ਗ਼ਜ਼ਲ

ਭੁਪਿੰਦਰ ਸਿੰਘ ਬੋਪਾਰਾਏ

(ਸਮਾਜ ਵੀਕਲੀ)

ਧਰਮ, ਨਸਲ ਤੇ ਜਾਤ ਦੀ, ਜਿਸਦੇ ਅੰਦਰ ਸੂਲ |
ਭੁੱਲ ਕੇ ਐਸੇ ਸ਼ਖ਼ਸ ਨੂੰ, ਮੂੰਹ ਨਾ ਲਾਵੋ ਮੂਲ |

ਦਿੰਦਾ ਇਹੋ ਨਸੀਅਤ ਹੈ, ਸਾਡਾ ਸਭਿਆਚਾਰ,
ਨੈਤਿਕ ਜੀਵਨ ਜਾਚ ਤੋਂ, ਬਾਕੀ ਹੋਰ ਫਜੂਲ |

ਮੂੰਹ ‘ਤੇ ਆਖੀ ਗੱਲ ਦਾ, ਵੱਖਰਾ ਬਹੁਤ ਸਵਾਦ,
ਕਾਹਦਾ ਆਦਮ ਜਾਤ ਉਹ, ਜਿਸਦੇ ਨਹੀਂ ਅਸੂਲ |

ਲੋਕਾਂ ਨੇ ਹੈ ਚੁੱਕ ਲਏ, ਰੱਬ ਦੇ ਨਾਂ ਹਥਿਆਰ,
ਇੱਕ ਦੇ ਹੱਥ ਤਲਵਾਰ ਹੈ, ਦੂਜੇ ਦੇ ਤ੍ਰਿਸ਼ੂਲ |

ਹਰ ਥਾਂ ‘ਤੇ ਧਨਵਾਨ ਦੀ, ਹੁੰਦੀ ਪੁੱਛ ਪਰਤੀਤ,
ਨੇਕ ਸਲਾਹ ਗਰੀਬ ਦੀ, ਕਰਦਾ ਕੌਣ ਕਬੂਲ ?

ਕਰਜੇ ਵਾਲੇ ਦੈਂਤ ਨੇ, ਚੂਸ ਲਈ ਹੈ ਰੱਤ,
ਤਦੇ ਕਿਸਾਨੀ ਤਖ਼ਤ ਦੀ, ਢਿੱਲੀ ਹੋਈ ਚੂਲ |

ਇਕ ਦਿਨ ਲਿਖਣੇ ਸਿਖ ਲਊ, ਵਾਹਵਾ ਸੋਹਣੇ ਸ਼ਿਅਰ,
‘ ਬੋਪਾਰਾਏ ‘ ਹੋ ਗਿਆ, ਦਾਖ਼ਲ ਗ਼ਜ਼ਲ ਸਕੂਲ |

ਭੁਪਿੰਦਰ ਸਿੰਘ ਬੋਪਾਰਾਏ

 

Previous articleਪ੍ਰੀਖਿਆਵਾਂ ਦੀ ਤਿਆਰੀ ਵਿਸ਼ੇ ਤੇ ਸੈਮੀਨਾਰ ਕਰਵਾਇਆ
Next articleਪ੍ਰਣਾਮ ਪੁਲਵਾਮਾ ਦੇ ਸ਼ਹੀਦਾਂ ਨੂੰ