲਗਭਗ ਦੋ ਵਜੇ ਦੁਪਹਿਰ ਦੇ ਕਰੀਬ ਪਹੁੰਚੇ, ਲੰਗਰ ਹਾਲ ਦੇ ਨਾਲ ਹੀ ਸਾਫ ਸੁਥਰਾ ਚਮਕਦਾ ਰਸੋਈ ਘਰ ਹੈ ਇੱਕਦਮ ਸਫਾਈ। ਆਧੁਨਿਕ ਢੰਗ ਦੀਆਂ ਰਸੋਈ ਪਕਵਾਨ ਮਸ਼ੀਨਾਂ। ਰਸੋਈ ਦੇ ਨਾਲ ਮੁਸਲਮਾਨ ਭੈਣਾਂ ਪ੍ਰਸ਼ਾਦੇ ਪਕਾ ਰਹੀਆਂ ਸਨ ਉੱਥੇ ਕੁਝ ਸਿੱਖ ਬੀਬੀਆਂ ਵੀ ਲੰਗਰ ਪਕਾਉਣ ਲੱਗੀਆਂ ਪਈਆਂ। ਇਸ ਲੰਗਰ ਹਾਲ ਵਿੱਚ ਲਗਭਗ 550 ਦੇ ਕਰੀਬ ਸੰਗਤ ਬੈਠ ਸਕਦੀ ਹੈ। ਲੰਗਰ ਹਾਲ ਵਿੱਚ ਗਰਮਾ ਗਰਮ ਕੜੀ ਪਕੌੜਾ ਕੜੀ ਦੇ ਉੱਪਰ ਪਕੌੜੇ ਜ਼ਿਆਦਾ ਤੈਰਦੇ ਨਜ਼ਰ ਆ ਰਹੇ ਸੀ। ਸਵਾਦਿਸ਼ਟ ਨਿਊਟਰੀ, ਸਬਜ਼ੀਆਂ, ਮਿੱਠੇ ਚਾਵਲ, ਦਹੀਂ, ਚਾਹ ਆਦਿ ਲੱਜਤਦਾਰ ਲੰਗਰ। ਸਾਂਝੀਵਾਲਤਾ ਦੀ ਇੱਕ ਮਿਸਾਲ। ਬਾਬੇ ਨਾਨਕ ਦਾ ਲੰਗਰ। ਹਾਲ ਦੇ ਮੁੱਖ ਸੇਵਾਦਾਰ ਜਨਾਬ ਲੱਭੂ ਰਾਮ ਜੋ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਤੇ ਪਾਕਿਸਤਾਨ ਵਿੱਚ ਵੀ ਰਹਿੰਦੇ ਹਨ। ਲੰਗਰ ਹਾਲ ਵਿੱਚ ਅਮੂਮਨ, ਸਿੱਖ ਅਤੇ ਹਿੰਦੂ ਪਰਿਵਾਰਾਂ ਦੇ ਸ਼ਰਧਾਲੂ ਹੀ ਵੇਖਣ ਨੂੰ ਮਿਲੇ ਪਰ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਸੇਵਾ ਕਰਦੇ ਹਨ। ਮੁਸਲਮਾਨ ਭਾਈਚਾਰੇ ਦੇ ਵੀ ਕਾਫੀ ਲੋਕ ਦਰਸ਼ਨ ਕਰਨ ਲਈ ਆਏ ਹੋਏ ਸੀ ਜੋ ਲੰਗਰ ਹਾਲ ਵਿੱਚ ਮੌਜੂਦ ਸਨ। ਸਾਨੂੰ ਪਾਕਿਸਤਾਨ ਲਾਹੌਰ ਤੋਂ ਮਿਲਣ ਲਈ ਸਾਡੇ ਪਰਮ ਦੋਸਤ ਜਨਾਬ ਨੂਰ ਅਹਿਮਦ ਜੱਟ ਅਤੇ ਉਨਾਂ ਦੇ ਸਾਥੀਆਂ ਨੇ ਆਉਣਾ ਸੀ, ਉਹਨਾਂ ਦਾ ਬਾਰ-ਬਾਰ ਫੋਨ ਆ ਰਿਹਾ ਸੀ ਕਿ ਆ ਰਹੇ ਹਾਂ। ਬਾਰਿਸ਼ ਸਵੇਰ ਤੋਂ ਹੀ ਗੁਣਗੁਣਾ ਰਹੀ ਸੀ। ਇੱਥੋਂ ਲਾਹੌਰ ਕਾਫੀ ਦੂਰ ਪੈਂਦਾ ਹੈ। ਅਸੀਂ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ। ਸਾਡਾ ਪ੍ਰੋਗਰਾਮ ਸੀ ਕਿ ਲੰਗਰ ਸਾਰੇ ਇਕੱਠੇ ਹੀ ਖਾਈਏ ਪਰ ਉਹ ਲੇਟ ਹੋ ਗਏ ਦੋਵੇਂ ਪਾਸੇ ਚੈਕਿੰਗ  ਬਹੁਤ ਜਿਆਦਾ ਹੈ, ਖੈਰ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਆ ਗਏ ਸਨ। ਜਨਾਬ ਨੂਰ ਅਹਿਮਦ ਜੱਟਾਂ ਹੋਰਾਂ ਨੇ ਉੱਥੇ ਪਹੁੰਚ ਕੇ ਸਾਡੀਆਂ ਤਸਵੀਰਾਂ ਮੋਬਾਈਲ ’ਚੋਂ ਪੁਲਿਸ ਅਧਿਕਾਰੀਆਂ ਅਤੇ ਲੋਕਾਂ ਨੂੰ ਦੱਸ ਦਿੱਤੀਆਂ ਕਿ ਜੇਕਰ ਅਸੀਂ ਮਿਲੀਏ ਤਾਂ ਸੂਚਿਤ ਕਰ ਦੇਣ। ਅਸੀਂ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਨਿਸ਼ਚਿਤ ਸਮੇਂ ਵਿੱਚ ਵਾਪਸ ਜਾਣਾ ਸੀ ਤੁਸੀਂ ਜ਼ਿਆਦਾ ਦੇਰ ਤੱਕ ਇੱਥੇ ਨਹੀਂ ਰਹਿ ਸਕਦੇ। ਅਸੀਂ ਲੰਗਰ ਹਾਲ ’ਚ ਉਹਨਾਂ ਦੀ ਉਡੀਕ ਕਰਨ ਤੋਂ ਬਾਅਦ ਮਾਰਕੀਟ ਵਿੱਚ ਆ ਗਏ। ਮਾਰਕੀਟ ਲੰਗਰ ਹਾਲ ਤੋਂ ਥੋੜੀ ਦੂਰ ਹੈ। ਮਾਰਕੀਟ ਵਿੱਚ ਜਾ ਕੇ ਮੈਂ ਕਿਸੇ ਪਾਕਿਸਤਾਨੀ ਸੱਜਣ ਦੇ ਫੋਨ ਤੋਂ ਨੂਰ ਅਹਿਮਦ ਜੱਟ ਨੂੰ ਫੋਨ ਮਿਲਾਇਆ। ਉਹਨਾਂ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬ ਆ ਚੁੱਕੇ ਹਾਂ। ਅਸੀਂ ਉਹਨਾਂ ਨੂੰ ਦੱਸ ਦਿੱਤਾ ਕਿ ਅਸੀਂ ਮਾਰਕੀਟ ਵਿੱਚ ਹਾਂ। ਸ਼ਾਮ ਦੇ ਲਗਭਗ ਚਾਰ ਵੱਜ ਚੁੱਕੇ ਸੀ, ਸਮਾਂ ਕਾਫੀ ਹੋ ਚੁੱਕਾ ਸੀ। ਮੁਲਾਕ਼ਾਤ ਅਤੇ ਦਰਸ਼ਨ ਕਰਨ ਦਾ ਸਮਾਂ ਲਗਭਗ ਸਮਾਪਤ ਹੋਣ ਦੇ ਕਗਾਰ ’ਤੇ ਸੀ। ਅਸੀਂ ਜਲਦੀ ਜਲਦੀ ਉੱਥੋਂ ਖਰੀਦੋ ਫਰੋਖ਼ਤ ਕਰਨ ਲੱਗੇ, ਖਾਣ ਪੀਣ ਦੀਆਂ ਦੁਕਾਨਾਂ, ਕੱਪੜੇ ਦੀਆਂ ਦੁਕਾਨਾਂ ਮਨਿਆਰੀ ਅਤੇ ਚੱਪਲ ਮਾਰਕੀਟ ਵਗੈਰਾ ਸੀ। ਦੁਕਾਨਾਂ ਥੋੜੀਆਂ ਹੀ ਸਨ। ਮੈਂ ਉਥੋਂ ਚਾਰ ਜੌੜੇ ਪਸੋਰੀ ਚੱਪਲਾਂ ਲੈ ਲਈਆਂ। ਇੱਕ ਚਪਲ ਲਗਭਗ 2500 ਪਾਕਿਸਤਾਨੀ ਕਰੰਸੀ ਦੇ ਹਿਸਾਬ ਨਾਲ। ਪਤਨੀ ਨੇ ਕੁਝ ਪਸੰਦੀਦਾ ਕੱਪੜੇ ਖਰੀਦ ਲਏ। ਇਨੇ ਚਿਰ ਨੂੰ ਜਨਾਬ ਨੂਰ ਅਹਿਮਦ ਜੱਟ ਅਤੇ ਸਾਥੀ ਦੂਰੋਂ ਨਜ਼ਰ ਆ ਗਏ। ਦੂਰੋਂ ਦੌੜ ਕੇ ਇੱਕ ਦੂਸਰੇ ਨੂੰ ਤਪਾਕ ਨਾਲ ਲਪਕ ਤੇ ਲਲਕ ਨਾਲ ਘੁੱਟ ਕੇ ਜੱਫੀ ਪਾ ਕੇ ਮਿਲੇ ਜਿਵੇਂ ਚਿਰਾਂ ਬਾਅਦ ਵਿਛੜੇ ਭਰਾ ਮਿਲੇ ਹੋਣ। ਪੰਜਾਬ ਤੇ ਪੰਜਾਬੀਅਤ ਦੀ ਘੁਟਵੀਂ ਜੱਫੀ ਜੋ ਕਦੀ ਲਹਿ ਨਹੀ ਸਕਦੀ। ਘੁਟ ਘੁਟ ਕੇ ਗਲਵੱਕੜੀਆਂ ਪਾਈਆਂ। ਆਲੇ ਦੁਆਲੇ ਦੇ ਸਾਰੇ ਲੋਕੀ ਸਾਡੇ ਵੱਲ ਵੇਖ ਵੇਖ ਖੁਸ਼ ਹੋ ਰਹੇ ਸੀ। ਸਾਡੀਆਂ ਫੋਟੋਆਂ ਖਿੱਚ ਰਹੇ ਸੀ, ਕਈਆਂ ਨੇ ਸਾਡੇ ਗਰੁੱਪ ਨਾਲ ਫੋਟੋਆਂ ਖਿੱਚਵਾਈਆਂ। ਨੂਰ ਨੇ ਜਲਦੀ ਜਲਦੀ ਗੁਲਾਬ ਦੇ ਫੁੱਲ ਵਾਲੇ ਕੁਝ ਹਾਰ ਕੱਢੇ ਸਾਡੇ ਸਾਰਿਆਂ ਨੇ ਗਲ ਵਿੱਚ ਹਾਰ ਪਾ ਕੇ ਦਿਲ ਚੁੰਬਵਾਂ ਨਿੱਘਾ ਸਾਂਝ ਭਰਪੂਰ ਸਵਾਗਤ ਕੀਤਾ। ‘ਜੀ ਆਇਆਂ’ ਵਿੱਚ ਘੁੱਲ ਗਈ ਸਾਂਝੀਵਾਲਤਾ ਦੇ ਰਿਸ਼ਤਿਆਂ ਦੀ ਮਿੱਟੀ ਮਿੱਠੀ ਸੁਗੰਧ। ਵੀਡੀਓ ਬਣਾਈਆਂ ਗਈਆਂ ਦੋਵੇਂ ਪੰਜਾਬ ਦੇ ਵੀਰ ਮਿਲੇ ਇੱਕ ਖ਼ੂਬਸੂਰਤ ਮਿਲਣੀ ਜੰਨਤ ਵਰਗਾ ਪਿਆਰ, ਮੋਹ, ਸਤਿਕਾਰ, ਉਮੰਗ, ਤਰੰਗ, ਇਕ ਲਲਕ ਅਸਮਾਨ ਨੂੰ ਛੂ ਗਏ। ਸਭ ਹੱਦਾਂ ਬੰਨੇ ਸਰਹੱਦਾਂ ਉੱਡ ਪੁੱਡ ਗਈਆਂ, ਸਿਰਫ ਇਨਸਾਨੀ ਕਦਰਾਂ ਕੀਮਤਾਂ ਦੀ ਇੱਕ ਮਿਸਾਲ ਬਾਬੇ ਨਾਨਕ ਦੀ ਬਾਣੀ ਦੀ ਇੱਕ ਮਿਸਾਲ।  ਇਹ ਮਿਲਣੀ ਇੱਕ ਯਾਦਗਾਰੀ ਮਿਲਣੀ ਸੀ। ਦੂਜੇ ਹੋਰ ਲੋਕ ਵੀ ਮਿਲਣੀ ਦੇ ਮੌਕੇ ਤਸਵੀਰਾਂ ਵਿੱਚ ਖਿੱਚ ਰਹੇ ਸੀ। ਸਾਰਾ ਦ੍ਰਿਸ਼ ਇੱਕ ਨਿੱਘੀ ਖੁਸ਼ਬੂ ਵਿੱਚ ਤੈਰਨ ਲੱਗਾ। ਜਨਾਬ ਨੂਰ ਅਹਿਮਦ ਜੱਟ ਕਹਿਣ ਲੱਗੇ ਕਿ ਆਓ ਅਸੀਂ ਸਾਰੇ ਚਾਹ ਵਗੈਰਾ ਪੀਂਦੇ ਹਾਂ ਪਰ ਮੈਂ ਉਹਨਾਂ ਨੂੰ ਕਿਹਾ ਕਿ 5 ਵਜੇ ਚੁੱਕੇ ਹਨ। ਸਮਾਂ ਬਹੁਤ ਹੋ ਚੁੱਕਿਆ ਹੈ ਅਸੀਂ ਪੁਲਿਸ ਮਹਿਕਮੇ ਦੇ ਕਰਮਚਾਰੀਆਂ ਕੋਲੋਂ ਇਜਾਜ਼ਤ ਲੈ ਕੇ ਜਲਦੀ ਜਲਦੀ ਇੱਕ ਬਰਾਮਟੇ ਵਿੱਚ ਕਵੀ ਦਰਬਾਰ ਕੀਤਾ। ਆਪਸ ਵਿੱਚ ਗੱਲਾਂ ਬਾਤਾਂ ਮਾਰੀਆਂ। ਇਸ ਤੋਂ ਬਾਅਦ ਮੈਂ ਜਲਦੀ ਜਲਦੀ ਆਪਣੇ ਬੈਗ ’ਚੋਂ ਇੱਕ ਕਨੇਡੀਅਨ ਘੜੀ, ਸੈਂਟ ਅਤੇ ਕੱਪੜੇ ਕੱਢ ਕੇ ਨੂਰ ਸਾਹਿਬ ਨੂੰ ਬੜੇ ਇਤਮੀਨਾਨ ਨਾਲ ਨਮਨ ਕਿਰਿਆ ਵਿੱਚ ਸਤਿਕਾਰ ਨਾਲ ਉਹਨਾਂ ਨੂੰ ਦੇ ਦਿੱਤੇ। ਉਹਨਾਂ ਮੇਰਾ ਕਈ ਵਾਰ ਸ਼ੁਕਰੀਆ ਅਦਾ ਕੀਤਾ। ਨੂਰ ਸਾਹਿਬ ਨੇ ਦੋ ਕਿਲੋ ਮਠਿਆਈ ਦਾ ਡੱਬਾ, ਚਾਰ ਜੋੜੇ ਪਸੌਰੀ ਚੱਪਲਾਂ ਮੈਨੂੰ ਦੇ ਦਿੱਤੀਆਂ। ਸਮਾਂ ਬਹੁਤ ਹੋ ਚੁੱਕਾ ਸੀ ਵਾਪਸ ਜਾਣ ਲਈ। ਫਿਰ ਉਸੇ ਪਹਿਲੇ ਢੰਗ ਤਰੀਕੇ ਨਾਲ ਚੈਕਿੰਗ ਨਾਲ ਵਾਪਸ ਜਾਣਾ ਹੁੰਦਾ ਹੈ। ਅਸੀਂ ਫਿਰ ਜਲਦੀ ਜਲਦੀ ਆਪਸ ਵਿੱਚ ਮਿਲੇ ਗਲਵਕੜੀਆਂ ਪਾਈਆਂ। ਖੁਸ਼ੀ ਦੇ ਖ਼ੂਬਸੂਰਤ ਪਲਾਂ ਦੀ ਖੁਸ਼ਬੂ ਹਵਾ ਵਿੱਚ ਤੈਰਨ ਲੱਗੀ। ਸਾਂਝੀ ਵਾਲਤਾ ਵਿੱਚ ਘੁੱਲ ਘੁੱਲ ਕੇ ਫਿਰ ਦੁਬਾਰਾ ਜਲਦੀ ਮਿਲਣ ਦਾ ਦਾਅਵਾ ਕਰਕੇ ਹੱਥ ਮਿਲਾਉਂਦੇ ਹੋਏ ਇੱਕ ਦੂਸਰੇ ਤੋਂ ਜੁਦਾ ਹੋ ਗਏ।
ਸੱਤ ਕਿਲੋ ਭਾਰ ਇੱਕ ਵਿਅਕਤੀ ਲਿਜਾ ਸਕਦਾ ਹੈ ਕਾਊਂਟਰ ’ਤੇ ਬੱਸ ਲੱਗੀ ਹੋਈ ਸੀ। ਚੈਕਿੰਗ ਕਰਵਾ ਕੇ ਬੱਸ ਵਿੱਚ ਬੈਠ ਗਏ। ਪੰਜ ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਅਸੀਂ ਪਾਕਿਸਤਾਨ ਦੀ ਚੈਕਿੰਗ ਵਿਭਾਗ ਵਿੱਚ ਆ ਗਏ। ਇੱਥੇ  ਤਸੱਲੀ ਨਾਲ ਚੈਕਿੰਗ ਹੁੰਦੀ ਹੈ। ਪਾਕਿਸਤਾਨ ਦੇ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਗਲੇ ਵਿੱਚ ਪਏ ਸ਼ਨਾਖਤੀ ਕਾਰਡ ਉਤਾਰੇ। ਇਸ ਤੋਂ ਬਾਅਦ ਸਾਰੀ ਚੈਕਿੰਗ ਹੋਈ। ਕੋਈ ਵੀ ਵਿਅਕਤੀ ਯਾਤਰੀ ਪਾਕਿਸਤਾਨ ਦੀ ਕਰੰਸੀ ਨਾਲ ਨਹੀਂ ਲਿਜਾ ਸਕਦਾ ਇਸ ਉੱਪਰ ਸਖਤ ਪਾਬੰਦੀ ਹੈ। ਸਾਡੇ ਸਾਥੀ ਪਾਲ ਗੁਰਦਾਸਪੁਰੀ ਨੇ ਗ਼ਲਤੀ ਨਾਲ ਚੇਤਾ ਭੁਲਾ ਕੇ ਪਾਕਿਸਤਾਨ ਦੀ ਕਰੰਸੀ ਨਾਲ ਲੈ ਆਏ। ਕੁੱਝ ਨੋਟ ਬਟੂਏ ਵਿੱਚ ਸੀ ਕੁਝ ਕਮੀਜ਼ ਦੀ ਜੇਬ ਵਿੱਚ। ਚੈਕਿੰਗ ਦੌਰਾਨ ਉਹ ਕੰਪਿਊਟਰ ਵਿੱਚ ਨਜ਼ਰ ਆ ਗਏ। ਪਾਲ ਨੂੰ ਫੜ ਕੇ ਇੱਕ ਪਾਸੇ ਲੈ ਗਏ ਤੇ ਸਖਤ ਨੋਟਿਸ ਲਿਆ। ਕਾਫੀ ਪੁੱਛ ਪੜਤਾਲ ਤੋਂ ਬਾਅਦ ਉਹਨਾਂ ਅਧਿਕਾਰੀਆਂ ਨੇ ਪਾਲ ਤੋਂ ਪਾਕਿਸਤਾਨ ਕਰੰਸੀ ਲੈ ਕੇ ਪਾੜ ਦਿੱਤੀ ਅਤੇ ਕੂੜੇਦਾਨ ਵਿੱਚ ਸੁੱਟ ਦਿੱਤੀ। ਸਾਡਾ ਦੋਸਤ ਐਡਵੋਕੇਟ ਰਾਜਪਾਲ ਸਿੰਘ 200 ਡਾਲਰ ਜਮਾਂ ਕਰਵਾ ਕੇ ਪਰਚੀ (ਰਸੀਦ) ਲਈ ਸੀ ਉਹ ਗੁੰਮ ਕਰ ਬੈਠੇ. ਫਿਰ ਉੱਥੇ ਪੰਗਾ ਖੜਾ ਹੋ ਗਿਆ, ਖ਼ੈਰ,ਉਹਨਾਂ ਕੋਲ ਕੰਪਿਊਟਰ ਵਿੱਚ ਸਬੂਤ ਸੀ. ਉਹਨਾਂ ਚੈੱਕ ਕਰ ਲਿਆ ਪਰ ਸਖ਼ਤ ਵਾਰਨਿੰਗ ਦਿੱਤੀ, ।
ਫਿਰ ਅਸੀਂ ਬੱਸ ’ਚ ਬੈਠ ਕੇ ਭਾਰਤ ਪਹੁੰਚ ਗਏ। ਪਾਕਿ ਸੀਮਾ ਉੱਪਰ ਆ ਗਏ। ਪਹਿਲੇ ਤਰੀਕੇ ਨਾਲ ਹੀ ਅਸੀਂ ਮੁੜ ਵਾਪਸ ਭਾਰਤੀ ਚੈਕਿੰਗ ਵਿਭਾਗ ਵਿੱਚ ਦਾਖ਼ਲ ਹੋ ਗਏ ਜਾਨੀ ਕਿ ਡੇਰਾ ਬਾਬਾ ਨਾਨਕ ਕੋਰੀਡੋਰ। ਇੱਥੇ ਫਿਰ ਪੂਰੀ ਚੈਕਿੰਗ ਹੋਈ। ਪਤਨੀ ਅਤੇ ਮੇਰੇ ਕੋਲ ਇੱਕ-ਇੱਕ ਬੈਗ ਸੀ। ਪਤਨੀ ਕੋਲ ਦੋ ਕਿਲੋ ਮਠਿਆਈ ਦਾ ਡੱਬਾ ਸੀ ਜੋ ਨੂਰ ਸਾਹਿਬ ਨੇ ਦਿੱਤਾ ਸੀ। ਇੱਥੇ ਇੱਕ ਮਹਿਲਾ ਕਰਮਚਾਰੀ ਨੇ ਸਾਨੂੰ ਰੋਕ ਲਿਆ ਅਤੇ ਸਾਡੇ ਬੈਗਾਂ ਦੀ ਤਸੱਲੀ ਨਾਲ ਤਲਾਸ਼ੀ ਲਈ। ਮਹਿਲਾ ਕਰਮਚਾਰੀ ਨੇ ਕਿਹਾ ਕਿ ਤੁਸੀਂ ਮਠਿਆਈ ਲੈ ਕੇ ਆਏ ਹੋ, ਇਸ ਨੂੰ ਨਾਲ ਲਿਜਾਨ ਦੀ ਇਜਾਜ਼ਤ ਨਹੀਂ। ਅਸੀਂ ਕਿਹਾ ਕਿ ਪਾਕਿਸਤਾਨ ਦੇ ਸਾਡੇ ਦੋਸਤ ਨੇ ਗਿਫਟ ਦੇ ਰੂਪ ਵਿੱਚ ਦਿੱਤੀ ਹੈ। ਮਹਿਲਾ ਕਰਮਚਾਰੀ ਨੇ ਕਿਹਾ ਕਿ ਇਸ ਡੱਬੇ ਨੂੰ ਖੋਲ੍ਹ ਕੇ ਇਸ ਵਿੱਚੋਂ ਥੋੜੀ ਮਠਿਆਈ ਖਾਓ, ਅਸਾਂ ਥੋੜੀ ਮਠਿਆਈ ਖਾਦੀ ਫਿਰ ਉਹਨਾਂ ਸਾਨੂੰ ਸਖ਼ਤ ਹਦਾਇਤਾਂ ਦੇ ਕੇ ਜਾਣ ਦਿੱਤਾ। ਅਸੀਂ ਸਭ ਖੁਸ਼ੀ ਦੇ ਮੂੜ ਵਿੱਚ ਸਾਂ, ਡੇਰਾ ਬਾਬਾ ਨਾਨਕ ਦੇ ਕੋਰੀਡੋਰ ਦੇ ਬਾਹਰ ਅਸੀਂ ਰਾਜ ਗੁਰਦਾਸਪੁਰੀ ਅਤੇ ਪਾਲ ਗੁਰਦਾਸਪੁਰੀ ਦੀਆਂ ਪੁਸਤਕਾਂ ਦਾ ਵੀ ਵਿਮੋਚਨ ਕੀਤਾ। ਅਸਾਂ ਸਭ ਨੇ ਸਲਾਹ ਕੀਤੀ ਕਿ ਹੁਣ ਆਏ ਹੋਏ ਹਾਂ ਕਿ ਡੇਰਾ ਬਾਬਾ ਨਾਨਕ ਦੇ ਸਾਰੇ ਗੁਰਦੁਆਰੇ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਚੱਲੀਏ। ਅਸੀਂ ਗੱਡੀਆਂ ਵਿੱਚ ਬੈਠ ਕੇ ਚੋਲ੍ਹਾ ਸਾਹਿਬ ਗੁਰਦੁਆਰਾ ਆ ਗਏ। ਇੱਥੇ ਚੋਲ੍ਹਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕੀਤੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਸਲੀ ਚੋਲ੍ਹਾ ਸਾਹਿਬ ਅਤੇ ਬੀਬੀ ਨਾਨਕੀ ਦਾ ਹੱਥ ਨਾਲ ਕੱਢਿਆ ਰੁਮਾਲ ਸ਼ੀਸ਼ੇ ਵਿੱਚ ਮੜਾ ਕੇ ਰੱਖਿਆ ਹੋਇਆ ਹੈ। ਇਸ ਦੇ ਅਸੀਂ ਦਰਸ਼ਨ ਕੀਤੇ, ਫੋਟੋਆਂ ਲਈਆਂ ਜੋ ਇੱਥੇ ਧਾਰਮਿਕ ਸਥਾਨਾਂ ਦੇ ਗੁਰਦੁਆਰੇ ਵੇਖਣਯੋਗ ਹਨ। ਇਸ ਪ੍ਰਕਾਰ ਹਨ ਪਿੰਡ ਪੱਖੋਕੇ ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦਾ ਪਿੰਡ ਤੇ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਭਤੀਜੇ ਨੂੰ ਭਰਾ ਲਕਸ਼ਮੀ ਚੰਦ ਤੋਂ ਲੈ ਲਿਆ ਸੀ, ਇਹ ਲੰਬੀ ਕਥਾ ਹੈ। ਮੇਨ ਬਾਜ਼ਾਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਜਿੱਥੇ ਜੀਤੇ ਰੰਧਾਵੇ ਦਾ ਖੂਹ ਹੈ। ਇੱਥੇ ਗੁਰੂ ਨਾਨਕ ਦੇਵ ਜੀ ਵੀ ਠਹਿਰੇ ਸਨ। ਗੁਰਦੁਆਰਾ ਮੰਡੀ ਸਾਹਿਬ ਗੁਰਦੁਆਰਾ ਭੂਰੀ ਵਾਲੇ ਸੰਤਾਂ ਦਾ ਗੁਰਦੁਆਰਾ ਬਾਬਾ ਰਾਜਿੰਦਰ ਸਿੰਘ ਤੇ ਬਾਬਾ ਬਲਬੀਰ ਸਿੰਘ ਬੇਦੀ, ਗੁਰਦੁਆਰਾ ਟਾਹਲੀ ਸਾਹਿਬ, ਗੁਰਦੁਆਰਾ ਬਾਬਾ ਕਿਰਪਾ ਦਾਸ, ਗੁਰਦੁਆਰਾ ਰਾਮਗੜੀਆ, ਗੁਰਦੁਆਰਾ ਬਾਬਾ ਮੰਗਲ ਰਾਮ, ਬਾਬਾ ਕਿਰਪਾ ਰਾਮ, ਸਥਾਨ ਬਾਬਾ ਲਾਡੋ ਜੀ। ਇਹ ਯਾਤਰਾ ਇੱਕ ਯਾਦਗਾਰੀ ਯਾਤਰਾ ਹੋ ਨਿਬੜੀ। ਤੁਸੀਂ ਵੀ ਜਾਓ, ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) 15 ਦਿਨਾਂ ਬਾਅਦ ਤੁਸੀਂ ਫਿਰ ਦੁਬਾਰਾ ਜਾ ਸਕਦੇ ਹੋ।
 ਬਲਵਿੰਦਰ ਬਲਮ ਗੁਰਦਾਸਪੁਰ 
ਓਂਕਾਰ ਨਗਰ, ਗੁਰਦਾਸਪੁਰ (ਪੰਜਾਬ) 
ਮੋਬਾਈਲ – 9815625409
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਐਡਮਿੰਟਨ ਵਿਖੇ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ
Next articleਅਜੈ ਖਟਕੜ ਨੇ ਅਧਿਆਪਕ ਸਟੇਟ ਅਵਾਰਡ ਨਾਲ਼ ਜ਼ਿਲੇ ਦਾ ਮਾਣ ਵਧਾਇਆ: ਡਾ. ਪਾਲ ਅਤੇ ਮਾਨ