
(ਸਮਾਜ ਵੀਕਲੀ) ਸਿੱਖ ਕੌਮ ਦਾ ਸ਼ਬਦ ਗੁਰੂ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ. ਜਿਹੜੇ ਸਦਾ ਹਾਜ਼ਰ ਹਨ. ਸਿੱਖਾਂ ਦਾ ਕੋਈ ਇਹਨਾਂ ਸਮਿਆਂ ਵਿਚ ਕੋਈ ਦੇਹਧਾਰੀ ਗੁਰੂ ਨਹੀਂ. ਮਨੁੱਖ ਨੂੰ ਗਿਆਨ ਸ਼ਬਦ ਦੇਂਦਾ ਹੈ ਤੇ ਦੇਹਧਾਰੀ ਸ਼ਬਦ ਨਾਲ਼ੋਂ ਤੋੜ ਕੇ ਆਪਣੇ ਨਾਲ ਜੋੜਦਾ ਹੈ। ਸ਼ਬਦ ਮਨੁੱਖ ਦਾ ਹਮਸਫ਼ਰ ਕਦੋਂ ਤੇ ਕਿਵੇਂ ਬਣਿਆ, ਇਸਦੀ ਇਤਿਹਾਸਕ ਗਵਾਹੀ ਪੱਥਰਾਂ ਤੇ ਉਕਰੇ ਹਰਫ਼ਾਂ ਅਤੇ ਚਿੜੀ ਜਨੌਰਾਂ ਦੇ ਰੇਖਾ ਚਿੱਤਰਾਂ ਤੋਂ ਮਿਲ਼ਦੀ ਹੈ। ਸ਼ਬਦ ਮੂੰਹ ਜ਼ੁਬਾਨੀ, ਪੱਥਰਾਂ, ਭੋਜ ਪੱਤਰਾਂ ਅਤੇ ਕਾਗਜ਼ਾਂ ਤੋਂ ਹੁੰਦਾ ਹੋਇਆ ਹੁਣ ਇੰਟਰਨੈੱਟ ਤੀਕ ਆਣ ਪਹੁੰਚਿਆ ਹੈ। ਸ਼ਬਦ ਮਨੁੱਖੀ ਚੇਤਨਾ ਦਾ ਆਦਿ ਜੁਗਾਦੀ ਭਾਈਵਾਲ਼ ਹੈ। ਇਸ ਕਰਕੇ ਸ਼ਬਦ ਦੀ ਅਹਿਮੀਅਤ ਦੇ ਜਾਣਕਾਰ ਇਸ ਨੂੰ ਆਪਣਾ ਗੁਰੂ ਮੰਨਦੇ ਹਨ। ਇਸ ਗਿਆਨ ਗੁਰੂ ਸਦਕਾ ਹੀ ਸਾਡੇ ੩੫ ਮਹਾਂਪੁਰਖ ਅਮਰ ਹੋ ਗਏ ਹਨ। ਸ਼ਬਦ ਤੋਂ ਪਿੱਠ ਮੋੜ ਲੈਣ ਵਾਲ਼ਿਆਂ ਵੱਲੋਂ ਪਿੱਠ ਨਹੀਂ ਮੋੜਦਾ, ਸਗੋਂ ਉਹਨਾਂ ਲਈ ਸਦਾ ਰਾਹ ਦਸੇਰਾ ਬਣਿਆ ਰਹਿੰਦਾ ਹੈ। ਸ਼ਬਦ ਦੀਆਂ ਬਾਰੀਕੀਆਂ ਦਾ ਗਿਆਨ ਜਿਸ ਨੂੰ ਹੋ ਜਾਂਦਾ ਹੈ, ਉਹ ਉੱਤਮ ਪਦਵੀ ਹਾਸਲ ਕਰ ਲੈਂਦਾ ਹੈ। ਜਦੋਂ ਕਿਸੇ ਨੂੰ ਸ਼ਬਦ ਦੀ ਅੰਤਰੀਵ ਭਾਵਨਾ ਦੀ ਸਮਝ ਪੈ ਜਾਂਦੀ ਹੈ ਤਾਂ ਉਹ ਉਸਦਾ ਮੁਰੀਦ ਬਣ ਜਾਂਦਾ ਹੈ। ਸੰਸਾਰ ਰਚਨਾ ਦੇ ਵਿਕਾਸ ਦੇ ਲੰਮੇ ਸਫ਼ਰ ਦੌਰਾਨ ਇਹ ਸ਼ਬਦ ਕਿਵੇਂ ਮਨੁੱਖੀ ਚੇਤਨਾ ਦਾ ਅਟੁੱਟ ਅੰਗ ਬਣੇ, ਇਹ ਖੋਜ ਦਾ ਵਿਸ਼ਾ ਹੈ। ਆਪਾਂ ਗੱਲ ‘ਸ਼ਬਦ ਗੁਰੂ ਤੋਂ ਤੱਤੀ ਤਵੀ’ ਦੀ ਕਰਨੀ ਹੈ। ਸ਼ਬਦ ਤੇ ਆਪਣੀ ਇਜਾਰੇਦਾਰੀ ਦਾ ਦਾਅਵਾ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਵੱਲੋਂ ਕੀਤਾ ਗਿਆ, ਜਿਹਨਾਂ ਨੂੰ ਸਮਾਜ ਵਿੱਚ ਸਰਬ ਉੱਚ ਹੋਣ ਦਾ ਭਰਮ ਹੋ ਗਿਆ ਸੀ। ਉਹਨਾਂ ਨੇ ਜੋੜ ਤੋੜ ਨਾਲ਼ ਸ਼ਬਦ ਦੁਆਲ਼ੇ ਵਿਆਕਰਨ ਦੇ ਨਾਂ ਤੇ ਅਜਿਹੀ ਕਿਲ੍ਹੇਬੰਦੀ ਕੀਤੀ ਕਿ ਇਹ ਕਿਸੇ ਦੇ ਸਮਝ ਹੀ ਨਾ ਆਵੇ । ਸ਼ਬਦ ਨੂੰ ਦੂਜਿਆਂ ਦੇ ਕੰਨਾਂ ਤੱਕ ਪਹੁੰਚਣ ਤੋਂ ਰੋਕਣ ਲਈ ਉਹਨਾਂ ਨੇ ਆਪਣੇ ਤੋਂ ਨੀਵੇਂ ਮਿਥ ਲਏ ਗਏ ਲੋਕਾਂ ਦੇ ਕੰਨਾਂ ਵਿੱਚ ਸਿੱਕਾ ਢਾਲ਼ਕੇ ਪਾਉਣ ਦਾ ਘਟੀਆ ਕਾਨੂੰਨ ਬਣਾ ਧਰਿਆ ਤਾਂ ਕਿ ਉਹਨਾਂ ਦਾ ਲਿਖਿਆ ਨਾ ਕੋਈ ਪੜ੍ਹ ਤੇ ਨਾ ਹੀ ਸੁਣ ਸਕੇ। ਮੂੰਹ ‘ਤੇ ਵੀ ਛਿਕਲੀਆਂ ਬੰਨ੍ਹ ਦਿੱਤੀਆਂ ਸਨ ਕਿ ਉਹ ਕੁਝ ਬੋਲ ਵੀ ਨਾ ਸਕਣ ਪਰ ਉਹ ਲੋਕ ਮੁਗਾਲਤੇ ਵਿਚ ਸਨ ਕਿਉਂਕਿ ਸ਼ਬਦਾਂ ਨੂੰ ਹਮੇਸ਼ਾ ਕੈਦ ਵਿੱਚ ਨਹੀਂ ਰੱਖਿਆ ਜਾ ਸਕਦਾ। ਉਹ ਰੂਪ ਵਟਾ ਕੇ ਫਿਰ ਪ੍ਰਗਟ ਹੋ ਜਾਂਦੇ ਹਨ। ਸਾਡੇ ਮਹਾਨ ਗੁਰੂਆਂ, ਭਗਤਾਂ, ਪੀਰਾਂ, ਫਕੀਰਾਂ ਨੇ ਆਪਣੇ ਨਵੇਂ ਸ਼ਬਦ ਘੜ ਲਏ ਤੇ ਉਹਨਾਂ ਰਾਹੀਂ ਆਪਣੇ ਲੋਕਾਂ ਨੂੰ, ਪਖੰਡੀ ਪੁਜਾਰੀਆਂ ਤੇ ਜ਼ਾਲਮ ਹਾਕਮਾਂ ਖ਼ਿਲਾਫ਼ ਜਗਾਉਣਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਅੱਜ ਅਸੀਂ ਉਹਨਾਂ ਦੇ ਉਚਾਰੇ ਹੋਏ ਸ਼ਬਦਾਂ ਦਾ ਜਾਪ ਨਿੱਤਾਪ੍ਰਤੀ ਕਰਦੇ ਹਾਂ। ਸ਼ਬਦ ਗੁਰੂ ਦਾ ਗਿਆਨ ਜਦੋਂ ਸਾਡੇ ਮਹਾਨ ੩੫ ਮਹਾਂਪੁਰਖਾਂ ਨੂੰ ਹੋਇਆ ਤਾਂ ਉਹਨਾਂ ਨੇ ਸੱਚ ਨੂੰ ਆਧਾਰ ਬਣਾ ਕੇ ਨਸਲਵਾਦੀ ਪੁਜਾਰੀ ਵੱਲੋਂ ਕੈਦ ਕੀਤੀ ਨਕਲੀ ਤੇ ਔਖੀ ਸ਼ਬਦਾਵਲੀ ਦੀ ਥਾਂ ਆਮ ਲੋਕਾਂ ਵੱਲੋਂ ਵਰਤੇ ਜਾਂਦੇ ਸੌਖੇ ਸ਼ਬਦਾਂ ਵਿਚ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ। ਹੁਣ ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਤਾਂ ਸਾਡਾ ਇਸ਼ਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਹੁੰਦਾ ਹੈ। ਗੁਰੂ ਸਾਹਿਬਾਨ ਨੇ ਜਿੱਥੇ ਆਪਣੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਬਾਰੇ ਲੋਕਾਂ ਨੂੰ ਆਗਾਹ ਕੀਤਾ ਉੱਥੇ ਪੌਣ ਨੂੰ ਗੁਰੂ,ਪਾਣੀ ਨੂੰ ਪਿਤਾ ਅਤੇ ਸਾਡੀ ਇਸ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਮਨੁੱਖ ਦੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਇਹਨਾਂ ਦੀ ਸੰਭਾਲ਼ ਕਰਨ ਦਾ ਸੰਦੇਸ਼ ਵੀ ਦੇ ਦਿੱਤਾ। ਸ਼ਬਦ ਜਦੋਂ ਰਾਗਬੱਧ ਹੋਕੇ ਬ੍ਰਹਿਮੰਡ ਵਿੱਚ ਗੂੰਜਦਾ ਹੈ ਤਾਂ ਮਨੁੱਖ ਦੀ ਚੇਤਨਾ ਨੂੰ ਟੁੰਬ੍ਹਣ ਲਗਦਾ ਹੈ। ਇਸ ਨਾਲ਼ ਜਦੋਂ ਮਨੁੱਖ ਚੇਤੰਨ ਹੋ ਜਾਂਦਾ ਹੈ ਤਾਂ ਉਸਦੀ ਸੁਰਤ ਵਿੱਚ ਗਿਆਨ ਦਾ ਭੰਡਾਰ ਭਰਨ ਲਗਦਾ ਹੈ ਤੇ ਬਹੁਤ ਕੁਝ ਨਵਾਂ ਜੁੜਦਾ ਜਾਂਦਾ ਹੈ। ਗੁਰਬਾਣੀ ਪੜ੍ਹਕੇ ਹੀ ਅਸੀਂ ਜਾਣ ਸਕਦੇ ਹਾਂ ਕਿ ਸੱਚ ਦੇ ਸਿਧਾਂਤ ਨੂੰ ਨਪੇ ਤੁਲੇ ਸ਼ਬਦਾਂ ਰਾਹੀਂ ਪ੍ਰਗਟ ਕਰਨਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸੁਰਤ ਵਿੱਚ ਜਦੋਂ ਸ਼ਬਦਾਂ ਦਾ ਹੜ੍ਹ ਆਉਣ ਲਗਦਾ ਤਾਂ ਉਹ ਆਪਣੇ ਬਚਪਨ ਦੇ ਸੰਗੀ ਸਾਥੀ ਭਾਈ ਮਰਦਾਨਾ ਜੀ ਨੂੰ ਨੂੰ ਕਹਿੰਦੇ, ”ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ।” ਸ਼ਬਦ ਜਦੋਂ ਬਾਣੀ ਬਣਕੇ ਝਰਨੇ ਵਾਂਗੂੰ ਬਾਹਰ ਵਹਿਣ ਲਗਦਾ ਹੈ ਤਾਂ ਬੜਾ ਕੁਝ ਆਪਣੇ ਅੰਦਰ ਸਮੋਅ ਲੈਂਦਾ ਹੈ ਤੇ ਬੜਾ ਕੁਝ ਪਰਗਟ ਵੀ ਕਰ ਦੇਂਦਾ ਹੈ। ਹੁਣ ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਨ ਲਗਦੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰੇ ਸਭ ਤੋਂ ਪਹਿਲੇ ਅੱਖਰ ੧ਓ ਤੇ ਹੀ ਉਲ਼ਝ ਜਾਂਦੇ ਹਾਂ ਤੇ ਇਸਦੇ ਸੰਦਰਭ ਅਤੇ ਵਿਆਕਰਨ ਨੂੰ ਸਮਝਣ ਦੀ ਬਜਾਏ, ਨਸਲਾਂ, ਜਾਤਾਂ, ਗੋਤਾਂ ਤੇ ਮਜਹਬਾਂ ਦੇ ਦਾਇਰੇ ਵਿੱਚ ਉਲ਼ਝ ਕੇ ਰਹਿ ਜਾਂਦੇ ਹਾਂ। ਇਨ੍ਹਾਂ ਉਲ਼ਝਣਾਂ ਕਾਰਨ ਅਸੀਂ ਸ਼ਬਦ ਗੁਰੂ ਦੇ ਨਾਲ਼ ਨਾਲ਼ ਆਪਣੇ ਅੰਦਰੋਂ ਵੀ ਟੁੱਟ ਗਏ ਹਾਂ। ਅੰਦਰੋਂ ਟੁਟਿਆ ਮਨੁੱਖ ਕਦੇ ਵੀ ਸਾਬਤ ਨਹੀਂ ਰਹਿੰਦਾ। ਸ਼ਬਦ ਜਦੋਂ ਤੁਰਦਾ ਹੈ ਤਾਂ ਬਹੁਤ ਕੁਝ ਨਾਲ਼ ਲੈ ਕੇ ਤੁਰਦਾ ਹੈ। ਸ਼ਬਦ ਗੁਰੂ ਬਣ ਕੇ ਜਦੋਂ ਸੰਗਤ,ਪੰਗਤ ਤੇ ਤੱਤੀ ਤਵੀ ਤੀਕ ਪੁੱਜਦਾ ਹੈ ਤਾਂ ਆਪਣੇ ਆਪ ਇੱਕ ਨਵਾਂ ਇਤਿਹਾਸ ਸਾਹਮਣੇ ਆ ਜਾਂਦਾ ਹੈ। ਸ਼ਬਦ ਰਾਹੀਂ ਜਦੋਂ ਸੰਗਤ ਤੇ ਪੰਗਤ ਦਾ ਹੋਕਾ ਦਿੱਤਾ ਗਿਆ ਤਾਂ ਉਹ ਸਮੇਂ ਦੇ ਪਖੰਡੀ ਪੁਜਾਰੀ ਅਤੇ ਜ਼ਾਲਮ ਹਕੂਮਤ ਵਿਰੁਧ ਵਿੱਢਿਆ ਗਿਆ ਇੱਕ ਅਜਿਹਾ ਸੰਘਰਸ਼ ਸੀ ਜਿਸ ਨੂੰ ਸ਼ਬਦ ਦੀ ਸਾਰ ਜਾਨਣ ਵਾਲ਼ਾ ਕੋਈ ਬਿਬੇਕ ਬੁੱਧ ਦਾ ਧਾਰਨੀ ਹੀ ਸਮਝ ਸਕਦਾ ਸੀ। ਉਸ ਵੇਲ਼ੇ ਸਮਾਜ ਅੰਦਰ ਜਾਤ-ਪਾਤ ਅਤੇ ਊਚ-ਨੀਚ ਦਾ ਬੋਲ ਬਾਲਾ ਸੀ। ਗੁਰੂ ਸ਼ਬਦ ਦਾ ਮਕਸਦ ਸਭ ਨੂੰ ਇੱਕ ਥਾਂ ਇੱਕਠੇ ਕਰਕੇ ‘ਸਭੇ ਸਾਂਝੀਵਾਲ ਸਦਾਇਨ ਤੂ ਕਿਸੈ ਨ ਦਿਸੈ ਬਾਹਰਾ ਜੀਉ’ ਆਧਾਰਿਤ ਸਮਾਜ ਦੀ ਸਿਰਜਣਾ ਕਰਨੀ ਸੀ ਤਾਂ ਕਿ ਸਭ ਨੂੰ ਅਹਿਸਾਸ ਹੋ ਸਕੇ ਕਿ ਇਸ ਧਰਤੀ ਤੇ ਪੈਦਾ ਹੋਣ ਵਾਲ਼ੇ ਸਾਰੇ ਮਨੁੱਖ ਕੁਦਰਤੀ ਨਿਜ਼ਾਮ ਦੇ ਹਿਸਾਬ ਨਾਲ਼ ਬਰਾਬਰ ਹਨ। ਗੁਰੂ ਸਾਹਿਬਾਨ ਨੇ ਮਨੁੱਖੀ ਦੇਹ ਨੂੰ ਸਾਰੇ ਜੀਵਾਂ ਤੋਂ ਉਤਮ ਮੰਨਿਆ ਤੇ ਕਿਹਾ ਕਿ ਹਰ ਮਨੁੱਖ ਵਿੱਚ ਇੱਕ ਅਕਾਲ ਪੁਰਖ ਦੀ ਹੀ ਜੋਤ ਜਗਦੀ ਹੈ । ਦੂਜੇ ਪਾਸੇ ਸਮੇਂ ਦੇ ਸ਼ਾਤਰ ਦਿਮਾਗ ਮਨੁੱਖਾਂ ਨੇ ਅਕਾਲ ਪੁਰਖ ਨੂੰ ਵੀ ਆਪਣੀ ਇਜਾਰੇਦਾਰੀ ਐਲਾਨ ਕੇ ਆਮ ਲੋਕਾਂ ਦੀ ਲੁੱਟ ਦਾ ਜ਼ਰੀਆ ਬਣਾਇਆ ਹੋਇਆ ਸੀ। ਇਸ ਲਈ ਗੁਰੂ ਸਾਹਿਬਾਨ ਨੂੰ ਇਹ ਹੋਕਾ ਦੇਣਾ ਪਿਆ ਸੀ: ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ (ਪੰਨਾ ੧੩੪੯)



