(ਸਮਾਜ ਵੀਕਲੀ)
ਐਨੀ ਨਿਮਰਤਾ ਤੁਸੀਂ,
ਕਿੱਥੋਂ ਲਿਆਏ ਸੀ,
ਗੁਰੂ ਅਰਜਨ ਦੇਵ ਜੀ !
ਸਹਿਜ,ਸ਼ਹੀਦੀ,
ਸੰਤਾਪ,ਸਰੀਰ,
ਇਹ ਗੁਣ ਕਿੱਥੋਂ ਪਾਏ ਸੀ !
ਇਹ ਬਦਲੇ ਦੀ ਭਾਵਨਾ ਵਾਲੇ,
ਆਪਣੇ ਆਪ ਨੂੰ,
ਤੁਹਾਡੀ ਅੰਸ਼ ਦੱਸਦੇ,
ਝੂਠੀ ਮੂਠੀ ਦਾ,
ਖ਼ੂਨ ਦਾ ਰਿਸ਼ਤਾ ਜੋੜਦੇ,
ਕਿੱਥੋਂ ਆ ਗਏ ਹੁਣ !
ਨਹੀਂ ਇਹ ਤਾਂ ਤੁਹਾਡੇ,
ਸੱਜਣ ਨਹੀਂ ਹੋ ਸਕਦੇ।
ਇਹ ਤਾਂ ਨਾਨਕ ਦੇ,
ਸਿੱਖ ਨਹੀਂ ਹੋ ਸਕਦੇ।
ਬਦਤਮੀਜੀਆਂ ਨੂੰ,
ਹੱਲਾ ਸ਼ੇਰੀ ਦਿੰਦੇ,
ਮੂੰਹ ਵਿੱਚੋਂ ਬੋਲੇ,
ਸ਼ਬਦਾਂ ਦਾ ਜੁਆਬ,
ਥੱਪੜਾ,ਹਥਿਆਰਾਂ ਨਾਲ ਦਿੰਦੇ,
ਇਹ ਤਾਂ ਨਹੀਂ ਤੁਹਾਡੇ,
ਸਿੱਖ ਹੋ ਸਕਦੇ।
ਸ਼ਾਇਦ ਬੀਬੀ ਭਾਨੀ ਨੂੰ,
ਪੌਣੇ ਚਾਰ ਸੌ ਸਾਲ ਪਹਿਲਾਂ,
ਪਤਾ ਲੱਗ ਗਿਆ ਸੀ,
ਇਸੇ ਲਈ ਤਾਂ ਲੈ ਲਈ ਸੀ,
ਗੁਰੁ ਗੱਦੀ ਘਰ ਵਿਚ,
ਪਤਾ ਸੀ ਉਹਨਾਂ ਨੂੰ,
ਦੂਰ ਅੰਦੇਸ਼ੀ ਸੀ,ਉਹਨਾਂ ਵਿੱਚ,
ਇਸੇ ਲਈ ਤਾਂ ਸੋਚਦਾਂ,
ਤੁਸੀਂ ਭਾਵੇਂ ਲੱਖ ਮੁਆਫ਼,
ਕਰ ਦਿੱਤਾ ਸੀ, ਬੇਦਾਵੇ ਵਾਲਿਆਂ ਨੂੰ,
ਤੇ ਉਹਨਾਂ ਨੇ ਵੀ ਦੇ ਦਿੱਤੀਆਂ ਸਨ,
ਕੁਰਬਾਨੀਆਂ,
ਤੇ ਬਖ਼ਸ਼ਾ ਲਈ ਸੀ ਆਪਣੀ ਭੁੱਲ।
ਪਰ ਇਹ ਤੁਹਾਨੂੰ,
ਬੇਦਾਵੇ ਦੇ ਨਾਲ ਨਾਲ,
ਸਿੱਖੀ ਨੂੰ ਬੇਦਾਵਾ ਦੇਣ ਗੇ।
ਹੁਣ ਹੋਰ ਕੀ ਆਖਾਂ ਗੁਰੂ ਜੀ !
ਅਸੀਂ ਵੀ ਹੁਣ ਇਹਨਾਂ ਦੇ ਬੱਸ ਪੈ ਕੇ,
ਝੱਲ ਰਹੇ ਹਾਂ,
ਸੀਨੇ ਤੇ ਜ਼ਖ਼ਮ।
ਪਰ ਤੱਤੀ ਤਵੀ ‘ਤੇ,
ਬੈਠਣ ਦਾ ਮਾਦਾ,
ਸਾਡੇ ਵਿਚ ਕਿੱਥੇ,
ਆਪ ਜੀ ਦੁਆਰਾ,
ਸਾਡੇ ਲਈ ਦਿੱਤੀ,
ਸ਼ਹੀਦੀ ਦਾ ਅਹਿਸਾਸ ਕਰਦਿਆਂ,
ਆਪ ਜੀ ਨੂੰ ਸ਼ਤ ਸ਼ਤ ਨਮਨ।
ਮੁਆਫ਼ ਕਰਨਾ ਗੁਰੂ ਜੀ।
ਬੱਸ ਐਨਾ ਹੀ ਕਹਿ ਸਕਦੇ ਹਾਂ,
ਦੁਹਰਾ ਸਕਦੇ ਹਾਂ,
ਆਪ ਜੀ ਦੇ ਸਦੀਵੀ ਸ਼ਬਦ,
“ਤੇਰਾ ਭਾਣਾ ਮੀਠਾ ਲਾਗੇ,
ਹਰਿ ਨਾਮੁ ਪਦਾਰਥੁ,
ਨਾਨਕੁ ਮਾਂਗੇ।”
ਜਸਪਾਲ ਜੱਸੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly