ਖੁੱਲੇ ਵਿਚਾਰ ਬਟਾਂਦਰੇ ਦਾ ਸੱਦਾ
(ਸਮਾਜ ਵੀਕਲੀ) ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੈਨੇਡਾ ਵੱਲੋਂ 4 ਅਗਸਤ ਨੂੰ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਮਸਲਿਆਂ ਨੂੰ ਵਿਚਾਰਨ ਲਈ ਇੱਕ ਵਿਚਾਰ ਵਟਾਂਦਰਾ ਰੱਖਿਆ ਗਿਆ ਸੀ। ਇਸ ਚਰਚਾ ਵਿੱਚ ਮੈਂ ਇੱਕ ਬੁਲਾਰੇ ਦੇ ਤੌਰ ਤੇ ਹਿੱਸਾ ਲੈਣਾ ਸੀ।
31 ਜੁਲਾਈ ਤੋਂ 3 ਅਗਸਤ ਤੱਕ ਵੈਨਕੂਵਰ ਦੇ 4 ਟੀਵੀ ਚੈਨਲਾਂ ਅਤੇ 5 ਰੇਡੀਓ ਸਟੇਸ਼ਨਾਂ ਨੇ ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਆਪਣੇ ਆਪਣੇ ਦਰਸ਼ਕਾਂ/ਸ੍ਰੋਤਿਆਂ ਨੂੰ ਜਾਣੂ ਕਰਵਾਉਣ ਲਈ ਮੇਰੇ ਨਾਲ ਗੱਲਬਾਤ ਕੀਤੀ।
ਵੈਨਕੂਵਰ ਤੋਂ ਚਲੇ ਜਾਣ ਬਾਅਦ ਮੈਨੂੰ ਪਤਾ ਲੱਗਿਆ ਕਿ ਇਹਨਾਂ ਗੱਲਾਂ ਬਾਤਾਂ ਨੇ ਸ਼੍ਰੋਮਣੀ ਪੁਰਸਕਾਰਾਂ ਦੇ ਕੁੱਝ ਵਿਦੇਸ਼ੀ ਚਾਹਵਾਨਾਂ ਵਿੱਚ ਬੇਚੈਨੀ ਫੈਲਾ ਦਿੱਤੀ ਹੈ।
ਇਸ ਹਲਚੱਲ ਤੋਂ ਬਾਅਦ ਕੁੱਝ ਚੈਨਲਾਂ ਨੇ, ਮੇਰੇ ਮੇਜ਼ਬਾਨਾਂ ਨਾਲ ਸੰਪਰਕ ਸਥਾਪਿਤ ਕਰਕੇ ਮੈਨੂੰ ਕੇਵਲ ਇਸੇ ਵਿਸ਼ੇ ਤੇ ਖੁੱਲੀ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਮੈਨੂੰ ਚੈਨਲਾਂ ਦੀ ਇਸ ਸ਼ੁਭ ਇੱਛਾ ਦੀ ਖੁਸ਼ਖਬਰੀ ਪੰਜਾਬ ਪਹੁੰਚ ਕੇ ਹੁਣ ਮਿਲੀ ਹੈ।
ਅਖੇ ਅੰਨ੍ਹਾ ਕੀ ਭਾਲੇ? ਦੋ ਅੱਖਾਂ!
ਮੈਨੂੰ ਤਾਂ ਇਕ ਅੱਖ ਹੀ ਬਹੁਤ ਹੈ।
ਮੈਂ ਪਿਛਲੇ ਤਿੰਨ ਸਾਲਾਂ ਤੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਪੰਜਾਬ ਕਲਾ ਪ੍ਰੀਸ਼ਦ, ਦੋਵੇਂ ਕੇਂਦਰੀ ਪੰਜਾਬੀ ਲੇਖਕ ਸਭਾਵਾਂ, ਕਈ ਯੂਨੀਵਰਸਿਟੀਆਂ ਦੇ ਪੰਜਾਬੀ ਵਿਭਾਗ ਦੇ ਮੁੱਖੀਆਂ ਆਦਿ ਨੂੰ ਇਸ ਗੰਭੀਰ ਮਸਲੇ ਤੇ ਖੁੱਲੀ ਬਹਿਸ ਕਰਵਾਉਣ ਲਈ ਬੇਨਤੀ ਕਰ ਚੁੱਕਾ ਹਾਂ। ਪਰ ਅੱਜ ਤੱਕ ਕਿਸੇ ਵੀ ਅਦਾਰੇ ਦੀ ਇਸ ਮਸਲੇ ਨੂੰ ਰਿੜਕਣ ਦੀ ਜੁਅਰਤ ਨਹੀਂ ਪਈ।
ਪ੍ਰਵਾਨਗੀ
ਮੈਂ ਹਰ ਗੰਭੀਰ ਬਹਿਸ ਵਿਚ ਸ਼ਾਮਲ ਹੋਣ ਲਈ ਹਰ ਸਮੇਂ ਹਾਜ਼ਰ ਹਾਂ।
ਹੁਣ ਵੀ ਜੇ ਕੋਈ ਅੰਤਰਰਾਸ਼ਟਰੀ ਜਾਂ ਭਾਰਤੀ ਅਦਾਰਾ/ਚੈਨਲ ਇਸ ਸਮੱਸਿਆ ਬਾਰੇ ਖੁੱਲੀ ਬਹਿਸ ਕਰਵਾਉਣੀ ਚਾਹੁੰਦਾ ਹੋਵੇ ਤਾਂ ਮੈਂਨੂੰ ਉਸ ਵਿਚਾਰ ਵਟਾਂਦਰੇ ਵਿੱਚ ਸ਼ਮੁਲੀਅਤ ਕਰਕੇ ਖੁਸ਼ੀ ਮਹਿਸੂਸ ਹੋਵੇਗੀ।
ਗੱਲਬਾਤ ਗੰਭੀਰ ਹੋਵੇ ਇਸ ਲਈ ਮੇਰੀਆਂ ਕੁੱਝ ਸ਼ਰਤਾਂ ਹਨ:
1. ਇਸ ਵਿਚਾਰ ਵਟਾਂਦਰੇ ਵਿੱਚ ਘੱਟੋ ਘੱਟ
ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਇੱਕ ਚੋਣਕਾਰ
ਅਤੇ
‘ਪੰਜਾਬੀ ਸਾਹਿਤ ਰਤਨ’ ਪੁਰਸਕਾਰ ਲਈ ਚੁਣਿਆ ਗਿਆ ਇਕ ਵਿਦਵਾਨ ਸ਼ਾਮਿਲ ਕੀਤਾ ਜਾਵੇ।
2. ਵਿਚਾਰ ਵਟਾਂਦਰੇ ਨੂੰ, ਬਿਨਾਂ ਕਿਸੇ ਕੱਟ ਵੱਢ ਦੇ ਸਿੱਧਾ ਪ੍ਰਸਾਰਿਤ ਕੀਤਾ ਜਾਵੇ।
ਇਕ ਬੇਨਤੀ
ਮੁਕੱਦਮਾ ਦਾਇਰ ਕਰਨ ਤੋਂ ਪਹਿਲਾਂ ਸਾਡੀ ਟੀਮ ਵੱਲੋਂ RTI Act ਰਾਹੀਂ, ਭਾਸ਼ਾ ਵਿਭਾਗ ਪੰਜਾਬ ਤੋਂ, ਪੁਰਸਕਾਰਾਂ ਦੀ ਚੋਣ ਸਮੇਂ, ਚੋਣਕਾਰਾਂ ਵਲੋਂ ਅਪਣਾਈ ਗਈ ਚੋਣ ਪ੍ਰਕਿਰਿਆ ਨਾਲ ਸਬੰਧਤ ਸੂਚਨਾ ਪ੍ਰਾਪਤ ਕੀਤੀ ਗਈ ਸੀ। ਉਸੇ ਸੂਚਨਾ ਦੇ ਅਧਾਰ ਤੇ ਇਹ ਮੁਕੱਦਮਾ ਦਾਇਰ ਕੀਤਾ ਗਿਆ ਹੈ।
ਸੂਚਨਾ ਰਾਹੀਂ ਪ੍ਰਾਪਤ ਹੋਏ ਤੱਥ , ਟਿੱਪਣੀਆਂ ਸਮੇਤ, ਮੈਂ ਆਪਣੀ ਪੁਸਤਕ ‘ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਿਕ ਸਿਆਸਤ’, ਵਿਚ ਦਰਜ਼ ਕੀਤੇ ਹਨ।
ਚੰਗਾ ਹੋਵੇ ਜੇ ਬਹਿਸ ਵਿਚ ਹਿੱਸਾ ਲੈਣ ਵਾਲੇ ਵਿਦਵਾਨ ਪਹਿਲਾਂ ਇਸ ਪੁਸਤਕ ਵਿਚ ਦਰਜ਼ ਤੱਥਾਂ ਤੇ ਝਾਤ ਮਾਰ ਲੈਣ। ਇੰਜ ਕਰਨ ਨਾਲ ਵਿਚਾਰ ਅਧੀਨ ਮਸਲੇ ਨੂੰ ਸਮਝਣ ਵਿਚ ਆਸਾਨੀ ਰਹੇਗੀ ਅਤੇ ਬਹਿਸ ਦੇ ਸਿੱਟੇ ਵੀ ਸਾਰਥਕ ਨਿਕਲਣਗੇ।
ਨੋਟ: ਇਸ ਪੁਸਤਕ ਦੀ ਪੀਡੀਐਫ ਕਾਪੀ ਦਾ ਲਿੰਕ ਹੇਠ ਦਿੱਤਾ ਜਾ ਰਿਹਾ ਹੈ।
ਬਹਿਸ ਦੇ ਮੇਜ਼ਬਾਨ ਅਤੇ ਬਹਿਸ ਵਿਚ ਸ਼ਾਮਲ ਹੋਣ ਵਾਲੇ ਵਿਦਵਾਨ ਨੂੰ ਮੁੱਕਦਮੇ ਦੀ ਨਕਲ ਵੀ ਭੇਜ ਦਿੱਤੀ ਜਾਵੇਗੀ।
ਵਿਚਾਰ ਵਟਾਂਦਰੇ ਲਈ ਸੱਦੇ ਦੀ ਉਡੀਕ ਵਿਚ।
ਹਿਤੂ
ਮਿੱਤਰ ਸੈਨ ਮੀਤ
ਪੁਸਤਕ ਦਾ ਲਿੰਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly