ਫੋਟੋ ਅਜਮੇਰ ਦੀਵਾਨਾ
• ਸੁਖਬੀਰ ਬਾਦਲ ਦੀਆਂ ਹਿਦਾਇਤਾਂ ਤੇ ਵੱਡੇ ਲੀਡਰ ਪਹੁੰਚੇ ਹਰਜਿੰਦਰ ਸਿੰਘ ਧਾਮੀ ਦੇ ਘਰ
• ਧਾਮੀ ਪਾਰਟੀ ਨਾਲ ਨਰਾਜ਼ ਨਹੀਂ; ਕੇਵਲ ਅੰਤਰਆਤਮਾ ‘ਤੇ ਬੋਝ ਕਾਰਨ ਦਿੱਤਾ ਅਸਤੀਫਾ -ਦਲਜੀਤ ਚੀਮਾ
ਹੁਸ਼ਿਆਰਪੁਰ,(ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਵਾਰੀ ਰਹਿ ਚੁੱਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ਾ ਬੰਬ ਨਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਕੰਧਾਂ ਥਰ ਥਰ ਕੰਬ ਰਹੀਆਂ ਹਨ | ਇਸ ਐਪੀਸੋਡ ਨਾਲ ਪਾਰਟੀ ਵਿੱਚ ਆਏ ਭੁਚਾਲ ਨੂੰ ਠੱਲ ਪਾਉਣ ਲਈ ਤੱਤਕਾਲੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਿਦਾਇਤਾਂ ‘ਤੇ ਸ਼੍ਰੋਮਣੀ ਕਮੇਟੀ ਦੇ ਅਸਤੀਫਾ ਦੇ ਚੁੱਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀ ਕਵਾਇਦ ਜੋਰਾਂ ਸ਼ੋਰਾਂ ਨਾਲ ਜਾਰੀ ਹੈ| ਇਸੇ ਤਹਿਤ ਹੀ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਬੁੱਧਵਾਰ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੁਸ਼ਿਆਰਪੁਰ ਗ੍ਰਹਿ ਵਿਖ਼ੇ ਪੁੱਜੇ ਇਹਨਾਂ ਅਹੁਦੇਦਾਰਾਂ ਵਿੱਚ ਪਾਰਟੀ ਦੇ ਸਾਬਕਾ ਸਕੱਤਰ ਜਨਰਲ ਡਾਕਟਰ ਦਲਜੀਤ ਸਿੰਘ ਚੀਮਾ, ਸਾਬਕਾ ਕੈਬਨਟ ਮੰਤਰੀ ਹੀਰਾ ਸਿੰਘ ਗਾਬੜੀਆ, ਜਨਮੇਜਾ ਸਿੰਘ ਸੇਖੋਂ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਗੁਰਬਚਨ ਸਿੰਘ ਬੱਬੇਹਾਲੀ, ਸਥਾਨਿਕ ਆਗੂ ਵਰਿੰਦਰ ਸਿੰਘ ਬਾਜਵਾ ਸਾਬਕਾ ਐਮਪੀ, ਜਤਿੰਦਰ ਸਿੰਘ ਲਾਲੀ ਬਾਜਵਾ ਸਾਬਕਾ ਪ੍ਰਧਾਨ ਜ਼ਿਲਾ ਪ੍ਰਧਾਨ ਵੀ ਸ਼ਾਮਿਲ ਸਨ | ਇਹਨਾਂ ਸਾਰੇ ਪਾਰਟੀ ਆਗੂਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਭਰੋਸੇਯੋਗ ਸੂਤਰਾਂ ਮੁਤਾਬਿਕ ਉਹਨਾਂ ਨੂੰ ਪ੍ਰਧਾਨਗੀ ਤੋਂ ਅਸਤੀਫਾ ਵਾਪਸ ਲੈਣ ਲਈ ਮਨਾਉਣ ਦਾ ਯਤਨ ਕੀਤਾ | ਭਾਵੇਂ ਕਿ ਕਿਸੇ ਵੀ ਆਗੂ ਨੇ ਉਹਨਾਂ ਨਾਲ ਹੋਈ ਗੱਲਬਾਤ ਦਾ ਵੇਰਵਾ ਦੇਣ ਤੋਂ ਸੰਕੋਚ ਕੀਤਾ ਪਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਨਾਲ ਨਰਾਜ਼ ਨਹੀਂ ਹਨ ਪਰ ਕੁਝ ਪੰਥਕ ਕਾਰਨਾਂ ਕਰਕੇ ਆਪਣੀ ਅੰਤਰ ਆਤਮਾ ‘ਤੇ ਪਏ ਬੋਝ ਕਾਰਨ ਹੀ ਉਹਨਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜਿਸ ਨਾਲ ਪਾਰਟੀ ਸਹਿਮਤ ਨਹੀਂ ਹੈ ਅੱਜ ਪਾਰਟੀ ਆਗੂਆਂ ਦੀ ਉਹਨਾਂ ਨਾਲ ਪਰਿਵਾਰਿਕ ਮਾਹੌਲ ਵਿੱਚ ਗੱਲਬਾਤ ਹੋਈ ਹੈ ਅਸੀਂ ਐਡਵੋਕੇਟ ਧਾਮੀ ਨੂੰ ਭਰੋਸਾ ਦਿਵਾਇਆ ਹੈ ਕਿ ਪਾਰਟੀ ਉਹਨਾਂ ਦੇ ਨਾਲ ਹੈ ਤੇ ਇਸ ਅਹਿਮ ਸਮੇਂ ਵਿੱਚ ਪੰਥ ਨੂੰ ਉਨ੍ਹਾਂ ਦੀ ਅਗਵਾਈ ਦੀ ਜਰੂਰਤ ਹੈ ਉਹਨਾਂ ਨੇ ਦੱਸਿਆ ਕਿ ਅਕਾਲੀ ਦਲ ਐਡਵੋਕੇਟ ਧਾਮੀ ਦੇ ਅਸਤੀਫੇ ਨਾਲ ਜੁੜੇ ਸਾਰੇ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਹੈ ਅਤੇ ਅਸੀਂ ਉਹਨਾਂ ਨਾਲ ਨਿਰੰਤਰ ਗੱਲਬਾਤ ਕਰਦੇ ਰਹਾਂਗੇ ਤੇ ਮਸਲਿਆਂ ਦੀ ਹੱਲ ਵਾਸਤੇ ਕੰਮ ਕਰਾਂਗੇ ਅਤੇ ਐਡਵੋਕੇਟ ਧਾਮੀ ਵੱਲੋਂ ਪਾਰਟੀ ਦੀ ਮਜਬੂਤੀ ਲਈ ਪਾਰਟੀ ਨਾਲ ਖੜੇ ਹੋਣ ਦਾ ਡਾ. ਚੀਮਾ ਨੇ ਦਾਅਵਾ ਕੀਤਾ | ਉਧਰ ਇਸ ਮੁੱਦੇ ਤੇ ਸੰਪਰਕ ਕਰਨ ‘ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਕੁਝ ਵੀ ਕਹਿਣ ਤੋਂ ਲਗਭਗ ਗੁਰੇਜ ਹੀ ਕੀਤਾ | ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਪਾਰਟੀ ਦੇ ਸੀਨੀਅਰ ਆਗੂਆਂ ਦੀ ਹੋਈ ਇਸ ਮੁਲਾਕਾਤ ਵਿੱਚ ਧਾਮੀ ਦੇ ਨਜ਼ਦੀਕੀ ਸਾਥੀ ਅਤੇ ਸਮਰਥਕ ਲਗਭਗ ਗੈਰ ਹਾਜ਼ਰ ਰਹੇ ਜੇਕਰ ਸਥਾਨਕ ਪੱਧਰ ਦੇ ਕੁਝ ਆਗੂ ਉਹਨਾਂ ਨਾਲ ਵੇਖੇ ਗਏ ਹਨ ਤਾਂ ਕੇਵਲ ਪਾਰਟੀ ਵਲੋਂ ਲਾਈ ਡਿਊਟੀ ਕਾਰਨ ਹੀ ਬੱਧੇ ਰੁੱਧੇ ਪਾਰਟੀ ਵਫਦ ਨਾਲ ਮੌਜੂਦ ਰਹੇ | ਇਸ ਤੋਂ ਸਥਾਨਕ ਪੱਧਰ ‘ਤੇ ਵੀ ਇਹ ਸਥਿਤੀ ਸਾਹਮਣੇ ਆਉਂਦੀ ਹੈ ਕਿ ਪਾਰਟੀ ਵਿੱਚ ਸਭ ਕੁਝ ਅੱਛਾ ਨਹੀਂ ਹੈ |
ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਨਹੀਂ ਪੁੱਜੇ ਸਨ ਧਾਮੀ :–
ਭਰੋਸੇਯਗ ਸੂਤਰਾਂ ਅਨੁਸਾਰ ਮੰਗਲਵਾਰ ਨੂੰ ਪਟਿਆਲਾ ਦੇ ਬਹਾਦਰਗੜ੍ਹ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਥਾਪੀ ਗਈ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਮੌਜੂਦਾ ਸਥਿਤੀ ਤੇ ਵਿਚਾਰ ਵਟਾਂਦਰਾ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਅਸਤੀਫਾ ਦੇ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਆਪਣੇ ਘਰ ਹੁਸ਼ਿਆਰਪੁਰ ਤੋਂ ਰਵਾਨਾ ਹੋਏ ਪਰ ਮੀਟਿੰਗ ਵਿੱਚ ਨਹੀਂ ਪੁੱਜੇ ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਬਗਾਵਤੀ ਸੁਰਾਂ ਸੁਣਨ ਨੂੰ ਮਿਲੀਆਂ | ਇਸ ਮੀਟਿੰਗ ਵਿੱਚੋਂ ਹਰਜਿੰਦਰ ਸਿੰਘ ਧਾਮੀ ਦੀ ਗੈਰ ਹਾਜ਼ਰੀ ਅਤੇ ਇੱਕ ਦਿਨ ਬਾਅਦ ਹੀ ਉਹਨਾਂ ਦੇ ਘਰ ਵਿਖੇ ਸੀਨੀਅਰ ਪਾਰਟੀ ਆਗੂਆਂ ਦਾ ਪੁੱਜਣਾ ਇਸ ਧਾਰਨਾ ਨੂੰ ਬਲ ਦਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਡੁਬਦੀ ਕਿਸ਼ਤੀ ਬਚਾਉਣ ਲਈ ਪਾਰਟੀ ਹਾਈ ਕਮਾਂਡ ਵੱਲੋਂ ਅਕੀਂ ਪਲਾਹੀਂ ਹਾਲੇ ਵੀ ਹੱਥ ਪੈਰ ਮਾਰੇ ਜਾ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਵਿੱਚ ਉੱਠੀ ਬਗਾਵਤ ਕੀ ਕਾਰਵਟ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |