ਬੇਸ਼ਰਮ ਤੇ ਬੇਰੀ

ਹਰਜਿੰਦਰ ਸਿੰਘ ਚੰਦੀ
         (ਸਮਾਜ ਵੀਕਲੀ)

ਸ਼ਰਮ ਜਾਨੀ ਹਜਾ, ਇਹ ਸ਼ਰੀਫ਼ ਅਤੇ ਗਰੀਬ ਦਾ ਗਹਿਣਾ ਹੁੰਦੇ ਹਨ। ਸ਼ਰਾਫਤ ਕਿੰਨਾ ਸੋਹਣਾ ਅਤੇ ਸਕੂਨ ਦੇਣ ਵਾਲਾ ਅਲਫ਼ਾਜ਼ ਹੈ। ਇਹ ਸ਼ਰੀਫਾਂ ਦਾ ਘਰ ਹੈ।  ਇਹ ਸ਼ਰੀਫਾਂ ਦਾ ਮਹੱਲਾਂ ਹੈ। ਤੇ ਜੇਕਰ ਸ਼ਰੀਫਾਂ ਦੇ ਮੁਹੱਲੇ ਵਿੱਚ ਬੇਰੀ ਦਾ ਦਰਖਤ ਹੋਵੇ ਤਾਂ ਉਹ ਵੀ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਹੈ। ਖੈਰ ਇਹ ਸ਼ਬਦ ਕਿੰਨੇ ਵਜ਼ਨਦਾਰ, ਪਾਏਦਾਰ, ਹਨ ਅਲਬਤਾ ਸੁਣਨ ਵਾਲਾ ਆਫ਼ਰੀਨ ਕਹੇ ਬਗੈਰ ਨਹੀਂ ਰਹਿ ਸਕਦਾ। ਕਿਸੇ ਵੀ ਗਰੀਬ ਮਾਂ ਬਾਪ ਦੀ ਦਿਲੀ ਇੱਛਾ ਹੁੰਦੀ ਹੈ। ਕਿ ਉਸ ਦੀ ਕੰਨਿਆ ਨੂੰ ਸ਼ਰੀਫ਼ ਖਾਨਦਾਨ ਮਿਲੇ। ਜਦੋਂ ਕਿਸੇ ਕਿਸਮਤ ਵਾਲੇ ਨੂੰ ਸ਼ਰੀਫ਼ ਖਾਨਦਾਨ ਮਿਲ ਜਾਂਦਾ ਹੈ ਤਾਂ ਉਹ ਆਪਣੇ ਸਾਕ ਸਬੰਧੀਆਂ ਵਿਚ ਪੂਰੀ ਰਿਸ਼ਤੇਦਾਰੀ ਵਿਚ ਸੋਹਲੇ ਗਾਉਦਾ ਨਹੀਂ ਥੱਕਦਾ ।  ਕੁੜਮ ਬਹੁਤ ਸ਼ਰੀਫ਼ ਹੈ। ਲੜਕਾ ਤਾਂ ਜਮਾਂ ਗਊ ਹੈ। ਪਰਿਵਾਰ ਵਿਚੋਂ ਸੰਸਕਾਰ ਅਤੇ ਲਿਆਕਤ ਡੁਲ ਡੁਲ ਪੈਂਦੀ ਹੈ। ਜੇਕਰ ਲੜਕੀ ਸ਼ਰੀਫ਼ ਖਾਨਦਾਨ ਵਿਚੋਂ ਹੋਵੇ ਤਾਂ ਇਹ ਸੋਹਲੇ ਲੜਕੇ ਵਾਲੇ ਗਾਉਂਦੇ ਨਹੀਂ ਥੱਕਦੇ। ਨੂੰਹ ਤਾਂ ਸ਼ਾਖਸ਼ਾਤ ਲਕਸ਼ਮੀ ਹੈ । ਦੇਵੀ ਹੈ ਦੇਵੀ , ਬਹੁਤ ਸ਼ਰੀਫ਼ ਖਾਨਦਾਨ ਵਿਚੋਂ ਹੈ। ਨਿਰੀ ਗੁਣਾਂ ਦੀ ਗੁਥਲੀ,  ਜਿਵੇਂ ਗੁਵਾਂਢੀ ਮੁਲਕ ਵਿਚ ਵੀ ਸ਼ਰੀਫ਼ ਖਾਨਦਾਨ ਹੈ। ਉਸਨੂੰ ਸ਼ਰਾਫਤ ਨੇ ਨਿਵਾਜ਼ ਦਿੱਤਾ ਹੈ। ਬੇਸ਼ੱਕ ਵਜ਼ਾਰਤ ਵਿੱਚ ਹੈ। ਪਰ ਬਹੁਤੇ ਲੋਕ ਵਜਾਰਤ ਵਾਲਿਆਂ ਨੂੰ ਸ਼ਰੀਫ਼ ਨਹੀਂ ਮੰਨਦੇ, ਖੈਰ ਸੋਚ ਆਪੋ ਆਪਣੀ ਸਮਝ ਆਪੋ ਆਪਣੀ। ਸ਼ਰਾਫਤ ਦੇ  ਉਲਟ ਇਕ ਪੰਜਾਬੀ ਦਾ ਮੁਹਾਵਰਾ ਹੈ। ਅਖੇ ਲੁੱਚਾ ਲੰਡਾ ਚੌਧਰੀ ਅਤੇ ਗੁੰਡੀ ਰੰਨ ਪ੍ਰਧਾਨ। ਜ਼ਰੂਰੀ ਨਹੀਂ ਇਹ ਹਕੀਕਤ ਹੋਵੇ। ਪਰ ਸ਼ਰੀਫ਼ ਬੰਦਾ ਪਰੇ ਪੰਚਾਇਤ ਵਿਚ ਬੋਲ ਨਹੀਂ ਸਕਦਾ। ਥਾਣੇ ਕਚਹਿਰੀਆਂ ਵਿਚ ਵਿਚ ਤਾਂ ਸ਼ਰਾਫਤ ਦਾ ਜਨਾਜ਼ਾ ਨਿਕਲ ਜਾਂਦਾ ਹੈ। ਸ਼ਰੀਫ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਬੀ ਪੀ ਘਟਣਾ ਵੱਧਣਾ ਸ਼ੁਰੂ ਹੋ ਜਾਂਦਾ ਹੈ। ਇਸੇ ਲਈ ਸ਼ਰੀਫ਼ ਲੋਕਾ ਦੀ ਵੀ ਇਕ ਕਹਾਵਤ ਹੈ, ਜ਼ਹਿਮਤ ਅਤੇ ਮੁਕੱਦਮਾ ਰੱਬ ਵੈਰੀ ਦੁਸ਼ਮਣ ਤੇ ਵੀ ਨਾ ਪਾਵੇ। ਪਰ ਹਰ ਕੋਈ ਸ਼ਰੀਫ਼ ਹੋਏ ਇਹ ਵੀ ਜ਼ਰੂਰੀ ਨਹੀਂ, ਕੁੱਝ ਲੋਕਾਂ ਦਾ ਮੰਨਣਾ ਹੈ ਬਾਈ ਜੀ ਦਿਲ ਤਾਂ ਕਰਦਾ ਸ਼ਰੀਫ਼ ਬਣਨ ਨੂੰ ਪਰ ਲੋਕ ਸ਼ਰੀਫ਼ ਨਹੀਂ ਰਹਿਣ ਦਿੰਦੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬੰਦੇ ਨੂੰ ਮਿਟੀ ਦਾ ਮਾਧੋ ਵੀ ਨਹੀਂ ਹੋਣਾ ਚਾਹੀਦਾ। ਸ਼ਰੀਫ ਬੰਦਾ ਤਾਂ ਆਟੇ ਦੇ ਦੀਵੇ ਵਰਗਾਂ ਹੁੰਦਾ ਜੇ ਬਾਹਰ ਨਿਕਲੇ ਤਾਂ ਕਾਂ ਨਹੀਂ ਛਡਦੇ ਤੇ ਅੰਦਰ ਚੂਹੇ, ਖੈਰ ਬੰਦਾ ਇਨ੍ਹਾਂ ਬੇਸ਼ਰਮ ਵੀ ਨਹੀਂ ਹੋਣਾ ਚਾਹੀਦਾ, ਕਿ ਸ਼ਰਮ ਹਯਾ ਨੂੰ ਵੇਚ ਕੇ ਹੀ ਖਾ ਜਾਵੇ। ਇਕ ਕਹਾਣੀ ਹੈ ਬਲੱਜ ਦੀ ਬੇਸ਼ਰਮ ਦੀ ਸੁਣਿਆ ਇਕ ਵਿਅਕਤੀ ਬੜਾ ਬੇਸ਼ਰਮ ਸੀ, ਉਸ ਨੂੰ ਚੜੀ ਲੱਥੀ ਦੀ ਕੋਈ ਹਯਾ ਨਹੀਂ ਸੀ। ਲੋਕ ਉਸ ਦੀ ਬੇਸ਼ਰਮੀ ਦੀਆਂ ਕਹਾਣੀਆਂ ਸੁਣਾਉਂਦੇ। ਪਰ ਬੇਸ਼ਰਮ ਤੇ ਕੋਈ ਅਸਰ ਨਹੀਂ ਸੀ ਹੁੰਦਾ। ਪਿੰਡ ਵਿਚ ਇਕ ਰੱਬ ਦਾ ਫਕੀਰ ਆਇਆ ਤੇ ਇਹ ਬੇਸ਼ਰਮ ਤੇ ਬੇ ਲੱਜ ਨੇ ਉਸ ਨੂੰ ਵੀ ਨਾ ਬਖਸ਼ਿਆ, ਲੋਕਾਂ ਆਖਿਆ, ਪੀਰ ਬਾਬਾ ,ਇਹ ਬੰਦਾ ਬਹੁਤ ਬ ਲੱਜ ਬੇਸ਼ਰਮ ਹੈ ਇਸ ਨੂੰ ਇਸਦੇ ਕਰਮਾਂ ਦੀ ਸਜ਼ਾ ਦਿਓ , ਇਸ ਨੇ ਸ਼ਰੀਫ ਬੰਦਿਆਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਇਹ ਸੁਣ ਕੇ ਪੀਰ ਬਾਬਾ, ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਬੇਸ਼ਰਮ ਨੂੰ ਸ਼ਰਾਫ ਦੇ ਦਿੱਤਾ। ਕਿ ਜਾਹ ਤੇਰੇ ਢੂੰਗੇ ਤੇ ਬੇਰੀ ਉੱਗ ਆਵੇ। ਬੇਸ਼ਰਮ ਦੇ ਢੂੰਗੇ ਤੇ ਬੇਰੀ ਉੱਗ ਆਈ,ਤਾਂ ਪੀਰ ਬਾਬਾ ਕਹਿਣ ਲੱਗੇ ਇਹ ਬੇਰੀ ਇਸ ਦੀ ਪਹਿਚਾਣ ਹੋਵੇਗੀ । ਹੁਣ ਬੇਸ਼ਰਮ ਢੂੰਗੇ ਤੇ ਉਗੀ ਬੇਰੀ ਲੈ ਕੇ ਬੜੀ ਸ਼ਾਨ ਨਾਲ ਪਿੰਡ ਪਿੰਡ ਫ਼ਿਰਦਾ। ਇਕ ਦਿਨ ਬੇਸ਼ਰਮ ਦੇ ਢੂੰਗੇ ਤੇ ਉਗੀ ਬੇਰੀ ਦੇਖ ਕੇ ਕਿਸੇ ਸ਼ਰੀਫ਼ ਨੇ ਇਸ ਦੇ ਉੱਗਣ ਦੀ ਵਜਾ ਪੁਛ ਲਈ, ਤਾਂ ਬੇਸ਼ਰਮ ਆਖਣ ਲੱਗਾ ਮੈਂ ਇਕ ਪੀਰ ਬਾਬਾ ਦੀ ਬੜੀ ਸੇਵਾ ਕੀਤੀ ਉਸ ਨੇ ਮੈਨੂੰ ਖੁਸ਼ ਹੋ ਕੇ ਵਰ ਦਿੱਤਾ ਕਿ ਜਾਂ  ਤੇਰੇ ਢੂੰਗੇ ਤੇ ਬੇਰੀ ਉਗ ਆਵੇ  ਤੇ ਤੂੰ ਸਦਾ ਇਸ ਬੇਰੀ ਦੀ ਛਾਵੇਂ ਰਹੇ। ਤੇ ਬੇਸ਼ਰਮ ਕਹਿਣ ਲੱਗਾ, ਬਸ ਪੀਰ ਦੇ ਅਸ਼ੀਰਵਾਦ ਸਦਕਾ ਹੁਣ ਸਦਾ ਇਸ ਬੇਰੀ ਦੀ ਛਾਵੇਂ ਬਹੀਦਾ ਹੈ। ਬੇਸ਼ਰਮ ਦੀ ਇਨੀਂ ਗੱਲ ਸੁਣਦਿਆਂ ਬੇਰੀ ਵੀ ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਪਰ ਬੇਸ਼ਰਮ ਤੇ ਕੋਈ ਅਸਰ ਨਹੀਂ ਹੋਇਆ।
ਲੇਖਕ -ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਰਸੂਲਪੁਰ ਤਹਿਸੀਲ ਨਕੋਦਰ ਜਿਲਾ ਜਲੰਧਰ
ਮੋਬਾਈਲ 9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੁਸਤਕ ਪੜਚੋਲ: ਸਮਾਜਿਕ ਵਰਤਾਰਿਆਂ ਵਿੱਚ ਉਲਝੀਆਂ ਕਹਾਣੀਆਂ ਦਾ ਸੰਗ੍ਰਹਿ ‘ਨਿਆਈਂ ਵਾਲਾ ਟੱਕ’
Next articleਖੇਡਾਂ ਵਤਨ ਪੰਜਾਬ ਦੀਆਂ” ਵਿੱਚ ਮਹੁੱਬਲੀਪੁਰ ਸਕੂਲ ਦੇ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ