HOME ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਸਮਰਪਿਤ ਗੀਤ 

ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਸਮਰਪਿਤ ਗੀਤ 

1
ਰਜਿੰਦਰ ਸਿੰਘ ਰਾਜਨ 
(ਸਮਾਜ ਵੀਕਲੀ)
 ਸਾਨੂੰ ਮਾਫ ਕਰੀਂ ਰਣਜੀਤ ਸਿਆਂ, ਤੇਰਾ ਆਲੵਣਾ ਅਸੀਂ ਉਜਾੜ ਬੈਠੇ ।
ਤੂੰ ਜੋੜਿਆ ਤਿਣਕਾ-ਤਿਣਕਾ ਸੀ,ਅਸੀਂ ਆਪਣੇ ਹੱਥੀਂ ਸਾੜ ਬੈਠੇ ।
ਸਾਡੀ ਅਕਲ ਦੀ ਛੱਪੜੀ ਛੋਟੀ ਸੀ,ਕੁੱਝ ਹੂੜ ਮੱਤਾਂ ਦਾ ਹੜ੍ਹ ਆਇਆ,
ਅਸੀਂ ਆਪਣੇ ਹੀ ਖੁਦ ਕਤਲ ਕੀਤੇ, ਆਪੇ ਆਪਣਾ ਧੜ ਲਾਹਿਆ,
ਫਿਰ ਬਾਦਸ਼ਾਹੀ ਕੀਹਨੇ ਸਾਂਭਣੀ ਸੀ,ਮਹਿਲਾਂ ਦੇ ਤਖਤ ਉਖਾੜ ਬੈਠੇ–
ਸਾਨੂੰ ਮਾਫ ਕਰੀਂ ਰਣਜੀਤ ਸਿਆਂ———-
ਨਾ ਪੇਸ਼ ਗਈ ਕੋਈ ਜਿੰਦਾਂ ਦੀ,ਨਾ ਕਿਸੇ ਨੂੰ ਭੋਰਾ ਰਹਿਮ ਆਇਆ,
ਅਸੀਂ ਹਰ ਵਾਰ ਆਪਣੇ ਮਾਰੇ,ਧਰਮਾਂ ਨੇ ਐਸਾ ਵਹਿਮ ਪਾਇਆ,
ਹੀਰੋ ਤੋਂ ਜੀਰੋ ਹੋ ਗਏ ਹਾਂ, ਬਸ ਅਣਖਾਂ ਸੂਲੀ ਚਾੜ ਬੈਠੇ—–
ਸਾਨੂੰ ਮਾਫ ਕਰੀਂ ਰਣਜੀਤ ਸਿਆਂ————
ਪਹਿਲਾਂ ਲੁੱਟਿਆ ਸਾਨੂੰ ਗੋਰਿਆਂ ਨੇ, ਹੁਣ ਕਾਲਿਆਂ ਨੇ ਲੁੱਟ ਕੇ ਖਾਇਆ,
ਲੱਖਾਂ ਸੰਤਾਲੀ ਵਿੱਚ ਮਾਰੇ, ਤੇਰੇ ਰਾਜ’ਚ ਐ ਮਾਤਮ ਛਾਇਆ,
ਸਭ ਮੌਸਮ ਵਾਗੂੰ ਬਦਲ ਗਏ, ਉਹ ਨਕਸ਼ਾ ਤੇਰਾ ਪਾੜ ਬੈਠੇ—-
ਸਾਨੂੰ ਮਾਫ ਕਰੀਂ ਰਣਜੀਤ ਸਿਆਂ———–
ਜਾਤੀ ਵੰਡ ਲਏ ਜਰਨੈਲ ਤੇਰੇ, ਨਾ ਸਮਝ ਭੇਤ ਕੋਈ ਪਾਇਆ,
‘ਰਾਜਨ ‘ਪਛਤਾਉਣਾ ਕੀ ਹੁਣ ਤਾਂ, ਪੁੱਤ ਆਪਣਾ ਹੋਇਆ ਪਰਾਇਆ,
ਸਾਡੇ ਮੱਥੇ ਦੀਵਾ ਨਾ ਬਲਿਆ, ਗੁੰਡਿਆਂ ਦੀ ਰੱਖ ਧਾੜ ਬੈਠੇ—–
ਸਾਨੂੰ ਮਾਫ ਕਰੀਂ ਰਣਜੀਤ ਸਿਆਂ, ਤੇਰਾ ਆਲਣਾ ਅਸੀਂ ਉਜਾੜ ਬੈਠੇ ।
ਤੂੰ ਜੋੜਿਆ ਤਿਣਕਾ-ਤਿਣਕਾ ਸੀ ,ਅਸੀਂ ਆਪਣੇ ਹੱਥੀਂ ਸਾੜ ਬੈਠੇ ।
ਰਜਿੰਦਰ ਸਿੰਘ ਰਾਜਨ 
ਗੁਰੂ ਗੋਬਿੰਦ ਸਿੰਘ ਨਗਰ ਹਰੇੜੀ ਰੋਡ ਸੰਗਰੂਰ 
9876184954
Previous articleਨਸ਼ਿਆਂ ਦੇ ਮਾਮਲੇ ਵਿੱਚ ਸਰਕਾਰ ਕਿਸੇ ਨੂੰ ਵੀ ਨਹੀਂ ਬਖਸ਼ੇਗੀ- ਮੰਤਰੀ ਧਾਲੀਵਾਲ
Next articleਅਕਾਲੀ ਸਰਕਾਰ ਵੇਲੇ ਦਰਜ ਹੋਏ ਕੇਸ ਦੇ ਸੰਬੰਧ ਚ ਹੀ ਵਿਜੀਲੈਂਸ ਵੱਲੋਂ ਮਜੀਠੀਏ ਨੂੰ ਕੀਤਾ ਗਿਆ ਗਿ੍ਫਤਾਰ:- ਮਾਲਵਿੰਦਰ ਸਿੰਘ ਕੰਗ