ਧੁਰ ’ਚੋਂ ਉਪਜੀ ਸ਼ਾਇਰੀ – ‘ਧੁਰੋਂ’

ਪੁਸਤਕ ਪੜਚੋਲ
ਧੁਰ ’ਚੋਂ ਉਪਜੀ ਸ਼ਾਇਰੀ-‘ਧੁਰੋਂ’

– ਤੇਜਿੰਦਰ ਚੰਡਿਹੋਕ­ ਬਰਨਾਲਾ

ਕਿਸੇ ਵੀ ਸ਼ਾਇਰ ਦੀ ਧੁਰ ਅੰਦਰੋਂ ਉਪਜੀ ਸ਼ਾਇਰੀ ਸਦੀਵੀ ਹੁੰਦੀ ਹੈ ਅਤੇ ਉਸ ਨੂੰ ਪ੍ਰਮਾਣਤਾ ਵੀ ਪ੍ਰਾਪਤ ਹੁੰਦੀ ਹੈ| ਮਾਲਵਿੰਦਰ ਸ਼ਾਇਰ ਦੀ ਤਮਾਮ ਸ਼ਾਇਰੀ ਉਸ ਦੇ ਧੁਰ ਅੰਦਰੋਂ ਪੈਦਾ ਹੁੰਦੀ ਹੈ ਜਿਸ ਦੇ ਰੰਗਾਂ ਨੂੰ ਉਹ ਕਾਗ਼ਜ ਉਪਰ ਬਿਖੇਰਦਾ ਹੈ| ਹਥਲੀ ਪੁਸਤਕ ਵਿੱਚ ਵਿਅਕਤ ਸ਼ਿਅਰ ਉਸ ਦੇ ਮਨ ਦੀ ਗੱਲ ਕਿਸੇ ਛਲ-ਛਲਾਵੇ ਤੋਂ ਹੱਟ ਕਰਦੇ ਹਨ|

       ਤੇਜਿੰਦਰ ਚੰਡਿਹੋਕ­

ਮਾਲਵਿੰਦਰ ਸ਼ਾਇਰ ਹੁਣ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ| ਪੰਜਾਬੀ ਸਾਹਿਤ ਜਗਤ ਵਿੱਚ ਅੱਜ ਕਲ ਉਸ ਦਾ ਨਾਂ ਚਲਦਾ ਹੈ| ਹਰ ਸਮੇਂ ਸੋਸ਼ਲ ਮੀਡੀਆ ਉਪਰ ਸਰਗਰਮ ਗ਼ਜ਼ਲਗੋ ਹੈ| ਉਹ ਹੁਣ ਗ਼ਜ਼ਲਕਾਰੀ ਦੀ ਉਸਤਾਦੀ ਕਰਨ ਵੱਲ ਵੱਧ ਰਿਹਾ ਹੈ| ਪੁਸਤਕ ਬਾਰੇ ਉਸਤਾਦ ਗ਼ਜ਼ਲਗੋ ਜਨਾਬ ਸੁਲੱਖਣ ਸਰਹੱਦੀ ਦੇ ਸ਼ਬਦਾਂ ਵਿੱਚ ‘ਮਾਲਵਿੰਦਰ ਸ਼ਾਇਰ ਮੇਰਾ ਸ਼ਾਗਿਰਦ ਹੈ ਜੋ ਪੰਜਾਬੀ ਗ਼ਜ਼ਲ ਦਾ ਉਸਤਾਦੀ ਕਾਰਜ ਕਰ ਰਿਹਾ ਹੈ| ਉਹ ਦਿਨ ਦੂਰ ਨਹੀਂ ਜਦ ਅਸੀਂ ਮਾਲਵਿੰਦਰ ਨੂੰ ਉਸਤਾਦ ਘੋਸ਼ਿਤ ਕਰਾਂਗੇ|’ ਉਸ ਨੇ ਪੰਜਾਬੀ ਸਾਹਿਤ ਦੀ ਸਿਰਫ਼ ਕਵਿਤਾ ਹੀ ਨਹੀਂ ਸਗੋਂ ਵਾਰਤਕ ਵਿੱਚ ਵੀ ਪੈਰ ਧਰਿਆ ਹੈ| ਭਾਵੇਂ ਉਸ ਨੇ ਆਪਣੀ ਸਿਰਜਣਾ ਦੀ ਸ਼ੁਰੂਆਤ ਕਾਵਿ ਸੰਗ੍ਰਹਿ ‘ਮੁਹੱਬਤ ਦੀ ਸਤਰ’ ਤੋਂ ਕੀਤੀ ਹੈ| ਇਹ ਉਸ ਦਾ ਦੂਜਾ ਗ਼ਜ਼ਲ ਸੰਗ੍ਰਹਿ ਹੈ| ਹਥਲੇ ਗ਼ਜ਼ਲ ਸੰਗ੍ਰਹਿ ‘ਧੁਰੋਂ’ ਤੋਂ ਪਹਿਲਾਂ ਇੱਕ ਕਾਵਿ ਸੰਗ੍ਰਹਿ ‘ਮੁਹੱਬਤ ਦੀ ਸਤਰ’ ਇੱਕ ਗ਼ਜ਼ਲ ਸੰਗ੍ਰਹਿ­ ਇੱਕ ਹਜ਼ਲ ਸੰਗ੍ਰਹਿ­ ਇੱਕ ਰੁਬਾਈ/ਤੁੱਰਿਆਈ ਤੋਂ ਇਲਾਵਾ ਸਾਂਝੇ ਕਾਵਿ ਸੰਪਾਦਿਤ ‘ਰਿਸ਼ਮਾਂ ਦੇ ਬੋਲ’ ਵਿੱਚ ਵੀ ਹਾਜਰੀ ਲਵਾਈ ਹੈ|

ਹਥਲਾ ਗ਼ਜ਼ਲ ਸੰਗ੍ਰਹਿ ‘ਧੁਰੋਂ’ ਵਿੱਚ ਉਸ ਨੇ ਵਿਭਿੰਨ ਤਰ੍ਹਾਂ ਦੀਆਂ ਗ਼ਜ਼ਲਾਂ ਨੂੰ ਸ਼ਾਮਲ ਕੀਤਾ ਹੈ| ਇਹ ਉਸ ਦਾ ਦੂਜਾ ਗ਼ਜ਼ਲ ਸੰਗ੍ਰਹਿ ਹੈ| ਉਂਜ ਇਹ ਉਸ ਦੀ ਪੰਜਵੀਂ ਪੁਸਤਕ ਹੈ| ਪੁਸਤਕ ਵਿੱਚ ਉਸ ਨੇ ਆਪਣੀ ਇਸ ਪੁਸਤਕ ਲਈ ਸਾਹਿਤਕ ਗ਼ਜ਼ਲਗੋ ਉਸਤਾਦਾਂ­ ਪੁਸਤਕ ਟਾਇਪ ਕਰਤਾ ਅਤੇ ਸਮੂਹ ਬਰਾੜ ਪਰਿਵਾਰ ਨਾਲ ਦੋਸਤਾਂ ਮਿੱਤਰਾਂ ਦਾ ਧੰਨਵਾਦ ਕਰਦਿਆਂ ਸਤਿਗੁਰਾਂ ਦੇ ਅਦਿੱਖ ਆਸ਼ੀਰਵਾਦ ਨੂੰ ਸਮਰਪਿਤ ਕੀਤਾ ਹੈ ਗ਼ਜ਼ਲ ਸੰਗ੍ਰਹਿ| ਗ਼ਜ਼ਲ ਸੰਗ੍ਰਹਿ ਉਸ ਦੇ ਧੁਰ ਅੰਦਰੋਂ ਉਪਜੀ ਸ਼ਾਇਰੀ ਨੂੰ ਬਿਆਨ ਕਰਦਾ ਹੈ| ਪੁਸਤਕ ਬਾਰੇ ਪ੍ਰਸਿੱਧ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ ਦੇ ਸ਼ਬਦਾਂ ਵਿੱਚ ‘ਮਾਲਵਿੰਦਰ ਸ਼ਾਇਰ ਹਰ ਵਿਧਾ ਤੇ ਕਲਮ ਅਜਮਾਈ ਕਰ ਰਿਹਾ ਹੈ| ਮਾਲਵਿੰਦਰ ਨੇ ਲੋੜ ਅਨੁਸਾਰ ਢੁਕਵੇਂ ਪ੍ਰਤੀਕਾਂ­ ਬਿੰਬਾਂ ਅਤੇ ਅਲੰਕਾਰਾਂ ਦੀ ਵਰਤੋਂ ਕਰਕੇ ਆਪਣੀ ਸ਼ਾਇਰੀ ਨੂੰ ਸ਼ਿੰਗਾਰਿਆ ਵੀ ਹੈ| ਮਾਲਵਿੰਦਰ ਭਾਵੇਂ ਆਪਣੇ ਆਪ ਨੂੰ ਉਸਤਾਦ ਨਹੀਂ ਕਹਾਉਂਦਾ ਪਰ ਇਹ ਵੀ ਸੱਚ ਹੈ ਕਿ ਉਹ ਇੱਕ ਉਸਤਾਦ ਵਾਂਗ ਹੀ ਗ਼ਜ਼ਲ ਵਿਧਾ ਵਿੱਚ ਪ੍ਰਪੱਕਤਾ ਹਾਸਲ ਕਰ ਚੁੱਕਾ ਹੈ|’ ਇਸ ਤਰ੍ਹਾਂ ਪ੍ਰਸਿੱਧ ਗ਼ਜ਼ਲਗੋ ਸੁਖਵਿੰਦਰ ਅੰਮ੍ਰਿਤ ਨੇ ਵੀ ਆਪਣੇ ਵਿਚਾਰ ਦਿੱਤੇ ਹਨ|

ਪੁਸਤਕ ਪੜ੍ਹਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਮਾਲਵਿੰਦਰ ਸ਼ਾਇਰ ਭਾਵੇਂ ਮੁਹਬੱਤ ਦਾ ਸ਼ਾਇਰ ਹੈ ਪਰ ਉਸ ਨੇ ਆਪਣੀ ਹਰ ਪੁਸਤਕ ਦੀ ਸ਼ੁਰੂਆਤ ਪ੍ਰਮਾਤਮਾ ਨੂੰ ਸਮਰਪਿਤ ਗ਼ਜ਼ਲ ਨਾਲ ਕੀਤੀ ਹੈ| ਪੁਸਤਕ ਦਾ ਨਰਿਖਣ ਕਰਦਿਆਂ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਨੇ ਨਵੇਂ ਗ਼ਜ਼ਲਗੋਆਂ ਦੀ ਆਸਾਨੀ ਲਈ ਹਰ ਗ਼ਜ਼ਲ ਉਪਰ ਖਾਨਿਆਂ ਵਿੱਚ ਬਹਿਰ ਅੰਕਿਤ ਕੀਤੀ ਹੈ| ਇਸੇ ਤਰ੍ਹਾਂ ਦੀ ਸ਼ੈਲੀ ਗ਼ਜ਼ਲਗੋ ਰਣਜੀਤ ਸਿੰਘ ਧੂਰੀ ਦੀ ਗ਼ਜ਼ਲ ਪੁਸਤਕ ਵਿੱਚੋਂ ਵੀ ਮਿਲਦੀ ਹੈ| ਸ਼ਾਇਰ ਦੀ ਗ਼ਜ਼ਲ ਵਿੱਚ ਪਿਆਰ­ ਮੁਹਬੱਤ­ ਮੈਅ­ ਤਨਹਾਈ­ ਖ਼ੁਦਾ ਦੀ ਉਸਤਤ­ ਮਿੱਤਰਾਂ ਦਾ ਵਿਵਹਾਰ­ ਗ਼ਰੀਬੀ­ ਦੁਆਵਾਂ ਅਤੇ ਹੋਰ ਪਤਾ ਨਹੀਂ ਕਿੰਨਾ ਕੁਝ ਮਿਲਦਾ ਹੈ| ਮਿੱਤਰਾਂ ਦੀਆਂ ਕਿਸਮਾਂ ਦਾ ਵਰਨਣ ਉਸ ਦੀ ਇਸ ਗ਼ਜ਼ਲ ਵਿੱਚ ਵੇਖਣ ਨੂੰ ਮਿਲਦਾ ਹੈ :-
‘ਕੁਝ ਮਿੱਤਰ ਜਿਉਂ ਪਤਝੜ ਦੇ ਵਿਚ ਪੱਤੇ ਹੁੰਦੇ ਝੜ ਜਾਂਦੇ ਨੇ|
ਕੁਝ ਮਿੱਤਰ ਜਿਉਂ ਲੱਕੜ ਦੇ ਵਿਚ ਫਾਨਾ ਹੁੰਦੇ ਅੜ ਜਾਂਦੇ ਨੇ| (ਕੁਝ ਮਿੱਤਰ-19)

ਗ਼ਰੀਬਾਂ ਅਤੇ ਵਿਦੇਸ਼ ਗਏ ਰੋਟੀ ਲਈ ਲੋਕਾਂ ਵਾਸਤੇ ਦੁਆਵਾਂ ਮੰਗਦੀਆਂ ਗ਼ਜ਼ਲ ‘ਤੂੰ ਕਿਸੇ ਗ਼ਰੀਬ ਲਈ’ ਵਿੱਚ ਮੌਜ­ ਪਿਆਰ­ ਠਰੀ ਫੁਹਾਰ ਦੀ ਗੱਲ ਕਰਦਾ ਹੈ ਉੱਥੇ ‘ਤੂੰ ਘੋਖ ਪੜਤਾਲ’ ਅਤੇ ‘ਦੁਆਵਾਂ’ ਵਿੱਚ ਉਸ ਦੀ ਭਾਵਨਾ ਪ੍ਰਗਟ ਹੁੰਦੀ ਹੈ| ਇਸੇੇ ਤਰ੍ਹਾਂ ਅਤੀਤ ਦੀਆਂ ਯਾਦਾਂ ਗ਼ਜ਼ਲ ‘ਜਦੋਂ ਯਾਰ ਤੇਰੀ’ ਵਿੱਚ ਕਹਿੰਦਾ ਹੈ­
‘ਜਦੋਂ ਯਾਰ ਤੇਰੀ ਪੜ੍ਹਾਂਗਾ ਕਿਤਾਬ|
ਬੜਾ ਯਾਦ ਤੈਨੂੰ ਕਰਾਂਗਾ ਜਨਾਬ|’ (ਜਦੋਂ ਯਾਦ ਤੇਰੀ-42)

ਗ਼ਜ਼ਲ ‘ਯਾਦ ਤੇਰੀ’ ਵਿੱਚ ਸ਼ਾਇਰ ਅਚੰਭਿਤ ਗੱਲਾਂ ਕਰਦਾ ਹੈ| ਉਹ ਜ਼ਿੰਦਗੀ ਵਿੱਚ ਆਏ ਦਰਦਾਂ ਨੂੰ ਆਪਣਾ ਸਰਮਾਇਆ ਮੰਨਦਾ ਹੈ| ਫਿਰ ਉਹ ਇਸ਼ਕ ਦੀ ਗੱਲ ਵੀ ਕਰਦਾ ਕਹਿੰਦਾ ਹੈ ਕਿ ਸਮਾਜ ਤਾਂ ਮੁਹਬੱਤ ਦਾ ਵੈਰੀ ਬਣ ਜਾਂਦਾ ਹੈ| ਆਸ਼ਕਾਂ ਨੂੰ ਸੁਨੇਹਾ ਦਿੰਦਿਆ ਕਹਿੰਦਾ ਹੈ :-
‘ਤੂੰ ਘੋਖ ਪੜਤਾਲ ਕਰਕੇ ਹੀ ਮੁਹਬੱਤ ਕਰੀਂ|
ਜਦ ਵੀ ਕਰੀਂ ਨਾ ਡਰੀਂ ਬਸ ਇਕ ਖ਼ੁਦਾ ਤੋਂ ਡਰੀਂ|’ (ਤੂੰ ਘੋਖ ਪੜਤਾਲ-55)

ਪਰ ਆਸ਼ਕ ਘੋਖ ਪੜਤਾਲ ਕਦੋਂ ਕਰਦੇ ਨੇੇ­ ਉਹ ਤਾਂ ਬਸ ਆਪਣੇ ਯਾਰ ਨੂੰ ਹੀ ਵੇਖਦੇੇ ਹਨ| ਅਤੇ
‘ਤੇਰੇ ਲਈ ਸੈਆਂ ਵੈਰੀ ਬਣੇ ਮੇਰੇ­
ਜੋ ਰੜਕ ਰੱਖਦੇ ਉਹ ਰੜਕਾਂ ‘ਚ ਕਹਿ ਦੇਵਾਂ|’ (ਲਫ਼ਜ਼ਾਂ ’ਚ-40)

ਉਹ ਇਹ ਵੀ ਮੰਨਦਾ ਹੈ ਕਿ ਜ਼ਿੰਦਗੀ ਵਿੱਚ ਇਸ਼ਕ ਵੀ ਬਹੁਤ ਕੁਝ ਸਿਖਾ ਜਾਂਦਾ ਹੈ ਆਪਣੀ ਗ਼ਜ਼ਲ ‘ਕੋਈ ਨਾ ਸਿਖਾ ਸਕਦਾ’ ਬਿਆਨ ਕਰਦਾ ਹੈ| ਉਹ ਆਪਣੇ ਪਿਆਰ ਨੂੰ ਕਿਵੇਂ ਭੁਲਾ ਸਕਦਾ ਹੈ­ ਉਸ ਦੀ ਗ਼ਜ਼ਲ ਹੈ ‘ਮੈਂ ਯਾਰ ਕਿਵੇਂ’ ਅਤੇ ‘ਪੀੜ’ ਇਸ ਦਾ ਪ੍ਰਮਾਣ ਦਿੰਦੀ ਹੈ| ਇਸੇ ਤਰ੍ਹਾਂ ਦੀਆਂ ਹੋਰ ਗ਼ਜ਼ਲਾਂ ‘ਬਸ ਮੈਂ’ ਵਿੱਚ ਸ਼ਾਇਰ ਤਾਂ ਆਪਣੇ ਮਹਿਬੂਬ ਨੂੰ ਹੀ ਸਭ ਕੁਝ ਸਮਝਦਾ ਹੈ| ਉਹ ਕਹਿੰਦਾ ਹੈ ਕਿ ਇਸ਼ਕ ਕਰਨ ਵਾਲੇ ਤਾਂ ਸੁਪਨਿਆਂ ਦੀ ਦੁਨੀਆਂ ਵਿੱਚ ਹੀ ਰਹਿੰਦੇ ਹਨ| ਪਰ ਬਿਰਹਾ ਵਿੱਚ ਪ੍ਰਾਪਤ ਹੋਈ ਆਪਣੇ ਮਹਿਬੂਬ ਤੋਂ ਸੌਗ਼ਾਤ ਬਾਰੇ ਆਖਦਾ ਹੈ ਕਿ
‘ਜਫ਼ਾ­ ਹੰਝੂ ਤੇ ਹਾਉਕੇ-ਹਾਵੇ ਤੇਰੇ­
ਕਿ ਪੂੰਜੀ ਕੋਲ ਹੈ ਮੇਰੇ ਸੌਗ਼ਾਤ ਹੁਣ|’ (ਦਿਹੁੰ ਬੀਤੇ ਬੁਰਾ-54)

ਇਵੇਂ ਹੀ ਗ਼ਜ਼ਲ ‘ਇਸ਼ਕ­ ਮੁਹਬੱਤ’ ਅਤੇ ‘ਮੈਂ ਤਾਂ ਸੀਨੇ ਲਾ ਕੇ’ ਵਿੱਚ ਵੀ ਦਰਸਾਉਂਦਾ ਹੈ| ਇਸ ਤੋਂ ਇਲਾਵਾ ਉਹ ਪਾਣੀ ਦੇ ਮੁੱਕਣ ਅਤੇ ਧਰਤੀ ਦਾ ਫਿਕਰ ਵੀ ਕਰਦਾ ਹੈ­ ਗ਼ਜ਼ਲ ‘ਜੇ ਕਰ ਮੁੱਕ ਗਿਆ’|
ਪੁਸਤਕ ਵਿੱਚ ਕੜੀਆਂ ਵਾਂਗ ਲੜੀ ਜੋੜਦੀਆਂ ‘ਜ਼ੰਜੀਰੀਦਾਰ’ ਗ਼ਜ਼ਲਾਂ ਵੀ ਸ਼ਾਮਲ ਹਨ ਜਿਵੇਂ ਮੇਰੇ ਸਤਿਗੁਰ­ ਤੂੰ ਮਿਲ ਜਾਂ ਨਾ ਮਿਲ­ ਮਾਲਵਿੰਦਰ| ਮਤਲਾ ਗ਼ਜ਼ਲਾਂ ਦਿਲ ਮੁਹਬੱਤ ਵਿੱਚ­ ਤੇਰੀ ਅਦਾ ’ਚ­ ਜੇ ਵਫ਼ਾ ਤਾਂ| ਮਤਲਾ ਤੇ ਮਕਤਾ ਮਿਸ਼ਰਣ ਗ਼ਜ਼ਲ ‘ਮਾਲਵਿੰਦਰ ਨੇ ਜੋ’ ਧੁਨੀਗਤ ਕਾਫ਼ੀਆ ਗ਼ਜ਼ਲ – ਜਿਸਨੇ ਬਿਤਾਈ­ ਤੇਰੀ ਮੇਰੀ­ ਟੁਕੜੀਆਂ ਵਾਲੀ ਗ਼ਜ਼ਲ ‘ਇਸ਼ਕ­ ਮੁਹਬੱਤ’­ ਛੋਟੀ ਬਹਿਰ ਵਾਲੀਆਂ ਗ਼ਜ਼ਲਾਂ ਯਾਰ­ ਪੁਆ ਝਾਤ­ ਗੜਤੀ ਵਿਚ­ ਜੇ ਕਰ ਮੁੱਕ ਗਿਆ ਅਤੇ ਸਜੱਣ ਆਦਿ| ਇਵੇਂ ਹੀ ਸਵੈ-ਕਥਨ ਗ਼ਜ਼ਲ ‘ਦਿਲ ਕਹੇ’ ਅਤੇ ਮੈਂ ਹੁਣ ਜੋ ਵੀ ਹਾਂ’| ਇਸ ਤਰ੍ਹਾਂ ਪੁਸਤਕ ਵਿੱਚ ਅਨੇਕਾਂ ਵਿਭਿੰਨ ਰੰਗ ਭਰੇ ਗਏ ਹਨ| ਪੁਸਤਕ ਵਿੱਚ ਇੱਕ ਪ੍ਰਸ਼ਨੋਤਰੀ ਗ਼ਜ਼ਲ ਅਤੇ ਤਜ਼ਮੀਨ ਦੇ ਨਾਲ-ਨਾਲ ਸਹਿ ਗ਼ਜ਼ਲਾ ਅਤੇ ਸਹਿ ਗ਼ਜ਼ਲਾ ਸੰਪਰਨ ਵੀ ਸ਼ਾਮਲ ਕੀਤਾ ਹੈ ਜਿਸ ਵਿੱਚ ਉਸਤਾਦ ਸ਼ਾਇਰ ਸੁਲੱਖਣ ਸਰਹੱਦੀ ਅਤੇ ਲੇਖਕ ਦੀ ਵਾਰਤਾਲਾਪ ਚਲਦੀ ਹੈ|

ਜੇ ਕਰ ਇਸ ਪੁਸਤਕ ਨੂੰ ਆਮ ਪਾਠਕ ਵੀ ਪੜ੍ਹੇ ਤਾਂ ਭਾਵੇਂ ਉਸ ਨੂੰ ਵਿਭਿੰਨ ਗ਼ਜ਼ਲ ਰੂਪ ਨਾ ਵੀ ਸਮਝ ਆਉਣ ਤਾਂ ਵੀ ਅਸਾਨੀ ਨਾਲ ਗ਼ਜ਼ਲਾਂ ਵਿਚਲੀ ਸ਼ਾਇਰੀ ਦਾ ਆਨੰਦ ਮਾਣ ਸਕਦਾ ਹੈ ਕਿਉਂਕਿ ਮਾਲਵਿੰਦਰ ਦੀ ਸ਼ਾਇਰੀ ਸਧਾਰਨ ਭਾਸ਼ਾ­ ਸਧਾਰਨ ਸ਼ੈਲੀ­ ਸਧਾਰਨ ਵਿਸ਼ਾ ਅਤੇ ਸਧਾਰਨ ਸ਼ਬਦਾਵਲੀ ਨਾਲ ਲਬਰੇਜ਼ ਹੈ| ਸ਼ਾਇਰ ਤੋਂ ਹੋਰ ਵੀ ਅਜੇਹੀ ਸ਼ੈਲੀ­ ਭਾਸ਼ਾ­ ਵਿਸ਼ਾ ਅਤੇ ਸ਼ਬਦਾਵਲੀ ਦੀ ਪੁਸਤਕ ਦਾ ਸਵਾਗਤ ਹੋਵੇਗਾ| ਇਸ ਪੁਸਤਕ ਦਾ ਵੀ ਪੰਜਾਬੀ ਸਾਹਿਤ ਜਗਤ ਅਤੇ ਵਿਸ਼ੇਸ਼ ਕਰਕੇ ਗ਼ਜ਼ਲਗੋਆਂ ਵਿੱਚ ਸਵਾਗਤ ਕਰਨਾ ਬਣਦਾ ਹੈ| ਨਵੇਂ ਗ਼ਜ਼ਲ ਸਿਖਾਂਦਰੂ ਲਈ ਲਾਹੇਵੰਦ ਸਾਬਤ ਹੋਵੇਗੀ|

ਤੇਜਿੰਦਰ ਚੰਡਿਹੋਕ­
ਸਾਬਕਾ ਏ.ਐਸ.ਪੀ­ ਨੈਸ਼ਨਲ ਐਵਾਰਡੀ­
ਸੰਪਰਕ 95010-00224

Previous articleਫਿਲੌਰ ਵਿਖੇ “ਅਸ਼ੋਕ ਵਿਜੈ ਦਸ਼ਮੀ ਮਹਾਂ ਉਤਸਵ” ਧੱਮਾ ਫੈਡਰੇਸ਼ਨ ਆਫ ਇੰਡੀਆ ਨੇ ਧੂਮਧਾਮ ਨਾਲ ਮਨਾਇਆ
Next articleयहाँ भी रावण वहां भी रावण !!