ਸਿਰਫ਼ 30 ਬੂਟੇ ਹੀ ਦੇਵਾਂਗੇ”
ਸ਼ਹੀਦ ਭਗਤ ਸਿੰਘ ਨਰਸਰੀ ਬਨੂੜ ਨੂੰ ਲੈਕੇ ਕੁਝ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
(ਸਮਾਜ ਵੀਕਲੀ)ਅਸੀਂ ਪਹਿਲੇ ਦਿਨ ਤੋਂ ਹੀ ਪੌਦੇ ਵੰਡਣ ਨੂੰ ਲੈਕੇ ਇਸ ਵਿੱਚ ਸਾਰਥਿਕਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਾਡੇ ਵੱਲੋਂ ਤਿਆਰ ਕੀਤੇ ਜਾਂਦੇ ਬੂਟੇ ਜ਼ਿੰਮੇਵਾਰ ਹੱਥਾਂ ‘ਚ ਜਾਣ ਤੇ ਉਹ ਸਾਂਭ ਸੰਭਾਲ ਕਰਨ ਵਾਲਿਆਂ ਦੇ ਹੱਥਾਂ ‘ਚ ਜਾਕੇ ਪਲ਼ ਸਕਣ। ਪਹਿਲਾਂ ਅਸੀਂ ਪਬਲਿਕ ਥਾਵਾਂ ਤੇ ਸਪੈਸ਼ਲ ਜਾਕੇ ਪੌਦਿਆਂ ਦਾ ਲੰਗਰ ਲਗਾਕੇ ਬੂਟੇ ਵੰਡਦੇ ਸੀ ਫੇਰ ਅਸੀਂ ਇਸ ਸਿਸਟਮ ਨੂੰ ਦਰੁਸਤ ਕਰਦਿਆਂ ਸਿਰਫ਼ ਨਰਸਰੀ ਤੱਕ ਲੈ ਆਏ ਤਾਂ ਕਿ ਜਿਸਨੂੰ ਵਾਕਿਆ ਹੀ ਬੂਟਿਆਂ ਦੀ ਲੋੜ ਹੋਵੇਗੀ ਉਹ ਚੱਲਕੇ ਖ਼ੁਦ ਨਰਸਰੀ ਤੱਕ ਆਵੇਗਾ। ਇਸਦੇ ਨਾਲ ਕਾਫ਼ੀ ਸੁਧਾਰ ਹੋਇਆ।
ਹੁਣ ਅਸੀਂ ਟੀਮ ਮੈਂਬਰਾਂ ਨੇ ਆਪਸੀ ਸਲਾਹ ਕਰ ਕੇ ਇਸ ਗੱਲ ਤੇ ਮੋਹਰ ਲਗਾਈ ਹੈ ਕਿ ਅਸੀਂ ਬੂਟਿਆਂ ਨੂੰ ਇੱਕ ਲੀਮਿੰਟ ਵਿੱਚ ਦੇਵਾਂਗੇ। ਅਸੀਂ ਸਾਰਿਆਂ ਨੇ ਇਹ ਤੈਅ ਕੀਤਾ ਹੈ ਕਿ ਅਸੀਂ ਇੱਕ ਵਾਰ (ਇੱਕ ਮਹੀਨੇ) ‘ਚ ਸਿਰਫ਼ 30 ਬੂਟੇ ਹੀ ਦੇਵਾਂਗੇ (ਜ਼ਮੀਨੀ ਹਕੀਕਤਾਂ ਨੂੰ ਦੇਖਦਿਆਂ, ਵਾਚਦਿਆਂ ਹੀ ਇਹ ਫ਼ੈਸਲਾ ਕੀਤਾ ਹੈ)।
ਜਿਨ੍ਹਾਂ ਵੀਰਾਂ ਦੀ ਜ਼ਿਆਦਾ ਬੂਟਿਆਂ ਦੀ ਮੰਗ ਹੋਵੇਗੀ ਉਨ੍ਹਾਂ ਨੂੰ ਜ਼ਿਆਦਾ ਬੂਟੇ ਵੀ ਦਿੱਤੇ ਜਾਣਗੇ ਪਰ ਤਰਤੀਬ ਅਨੁਸਾਰ। ਪਹਿਲਾਂ ਉਹ ਸਾਡੇ ਵੱਲੋਂ ਦਿੱਤੇ 30 ਬੂਟਿਆਂ ਨੂੰ 2 ਮਹੀਨੇ ਪਾਲ ਕੇ ਦਿਖਾਉਣ। ਜੇਕਰ ਉਹ ਬੂਟਿਆਂ ਦੀ ਵਧੀਆ ਸਾਂਭ ਸੰਭਾਲ ਕਰ ਪਾ ਰਹੇ ਨੇ ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਵੱਧ ਬੂਟੇ 2-4 ਵਾਰ ‘ਚ ਦੇਵਾਂਗੇ।
ਸਾਡੀ ਨਰਸਰੀ ਵੱਲੋਂ ਬੂਟੇ ਲਗਾਉਣ ਵਾਲਿਆਂ ਨੂੰ ਖ਼ਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਜਜ਼ਬਾਤੀ ਹੋਕੇ ਵੱਡੀ ਗਿਣਤੀ ‘ਚ ਬੂਟੇ ਨਾ ਲਗਾਓ। ਬੂਟਿਆਂ ਨੂੰ ਲਗਾਤਾਰ ਡੇਢ ਤੋਂ ਦੋ ਸਾਲ ਪਾਲਣਾ ਹੁੰਦਾ ਹੈ। ਉਸਦਾ ਧਿਆਨ ਰੱਖਣਾ ਹੁੰਦਾ ਹੈ। ਬੂਟਿਆਂ ਨੂੰ ਕੜਾਕੇ ਦੀ ਠੰਢ ਵਿੱਚ ਵੀ ਪਾਣੀ ਦੀ ਲੋੜ ਹੁੰਦੀ ਹੈ। ਬੂਟਿਆਂ ਨੂੰ 12 ਮਹੀਨੇ ਪਾਣੀ ਦੀ ਲੋੜ ਹੁੰਦੀ ਹੈ। ਇਸ ਸਭ ਲਈ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਬੂਟੇ ਲਾਉਣ ਦੀ ਸ਼ੁਰੂਆਤ ਘੱਟ ਬੂਟਿਆਂ ਤੋਂ ਕਰੋ। ਪਹਿਲੀ ਵਾਰ ‘ਚ ਹੀ ਸੈਂਕੜੇ-ਹਜ਼ਾਰਾਂ ਬੂਟੇ ਨਾ ਲਗਾਓ। ਬਰਸਾਤਾਂ ਨੇ ਸਿਰਫ਼ ਦੋ-ਢਾਈ ਮਹੀਨੇ ਰਹਿਣਾ ਹੁੰਦਾ। ਇੱਕਲੇ ਬਰਸਾਤਾਂ ਦੇ ਸਿਰ ਤੇ ਬੂਟੇ ਨਾ ਲਗਾਓ।
ਨਰਸਰੀ ‘ਚ ਆਉਣ ਤੋਂ ਪਹਿਲਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਫੇਰ ਹੀ ਨਰਸਰੀ ‘ਚ ਆਓ। ਬਿਨਾਂ ਸੰਪਰਕ ਕੀਤਿਆਂ ਨਰਸਰੀ ਨਾ ਆਓ ਜੀ। ਅਸੀਂ ਸਾਰੇ ਕੰਮ ਕਾਜ ਕਰਦੇ ਹਾਂ। ਅਸੀਂ ਹਰ ਵਕ਼ਤ ਨਰਸਰੀ ‘ਚ ਨਹੀਂ ਹੁੰਦੇ।
ਸਾਡੀ ਨਰਸਰੀ ‘ਚ ਬਿਲਕੁਲ ਮੁਫ਼ਤ ਬੂਟੇ ਮਿਲਦੇ ਹਨ।
ਸਾਡੀ ਨਰਸਰੀ ਬਾਂਡਿਆ ਬਸੀ ਦੀ ਸ਼ਮਸ਼ਾਨ ਘਾਟ, ਬਨੂੜ ਸ਼ਹਿਰ (ਜ਼ਿਲਾ ਮੁਹਾਲੀ) ਜ਼ੀਰਕਪੁਰ ਤੇ ਰਾਜਪੁਰਾ ਵਿਚਾਲੇ ਸਥਿਤ ਹੈ।
ਸਪੰਰਕ ਨੰ. 8727055382, 8288970555
ਜੋਰਾ ਸਿੰਘ ਬਨੂੜ