ਸ਼ਹੀਦ ਭਗਤ ਸਿੰਘ ਜੀ ਦੇ 117ਵੇ ਜਨਮ ਦਿਹਾੜੇ ਤੇ ਇਸ਼ਮੀਤ ਮਿਊਜ਼ਕ ਇੰਸਟੀਚਿਊਟ ਵਿਖੇ ਸੂਫ਼ੀ ਸੁਰਾਂ ਦੀ ਛਹਿਬਰ

ਲੁਧਿਆਣਾ  (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਸ਼ਹੀਦ ਭਗਤ ਸਿੰਘ ਜੀ ਦੇ 117ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਸੂਫੀਆਨਾ ਸ਼ਾਮ ਦਾ ਆਯੋਜਨ ਇਸ਼ਮੀਤ ਮਿਊਜ਼ਕ ਇੰਸਟੀਚਿਊਟ ਰਾਜਗੁਰੂ ਨਗਰ ਲੁਧਿਆਣਾ ਵਿਖੇ ਕਰਵਾਇਆ ਗਿਆ। ਸ਼ਹੀਦ ਭਗਤ ਸਿੰਘ ਦੇ ਚਿੱਤਰ ਨੂੰ ਕੈਲੇਫੋਰਨੀਆ ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ ਜਿਨ੍ਹਾਂ ਨੇ ਸੂਫ਼ੀ ਤੇ ਸੁਗਮ ਸੰਗੀਤ ਨੂੰ ਪਿਛਲੇ ਤੀਹ ਸਾਲ ਤੋਂ ਅਪਣਾਇਆ ਤੇ ਨਿਭਾਇਆ ਹੈ, ਉਨ੍ਹਾਂ ਸੂਫ਼ੀਆਨਾ ਸ਼ਾਮ ਪੇਸ਼ ਕਰਕੇ ਸਰੋਤਿਆਂ ਨੂੰ ਸੁਰਾਂ ਦੀ ਛਹਿਬਰ ਨਾਲ ਸਰਸ਼ਾਰ ਕੀਤਾ। ਇਸ਼ਮੀਤ ਇੰਸਟੀਚਿਊਟ ਦੇ ਡਾਇਰੈਕਟਰ  ਡਾ: ਚਰਨ ਕਮਲ ਸਿੰਘ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਸ਼ਾਗਿਰਦ ਜਨਾਬ ਸੁਖਦੇਵ ਸਾਹਿਲ ਨੇ ਪੰਜਾਬ ਰਹਿੰਦਿਆਂ ਫਗਵਾੜਾ ਵਿਖੇ ਸੂਫ਼ੀ ਤੇ ਸੁਗਮ ਸੰਗੀਤ ਦੇ ਖੇਤਰ ਵਿੱਚ ਤਪੱਸਵੀ ਵਾਂਗ ਜੀਵਨ ਗੁਜ਼ਾਰਿਆ। ਹੁਣ ਅਮਰੀਕਾ ਵਿੱਚ ਵੀ ਉਹ ਲਗਾਤਾਰ ਇਸ ਮਿਸ਼ਨ ਨੂੰ ਲੈ ਕੇ ਅੱਗੇ ਵਧ ਰਹੇ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੁਖਦੇਵ ਸਾਹਿਲ ਨੇ ਹੁਣ ਤੀਕ ਉਰਦੂ ਤੇ ਪੰਜਾਬੀ ਸਾਹਿਤ ਦੀਆਂ ਚੰਗੀਆਂ ਸਾਹਿਤਕ ਵੰਨਗੀਆਂ ਨੂੰ ਰੀਕਾਰਡ ਕਰਕੇ ਸੁਖਦੇਵ ਸਾਹਿਲ ਜੀ ਨੇ ਆਪਣੇ ਸ਼ਾਗਿਰਦਾਂ ਨੂੰ ਵੀ ਇਸ ਮਾਰਗ ਤੇ ਤੋਰਿਆ ਹੈ। ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸੁਖਦੇਵ ਸਾਹਿਲ ਜੀ ਨੇ ਇਸ਼ਮੀਤ ਮਿਊਜ਼ਕ ਅਕਾਡਮੀ ਵਿਖੇ ਪਹੁੰਚ ਕੇ ਪੰਜਾਬੀ ਸਰੋਤਿਆਂ ਨੂੰ ਆਪਣੀ ਕਲਾ ਦਾ ਲੋਹਾ ਮੰਨਵਾਇਆ ਹੈ। ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸੰਸਥਾਪਕ ਤੇ ਸ਼ਾਇਰ ਸਤੀਸ਼ ਗੁਲਾਟੀ ਨੇ ਕਿਹਾ ਕਿ ਅਸੀਂ ਸਮੂਹ ਪੰਜਾਬੀ ਇਸ ਮਹਾਨ ਕਲਾਕਾਰ ਦਾ ਸਨਮਾਨ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ। ਸੁਖਦੇਵ ਸਾਹਿਲ ਨੇ ਇਸ ਪ੍ਰੋਗਰਾਮ ਦਾ ਆਗਾਜ਼ ਸੁਲਤਾਨ ਬਾਹੂ, ਮੀਆਂ ਮੁਹੰਮਦ ਬਖ਼ਸ਼, ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਤੁਫ਼ੈਲ ਨਿਆਜ਼ੀ ਦੇ ਗਾਏ ਲੋਕ ਗੀਤ “ਚਿੜੀਆਂ ਦਾ ਚੰਬਾ” ਨਾਲ ਕੀਤਾ। ਬਾਅਦ ਵਿੱਚ ਹਰਜਿੰਦਰ ਕੰਗ, ਪ੍ਰੋ: ਕਸ਼ਮੀਰ ਕਾਦਰ, ਕੁਲਵਿੰਦਰ, ਸਤੀਸ਼ ਗੁਲ੍ਹਾਟੀ, ਗੁਰਭਜਨ ਗਿੱਲ ਤੇ ਸੁਸ਼ੀਲ ਦੋਸਾਂਝ ਦਾ ਕਲਾਮ ਵੀ ਗਾਇਆ।  ਪ੍ਰੋਗਰਾਮ ਦਾ ਅੰਤ ਉਸ ਰਵਾਇਤੀ ਟੱਪੇ ਸੁਣਾ ਕੇ ਕੀਤਾ। ਬੰਸਰੀ ਵਾਦਕ ਮੋਹਿਤ ਨੇ ਆਪਣੇ ਸੁਰਾਂ ਦੀ ਛੋਹ ਨਾਲ ਪ੍ਰੋਗਰਾਮ ਨੂੰ ਸਿਖ਼ਰ ਤੇ ਪਹੁੰਚਾਇਆ।
ਇਸ ਸਮਾਗਮ ਵਿੱਚ ਇਸ਼ਮੀਤ ਮਿਊਜ਼ਕ ਇੰਸਟੀਚਿਊਟ ਲੁਧਿਆਣਾ ਦੇ ਕਲਾਕਾਰਾਂ ਹਰਸ਼ੀਨ ਕੌਰ ਤੇ ਮਿਸ ਰਾਸ਼ੀ ਨੇ ਸੂਫ਼ੀ ਕਲਾਮ ਪੇਸ਼ ਕਰਕੇ ਕਮਾਲ ਕੀਤੀ। ਸਮਾਗਮ ਦੇ ਅੰਤ ਵਿੱਚ ਸਮੂਹ ਨਾਚ ਰਾਹੀਂ ਸੂਫ਼ੀ ਰੰਗ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਇਸ਼ਮੀਤ ਇੰਸਟੀਚਿਊਟ ਦੀ ਡਾਂਸ ਅਧਿਆਪਕ  ਸ਼ੀਤਲ ਸ਼ਰਮਾ ਨੇ ਕੀਤਾ।
ਇਸ ਮੌਕੇ ਗੁਰਪ੍ਰੀਤ ਸਿੰਘ ਤੂਰ ਸਾਬਕਾ ਕਮਿਸ਼ਨਰ ਪੁਲੀਸ, ਡਾ: ਅਮਰਜੀਤ ਕੌਰ, ਭਾਈ ਵਰਿੰਦਰ ਸਿੰਘ ਨਿਰਮਾਣ, ਦੀਪ ਜਗਦੀਪ ਸਿੰਘ, ਡਾ: ਕੇਵਲ ਅਰੋੜਾ, ਗ਼ਜ਼ਲ ਉਸਤਾਦ ਰਣਧੀਰ ਕਮਲ, ਪਰਮਿੰਦਰ ਸਿੰਘ, ਪਰਮਪ੍ਰੀਤ ਸਿੰਘ, ਦਾਨ ਸਿੰਘ, ਡਾ: ਗੁਰਇਕਬਾਲ ਸਿੰਘ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਅੰਜੂ ਗੁਲ੍ਹਾਟੀ, ਸੁਮਿਤ ਗੁਲ੍ਹਾਟੀ , ਬਲਕਾਰ ਸਿੰਘ, ਸ਼ਿਵ ਕੁਮਾਰ ਸੋਨੀ ਸਾਬਕਾ ਪ੍ਰਧਾਨ ਨਗਰ ਪਾਲਿਕਾ ਪਾਇਲ, ਸ਼ਿਵ ਕੁਮਾਰ ਕੌਸ਼ਲ ਸਮੇਤ ਸ਼ਹਿਰ ਦੀਆਂ ਸਿਰਕੱਢ ਕਲਾਪ੍ਰਸਤ ਹਸਤੀਆਂ ਹਾਜ਼ਰ ਸਨ। ਇਸ ਮੌਕੇ ਇਸ਼ਮੀਤ ਮਿਊਜ਼ਕ ਇੰਸਟੀਚਿਊਟ,ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਤੇ ਚੇਤਨਾ ਪ੍ਰਕਾਸ਼ਨ ਵੱਲੋਂ ਸੁਖਦੇਵ ਸਾਹਿਲ ਨੂੰ ਸਨਮਾਨ ਚਿੰਨ੍ਹ, ਦੋਸ਼ਾਲਾ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੁਹਾਵੀ ਆਡੀਓ ਬੁੱਕਸ ਆਸਟ੍ਰੇਲੀਆ ਵੱਲੋਂ ਧਰਮਪਾਲ ਸਾਹਿਲ ਦੇ ਨਾਵਲ” ਧੀਆਂ ਮਰਜਾਣੀਆਂ” ਦੀ ਆਡੀਓ ਬੁੱਕ ਰਿਲੀਜ
Next articleSAMAJ WEEKLY = 01/10/2024