ਮਜੀਠਾ (ਸਮਾਜ ਵੀਕਲੀ): ਪਿੰਡ ਅਨਾਇਤਪੁਰਾ ’ਚ ਅੱਜ ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਗੋਲੀਆਂ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਪਗ 10 ਜਣੇ ਜ਼ਖ਼ਮੀ ਹੋ ਗਏ। ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਨਾਇਤਪੁਰਾ ਦਾ ਗੁੱਜਰ ਸੁਰਮਦੀਨ ਜਦੋਂ ਆਪਣੀ ਰੇੜ੍ਹੀ ’ਤੇ ਪਸ਼ੂਆਂ ਦਾ ਚਾਰਾ ਲੈਣ ਜਾ ਰਿਹਾ ਸੀ ਤਾਂ ਸਾਹਮਣਿਓਂ ਟਰੈਕਟਰ-ਟਰਾਲੀ ’ਤੇ ਕੁਝ ਨੌਜਵਾਨ ਆ ਰਹੇ ਸਨ। ਸੁਰਮਦੀਨ ਨੇ ਟਰਾਲੀ ਵਾਲੇ ਨੌਜਵਾਨਾਂ ਤੋਂ ਰਸਤਾ ਮੰਗਿਆ ਪਰ ਉਨ੍ਹਾਂ ਰਸਤਾ ਦੇਣ ਦੀ ਥਾਂ ਗਾਲੀ-ਗਲੋਚ ਸ਼ੁਰੂ ਕਰ ਦਿੱਤਾ। ਸੁਰਮਦੀਨ ਵਾਪਸ ਆਪਣੇ ਡੇਰੇ ਪਹੁੰਚਿਆ ਤਾਂ ਨੌਜਵਾਨਾਂ ਨੇ ਨਹਿਰ ਕੰਢੇ ਗੁੱਜਰਾਂ ਦੀ ਪਰਾਲੀ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਲੜਾਈ ਹੋ ਗਈ। ਕੁਝ ਦੇਰ ਮਗਰੋਂ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਗੁੱਜਰਾਂ ਦੇ ਡੇਰੇ ’ਤੇ ਹੱਲਾ ਬੋਲ ਦਿੱਤਾ। ਇਸ ਲੜਾਈ ਵਿੱਚ ਗੋਲੀ ਲੱਗਣ ਕਾਰਨ ਸੁਰਮਦੀਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀ ਹੋਏ ਸੱਤੂ, ਅਲੀ, ਅਲੀਦੀਨ, ਬਾਘਾ, ਜ਼ਾਕਿਰ ਅਤੇ ਮੱਖਣ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਅਲੀਦੀਨ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਝਗੜੇ ਵਿੱਚ ਦੂਜੀ ਧਿਰ ਦੇ ਮਨਜਿੰਦਰ ਸਿੰਘ, ਹਰਜਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਹੈਪੀ (ਮੌਜੂਦਾ ਸਰਪੰਚ) ਵੀ ਜ਼ਖ਼ਮੀ ਹੋਏ ਹਨ। ਸੂਚਨਾ ਮਿਲਣ ਮਗਰੋਂ ਮਜੀਠਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly