ਨਵੀਂ ਦਿੱਲੀ (ਸਮਾਜ ਵੀਕਲੀ): ਮਹਾਰਾਸ਼ਟਰ ਵਿੱਚ ਕਾਂਗਰਸ ਗੱਠਜੋੜ ਵਿੱਚ ਭਾਈਵਾਲ ਸ਼ਿਵਸੈਨਾ ਨੇ ਬੁੱਧਵਾਰ ਨੂੰ ਹਿੰਦੂਤਵ ਦੇ ਮੁੱਦੇ ’ਤੇ ਦਾਅਵਾ ਪੇਸ਼ ਕਰਦਿਆਂ ਕਿਹਾ ਕਿ ਉਸ ਦੇ ਬਾਨੀ ਬਾਲਾਸਾਹਿਬ ਠਾਕਰੇ ਨੇ ਇਹ ਯਕੀਨੀ ਬਣਾਇਆ ਸੀ ਕਿ, ‘ਹਿੰਦੂ ਧਰਮ ਦੇ ਨਾਂ ’ਤੇ ਵੋਟਾਂ ਪੈਣ।’ ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਊਤ ਨੇ ਆਪਣੀ ਸਾਬਕਾ ਭਾਈਵਾਲ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਹਿੰਦੂਤਵ ਪ੍ਰਤੀ ਪ੍ਰਤੀਬੱਧਤਾ ਸਿਰਫ ਸਿਆਸਤ ਅਤੇ ਚੋਣਾਂ ਤਕ ਹੀ ਸੀਮਤ ਨਹੀਂ ਹੈ ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਰੋਟੀ, ਕੱਪੜਾ ਅਤੇ ਮਕਾਨ ਮਿਲੇ।
ਉਨ੍ਹਾਂ ਇਥੇ ਪੱਤਰਕਾਰਾਂ ਨੂੰ ਕਿਹਾ, ‘‘ ਅੱਜ, ਹਿੰਦੂਤਵ ਵੋਟ ਬੈਂਕ ਦੀ ਹਮਾਇਤ ਕਰਨ ਵਾਲੇ, ਉਦੋਂ ਮੈਦਾਨ ਛੱਡ ਗਏ ਸਨ, ਜਦੋਂ ਅਯੁੱਧਿਆ ਵਿੱਚ ਬਾਬਰੀ ਮਸੀਤ ਢਾਹੀ ਜਾ ਰਹੀ ਸੀ। ਉਹ, ਸ਼ਿਵ ਸੈਨਿਕ ਅਤੇ ਬਾਲਾਸਾਹਿਬ ਠਾਕਰੇ ਹੀ ਸਨ ਜੋ ਹਿੰਦੂਆਂ ਦੇ ਪੱਖ ਵਿੱਚ ਮਜ਼ਬੂਤੀ ਨਾਲ ਖੜ੍ਹੇ ਰਹੇ।’’ ਉਹ ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਦੀ ਉਸ ਟਿੱਪਣੀ ’ਤੇ ਪ੍ਰਤੀਕਿਰਿਆ ਦੇ ਰਹੇ ਹਨ ਜਿਸ ਵਿੱਚ ਪਾਟਿਲ ਨੇ ਦਾਅਵਾ ਕੀਤਾ ਸੀ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਸੰਤਾਂ-ਮਹੰਤਾਂ ਨੇ ਹਿੰਦੂ ਵੋਟ ਬੈਂਕ ਤਿਆਰ ਕੀਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਭਾਜਪਾ ਦੇ ਸੀਨੀਅਰ ਆਗੂ ਲਾਲ ਕਿ੍ਸ਼ਨ ਅਡਵਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਹੋਰਨਾਂ ਆਗੂ ਇਸ ਨੂੰ ਸਿਖਰ ’ਤੇ ਲੈ ਗਏ।
ਰਾਊਤ ਨੇ ਕਿਹਾ, ‘‘ਮੈਨੂੰ ਆਪ ਵੀ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਹਿੰਦੂ ਵੋਟ ਬੈਂਕ ਵਿਕਸਿਤ ਕੀਤਾ ਜਾਂ ਨਹੀਂ, ਹਾਲਾਂਕਿ ਇਹ ਇਕ ਤੱਥ ਹੈ ਕਿ ਸ਼ਿਵਾਜੀ ਨੇ ਮੁਲਕ ਵਿੱਚ ‘ਹਿੰਦਵੀ ਸਵਰਾਜ’ ਸਥਾਪਤ ਕੀਤਾ। ਉਨ੍ਹਾਂ ਕਿਹਾ, ‘‘ਬਾਲਾਸਾਹਿਬ ਠਾਕਰੇ ਤੇ ਉਨ੍ਹਾਂ ਤੋਂ ਪਹਿਲਾਂ ਵੀਰ ਸਾਵਰਕਰ ਸਨ ਜਿਨ੍ਹਾਂ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਚਾਰਧਾਰਾ ਨੂੰ ਅਪਣਾਇਆ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly