
(ਸਮਾਜ ਵੀਕਲੀ) ਸ਼ਹੀਦ – ਏ – ਆਜ਼ਮ ‘ ਸਰਦਾਰ ਭਗਤ ਸਿੰਘ ਜੀ ਮਹਾਨ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਮਾਲਿਕ , ਤਰਕਸ਼ੀਲ ਸੋਚ ਦੇ ਧਾਰਨੀ , ਸਮਾਜਿਕ ਤੇ ਆਰਥਿਕ ਇਕਸਾਰਤਾ ਤੇ ਆਜ਼ਾਦੀ ਦੇ ਪ੍ਰਚਾਰਕ , ਕਰਮਸ਼ੀਲ ਤੇ ਯੁੱਗ – ਪਲਟਾਊ ਯੋਧੇ ਸਨ। ਉਨ੍ਹਾਂ ਨੇ ਜਿਸ ਆਜ਼ਾਦ ਦੇਸ਼ ਦਾ ਸੁਪਨਾ ਲਿਆ ਸੀ , ਉਸ ਵਿੱਚ ਸਾਰੇ ਮਹਾਨ ਵਿਗਿਆਨੀਆਂ , ਤਕਨੀਕ , ਖੋਜਾਂ , ਫ਼ੌਜੀ ਵੀਰਾਂ , ਮਹਾਨ ਅਧਿਆਪਕਾਂ , ਸਿੱਖਿਆ ਸ਼ਾਸਤਰੀਆਂ , ਕਿਸਾਨ ਵੀਰਾਂ ਅਤੇ ਨੀਤੀ – ਘਾੜਿਆਂ ਤੇ ਰਾਜਨੇਤਾਵਾਂ ਨੇ ਕਾਫੀ ਯੋਗਦਾਨ ਪਾ ਕੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ‘ਤੇ ਤੋਰਿਆ ਅਤੇ ਸਾਡੀ ਸਭ ਦੀ ਖੁਸ਼ਹਾਲੀ ਦੇ ਲਈ ਸਿਰ ਤੋੜ ਯਤਨ ਕੀਤੇ , ਜੋ ਕਿ ਅੱਜ ਸਾਡੇ ਸਾਹਮਣੇ ਹੀ ਹੈ।ਭਾਵੇਂ ਕਿ ਆਜ਼ਾਦੀ ਤੋਂ ਬਾਅਦ ਸੱਚਮੁਚ ਹੀ ਸਾਡੇ ਦੇਸ਼ ਨੇ ਅਤੇ ਇੱਥੋਂ ਦੇ ਅਵਾਮ ਨੇ ਬਹੁਤ ਤਰੱਕੀ ਕੀਤੀ , ਪਰ ਅੱਜ ਵੀ ਸਾਡੇ ਸਮਾਜ ਅਤੇ ਲੋਕਾਂ ਨੂੰ ਕਈ ਸੁਧਾਰਕ ਕਦਮ ਚੁੱਕਣੇ ਜ਼ਰੂਰੀ ਬਣਦੇ ਹਨ। ਤਦ ਹੀ 23 ਮਾਰਚ ਨੂੰ ਸਾਡੇ ਵੱਲੋਂ ਸ਼ਹੀਦ – ਏ – ਆਜ਼ਮ ਸਰਦਾਰ ਭਗਤ ਸਿੰਘ ਜੀ , ਸ਼ਹੀਦ ਰਾਜਗੁਰੂ ਜੀ ਅਤੇ ਸ਼ਹੀਦ ਸੁਖਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਓ ! ਅਸੀਂ ਸਾਰੇ 23 ਮਾਰਚ ਨੂੰ ਇਹ ਪ੍ਰਣ ਕਰੀਏ ਕਿ ਰੂੜੀਵਾਦੀ , ਅੰਧ ਵਿਸ਼ਵਾਸੀ ਅਤੇ ਸੰਕੀਰਣ ਸੋਚ ਦਾ ਤਿਆਗ ਕਰੀਏ, ਜਾਤ – ਪਾਤ , ਊਚ – ਨੀਚ , ਅਮੀਰ – ਗ਼ਰੀਬ ਦੇ ਵਿਤਕਰੇ ਦੀ ਗੱਲ ਨੂੰ ਮਨੋ ਵਿਸਾਰੀਏ , ਨਰੋਆ ਸਮਾਜ ਸਿਰਜਣ ਲਈ ਭਾਈਚਾਰਕ ਸਾਂਝੀਵਾਲਤਾ ਤੇ ਆਪਸੀ ਮਿਲਵਰਤਨ ਦੀ ਭਾਵਨਾ ਨੂੰ ਮਜ਼ਬੂਤ ਕਰੀਏ , ਗਰੀਬਾਂ , ਬੇਸਹਾਰਿਆਂ , ਲੋੜਵੰਦਾਂ , ਬਜ਼ੁਰਗਾਂ ਦੀ ਯੋਗ ਅਤੇ ਯਥਾ ਸੰਭਵ ਮਦਦ ਅਤੇ ਸਹਿਯੋਗ ਕਰੀਏ ਤੇ ਅਗਵਾਈ ਕਰੀਏ , ਆਪਣੇ ਕਰ/ ਟੈਕਸ ਪੂਰੀ ਇਮਾਨਦਾਰੀ ਨਾਲ ਭਰੀਏ ਤਾਂ ਜੋ ਦੇਸ਼ ਤਰੱਕੀ ਕਰ ਸਕੇ। ਸਾਨੂੰ ਚਾਹੀਦਾ ਹੈ ਕਿ ਅਸੀਂ ਸਭ ਦੇਸ਼ ਵਿਰੋਧੀ ਕੋਈ ਕੰਮ ਨਾ ਕਰੀਏ ਅਤੇ ਨਸ਼ਿਆਂ ਦਾ ਸੇਵਨ ਨਾ ਕਰਕੇ ਸਿਹਤਮੰਦ ਰਹੀਏ ਅਤੇ ਨਰੋਆ ਸਮਾਜ ਸਿਰਜੀਏ । ਆਪਣਾ ਕੰਮ ਹੱਥੀਂ ਆਪ ਕਰਨਾ ਅਤੇ ਸਮੇਂ ਦੇ ਇੱਕ – ਇੱਕ ਮਿੰਟ ਦੀ ਸਹੀ ਵਰਤੋਂ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਮਹਾਨ ਦਿਵਸ ਉੱਤੇ ਸਾਨੂੰ ਮਿਹਨਤ ਕਰਨ ਨੂੰ ਤਰਜੀਹ ਦੇ ਕੇ ਸਕਾਰਾਤਮਕਤਾ ਸੋਚ ਦੇ ਧਾਰਨੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਅੰਧ – ਵਿਸ਼ਵਾਸਾਂ , ਵਹਿਮਾਂ – ਭਰਮਾਂ ‘ਚ ਜਕੜੀ ਮਾਨਸਿਕਤਾ ‘ਚੋਂ ਬਾਹਰ ਨਿਕਲ ਕੇ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ। ਔਰਤ ਦਾ ਘਰ , ਪਰਿਵਾਰ ਤੇ ਸਮਾਜ ਵਿੱਚ ਸਤਿਕਾਰ ਕਰਨਾ ਅਤੇ ਉਸ ਨੂੰ ਬਣਦੀ ਆਜ਼ਾਦੀ ਦੇਣੀ ਚਾਹੀਦੀ ਹੈ। ਜੇਕਰ ਸੰਭਵ ਹੋ ਸਕੇ ਤਾਂ ” ਸ਼ਹੀਦ – ਏ – ਆਜ਼ਮ ” ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਨੇੜੇ ਬੰਗਾ , ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ( ਨਵਾਂਸ਼ਹਿਰ ) ਵਿਖੇ ਆਪ ਅਤੇ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਜਾਣਾ ਚਾਹੀਦਾ ਹੈ ਅਤੇ ” ਸ਼ਹੀਦ – ਏ – ਆਜ਼ਮ ” ਸਰਦਾਰ ਭਗਤ ਸਿੰਘ ਜੀ ਦੇ ਜੱਦੀ ਘਰ ਅਤੇ ਅਜਾਇਬ ਘਰ ਦੇ ਦਰਸ਼ਨ ਵੀ ਜ਼ਰੂਰ ਸ਼ਰਧਾ ਨਾਲ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਜੇਕਰ ਅਸੀਂ ਆਪਣੇ ਬੱਚਿਆਂ ਨੂੰ , ਨੌਜਵਾਨਾਂ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮਹਾਨ ਸ਼ਹੀਦਾਂ ਬਾਰੇ ਜਾਣੂੰ ਕਰਵਾਵਾਂਗੇ ਤਾਂ ਹੀ ਸਾਡੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਉਨ੍ਹਾਂ ਮਹਾਨ ਦੇਸ਼ ਭਗਤਾਂ ਅਤੇ ਸ਼ਹੀਦਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰ ਸਕਣਗੀਆਂ। ਆਓ ! ਦੇਸ਼ , ਸਮਾਜ ਅਤੇ ਭਾਈਚਾਰਕ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਲਈ ਅਸੀਂ ਸਾਰੇ ਰਲ – ਮਿਲ ਕੇ ਚੰਗੇ ਅਤੇ ਵਧੀਆ ਕੰਮ ਕਰੀਏ ਅਤੇ ਸਰਬੱਤ ਦਾ ਭਲਾ ਕਰੀਏ ਤਾਂ ਹੀ ਅਜਿਹਾ ਕੁਝ ਕਰਨ ਨਾਲ ” ਸ਼ਹੀਦ – ਏ – ਆਜ਼ਮ ” ਸਰਦਾਰ ਭਗਤ ਸਿੰਘ ਜੀ ਅਤੇ ਉਨ੍ਹਾਂ ਦੇ ਸਤਿਕਾਰਯੋਗ ਸਾਥੀਆਂ ਨੂੰ ਸਾਡੇ ਵੱਲੋਂ ਸੱਚੀ – ਸੁੱਚੀ ਸ਼ਰਧਾਂਜਲੀ ਹੋਵੇਗੀ।