ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਖੁਸ਼ੀ ਰਾਮ ਗੁਣਾਚੌਰ,ਤੀਰਥ ਰਸੂਲਪੁਰ, ਜੋਗਿੰਦਰ ਕੁੱਲੇਵਾਲ ਗੜ੍ਹਸ਼ੰਕਰ, ਦੇਵ ਰਾਜ ਗੁਣਾਚੌਰ, ਪਰਮਜੀਤ ਕੌਰ ਮਹਿੰਦਰ ਕੌਰ ਰਾਏਪੁਰ ਡੱਬਾ, ਅਮੋਲਕ ਸਿੰਘ, ਤਲਵਿੰਦਰ ਹੀਰ ਮਲਕੀਤ ਸਿੰਘ ਹੀਰ ਮਾਹਿਲਪੁਰ, ਨੰਦ ਲਾਲ ਬੰਗਾ, ਰੋਹਿਤ ਬੀਕਾ ਅਤੇ ਨਿਤਿਨ ਮੁਕੰਦਪੁਰ ਵੱਖ ਵੱਖ ਸੰਸਥਾਵਾਂ, ਖੇਤਰਾਂ ਅਤੇ ਤਬਕਿਆਂ ਨਾਲ਼ ਜੁੜੇ ਪ੍ਰਤੀਨਿਧਾਂ ਨੇ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਖਟਕੜ ਕਲਾਂ ਵਿਖੇ ਜੁੜਕੇ ਚੋਣਾਂ ਦੇ ਦੌਰ ਵਿੱਚ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਆਪਣੀਆਂ ਜੱਥੇਬੰਦੀਆਂ ਉਸਾਰਨ, ਮਜ਼ਬੂਤ ਕਰਨ ਅਤੇ ਸੰਘਰਸ਼ ਉਪਰ ਟੇਕ ਰੱਖਣ ਲਈ ਵਿਚਾਰ ਚਰਚਾ ਕੀਤੀ। ਮੀਟਿੰਗ ਦਾ ਆਗਾਜ਼ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਲੋਕਾਂ ਦੇ ਮਹਿਬੂਬ ਕਵੀ ਸੁਰਜੀਤ ਪਾਤਰ ਦੀ ਕਰਨੀ ਨੂੰ ਸਿਜਦਾ ਕਰਨ ਨਾਲ਼ ਹੋਇਆ। ਮੀਟਿੰਗ ‘ਚ ਭਾਰਤੀ ਵੋਟ ਤੰਤਰ, ਲੋਕ ਤੰਤਰ, ਜਮਾਤੀ,ਜਾਤੀ ਦਾਬੇ, ਸਾਮਰਾਜੀ ਕਾਰਪੋਰੇਟ ਘਰਾਣਿਆਂ, ਦੇਸੀ ਅਤੇ ਬਦੇਸ਼ੀ ਲੁੱਟ ਖਸੁੱਟ, ਫਿਰਕਾਪ੍ਰਸਤੀ, ਫਾਸ਼ੀ ਹੱਲੇ, ਆਜ਼ਾਦੀ ਸੰਗਰਾਮ ਮੌਕੇ ਦੀ ਭੂਮਿਕਾ ਨਿਸ਼ਾਨੇ,1947 ਤੋਂ ਹੁਣ ਤੱਕ ਹਾਕਮ ਜਮਾਤੀ ਧੜਿਆਂ ਦੀ ਲੋਕ-ਦੋਖੀ ਰਾਜਨੀਤੀ, ਭਵਿੱਖ਼ ਦੀਆਂ ਚੁਣੌਤੀਆਂ, ਚੋਣਾਂ ਤੋਂ ਭਲੇ ਦੀ ਝਾਕ ਛੱਡਣ ਅਤੇ ਲੋਕ ਮੁਕਤੀ ਲਈ ਲੋਕ ਸੰਘਰਸ਼ ਦੇ ਝੰਡੇ ਗੱਡਣ ਦੇ ਰਾਹ ਬਾਰੇ ਲੋਕਾਂ ਨੂੰ ਸੂਝਵਾਨ ਕਰਨ ਅਤੇ ਤੋਰਨ ਲਈ ਵਿਚਾਰਾਂ ਹੋਈਆਂ। ਇਸ ਮੀਟਿੰਗ ਵਿੱਚ 26 ਮਈ 11 ਵਜੇ ਦਾਣਾ ਮੰਡੀ ਬਰਨਾਲਾ ਵਿਖੇ ਦੋ ਦਰਜਨ ਜੱਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਸਾਂਝੀ ਲੋਕ ਸੰਗਰਾਮ ਰੈਲੀ ਵਿਚ ਸ਼ਾਮਲ ਹੋਣ ਦੀ ਵਿਉਂਤਬੰਦੀ ਕੀਤੀ ਗਈ। ਸੁਰਜੀਤ ਪਾਤਰ ਦੀ ਯਾਦ ‘ਚ 9 ਜੂਨ 11 ਵਜੇ ਦਾਣਾ ਮੰਡੀ ਬਰਨਾਲਾ ਵਿਖੇ ਹੋ ਰਹੇ ਸ਼ਰਧਾਂਜਲੀ ਅਤੇ ਸਨਮਾਨ ਸਮਾਗਮ ਵਿੱਚ ਹੁਮ ਹੁਮਾ ਕੇ ਸ਼ਾਮਲ ਹੋਣ ਬਾਰੇ ਵੀ ਮੀਟਿੰਗ ‘ਚ ਵਿਚਾਰਾਂ ਹੋਈਆਂ। ਕਲਮ, ਕਲਾ , ਲੋਕ ਅਤੇ ਲੋਕ ਸੰਗਰਾਮ ਦੇ ਆਪਸੀ ਰਿਸ਼ਤਿਆਂ ਦੀ ਸਾਂਝ ਮਜ਼ਬੂਤ ਕਰਨ ਅਤੇ ਵਿਸ਼ੇਸ਼ ਕਰਕੇ ਚੇਤਨਾ ਮੀਟਿੰਗਾਂ ਦੀ ਨਿਰੰਤਰਤਾ ਦੀ ਲੋੜ ਤੀਬਰਤਾ ਨਾਲ ਮਹਿਸੂਸ ਕੀਤੀ ਗਈ ਜਿਸਦੀ ਪੂਰਤੀ ਲਈ ਭਵਿੱਖ਼ ‘ਚ ਅਜੇਹੀਆਂ ਮਿਲਣੀਆਂ ਜਾਰੀ ਰੱਖਣ ਬਾਰੇ ਵੀ ਵਿਚਾਰ ਸਾਂਝੇ ਕੀਤੇ। ਗ਼ਦਰ ਲਹਿਰ ਉਸਦੀਆਂ ਅਗਲੀਆਂ ਲੜੀਆਂ ਅਤੇ ਕੜੀਆਂ ਦੇ ਅਧੂਰੇ ਸੁਪਨੇ ਸਾਕਾਰ ਕਰਨ ਲਈ ਵਿਗਿਆਨਕ ਜਮਹੂਰੀ ਇਨਕਲਾਬੀ ਸੋਚ ਅਤੇ ਮਾਰਗ ਨੂੰ ਸਾਡੇ ਸਮਿਆਂ ਅਤੇ ਭਵਿੱਖ਼ ਵਿਚ ਜਾਰੀ ਰੱਖਣ ਦੇ ਮਹਾਨ ਉਦੇਸ਼ਾਂ ਵਿਚ ਆਪਣੀ ਭੂਮਿਕਾ ਅਦਾ ਕਰਨ ਦਾ ਅਹਿਦ ਲਿਆ ਗਿਆ।
ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਜੁੜੇ ਜਨਤਕ ਪ੍ਰਤੀਨਿਧ, ਚੋਣਾਂ ਦੇ ਸ਼ੋਰ ‘ਚ ਲੋਕ ਸੰਗਰਾਮ ਤੇ ਟੇਕ ਰੱਖਣ ਦਾ ਅਹਿਦ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ